ਚੰਡੀਗੜ੍ਹ ਦੇ ਸੈਕਟਰ-10 ਵਿੱਚ ਘਰ ’ਤੇ ਗ੍ਰਨੇਡ ਹਮਲਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਚੰਡੀਗੜ੍ਹ ਦੇ ਸੈਕਟਰ-10 ਸਥਿਤ ਘਰ ’ਤੇ ਅੱਜ ਸ਼ਾਮ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਹਮਲੇ ਮਗਰੋਂ ਘਰ ਦੇ ਵਿਹੜੇ ਵਿੱਚ 8 ਤੋਂ 10 ਇੰਚ ਡੂੰਘਾ ਖੱਡਾ ਪੈ ਗਿਆ ਅਤੇ ਵਿਹੜੇ ਵਿੱਚ ਪਏ ਗਮਲੇ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਮਲੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਬਾਅਦ ਮੁਹਾਲੀ ਅਤੇ ਪੰਚਕੂਲਾ ਪੁਲੀਸ ਨੇ ਵੀ ਅਲਰਟ ਕਰ ਦਿੱਤਾ ਹੈ। ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਐੱਨਆਈਏ, ਬੰਬ ਸਕੁਐਡ, ਖੋਜੀ ਕੁੱਤੇ ਅਤੇ ਫੋਰੈਂਸਿੰਕ ਮਾਹਿਰਾਂ ਦੀ ਟੀਮ ਵੀ ਨਮੂਨੇ ਲੈਣ ਲਈ ਉਥੇ ਪਹੁੰਚ ਗਈ। ਪੁਲੀਸ ਨੇ ਮੁੱਢਲੀ ਜਾਂਚ ਦੌਰਾਨ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕੀਤੀ ਹੈ। ਇਹ ਘਟਨਾ ਸੈਕਟਰ-10 ਦੇ ਮਕਾਨ ਨੰਬਰ 575 ਵਿੱਚ ਸ਼ਾਮ ਸਾਢੇ 5 ਵਜੇ ਦੇ ਕਰੀਬ ਵਾਪਰੀ। ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਹਮਲਾ ਥ੍ਰੀ ਵ੍ਹੀਲਰ ਵਿੱਚ ਆਏ ਤਿੰਨ ਨੌਜਵਾਨਾਂ ਵੱਲੋਂ ਕੀਤਾ ਗਿਆ।