For the best experience, open
https://m.punjabitribuneonline.com
on your mobile browser.
Advertisement

ਵਧ ਰਹੀ ਤਪਸ਼ ਘਟ ਰਹੇ ਰੁੱਖ

08:30 AM Aug 10, 2024 IST
ਵਧ ਰਹੀ ਤਪਸ਼ ਘਟ ਰਹੇ ਰੁੱਖ
Advertisement

ਡਾ. ਰਣਜੀਤ ਸਿੰਘ

ਵਾਤਾਵਰਨ ਵਿੱਚ ਵਧ ਰਹੀ ਤਪਸ਼ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਲੰਬੇ ਸਮੇਂ ਲਈ ਠੰਢ, ਕਈ ਦਿਨ ਧੁੰਦ, ਮੁੜ ਇਕਦਮ ਗਰਮੀ ਵਿੱਚ ਵਾਧਾ ਪਾਰੇ ਦਾ 47 ਡਿਗਰੀ ਨੂੰ ਪਾਰ ਕਰ ਜਾਣਾ ਖ਼ਤਰੇ ਦੀ ਘੰਟੀ ਹੈ। ਇਸ ਦੇ ਨੁਕਸਾਨ ਪ੍ਰਤੱਖ ਨਜ਼ਰ ਆ ਰਹੇ ਹਨ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵੱਧ ਹਰਜ਼ਾਨਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਵਾਰ ਕਣਕ ਦੀ ਪੈਦਾਵਾਰ 20% ਘਟ ਗਈ। ਵਧ ਰਹੀ ਆਬਾਦੀ ਨੂੰ ਵੇਖ ਕੇ ਇਹ ਘਾਟ ਫਿਕਰਮੰਦੀ ਵਾਲੀ ਹੈ। ਇਸ ਵਾਰ ਪਈ ਗਰਮੀ ਨਾਲ ਕਈ ਰੁੱਖ ਸੁੱਕ ਗਏ ਹਨ। ਸਭ ਤੋਂ ਵਧ ਅਸਰ ਨਿੰਮ ਉਤੇ ਪਿਆ ਹੈ। ਘਰਾਂ, ਖੇਤਾਂ ਜਾਂ ਸੜਕਾਂ ਕੰਢੇ ਸੁੱਕੇ ਰੁੱਖ ਆਮ ਨਜ਼ਰ ਆ ਰਹੇ ਹਨ। ਇਨ੍ਹਾਂ ਦੇ ਸੋਕੇ ਦਾ ਕਾਰਨ ਕੋਈ ਬਿਮਾਰੀ ਨਹੀਂ ਹੈ ਸਗੋਂ ਗਰਮੀ ਵਿੱਚ ਹੋਇਆ ਵਾਧਾ ਹੈ।
ਵਧ ਰਹੀ ਤਪਸ਼ ਲਈ ਸਭ ਤੋਂ ਵੱਧ ਜ਼ਿੰਮੇਵਾਰ ਗਰੀਨ ਹਾਊਸ ਗੈਸਾਂ ਹਨ। ਸਾਡੇ ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਗੱਡੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ ਜਿਸ ਕੋਲ ਕੋਈ ਵਾਹਨ ਨਹੀਂ ਹੋਵੇਗਾ। ਗੱਡੀਆਂ ਦਾ ਧੂੰਆਂ ਅਤੇ ਅੰਦਰ ਲੱਗੇ ਏਸੀ ਤਪਸ਼ ਵਿੱਚ ਵਾਧਾ ਕਰਦੇ ਹਨ। ਹੁਣ ਬਹੁਤ ਸਾਰੇ ਘਰਾਂ, ਦਫ਼ਤਰਾਂ, ਦੁਕਾਨਾਂ ਫੈਕਟਰੀਆਂ ਆਦਿ ਵਿੱਚ ਏਸੀ ਲੱਗ ਗਏ ਹਨ। ਫਰਿੱਜ਼ ਵੀ ਹਰੇਕ ਘਰ ਵਿੱਚ ਹੈ। ਇਹ ਅੰਦਰ ਤਾਂ ਠੰਢਾ ਕਰਦੇ ਹਨ, ਪਰ ਬਾਹਰ ਗਰਮ ਹਵਾ ਕੱਢਦੇ ਹਨ। ਧੂੰਆਂ ਛੱਡਣ ਵਾਲੇ ਕਾਰਖਾਨੇ ਵੀ ਆਪਣਾ ਯੋਗਦਾਨ ਪਾਉਂਦੇ ਹਨ। ਰੁੱਖ ਸਾਡੀ ਧਰਤੀ ਉਤੇ ਛੱਤਰੀ ਦਾ ਕੰਮ ਕਰਦੇ ਹਨ ਤੇ ਤਪਸ਼ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕਦੇ ਹਨ। ਪਰ ਅਸੀਂ ਬੇਰਹਿਮੀ ਨਾਲ ਰੁੱਖਾਂ ਦਾ ਕਤਲ ਕੀਤਾ ਹੈ।
ਪੰਜਾਬ ਵਿੱਚ ਜੰਗਲ ਤਾਂ ਹੈ ਹੀ ਨਹੀਂ, ਰੁੱਖ ਵੀ ਟਾਵਾਂ ਟਾਵਾਂ ਨਜ਼ਰ ਆਉਂਦਾ ਹੈ। ਸੂਬੇ ਵਿੱਚ ਹੋਈ ਮੁਰੱਬੇਬੰਦੀ ਨਾਲ ਸੜਕਾਂ ਸਿੱਧੀਆਂ ਹੋਈਆਂ, ਕਿਸਾਨਾਂ ਦੀ ਜ਼ਮੀਨ ਇੱਕ ਥਾਂ ਇਕੱਠੀ ਹੋਈ, ਸਾਂਝੇ ਕੰਮਾਂ ਲਈ ਜ਼ਮੀਨ ਛੱਡੀ ਗਈ, ਪਰ ਖੇਤਾਂ ਦੀ ਅਦਲਾ ਬਲਦੀ ਸਮੇਂ ਕਿਸਾਨਾਂ ਨੇ ਆਪੋ ਆਪਣੇ ਰੁੱਖਾਂ ਨੂੰ ਕੱਟ ਲਿਆ। ਹਰੇਕ ਪਿੰਡ ਦੀ ਝਿੜੀ ਹੁੰਦੀ ਸੀ। ਖਾਲੀ ਥਾਵਾਂ ਉਤੇ ਰੁੱਖ ਆਮ ਹੀ ਹੁੰਦੇ ਸਨ। ਸਾਡੇ ਪਿੰਡਾਂ ਵਿੱਚ ਢੱਕ ਦੇ ਰੁੱਖ ਖਾਲਿਆਂ ਦੇ ਨਾਲ ਆਮ ਹੀ ਹੁੰਦੇ ਸਨ। ਉਨ੍ਹਾਂ ਦੇ ਖਿੜੇ ਲਾਲ ਫੁੱਲ ਇੰਝ ਜਾਪਦਾ ਸੀ ਜਿਵੇਂ ਸੂਰਜ ਦੀ ਲਾਲੀ ਧਰਤੀ ਉਤੇ ਉਤਰ ਆਈ ਹੋਵੇ। ਸਿੰਚਾਈ ਸਹੂਲਤਾਂ ਵਿੱਚ ਹੋਏ ਵਾਧੇ ਨਾਲ ਕਿਸਾਨ ਦੀ ਲਾਲਸਾ ਵੱਧ ਤੋਂ ਵੱਧ ਧਰਤੀ ਉਤੇ ਖੇਤੀ ਕਰਨ ਦੀ ਹੋ ਗਈ ਤੇ ਸਾਰੇ ਰੁੱਖ ਕੱਟੇ ਗਏ। ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਰਕਾਰ ਨੇ ਸੜਕਾਂ ਕੰਢੇ ਰੁੱਖ ਲਗਾਏ, ਪਰ ਸੜਕਾਂ ਨੂੰ ਚੌੜਾ ਕਰਨ ਦੇ ਪ੍ਰੋਗਰਾਮ ਅਧੀਨ ਇਹ ਰੁੱਖ ਵੀ ਕੱਟੇ ਗਏ। ਠੰਢੀਆਂ ਸੜਕਾਂ ਤਪਣ ਲੱਗ ਪਈਆਂ ਹਨ।
ਪੰਜਾਬ ਵਿੱਚ ਹੁਣ ਵਣ ਮਹਾਂਉਤਸਵ ਮੌਕੇ ਲੱਖਾਂ ਨਵੇਂ ਬੂਟੇ ਲਗਾਏ ਜਾਂਦੇ ਹਨ, ਪਰ ਸੂਬੇ ਵਿੱਚ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਇਸ ਨਾਲ ਤਪਸ਼ ਵਿੱਚ ਹੋਏ ਵਾਧੇ ਕਾਰਨ ਸਰਕਾਰ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇੱਕ ਦੂਜੇ ਦੇ ਮੁਕਾਬਲੇ ਵੱਧ ਤੋਂ ਵੱਧ ਰੁੱਖਾਂ ਦੇ ਬੂਟੇ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜੂਨ ਵਿੱਚ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮੌਕੇ ਲੱਖਾਂ ਬੂਟੇ ਲਗਾਏ ਗਏ। ਇੰਨੀ ਗਰਮੀ ਸੀ ਸ਼ਾਇਦ ਹੀ ਕੋਈ ਜਿਊਂਦਾ ਰਿਹਾ ਹੋਵੇਗਾ। ਹੁਣ ਵੀ ਹਰ ਪਾਸੇ ਵਾਤਾਵਰਨ ਪ੍ਰੇਮੀ ਬੂਟੇ ਚੁੱਕੀਂ ਨਜ਼ਰ ਆ ਰਹੇ ਹਨ। ਉਹ ਜਿੱਥੇ ਵੀ ਖਾਲੀ ਥਾਂ ਵੇਖਦੇ ਹਨ ਅਤੇ ਜਿਹੜਾ ਵੀ ਬੂਟਾ ਮਿਲ ਜਾਵੇ, ਖੁਰਪੇ ਨਾਲ ਛੋਟਾ ਜਿਹਾ ਟੋਇਆ ਪੁੱਟ ਕੇ ਬੂਟਾ ਗੱਡ ਦਿੰਦੇ ਹਨ। ਕਈ ਤਾਂ ਪਾਣੀ ਪਾਉਣ ਦਾ ਵੀ ਕਸ਼ਟ ਨਹੀਂ ਕਰਦੇ। ਕੀ ਇਹ ਬੂਟੇ ਰੁੱਖ ਬਣ ਸਕਣਗੇ? ਇਹ ਪ੍ਰਸ਼ਨ ਬਹੁਤ ਗੰਭੀਰ ਹੈ। ਜਦੋਂ ਤੱਕ ਬੂਟਿਆਂ ਦੀ ਚੋਣ, ਲਗਾਉਣ ਦਾ ਢੰਗ ਅਤੇ ਦੇਖਭਾਲ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ, ਇਸ ਮੁਹਿੰਮ ਦਾ ਸਫਲ ਹੋਣਾ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ।
ਪਾਠਕਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਡਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਯੋਜਨਾ ਬਾਰੇ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਜਿਸ ਅਧੀਨ ਬੂਟਿਆਂ ਦੀ ਸਫਲਤਾ ਯਕੀਨੀ ਹੋ ਜਾਵੇਗੀ। ਪੀਏਯੂ ਦਾ ਇਹ ਮਾਡਲ ਸਾਰੇ ਵਾਤਾਵਰਨ ਪ੍ਰੇਮੀਆਂ ਨੂੰ ਆਪਣੇ ਮਿਸ਼ਨ ਦੀ ਸਫਲਤਾ ਲਈ ਅਪਨਾਉਣਾ ਚਾਹੀਦਾ ਹੈ। ਇਹ ਫ਼ੈਸਲਾ ਕੀਤਾ ਗਿਆ ਕਿ ਜਿਹੜਾ ਵੀ ਵਿਦਿਆਰਥੀ ਇਸ ਯੂਨੀਵਰਸਿਟੀ ਵਿੱਚ ਦਾਖਲਾ ਲਵੇਗਾ ਉਹ ਇੱਕ ਰੁੱਖ ਦਾ ਬੂਟਾ ਲਗਾਵੇਗਾ। ਜਿੰਨਾ ਸਮਾਂ ਉਹ ਇੱਥੇ ਰਹੇਗਾ, ਉਸ ਰੁੱਖ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸੇ ਵਿਦਿਆਰਥੀ ਦੀ ਹੋਵੇਗੀ। ਸਮੇਂ ਸਿਰ ਪਾਣੀ ਦੇਣਾ, ਨਦੀਨਾਂ ਦੀ ਰੋਕਥਾਮ, ਕਿਸੇ ਕੀੜੇ ਜਾਂ ਬਿਮਾਰੀ ਦੇ ਹਮਲੇ ਸਮੇਂ ਸਬੰਧਿਤ ਵਿਭਾਗ ਦੀ ਸਹਾਇਤਾ ਨਾਲ ਰੋਕਥਾਮ ਉਹ ਹੀ ਕਰੇਗਾ। ਹਰੇਕ ਵਿਦਿਆਰਥੀ ਨੇ ਘੱਟੋ ਘੱਟ ਚਾਰ ਸਾਲ ਤਾਂ ਯੂਨੀਵਰਸਿਟੀ ਵਿੱਚ ਰਹਿਣਾ ਹੀ ਹੁੰਦਾ ਹੈ। ਇੰਝ ਇਹ ਰੁੱਖ ਤਿਆਰ ਹੋ ਜਾਣਗੇ। ਕਿਹੜਾ ਰੁੱਖ ਕਿੱਥੇ ਲਗਾਉਣਾ ਹੈ, ਇਸ ਦਾ ਫ਼ੈਸਲਾ ਯੂਨੀਵਰਸਿਟੀ ਦੇ ਸਬੰਧਿਤ ਵਿਭਾਗ ਕਰਨਗੇ। ਟੋਏ ਪੁੱਟਣੇ ਅਤੇ ਮੁੜ ਉਨ੍ਹਾਂ ਨੂੰ ਭਰਨ ਦਾ ਕੰਮ ਵੀ ਵਿਭਾਗ ਹੀ ਕਰਨਗੇ, ਪਰ ਬੂਟਾ ਵਿਦਿਆਰਥੀ ਆਪ ਆਪਣੇ ਹੱਥਾਂ ਨਾਲ ਲਗਾਵੇਗਾ। ਹਰੇਕ ਰੁੱਖ ਉਤੇ ਬਾਰਕੋਡ ਲਗਾਇਆ ਜਾਵੇਗਾ ਜਿਸ ਵਿੱਚ ਰੁੱਖ ਦਾ ਪੂਰਾ ਵੇਰਵਾ ਹੋਵੇਗਾ। ਪੜ੍ਹਾਈ ਖ਼ਤਮ ਕਰਕੇ ਜਦੋਂ ਵਿਦਿਆਰਥੀ ਜਾਵੇਗਾ ਤਾਂ ਯੂਨੀਵਰਸਿਟੀ ਵੱਲੋਂ ਉਸ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ। ਇਸ ਨਾਲ ਜਿੱਥੇ ਬੂਟਿਆਂ ਦੀ ਸਫਲਤਾ ਯਕੀਨੀ ਹੋ ਜਾਵੇਗੀ, ਉੱਥੇ ਵਿਦਿਆਰਥੀਆਂ ਨੂੰ ਵੀ ਰੁੱਖਾਂ ਨਾਲ ਪਿਆਰ ਹੋ ਜਾਵੇਗਾ ਅਤੇ ਉਹ ਜਿੱਥੇ ਵੀ ਹੋਣਗੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਦਾ ਕੰਮ ਜਾਰੀ ਰੱਖਣਗੇ।
ਯੂਨੀਵਰਸਿਟੀ ਵੱਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਲੋਪ ਹੋ ਰਹੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਗਾਈਆਂ ਜਾਣਗੀਆਂ ਤਾਂ ਜੋ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲਿਆ ਜਾ ਸਕੇ। ਹੁਣ ਵੀ ਯੂਨੀਵਰਸਿਟੀ ਵਿੱਚ ਰੁੱਖਾਂ ਦੀ ਹੋਂਦ ਕਾਰਨ ਇੱਥੇ ਤਾਪਮਾਨ ਬਾਹਰ ਨਾਲੋਂ ਦੋ ਡਿਗਰੀ ਘੱਟ ਹੀ ਹੁੰਦਾ ਹੈ। ਅੱਧੀ ਸਦੀ ਪਹਿਲਾਂ ਉਦੋਂ ਦੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਯੂਨੀਵਰਸਿਟੀ ਦੀਆਂ ਸੜਕਾਂ ਨੂੰ ਯੋਜਨਾਬੱਧ ਢੰਗ ਨਾਲ ਰੁੱਖਾਂ ਨਾਲ ਸ਼ਿੰਗਾਰਿਆ ਸੀ। ਹਰੇਕ ਘਰ ਵਿੱਚ ਘੱਟੋ ਘੱਟ ਦੋ ਫ਼ਲਦਾਰ ਬੂਟੇ ਜਿਨ੍ਹਾਂ ਵਿੱਚ ਅੰਬ, ਨਿੰਬੂ, ਅੰਗੂਰ, ਕਿੰਨੂੰ ਆਦਿ ਸ਼ਾਮਿਲ ਹਨ, ਲਗਾਏ ਸੀ। ਇਨ੍ਹਾਂ ਵਿੱਚੋਂ ਬਹੁਤੇ ਹੁਣ ਵੀ ਫ਼ਲ ਦਿੰਦੇ ਹਨ। ਚੰਡੀਗੜ੍ਹ ਅਤੇ ਪੰਜਾਬ ਦੀਆਂ ਸੜਕਾਂ ਨੂੰ ਰੁੱਖਾਂ ਨਾਲ ਉਨ੍ਹਾਂ ਦੀ ਅਗਵਾਈ ਹੇਠ ਹੀ ਸ਼ਿੰਗਾਰਿਆ ਗਿਆ ਸੀ। ਯੂਨੀਵਰਸਿਟੀ ਨੇ ਆਪਣੇ ਸੱਠ ਸਾਲ ਪੂਰੇ ਕਰ ਲਏ ਹਨ। ਪੰਜਾਬ ਸਰਕਾਰ ਦੀ ਸਹਾਇਤਾ ਨਾਲ ਇਸ ਨੂੰ ਮੁੜ ਸ਼ਿੰਗਾਰਨ ਦਾ ਕਾਰਜ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ। ਪੰਜਾਬ ਦੀ ਖੇਤੀ ਵਿੱਚ ਜਿੱਥੇ ਇਸ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਹੈ, ਉੱਥੇ ਇਸ ਦੇ ਰੁੱਖ, ਫ਼ਲ ਬੂਟੇ ਆਪਣੇ ਆਪ ਵਿੱਚ ਵਿਲੱਖਣਤਾ ਪੇਸ਼ ਕਰਦੇ ਹਨ। ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਪੀਏਯੂ ਮਾਡਲ ਅਪਨਾਉਣਾ ਚਾਹੀਦਾ ਹੈ ਤਾਂ ਜੋ ਸਹੀ ਅਰਥਾਂ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਰੇ ਯਤਨ ਕੇਵਲ ਵਿਖਾਵਾ ਬਣ ਕੇ ਰਹਿ ਜਾਣਗੇ।
ਪੰਜਾਬ ਦੇ ਵਾਤਾਵਰਨ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬਰਸਾਤ ਦਾ ਮੌਸਮ (ਜੁਲਾਈ-ਅਗਸਤ) ਸਦਾਬਹਾਰ ਰੁੱਖਾਂ ਦੇ ਬੂਟੇ ਲਗਾਉਣ ਲਈ ਬਹੁਤ ਢੁੱਕਵਾਂ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਰੁੁੱਖਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ, ਪਰ ਇਸ ਦੇ ਨਾਲ ਹੀ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਹਰੇਕ ਕਿਸਾਨ ਨੂੰ ਇਸ ਵਾਰ ਪੰਜ ਰੁੱਖਾਂ ਦਾ ਟੀਚਾ ਮਿੱਥਣਾ ਚਾਹੀਦਾ ਹੈ। ਉਸ ਨੂੰ ਆਪਣੀ ਬੰਬੀ ’ਤੇ ਜਾਂ ਖੇਤ ਦੇ ਬੰਨਿਆਂ ’ਤੇ ਘੱਟੋ ਘੱਟ ਪੰਜ ਰੁੱਖਾਂ ਦੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ। ਪੰਜਾਬ ਵਿੱਚ ਲੱਕੜ ਦੀ ਘਾਟ ਹੈ। ਲੱਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ। ਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਕੁਝ ਥਾਵਾਂ ’ਤੇ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਤਜਰਬੇ ਕੀਤੇ ਗਏ ਹਨ ਜਿਹੜੇ ਚੋਖੇ ਸਫਲ ਹੋਏ ਹਨ।
ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਰਾਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈ। ਪੰਜਾਬ ਦੇ ਮਹਾਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ। ਇਹ ਦੋ ਮਹੀਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆ ਵਾਂਗ ਦੇਖਭਾਲ ਦਾ ਆਦੇਸ਼ ਵੀ ਦੇਣ। ਆਪ ਵੀ ਸਮੇਂ ਸਮੇਂ ਸਿਰ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਜਾਵੇ।
ਕਿਸਾਨਾਂ ਵੱਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਗਿਰਾਵਟ ਨੂੰ ਵੇਖਦਿਆਂ ਹੋਇਆਂ ਵੀ ਪੰਜਾਬ ਵਿੱਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੁਝ ਰਕਬੇ ਵਿੱਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫ਼ਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘੱਟ ਹੈ। ਰਸਾਇਣਾਂ ਦੀ ਵੀ ਨਾਂਮਾਤਰ ਹੀ ਲੋੜ ਪੈਂਦੀ ਹੈ।
ਜੇਕਰ ਵਣ ਖੇਤੀ ਕਰਨੀ ਹੈ ਤਾਂ ਟੋਟੇ ਪੁੱਟ ਲਵੋ। ਇੱਕ ਮੀਟਰ ਘੇਰਾ ਤੇ ਇੱਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਜੇਕਰ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ਉਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਟਾਹਲੀ ਲਈ 2 ਮੀਟਰ ਦਾ ਫਾਸਲਾ ਰੱਖੋ। ਸਾਗਵਾਨ ਦੇ ਬੂਟੇ 2 ਮੀਟਰ ਉਤੇ ਲਗਾਏ ਜਾਣ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਗਾਏ ਜਾ ਸਕਦੇ ਹਨ। ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਰਾਹਫ਼ੀਮੀਆ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ। ਇਸ ਵਾਰ ਪੰਜਾਬ ਵਿੱਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ।

Advertisement

Advertisement
Advertisement
Author Image

sukhwinder singh

View all posts

Advertisement