ਬੱਲਭਗੜ੍ਹ-ਪਲਵਲ ਮੈਟਰੋ ਲਈ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ
ਪੱਤਰ ਪ੍ਰੇਰਕ
ਫਰੀਦਾਬਾਦ, 28 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਐਲਾਨ ਤੋਂ ਬਾਅਦ ਬੱਲਭਗੜ੍ਹ ਤੋਂ ਪਲਵਲ ਤੱਕ ਮੈਟਰੋ ਸੰਪਰਕ ਲਈ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੈਟਰੋ ਪ੍ਰਾਜੈਕਟ ਦੀ ਟੈਕਨੋ-ਫੀਜ਼ੀਬਿਲਟੀ ਸਟੱਡੀ ਲਈ 26 ਜੂਨ ਨੂੰ ਹੁਕਮ ਜਾਰੀ ਕੀਤੇ ਗਏ ਸਨ ਤੇ ਅੱਜ ਤੋਂ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। ਇੱਕ ਟੀਮ ਜਿਸ ਵਿੱਚ ਪ੍ਰਮੁੱਖ ਸਲਾਹਕਾਰ ਐੱਸਡੀ ਸ਼ਰਮਾ, ਰਾਜ ਕਿਸ਼ੋਰ, ਮੈਨੇਜਰ ਨੇਹਾ ਗੰਭੀਰ ਤੇ ਸੰਨੀ ਦੱਤਾ ਨੇ ਅੱਜ ਮੰਗਲਵਾਰ ਨੂੰ ਬੱਲਭਗੜ੍ਹ ਤੋਂ ਪਲਵਲ ਤੱਕ ਪ੍ਰਸਤਾਵਿਤ ਬੱਲਭਗੜ੍ਹ-ਪਲਵਲ ਮੈਟਰੋ ਕੋਰੀਡੋਰ ਦਾ ਦੌਰਾ ਕੀਤਾ। ਇਸ ਕੋਰੀਡੋਰ ਦੀ ਕੁੱਲ ਲੰਬਾਈ ਲਗਭਗ 24 ਕਿਲੋਮੀਟਰ ਹੈ। ਬੱਲਭਗੜ੍ਹ ਤੋਂ ਪਲਵਲ ਤੱਕ ਕੋਰੀਡੋਰ ‘ਤੇ ਸਟੇਸ਼ਨਾਂ ਦੀ ਗਿਣਤੀ 10 ਹੈ। ਕੋਰੀਡੋਰ ਸੈਕਟਰ 58-59, ਸੀਕਰੀ, ਸੋਫਤਾ, ਪ੍ਰਿਥਲਾ, ਬਘੋਲਾ, ਅਲਹਾਪੁਰ ਅਤੇ ਪਲਵਲ ਦੇ ਉਦਯੋਗਿਕ ਖੇਤਰਾਂ ਨੂੰ ਜੋੜੇਗਾ।
ਪ੍ਰਸਤਾਵਿਤ ਕੋਰੀਡੋਰ ਲਈ ਐੱਮਆਰਟੀ ਪ੍ਰਣਾਲੀ ਦੇ ਵਿਕਲਪਾਂ ਦਾ ਅਧਿਐਨ ਕੀਤਾ ਜਾਵੇਗਾ। ਐੱਨਐੱਚਏਆਈ ਅਤੇ ਹੋਰ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਲਾਈਨਮੈਂਟ ਦਾ ਫ਼ੈਸਲਾ ਕੀਤਾ ਜਾਵੇਗਾ। ਬੱਲਭਗੜ੍ਹ ਰੇਲਵੇ ਸਟੇਸ਼ਨ, ਬੱਲਭਗੜ੍ਹ ਬੱਸ ਸਟੈਂਡ, ਰਾਜਾ ਨਾਹਰ ਸਿੰਘ ਮੈਟਰੋ ਸਟੇਸ਼ਨ ਅਤੇ ਪਲਵਲ ਬੱਸ ਸਟੈਂਡ ਨਾਲ ਏਕੀਕਰਨ ਦੀ ਯੋਜਨਾ ਬਣਾਈ ਜਾਵੇਗੀ।
ਇਹ ਐਲੀਵੇਟਿਡ ਮੈਟਰੋ ਰੂਟ ਹੋਵੇਗਾ ਅਤੇ ਇਸ ‘ਤੇ ਪ੍ਰਤੀ ਕਿਲੋਮੀਟਰ 180 ਕਰੋੜ ਰੁਪਏ ਦਾ ਖਰਚ ਆਵੇਗਾ। ਇਸ ਪੂਰੇ ਪ੍ਰਾਜੈਕਟ ‘ਤੇ 4320 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਤਕਨੀਕੀ ਸੰਭਾਵਨਾ ਦਾ ਅਧਿਐਨ ਪੂਰਾ ਹੋਣ ਤੋਂ ਬਾਅਦ, ਪ੍ਰਾਜੈਕਟ ਨੂੰ ਮਨਜ਼ੂਰੀ ਲਈ ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚਐੱਮਆਰਟੀਸੀ) ਨੂੰ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਇਸ ਸਬੰਧੀ ਜਲਦੀ ਹੀ ਬੋਰਡ ਦੀ ਮੀਟਿੰਗ ਬੁਲਾਉਣ ਦੇ ਨਿਰਦੇਸ਼ ਦਿੱਤੇ ਹਨ।