ਬੌਲੀਵੁੱਡ ਦੇ ‘ਖ਼ਾਨਾਂ’ ਦੀ ਫ਼ਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦੀ ਹੈ ਕੰਗਨਾ
ਮੁੰਬਈ:
ਅਦਾਕਾਰਾ ਕੰਗਨਾ ਰਣੌਤ ਨੇ ਆਖਿਆ ਕਿ ਉਹ ਬੌਲੀਵੁੱਡ ਅਦਾਕਾਰ ਸ਼ਾਹੁਰਖ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦੀ ਤਿੱਕੜੀ ਨੂੰ ਇੱਕੋ ਫਿਲਮ ਵਿੱਚ ਦੇਖਣਾ ਚਾਹੁੰਦੀ ਹੈ। ਉਸ ਨੇ ਆਖਿਆ ਕਿ ਉਹ ਤਿੰਨ ਖ਼ਾਨਾਂ ਵਾਲੀ ਫ਼ਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕਰਨਾ ਚਾਹੁੰਦੀ ਹੈ। ਕੰਗਨਾ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੇ ਟਰੇਲਰ ਰਿਲੀਜ਼ ਸਮਾਗਮ ਦੌਰਾਨ ਸੰਬੋਧਨ ਕਰ ਰਹੀ ਸੀ। ਜਾਣਕਾਰੀ ਅਨੁਸਾਰ ਆਗਾਮੀ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਉਸ ਨੇ ਮਰਹੂਮ ਇਰਫ਼ਾਨ ਖ਼ਾਨ ਨੂੰ ‘ਪਸੰਦੀਦਾ ਖ਼ਾਨਾਂ ’ਚੋਂ ਇੱਕ’ ਦੱਸਦਿਆਂ ਕਿਹਾ ਕਿ ਉਹ ਉਸ ਦੀ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦੀ ਸੀ ਪਰ ਅਫ਼ਸੋਸ ਕਿ ਉਹ ਅਜਿਹਾ ਕਰ ਨਾ ਸਕੀ। ਉਸ ਨੇ ਕਿਹਾ, ‘‘ਮੈਂ ਤਿੰਨ ਖ਼ਾਨਾਂ ਦੀ ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਕਰਨਾ ਚਾਹੁੰਦੀ ਹਾਂ। ਮੈਂ ਉਨ੍ਹਾਂ ਦੇ ਉਸ ਪੱਖ ਨੂੰ ਵੀ ਦਿਖਾਉਣਾ ਪਸੰਦ ਕਰਾਂਗੀ ਜਿਸ ਵਿੱਚ ਉਹ ਅਦਾਕਾਰੀ ਵੀ ਵਧੀਆ ਕਰ ਸਕਦੇ ਹਨ ਅਤੇ ਨਜ਼ਰ ਵੀ ਸ਼ਾਨਦਾਰ ਆ ਸਕਦੇ ਹਨ। ਉਹ ਸਮਾਜ ਲਈ ਬਹੁਤ ਕੁਝ ਕਰ ਸਕਦੇ ਹਨ।’’ ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਕੰਗਨਾ ਰਣੌਤ ਦੀ ਇਹ ਪਹਿਲੀ ਫਿਲਮ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਵਿੱਚ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੀ ਦਿਖਾਈ ਦੇਵੇਗਾ। -ਪੀਟੀਆਈ