For the best experience, open
https://m.punjabitribuneonline.com
on your mobile browser.
Advertisement

ਉੱਗਣ ਵਾਲੇ ਉੱਗ ਪੈਂਦੇ ਨੇ...

01:35 PM May 28, 2023 IST
ਉੱਗਣ ਵਾਲੇ ਉੱਗ ਪੈਂਦੇ ਨੇ
Advertisement

ਮੋਹਨ ਸ਼ਰਮਾ

Advertisement

ਸ਼ਾ ਛੁਡਾਊ ਕੇਂਦਰ ਦੇ ਮੁਖੀ ਵਜੋਂ ਕੰਮ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਨਸ਼ੱਈਆਂ ਨਾਲ ਵਾਹ ਪਿਆ ਹੈ। ਨਸ਼ੱਈਆਂ ਦੀ ਖਾਧੀ ਸਹੁੰ, ਮਾਸੂਮ ਬੱਚੇ ਦੇ ਸਿਰ ‘ਤੇ ਹੱਥ ਧਰ ਕੇ ਅੱਗੇ ਤੋਂ ਨਸ਼ਾ ਨਾ ਕਰਨ ਦਾ ਵਾਅਦਾ, ਪਤਨੀ ਅਤੇ ਮਾਂ-ਬਾਪ ਦੀਆਂ ਸਹੀ ਰਾਹ ‘ਤੇ ਪਾਉਣ ਲਈ ਸਮਝਾਉਣ ਵਾਲੀਆਂ ਗੱਲਾਂ ਉਨ੍ਹਾਂ ਲਈ ਥੰਦੇ ਘੜੇ ‘ਤੇ ਪਏ ਪਾਣੀ ਵਰਗੀਆਂ ਹੁੰਦੀਆਂ ਹਨ। ਅੱਕੇ ਹੋਏ ਮਾਂ-ਬਾਪ ਅਤੇ ਪਤਨੀ ਜਦੋਂ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਉਸ ਨੂੰ ਸਹੀ ਰਾਹ ‘ਤੇ ਲਿਆਉਣ ਲਈ ਪ੍ਰੇਰਨਾ ਦਿੰਦੇ ਹਨ, ਉਸ ਦਿਨ ਉਹ ਅੱਗੇ ਨਾਲੋਂ ਵੀ ਜ਼ਿਆਦਾ ਨਸ਼ਾ ਕਰਦੇ ਹਨ ਅਤੇ ਘਰ ਆ ਕੇ ਨਸ਼ੇ ਦੀ ਹਾਲਤ ਵਿੱਚ ਘਰਦਿਆਂ ਨੂੰ ਮਿਹਣਾ ਮਾਰਦਿਆਂ ਕਹਿੰਦੇ ਨੇ, “ਐਨਾ ਇਕੱਠਾ ਕਰਕੇ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਹੈ। ਲਾ ਲਉ ਜ਼ੋਰ। ਮੈਂ ਨਹੀਂ ਨਸ਼ਾ ਕਰਨੋਂ ਹਟਦਾ। ਜੇ ਅੱਗੇ ਤੋਂ ਇਹੋ-ਜਿਹਾ ਕੁਝ ਕੀਤਾ ਤਾਂ ਫਾਹਾ ਲੈ ਕੇ ਮਰ ਜਾਊਂ। ਪਿੱਛੋਂ ਰੋਈ ਜਾਇਉ ਅੱਖਾਂ ‘ਚ ਘਸੁੰਨ ਦੇ ਦੇ ਕੇ।”

