ਕੂੜਾ ਕਬਾੜਾ
ਡਾ. ਪ੍ਰਵੀਨ ਬੇਗਮ
ਅੱਜ ਸਵੇਰੇ ਚਾਹ ਪੀਂਦੇ-ਪੀਂਦੇ ਅਖ਼ਬਾਰ ਖੋਲ੍ਹਿਆ ਤਾਂ ਸਰਸਰੀ ਜਿਹੀ ਨਜ਼ਰ ਮਾਰਨ ਤੋਂ ਬਾਅਦ ਮੈਨੂੰ ਅਖ਼ਬਾਰ ਵਿੱਚ ਕੁਝ ਖ਼ਾਸ ਨਾ ਲੱਭਾ। ਆਮ ਚੋਣਾਂ ਦੇ ਨੇੜੇ ਹੋਣ ਕਾਰਨ ਸਭ ਅਖ਼ਬਾਰ ਰਾਜਨੀਤੀ ਭਰਪੂਰ ਖ਼ਬਰਾਂ ਨਾਲ ਭਰੇ ਆਉਂਦੇ ਹਨ। ਆਡੀਟੋਰੀਅਲ ਦੇਖਦੇ ਹੋਏ ਇੱਕ ਆਰਟੀਕਲ ’ਤੇ ਨਜ਼ਰ ਪਈ ਜਿਸ ਦਾ ਸਿਰਲੇਖ ਸੀ ‘ਕਿਤਾਬਾਂ ਦੀ ਘਟਦੀ ਮਹੱਤਤਾ’। ਮੈਂ ਬਹੁਤ ਗਹੁ ਨਾਲ ਪੜ੍ਹਿਆ। ਲਿਖਣ ਵਾਲੇ ਨੇ ਕਮਾਲ ਕਰ ਛੱਡੀ ਹੈ ਲਿਖਣ ਦੀ ਕਿ ਕਿਵੇਂ ਆਧੁਨਿਕਤਾ ਦੇ ਰਾਹ ਨੇ ਸਾਨੂੰ ਕਿਤਾਬਾਂ ਨਾਲੋਂ ਬੇ-ਮੁਖ ਕਰ ਛੱਡਿਆ ਹੈ। ਮੈਨੂੰ ਨਾਲ ਹੀ ਚੇਤੇ ਆਇਆ ਕਿ ਅੱਜ ਤਾਂ ‘ਵਿਸ਼ਵ ਕਿਤਾਬ ਦਿਵਸ’ ਹੈ। ਮੈਂ ਵਿਦਿਆਰਥੀਆਂ ਨੂੰ ਅੱਜ ਕਿਤਾਬਾਂ ਦੀ ਸਾਰਥਿਕਤਾ ਸਮਝਾਉਂਦੇ ਹੋਏ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਾਂਗੀ। ਖ਼ੈਰ ਇਹ ਸੋਚਦੇ-ਸੋਚਦੇ ਮੈਂ ਨਹਾ-ਧੋ ਕੇ ਤਿਆਰ ਹੋਣ ਲੱਗੀ ਤਾਂ ਜੋ ਸਮੇਂ ਨਾਲ ਸਕੂਲ ਪਹੁੰਚਿਆ ਜਾ ਸਕੇ।
ਮੈਂ ਘਰ ਤੋਂ ਪੰਜ ਕੁ ਮਿੰਟ ਦੀ ਵਿੱਥ ਤੈਅ ਕਰ ਆਪਣੀ ਕੈਬ ਲੈਣ ਵਾਲੀ ਜਗ੍ਹਾ ’ਤੇ ਆ ਖਲੋਤੀ। ਗੱਡੀ ਪਹੁੰਚਣ ਵਿੱਚ ਤਕਰੀਬਨ 15 ਕੁ ਮਿੰਟ ਲੱਗ ਗਏ ਹੋਣਗੇ ਉਸ ਦਿਨ। ਮੈਨੂੰ ਉੱਥੇ ਖੜ੍ਹੀ-ਖੜ੍ਹੀ ਨੂੰ ਅਚਾਨਕ ਆਪਣੇ ਪਿੱਛੋਂ ਕਈ ਬੱਚਿਆਂ ਦੇ ਲੜਨ ਦੀ ਆਵਾਜ਼ ਸੁਣੀ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਕੂੜਾ ਚੁੱਕਣ ਵਾਲੇ ਕਈ ਬੱਚੇ ਆਪਸ ਵਿੱਚ ਲੜ ਰਹੇ ਸਨ। ਇੱਕ ਛੋਟਾ ਬੱਚਾ ਜ਼ਰਾ ਡਰਿਆ ਸਹਿਮਿਆ ਜਿਹਾ ਖੜ੍ਹਾ ਸੀ ਤੇ ਉਸ ਦੇ ਹੱਥ ਵਿੱਚ ਕੁਝ ਫੜਿਆ ਹੋਇਆ ਸੀ। ਦੂਸਰੇ ਵੱਡੀ ਉਮਰ ਦੇ ਦੋ ਬੱਚੇ ਉਸ ਤੋਂ ਕੁਝ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਨੇੜੇ ਜਾ ਕੇ ਉਨ੍ਹਾਂ ਨੂੰ ਲੜਨ ਤੋਂ ਵਰਜਿਆ ਤੇ ਲੜਾਈ ਦਾ ਕਾਰਨ ਪੁੱਛਿਆ ਤਾਂ ਉਹ ਕਹਿੰਦੇ, ‘‘ਇਸ ਕੋਲ ਇੱਕ ਕਿਤਾਬ ਏ ਮੋਟੀ ਜਿਹੀ। ਅਸੀ ਰੱਦੀ ਵਿੱਚ ਵੇਚਾਂਗੇ ਉਸ ਨੂੰ ਤੇ ਵਧੀਆ ਪੈਸੇ ਵੱਟ ਲਵਾਂਗੇ। ਪਰ ਇਹ ਸਾਨੂੰ ਦੇ ਨਹੀਂ ਰਿਹਾ, ਕਹਿੰਦਾ ਇਹ ਕਿਤਾਬ ਮੈਂ ਪੜ੍ਹਨੀ ਏ।’’ ਮੈਂ ਉਸ ਦੇ ਹੱਥ ਅੱਗੇ ਕਰਵਾ ਕੇ ਦੇਖਿਆ ਤਾਂ ਉਸ ਵਿੱਚ ਫਟੇਹਾਲ ਇੱਕ ਕਿਤਾਬ ਸੀ ਜਿਸ ਦੀ ਜਿਲਦ ਉਖੜੀ ਹੋਈ ਤੇ ਵਰਕੇ ਉਲਟ-ਪੁਲਟ ਸਨ। ਮੈਂ ਕਿਤਾਬ ਦੇਖ ਹੈਰਾਨ ਰਹਿ ਗਈ। ਕਿਤਾਬ ਦਾ ਨਾਂ ਸੀ ‘ਇਗਨਾਈਟਡ ਮਾਈਂਡਜ਼’ -ਡਾ. ਏ.ਪੀ. ਜੇ ਅਬਦੁਲ ਕਲਾਮ, ਮੈਂ ਹੈਰਾਨੀ ਨਾਲ ਪੁੱਛਿਆ, ‘ਤੈਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਏ’। ਉਸ ਨੇ ‘ਹਾਂ’ ਵਿੱਚ ਸਿਰ ਹਿਲਾਇਆ ਤੇ ਦੱਸਿਆ, ‘‘ਮੈਂ ਆਪਣੇ ਪਿੰਡ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮੇਰੇ ਪਿਤਾ ਦੀ ਮੌਤ ਹੋਣ ਕਾਰਨ ਮੈਨੂੰ ਪੜ੍ਹਾਈ ਵਿੱਚੇ ਹੀ ਛੱਡਣੀ ਪੈ ਗਈ।’’ ਕਹਿੰਦੇ-ਕਹਿੰਦੇ ਉਸ ਨੇ ਅੱਖਾਂ ਭਰ ਲਈਆਂ। ਉਸਦੀਆਂ ਭਰੀਆਂ ਅੱਖਾਂ ਤੇ ਮੂੰਹ ਤੋਂ ਮਾਸੂਮ ਭਾਵਾਂ ਕਾਰਨ ਮੈਂ ਅੰਦਰ ਤੱਕ ਪਸੀਜ ਗਈ। ਫਿਰ ਉਸ ਨੇ ਦੱਸਿਆ ਕਿ ਉਸ ਦਾ ਗੁਆਂਢੀ ਉਸ ਨੂੰ ਮਜ਼ਦੂਰੀ ਦੇ ਕੰਮ ਲਈ ਇੱਥੇ ਲੈ ਆਇਆ ਹੈ ਤੇ ਹੁਣ ਉਹ ਇੱਥੇ ਕੂੜਾ ਚੁੱਕਦਾ ਹੈ। ਉਸ ਨੇ ਦੱਸਿਆ, ‘‘ਮੈਂ ਅਕਸਰ ਕੂੜੇ ਵਿੱਚੋਂ ਅਖ਼ਬਾਰ ਜਾਂ ਹੋਰ ਪੜ੍ਹਨ ਵਾਲੀਆਂ ਚੀਜ਼ਾਂ, ਜੋ ਮੈਨੂੰ ਸਮਝ ਆਉਂਦੀਆਂ ਹਨ, ਇਕੱਠਾ ਕਰ ਲੈਂਦਾ ਹਾਂ ਤੇ ਜਦੋਂ ਮੈਨੂੰ ਸਮਾਂ ਮਿਲਦਾ ਹੈ ਤਾਂ ਪੜ੍ਹ ਲੈਂਦਾ ਹਾਂ।’’ ਵੈਸੇ ਤਾਂ ਮੈਂ ਉਸ ਨੂੰ ਪਹਿਲਾਂ ਵੀ ਉਸ ਜਗ੍ਹਾ ’ਤੇ ਕੂੜਾ ਇਕੱਠਾ ਕਰਦੇ ਦੇਖਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਕੂੜਾ-ਕਬਾੜਾ ਨਹੀਂ, ਬਲਕਿ ਉਸ ਜਵਾਕ ਦੀ ਕਿਸਮਤ ਬਦਲਣ ਵਾਲੀ ਕੋਈ ਚਾਬੀ ਏ ਜਿਹੜੀ ਐਨੇ ਮਾੜੇ ਹਾਲਾਤ ਵਿੱਚ ਵੀ ਉਸ ਨੂੰ ਕੁਝ ਨਾ ਕੁਝ ਦੇ ਕੇ ਉਸ ਦੇ ਹੌਸਲੇ ਦੇ ਖੰਭਾਂ ਨੂੰ ਪਰਵਾਜ਼ ਦੇਣ ਲਈ ਤਿਆਰ ਕਰ ਰਹੀ ਏ। ਗੱਲਾਂ-ਗੱਲਾਂ ਵਿੱਚ ਹੀ ਮੈਂ ਉਸ ਨੂੰ ਪੁੱਛਿਆ, ‘‘ਬੇਟਾ ਤੂੰ ਪੜ੍ਹ ਕੇ ਕੀ ਕਰਨਾ ਏ?’’ ਕਹਿੰਦਾ, ‘‘ਜੀ ਮੈਂ ਪੜ੍ਹ ਕੇ ਮੇਰੇ ਦੂਰ ਦੇ ਇੱਕ ਰਿਸ਼ਤੇਦਾਰ ਵਾਂਗ ਸਰਕਾਰੀ ਨੌਕਰੀ ’ਤੇ ਲੱਗਣੈ।’’ ਮੈਂ ਉਸ ਦੀ ਗੱਲ ਧਿਆਨ ਨਾਲ ਸੁਣਦੇ-ਸੁਣਦੇ ਪੁੱਛਿਆ ਕਿ ਉਹ ਕੀ ਲੱਗਿਆ ਹੋਇਆ, ਕਹਿੰਦਾ, ‘‘ਜੀ ਇਹ ਨ੍ਹੀਂ ਮੈਨੂੰ ਪਤਾ ਪਰ ਉਹਨੂੰ ਸਾਰੇ ਕਲੈਕਟਰ ਕਹਿੰਦੇ ਆ ਤੇ ਉਸ ਨੇ ਬਹੁਤ ਪੜ੍ਹਾਈ ਕੀਤੀ ਸੀ।’’ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਕੂੜੇ-ਕਬਾੜੇ ਦੇ ਢੇਰ ਚੋਂ ਕੋਈ ਬੱਚਾ ਕਲੈਕਟਰੀ ਲੱਭ ਰਿਹੈ ਤਾਂ ਇਸਦਾ ਇਰਾਦਾ ਸ਼ਾਇਦ ਕੋਈ ਤੋੜ ਨਾ ਸਕੇ। ਮੇਰੀ ਗੱਡੀ ਆਈ ਤੇ ਮੈਂ ਸਾਰੇ ਰਾਹ ਹੀ ਇਹ ਸੋਚਦੀ ਰਹੀ ਕਿ ਕਿੰਨੇ ਸਾਰੇ ਬੱਚੇ ਐਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਪੜ੍ਹਾਈ ਤੋਂ, ਕਿਤਾਬਾਂ ਤੋਂ ਕਿਵੇਂ ਬੇਮੁਖ ਹੋ ਗਏ। ਸੱਚੀਂ ਸਮਾਜ ਨੂੰ, ਖਾਸ ਕਰ ਸਾਡੇ ਵਰਗੇ ਵਰਗਾਂ ਨੂੰ, ਸਰਕਾਰਾਂ ਨੂੰ ਅਤੇ ਸਿਵਲ ਸੁਸਾਇਟੀ ਨੂੰ ਇਨ੍ਹਾਂ ਕੂੜੇ ਦੇ ਢੇਰਾਂ ਚੋਂ ਆਸ ਲੱਭਦੀਆਂ ਨਵੀਆਂ ਫੁੱਟਦੀਆਂ ਕਰੂੰਬਲਾਂ ਵੱਲ ਤਵੱਜੋ ਦੇਣ ਦੀ ਲੋੜ ਹੈ।
ਸੰਪਰਕ: 89689-48018