ਪੰਜਾਬ ਬਾਰੇ ਵੱਖ-ਵੱਖ ਵਿਸ਼ਿਆਂ ’ਤੇ ਦਸਤਾਵੇਜ਼ੀ ਸੀਰੀਜ਼ ਰਿਲੀਜ਼
ਹਰਦੇਵ ਚੌਹਾਨ
ਚੰਡੀਗੜ੍ਹ, 22 ਨਵੰਬਰ
ਪੰਜਾਬ ਦੇ ਮੁੱਦਿਆਂ ਨੂੰ ਛੂੰਹਦੀ ਦਸਤਾਵੇਜ਼ੀ ਦੀ ਸੀਰੀਜ਼ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਰਿਲੀਜ਼ ਕੀਤੀ ਗਈ। ਇਹ ਸੀਰੀਜ਼ ਓਟੀਟੀ ਪਲੈਟਫਾਰਮ ਕੌਮੀ ਟੀਵੀ ’ਤੇ ਉਪਲੱਬਧ ਹੋਵੇਗੀ। ਇਸ ਦੇ ਨਿਰਮਾਤਾ ਅਤੇ ਕੌਮ ਟੀਵੀ ਦੇ ਸੀਈਓ ਡਾ. ਰਾਜੀਵ ਕੁਮਾਰ ਨੇ ਕਿਹਾ ਕਿ ਕੌਮ ਟੀਵੀ ਪੰਜਾਬ ਬਾਰੇ ਦਸਤਾਵੇਜ਼ੀ ’ਤੇ ਆਧਾਰਿਤ ਪਹਿਲਾ ਓਟੀਟੀ ਪਲੈਟਫਾਰਮ ਹੈ। ਇਹ ਪਲੈਟਫਾਰਮ ਸਿਰਫ਼ ਮਨੋਰੰਜਨ ਤਕ ਸੀਮਤ ਨਹੀਂ ਹੈ ਸਗੋਂ ਇੱਥੇ ਵੱਖ ਵੱਖ ਤਰ੍ਹਾਂ ਦੇ ਅਹਿਮ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੌਮ ਟੀਵੀ ਸਿਹਤ ਸੰਭਾਲ, ਸਿੱਖਿਆ ਦੀਆਂ ਚੁਣੌਤੀਆਂ, ਨਸ਼ੇ ਅਤੇ ਪੰਜਾਬ ਵਿੱਚ ਪਾਣੀ ਸੰਕਟ ਵਰਗੇ ਮੁੱਦਿਆਂ ’ਤੇ ਰੋਸ਼ਨੀ ਪਾਵੇਗਾ। ਉਨ੍ਹਾਂ ਕਿਹਾ ਕਿ ਇਹ ਐਪ ਮੁਫ਼ਤ ਵਿੱਚ ਉਪਲੱਬਧ ਹੈ। ਨਿਰਦੇਸ਼ਕ ਪਾਰੁਲਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜ ਦਸਤਾਵੇਜ਼ੀ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਦਸਤਾਵੇਜ਼ੀ ‘ਪਾਣੀ ਪੰਜਾਬ ਦੇ’, ‘ਹੋਲਾ ਮਹੱਲਾ’, ‘ਪੈਰ ਸੂਲਾਂ ’ਤੇ ਵੀ ਨੱਚਦੇ ਰਹਿਣਗੇ’, ‘ਲੰਘ ਆ ਜਾ ਪੱਤਣ ਝਨਾਂ ਦਾ ਯਾਰ’ ਅਤੇ ‘ਬਾਬੂ ਮੰਗੂ ਰਾਮ ਮੁੱਗੋਵਾਲੀਆ’ ਬਾਰੇ ਚਰਚਾ ਕੀਤੀ ਗਈ।