ਮਾਂ-ਬਾਪ ਆਪਣੇ ਇਕਲੌਤੇ ਪੁੱਤ ਦੀ ਫਾਹਾ ਲੈਣ ਦੀ ਧਮਕੀ ਸਾਹਮਣੇ ਬੇਬਸ ਹੋ ਜਾਂਦੇ ਨੇ। ਅਜਿਹੇ ਹੀ ਇੱਕ ਨੌਜਵਾਨ ਨੂੰ ਉਸ ਦੇ ਮਾਪੇ ਅਤੇ ਪਤਨੀ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਆਏ। ਇਲਾਜ ਲਈ ਉਹ ਆਪਣੀ ਮਰਜ਼ੀ ਨਾਲ ਨਹੀਂ ਸੀ ਆਇਆ। ਪਤਨੀ ਦੀ ਧਮਕੀ “ਮੈਂ ਬੱਚਿਆਂ ਨੂੰ ਲੈ ਕੇ ਪੇਕੀਂ ਵਗਜੂੰਗੀ, ਮੁੜ ਕੇ ਇਸ ਘਰ ਵਿੱਚ ਪੈਰ ਨਹੀਂ ਧਰਨਾ” ਅੱਗੇ ਉਹ ਥੋੜ੍ਹਾ ਜਿਹਾ ਝੁਕ ਕੇ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆ ਗਿਆ ਸੀ। ਜਦੋਂ ਉਸ ਨੌਜਵਾਨ ਦੀ ਫਾਈਲ ਤਿਆਰ ਹੋ ਰਹੀ ਸੀ, ਉਸ ਸਮੇਂ ਮਾਪਿਆਂ ਅਤੇ ਉਸ ਦੀ ਪਤਨੀ ਨੇ ਤਰਲੇ ਨਾਲ ਕਿਹਾ ਸੀ ਕਿ ਇਸ ਨੂੰ ਦਾਖ਼ਲ ਕਰ ਲਵੋ। ਘਰ ਜਾ ਕੇ ਤਾਂ ਇਹ ਪਹਿਲਾਂ ਵਾਂਗ ਹੀ ਨਸ਼ੇ ਕਰੇਗਾ। ਬਜ਼ੁਰਗ ਬਾਪ ਨੇ ਇਹ ਵੀ ਦੱਸਿਆ ਕਿ ”ਪਤਨੀ ਦੇ ਗਹਿਣੇ ਗੱਟੇ ਅਤੇ ਘਰ ਦਾ ਹੋਰ ਸਮਾਨ ਇਹ ਨਸ਼ਿਆਂ ਦੇ ਲੇਖੇ ਲਾ ਚੁੱਕਿਆ ਹੈ। ਹੁਣ ਜ਼ਮੀਨ ‘ਤੇ ਅੱਖ ਹੈ। ਰੋਜ਼ ਗਹਿਣੇ ਕਰਨ ਲਈ ਝੱਜੂ ਪਾਉਂਦੈ, ਪਰ ਜ਼ਮੀਨ ਮੇਰੇ ਨਾਂ ਹੋਣ ਕਰਕੇ ਚਾਰ ਖੁੱਡ ਬਚੇ ਹੋਏ ਨੇ। ਨਹੀਂ ਤਾਂ…।”

ਨੌਜਵਾਨ ਮੇਰੇ ਸਾਹਮਣੇ ਬੈਠਾ ਸੀ। ਜਦੋਂ ਉਸ ਨੂੰ ਦਾਖ਼ਲ ਹੋਣ ਲਈ ਕਿਹਾ ਗਿਆ ਤਾਂ ਉਸ ਨੇ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੱਤਾ। ਸਰੀਰਕ ਨਿਘਾਰ ਦੀ ਗੱਲ ਕੀਤੀ ਤਾਂ ਉਹਦਾ ਜਵਾਬ ਸੀ, “ਸਭ ਨੇ ਇੱਕ ਦਿਨ ਮਰ ਜਾਣੈ, ਜੇ ਮੈਂ ਮਰਜੂੰ ਫਿਰ ਕੀ ਹੋਜੂ?” ਘਰ ਦੀ ਮੰਦਹਾਲੀ, ਬੱਚਿਆਂ ਦੇ ਭਵਿੱਖ, ਮਾਂ-ਬਾਪ ਅਤੇ ਪਤਨੀ ਦੀ ਦੁਰਦਸ਼ਾ ਦਾ ਜ਼ਿਕਰ ਸੁਣਦਿਆਂ ਉਹ ਥੋੜ੍ਹਾ ਜਿਹਾ ਗੰਭੀਰ ਹੋਇਆ, ਪਰ ਫਿਰ ਲਾਪਰਵਾਹ ਜਿਹਾ ਹੋ ਕੇ ਕਿਹਾ, ”ਤੁਸੀਂ ਦਵਾਈ ਦੇ ਦਿਉ ਜੀ ਮੈਨੂੰ। ਜਦੋਂ ਖ਼ਤਮ ਹੋ ਗਈ ਤਾਂ ਫਿਰ ਆ ਕੇ ਲੈ ਜਾਊ। ਥੋਡੇ ਨਾਲ ਵਾਅਦਾ ਕਿ ਅੱਗੇ ਤੋਂ…।” ਖ਼ੈਰ! ਪਤਨੀ, ਮਾਪਿਆਂ ਅਤੇ ਮੇਰੇ ਵੱਲੋਂ ਜ਼ੋਰ ਪਾਉਣ ਨਾਲ ਉਹ ਇਸ ਸ਼ਰਤ ਤੇ ਦਾਖ਼ਲ ਹੋ ਗਿਆ ਕਿ ਉਹ ਸਿਰਫ਼ ਪੰਜ ਕੁ ਦਿਨ ਲਈ ਹੀ ਦਾਖ਼ਲ ਹੋਵੇਗਾ। ਨਸ਼ੱਈ ਦੀ ਸਹਿਮਤੀ ਉਸ ਦੇ ਇਲਾਜ ਲਈ ਸਹਾਈ ਹੁੰਦੀ ਹੈ। ਦੂਜਾ ਜੇਕਰ ਉਹ ਆਪਣੀ ਚੀਚੀ ਫੜਾਉਂਦਾ ਹੈ ਤਾਂ ਉਹਦਾ ਗੁੱਟ ਫੜਨ ਦੀ ਪ੍ਰਬੰਧਕਾਂ ਨੂੰ ਜਾਚ ਵੀ ਹੋਣੀ ਚਾਹੀਦੀ ਹੈ। ਬਾਰ੍ਹਵੀਂ ਪਾਸ ਉਹ ਨੌਜਵਾਨ ਕਿਰਤ ਦੇ ਸੰਕਲਪ ਨਾਲੋਂ ਟੁੱਟ ਕੇ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਫਿਰ ਹਰ ਰੋਜ਼ 500-700 ਰੁਪਏ ਨਸ਼ਿਆਂ ਦੇ ਲੇਖੇ ਲਾਉਣ ਲੱਗ ਪਿਆ। ਨਸ਼ੇ ਲਈ ਪੈਸੇ ਨਾ ਮਿਲਣ ‘ਤੇ ਉਹ ਪਤਨੀ ਦੀ ਮਾਰ-ਕੁੱਟ, ਮਾਂ-ਬਾਪ ਦੇ ਗਲ ‘ਗੂਠਾ ਦੇਣ ਦੇ ਨਾਲ-ਨਾਲ ਹੋਰ ਨਾਜਾਇਜ਼ ਬੰਨ੍ਹ-ਸੁਭ ਕਰਕੇ ਨਸ਼ਿਆਂ ਦੀ ਪੂਰਤੀ ਕਰਦਾ ਸੀ। ਪਿੰਡ ਵਿੱਚ ਉਹ ਨਸ਼ੱਈ ਵਜੋਂ ਬਦਨਾਮ ਸੀ। ਨਿੱਜੀ ਅਨੁਭਵ ਦੇ ਆਧਾਰ ‘ਤੇ ਲਿਖ ਰਿਹਾ ਹਾਂ ਕਿ ਨਸ਼ੱਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਇਨ੍ਹਾਂ ਨਾਲ ਪਿਆਰ ਅਤੇ ਅਪਣੱਤ ਵਾਲੇ ਵਰਤਾਉ ਰਾਹੀਂ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਨੇ। ਕੁੱਟ-ਮਾਰ ਨਾਲ ਤਾਂ ਇਹ ਹੋਰ ਹਿੰਸਕ ਹੋਣਗੇ। ਸ਼ਾਮ ਦੇ ਸਮੇਂ ਦੋ ਘੰਟੇ ਦਾਖ਼ਲ ਮਰੀਜ਼ਾਂ ਨਾਲ ਕਾਉਂਸਲਿੰਗ ਕਰਨੀ ਮੇਰਾ ਨਿੱਤ ਦਾ ਨੇਮ ਸੀ। ਜਰਨੈਲ ਸਿੰਘ ਨਾਂ ਦੇ ਉਸ ਨੌਜਵਾਨ ਨੂੰ ਮੈਂ ਪੁੱਛਿਆ, “ਹਾਂ ਜਰਨੈਲ, ਤੇਰੀ ਉਮਰ ਅੰਦਾਜ਼ਨ 35 ਕੁ ਸਾਲ ਹੈ। ਵਿਆਹਿਆ ਵਰ੍ਹਿਆ ਹੈਂ ਤੂੰ। ਸੋਚ ਕੇ ਦੱਸ, ਕੀ ਤੂੰ ਆਪਣੀ ਪਤਨੀ ਦਾ ਚੰਗਾ ਪਤੀ ਬਣ ਸਕਿਆ ਹੈਂ?” ਉਸ ਨੇ ਨਿਰਾਸ਼ ਜਿਹਾ ਹੋ ਕੇ ਕਿਹਾ, “ਨਹੀਂ ਸਰ।” ਫਿਰ ਅਗਲਾ ਸਵਾਲ, “ਕੀ ਆਪਣੇ ਮਾਂ-ਬਾਪ ਦਾ ਚੰਗਾ ਪੁੱਤ ਹੈਂ?” ਉਸ ਨੇ ਫਿਰ ਨਿਰਾਸ਼ ਜਿਹਾ ਹੋ ਕੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਜਦੋਂ ਮੈਂ ਉਸ ਨੂੰ ਅਗਲਾ ਸਵਾਲ ਇਹ ਕੀਤਾ, “ਤੂੰ ਦੋ ਮਾਸੂਮ ਬੱਚਿਆਂ ਦਾ ਬਾਪ ਹੈਂ। ਦਿਲ ‘ਤੇ ਹੱਥ ਰੱਖ ਕੇ ਦੱਸ, ਕੀ ਉਨ੍ਹਾਂ ਦਾ ਚੰਗਾ ਬਾਪ ਬਣ ਸਕਿਆ ਹੈਂ?” ਹੁਣ ਉਹਦੇ ਬੋਲ ਉਹਦਾ ਸਾਥ ਨਹੀਂ ਸਨ ਦੇ ਰਹੇ। ਆਪਮੁਹਾਰੇ ਵਹਿੰਦੇ ਅੱਥਰੂ ਹੀ ਉਸ ਦੇ ਮਨ ਦੀ ਸਥਿਤੀ ਦਾ ਵਰਣਨ ਕਰ ਰਹੇ ਸਨ। ਉਹਦੇ ਸਮੇਤ ਦਾਖ਼ਲ ਨਸ਼ੱਈ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈ ਦੇਣ ਦੇ ਨਾਲ ਨਾਲ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨਾ ਮੁੱਖ ਮਕਸਦ ਰਿਹਾ। ਹਫ਼ਤਾ ਬੀਤਣ ਤੋਂ ਬਾਅਦ ਉਸ ਨੇ ਘਰ ਜਾਣ ਲਈ ਨਹੀਂ ਕਿਹਾ। ਰੋਜ਼ਾਨਾ ਨਿਸ਼ਚਿਤ ਸਮੇਂ ‘ਤੇ ਉਹ ਇਕਾਗਰ ਬਿਰਤੀ ਨਾਲ ਪਾਠ ਵੀ ਕਰਦਾ। ਅਖ਼ਬਾਰ ਪੜ੍ਹਨ ਦੇ ਨਾਲ-ਨਾਲ ਕਿਤਾਬਾਂ ਪੜ੍ਹਨ ਵਿੱਚ ਵੀ ਉਸ ਦੀ ਰੁਚੀ ਵਧਦੀ ਗਈ। ਉਹ ਮੇਰੇ ਕੋਲੋਂ ਮੰਗ ਕੇ ਕਿਤਾਬ ਲੈਂਦਾ ਅਤੇ ਫਿਰ ਪੜ੍ਹੀ ਹੋਈ ਕਿਤਾਬ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕਰਦਾ। ਦਿਨ-ਬ-ਦਿਨ ਉਹ ਨਸ਼ਾ ਰਹਿਤ ਹੋਣ ਲਈ ਯਤਨਸ਼ੀਲ ਰਿਹਾ। ਫਿਰ ਇੱਕ ਦਿਨ ਉਸ ਨੂੰ ਰਾਤ ਦੇ ਅੱਠ ਕੁ ਵਜੇ ਨਸ਼ੇ ਦੀ ਤੋੜ ਲੱਗੀ। ਮੌਕੇ ਅਨੁਸਾਰ ਉਸ ਨੂੰ ਦਵਾਈ ਦੇ ਦਿੱਤੀ ਗਈ। ਉਸ ਦੇ ਨਾਰਮਲ ਹੋਣ ‘ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਦੇ ਕੇ ਘਰ ਨੂੰ ਜਾਣ ਸਮੇਂ ਉਹਦੇ ਮੋਢੇ ‘ਤੇ ਹੱਥ ਧਰ ਕੇ ਕਿਹਾ, “ਪਰਵਾਹ ਨਾ ਕਰ। ਚੰਗਾ ਇਨਸਾਨ ਬਣਨ ਲਈ ਸਰੀਰਕ ਔਕੜਾਂ ਵੀ ਝੱਲਣੀਆਂ ਪੈਂਦੀਆਂ ਹਨ। ਜੇ ਕੋਈ ਰਾਤ ਨੂੰ ਦਿੱਕਤ ਆਈ ਤਾਂ ਮੈਂ ਫਿਰ ਘਰੋਂ ਆ ਜਾਵਾਂਗਾ।” ਉਸ ਨੇ ਆਦਰ ਨਾਲ ਸਿਰ ਝੁਕਾ ਕੇ ਸਹਿਮਤੀ ਦਾ ਪ੍ਰਗਟਾਵਾ ਕੀਤਾ। ਰਾਤ ਦੇ ਸਾਢੇ ਕੁ ਅੱਠ ਵਜੇ ਸਕੂਟਰ ‘ਤੇ ਘਰ ਆਉਂਦਿਆਂ ਮੈਂ ਉਹਦੇ ਬਾਰੇ ਹੀ ਸੋਚ ਰਿਹਾ ਸੀ। ਮਾਂ-ਬਾਪ ਦੇ ਝੁਰੜੀਆਂ ਭਰੇ ਚਿਹਰਿਆਂ ਤੇ ਵਹਿੰਦੇ ਅੱਥਰੂ, ਪਤਨੀ ਦਾ ਵਿਧਵਾਵਾਂ ਵਰਗਾ ਜੀਵਨ, ਮਾਸੂਮ ਬੱਚਿਆਂ ਦਾ ਰੁਲਦਾ ਬਚਪਨ… ਮੇਰੇ ਸਾਹਮਣੇ ਆ ਰਿਹਾ ਸੀ। ਮੈਂ ਸੋਚਾਂ ਵਿੱਚ ਇੰਨਾ ਖੁੱਭ ਗਿਆ ਕਿ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰਾ ਸਕੂਟਰ ਸੜਕ ‘ਤੇ ਪਏ ਰੋੜਿਆਂ ਦੇ ਉੱਪਰ ਚੜ੍ਹ ਗਿਆ ਅਤੇ ਮੈਂ ਮੂਧੇ ਮੂੰਹ ਰੋੜਿਆਂ ‘ਤੇ ਡਿੱਗ ਗਿਆ। ਰਾਹ ਜਾਂਦੇ ਰਾਹਗੀਰਾਂ ਨੇ ਸੰਭਾਲ ਲਿਆ। ਮੇਰੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਪਹੁੰਚ ਗਏ। ਲਾਗੇ ਹੀ ਆਰਥੋ ਸਰਜਨ ਦੇ ਕਲੀਨਿਕ ‘ਤੇ ਐਕਸਰੇ ਵਗੈਰਾ ਕਰਵਾਉਣ ਉਪਰੰਤ ਪਤਾ ਲੱਗਿਆ ਕਿ ਮੋਢਾ ਫਰੈਕਚਰ ਹੋ ਗਿਆ ਸੀ। ਡਾਕਟਰ ਨੇ ਲੋੜੀਂਦਾ ਇਲਾਜ ਕਰਨ ਉਪਰੰਤ 15 ਦਿਨ ਲਈ ਆਰਾਮ ਕਰਨ ਦੀ ਸਲਾਹ ਦੇ ਦਿੱਤੀ। ਘਰ ਮੰਜੇ ‘ਤੇ ਪਿਆ ਸੀ। ਮੈਂ ਸਟਾਫ ਤੋਂ ਦਾਖ਼ਲ ਨੌਜਵਾਨਾਂ ਦਾ ਪਤਾ ਕਰਦਾ ਰਹਿੰਦਾ ਸੀ। ਗੱਲਾਂਬਾਤਾਂ ਵਿੱਚ ਉਹ ਜਰਨੈਲ ਸਿੰਘ ਸਬੰਧੀ ਦੱਸਦਿਆਂ ਕਹਿੰਦੇ, “ਹੁਣ ਤਾਂ ਠੀਕ ਹੈ ਜੀ, ਪਰ ਥੋਨੂੰ ਬਹੁਤ ਯਾਦ ਕਰਦੈ। ਚਿੰਤਾ ਵੀ ਕਰਦੈ ਥੋਡੀ।” ਸਟਾਫ ਮੈਂਬਰਾਂ ਦੇ ਇਹ ਸ਼ਬਦ ਮੈਨੂੰ ਇਸ ਕਰਕੇ ਸਕੂਨ ਦਿੰਦੇ ਕਿ ਜ਼ਿੰਦਗੀ ਤੋਂ ਥਿੜਕੇ ਵਿਅਕਤੀ ਨੂੰ ਰਿਸ਼ਤਿਆਂ ਦੀ ਪਛਾਣ ਦੇ ਨਾਲ-ਨਾਲ ਰਿਸ਼ਤੇ ਨਿਭਾਉਣ ਦਾ ਸਲੀਕਾ ਵੀ ਆ ਗਿਆ ਹੈ। ਠੀਕ ਹੋਣ ਉਪਰੰਤ ਜਿਸ ਦਿਨ ਜਰਨੈਲ ਸਿੰਘ ਨੂੰ ਘਰ ਭੇਜਣਾ ਸੀ, ਮੈਂ ਉਸ ਦਿਨ ਡਾਕਟਰ ਦੀ ਹਦਾਇਤ ਅਨੁਸਾਰ ਮੰਜੇ ‘ਤੇ ਪਿਆ ਸੀ। ਮਾਂ-ਬਾਪ ਅਤੇ ਪਤਨੀ ਉਸ ਨੂੰ ਲੈਣ ਆਏ ਸਨ। ਉਹ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਅਤੇ ਸਲੀਕੇ ਨਾਲ ਮਿਲਿਆ। ਉਸ ਨੇ ਇਹ ਕਹਿ ਕੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ, ”ਮੇਰੇ ਸਰ ਮੰਜੇ ‘ਤੇ ਪਏ ਹਨ। ਜਿਸ ਦਿਨ ਉਹ ਡਿਊਟੀ ‘ਤੇ ਹਾਜ਼ਰ ਹੋ ਕੇ ਮੈਨੂੰ ਭੇਜਣਗੇ, ਮੈਂ ਉਸ ਦਿਨ ਹੀ ਜਾਵਾਂਗਾ।” ਮਾਪਿਆਂ ਨੇ ਮੈਨੂੰ ਫੋਨ ਕੀਤਾ ਕਿ ‘ਜਰਨੈਲ ਤੁਹਾਡੇ ਬਿਨਾਂ ਨਹੀਂ ਜਾਂਦਾ। ਉਂਜ ਇਹਨੂੰ ਬਿਲਕੁਲ ਠੀਕ-ਠਾਕ ਦੇਖ ਕੇ ਸਾਨੂੰ ਸੁੱਖ ਦਾ ਸਾਹ ਆਇਐ। ਬਹੁਤ ਖ਼ੁਸ਼ ਹਾਂ ਅਸੀਂ।’

ਉਨ੍ਹਾਂ ਦੇ ਇਨ੍ਹਾਂ ਬੋਲਾਂ ਨਾਲ ਮੈਂ ਆਪਮੁਹਾਰੇ ਮੰਜੇ ਤੋਂ ਉੱਠਿਆ, ਸਟਾਫ ਮੈਂਬਰ ਨੂੰ ਟੈਲੀਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾਉ। ਨਸ਼ਾ ਛੁਡਾਊ ਕੇਂਦਰ ਵਿੱਚ ਜਾ ਕੇ ਜਦੋਂ ਮੈਂ ਜਰਨੈਲ ਸਮੇਤ ਸਾਰੇ ਮਰੀਜ਼ਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੇਰੇ ਆਲੇ-ਦੁਆਲੇ ਘੇਰਾ ਜਿਹਾ ਪਾ ਕੇ ਸਤਿਕਾਰ ਨਾਲ ਹਾਲ-ਚਾਲ ਪੁੱਛਿਆ। ਜਰਨੈਲ ਦੇ ਚਿਹਰੇ ਵੱਲ ਦੇਖਿਆ। ਤੰਦਰੁਸਤ ਚਿਹਰੇ ‘ਤੇ ਮੇਰੇ ਪ੍ਰਤੀ ਚਿੰਤਾ ਦੇ ਨਿਸ਼ਾਨਾਂ ‘ਚੋਂ ਅਪਣੱਤ ਅਤੇ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਹ ਕਹਿ ਰਿਹਾ ਸੀ, “ਸਰ, ਥੋਡੇ ਕਰਕੇ ਮੈਨੂੰ ਨਵਾਂ ਜੀਵਨ ਮਿਲਿਐ। ਨਹੀਂ ਤਾਂ ਹੁਣ ਨੂੰ ਮੇਰੀ ਫੋਟੋ ‘ਤੇ ਹਾਰ ਪਾਇਆ ਹੁੰਦਾ।” ਸ਼ੁਭਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਇੱਕ ਚੰਗਾ ਇਨਸਾਨ ਬਨਣ ਦੇ ਸੁਨੇਹੇ ਨਾਲ ਉਸ ਨੂੰ ਵਿਦਾ ਕਰ ਦਿੱਤਾ। ਅੱਠ ਕੁ ਮਹੀਨੇ ਬਾਅਦ ਉਹਦਾ ਟੈਲੀਫੋਨ ਆਇਆ। ਉਹਦੇ ਬੋਲਾਂ ਵਿੱਚ ਅੰਤਾਂ ਦਾ ਉਤਸ਼ਾਹ ਸੀ। “ਸਰ, ਹੁਣ ਸਾਰੇ ਪਿਛਲੇ ਭਾਂਗੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਾਰੋਬਾਰ ਮੈਂ ਸੰਭਾਲ ਲਿਆ ਹੈ। ਖੇਤੀਬਾੜੀ ਆਪ ਕਰਦਾ ਹਾਂ। ਚਾਰ ਮੈਸਾਂ ਵੀ ਰੱਖੀਆਂ ਹੋਈਆਂ ਨੇ। ਡੇਅਰੀ ‘ਤੇ ਦੁੱਧ ਪਾ ਦੇਈਦੈ। ਲਹਿਰਾਂ ਬਹਿਰਾਂ ਨੇ ਘਰ ਵਿੱਚ। ਬਾਪੂ-ਬੇਬੇ, ਘਰਵਾਲੀ ਅਤੇ ਬੱਚੇ ਸਭ ਬਾਗੋ-ਬਾਗ ਨੇ। ਹਾਂ ਸਰ, ਜਿਹੜੀਆਂ ਤੁਸੀਂ ਬਾਬਾ ਨਜ਼ਮੀਂ ਦੀਆਂ ਲਾਈਨਾਂ ਵਾਰ-ਵਾਰ ਸਾਨੂੰ ਸੁਣਾਉਂਦੇ ਹੁੰਦੇ ਸੀ, ਉਹ ਮੈਂ ਸੌਣ ਵਾਲੇ ਕਮਰੇ ਵਿੱਚ ਲਿਖ ਕੇ ਲਾਈਆਂ ਹੋਈਆਂ ਨੇ। ਰੋਜ਼ ਤੜਕੇ ਉੱਠਣ ਸਾਰ ਪੜ੍ਹਦਾਂ। ਫਿਰ ਉਸ ਨੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਇਆ:

“ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।”

ਉਹਦੇ ਉਤਸ਼ਾਹ ਭਰੇ ਬੋਲ ਮਨ ਨੂੰ ਡਾਢਾ ਹੀ ਸਕੂਨ ਦੇ ਰਹੇ ਸਨ।

ਸੰਪਰਕ: 94171-48866

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×