ਰਾਹੁਲ ਦੇ ਜਨਮ ਦਿਨ ’ਤੇ ‘ਇੰਡੀਆ’ ਗੱਠਜੋੜ ਦੇ ਆਗੂਆਂ ਵੱਲੋਂ ਵਧਾਈ
ਨਵੀਂ ਦਿੱਲੀ, 19 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਅੱਜ 54 ਸਾਲ ਦੇ ਹੋ ਗਏ ਹਨ। ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ‘ਇੰਡੀਆ’ ਗੱਠਜੋੜ ਦੇ ਆਗੂ ਸ਼ਾਮਲ ਰਹੇ। ਕਾਂਗਰਸ ਨੇ ਰਾਹੁਲ ਗਾਂਧੀ ਨੂੰ ਕਮਜ਼ੋਰਾਂ ਦੀ ਆਵਾਜ਼, ਸੰਵਿਧਾਨ ਪ੍ਰਤੀ ਵਿਸ਼ਵਾਸ ਰੱਖਣ ਵਾਲਾ ਅਤੇ ਸੱਤਾ ਨੂੰ ਸੱਚ ਦਾ ਆਈਨਾ ਦਿਖਾਉਣ ਵਾਲਾ ਆਗੂ ਦੱਸਿਆ।
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਏ ਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਮ ਦਿਨ ਮੌਕੇ ਕੋਈ ਵੱਡਾ ਜਸ਼ਨ ਨਾ ਮਨਾਉਣ ਅਤੇ ਇਸ ਮੌਕੇ ਸਿਰਫ਼ ਦਾਨ-ਪੁੰਨ ਜਿਹੇ ਕੰਮ ਕਰਨ। ਰਾਹੁਲ ਨੇ ਕਾਂਗਰਸ ਦਫ਼ਤਰ ’ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪ੍ਰਿਯੰਕਾ ਗਾਂਧੀ ਅਤੇ ਖ਼ਜ਼ਾਨਚੀ ਅਜੈ ਮਾਕਨ ਵੀ ਹਾਜ਼ਰ ਸਨ। ਉਨ੍ਹਾਂ ਪਾਰਟੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਖੜਗੇ ਨੇ ‘ਐਕਸ’ ’ਤੇ ਪੋਸਟ ਪਾ ਕੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ, ‘‘ਭਾਰਤ ਦੇ ਸੰਵਿਧਾਨ ਤਹਿਤ ਕਦਰਾਂ-ਕੀਮਤਾਂ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਲੱਖਾਂ ਅਣਸੁਣੀਆਂ ਆਵਾਜ਼ਾਂ ਪ੍ਰਤੀ ਤੁਹਾਡੀ ਰਹਿਮਦਿਲੀ ਅਜਿਹੇ ਗੁਣ ਹਨ ਜੋ ਤੁਹਾਨੂੰ ਦੂਜਿਆਂ ਤੋਂ ਵੱਖ ਕਰਦੇ ਹਨ। ਕਾਂਗਰਸ ਪਾਰਟੀ ਦਾ ਅਨੇਕਤਾ ’ਚ ਏਕਤਾ, ਸਦਭਾਵਨਾ ਅਤੇ ਰਹਿਮ ਦਾ ਵਿਚਾਰ ਤੁਹਾਡੇ ਸਾਰੇ ਕੰਮਾਂ ’ਚ ਵੀ ਦਿਖਾਈ ਦਿੰਦਾ ਹੈ ਕਿਉਂਕਿ ਤੁਸੀਂ ਸੱਤਾ ਨੂੰ ਸੱਚਾਈ ਦਾ ਆਈਨਾ ਦਿਖਾ ਕੇ ਹਰੇਕ ਵਿਅਕਤੀ ਦੇ ਹੰਝੂ ਪੂੰਝਣ ਦੇ ਆਪਣੇ ਮਿਸ਼ਨ ’ਚ ਲੱਗੇ ਹੋਏ ਹੋ। ਮੈਂ ਤੁਹਾਡੇ ਲੰਬੇ, ਸਿਹਤਮੰਦ ਅਤੇ ਸੁਖੀ ਜੀਵਨ ਦੀ ਕਾਮਨਾ ਕਰਦਾ ਹਾਂ।’’ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਆਪਣੇ ਵੱਡੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਲਈ ਦੋਸਤ, ਮਾਰਗਦਰਸ਼ਕ ਅਤੇ ਆਗੂ ਵੀ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਅਤੇ ਡੀਐੱਮਕੇ ਮੁਖੀ ਐੱਮਕੇ ਸਟਾਲਿਨ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਐੱਨਸੀਪੀ (ਐੱਸਸੀਪੀ) ਮੁਖੀ ਸ਼ਰਦ ਪਵਾਰ, ਧੀ ਸੁਪ੍ਰਿਯਾ ਸੂਲੇ, ਸ਼ਿਵ ਸੈਨਾ (ਯੂਬੀਟੀ) ਆਗੂ ਆਦਿੱਤਿਆ ਠਾਕਰੇ, ਆਰਜੇਡੀ ਆਗੂ ਤੇਜਸਵੀ ਯਾਦਵ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। -ਪੀਟੀਆਈ
‘ਯੂਪੀ ਦੇ ਦੋ ਲੜਕੇ ਹਿੰਦੁਸਤਾਨ ਦੀ ਸਿਆਸਤ ਨੂੰ ਮੁਹੱਬਤ ਦੀ ਦੁਕਾਨ ਬਣਾਉਣਗੇ-ਖਟਾ-ਖਟ, ਖਟਾ-ਖਟ’
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਯੂਪੀ ਦੇ ਦੋ ਲੜਕੇ ਹਿੰਦੁਸਤਾਨ ਦੀ ਸਿਆਸਤ ਨੂੰ ਮੁਹੱਬਤ ਦੀ ਦੁਕਾਨ ਬਣਾਉਣਗੇ-ਖਟਾ-ਖਟ, ਖਟਾ-ਖਟ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੱਲੋਂ ਜਨਮ ਦਿਨ ਦੀ ਦਿੱਤੀ ਗਈ ਵਧਾਈ ’ਤੇ ਰਾਹੁਲ ਨੇ ਧੰਨਵਾਦ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਅਤੇ ਅਖਿਲੇਸ਼ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ‘ਯੂਪੀ ਦੇ ਦੋ ਲੜਕੇ’ ਵਜੋਂ ਸੰਬੋਧਨ ਕੀਤਾ ਸੀ ਕਿਉਂਕਿ 2017 ’ਚ ਯੂਪੀ ਵਿਧਾਨ ਸਭਾ ਚੋਣਾਂ ਮੌਕੇ ਦੋਵੇਂ ਪਾਰਟੀਆਂ ਨੇ ਹੱਥ ਮਿਲਾਏ ਸਨ। ਉਨ੍ਹਾਂ ਚੋਣਾਂ ’ਚ ਗੱਠਜੋੜ ਬੁਰੀ ਤਰ੍ਹਾਂ ਨਾਕਾਮ ਰਿਹਾ ਸੀ ਅਤੇ ਭਾਜਪਾ ਸੂਬੇ ਦੀ ਸੱਤਾ ’ਚ ਆਈ ਸੀ। ਐਤਕੀਂ ਲੋਕ ਸਭਾ ਚੋਣਾਂ ਦੌਰਾਨ ਮੁੜ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਗੱਠਜੋੜ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ 80 ’ਚੋਂ 43 ਸੀਟਾਂ ’ਤੇ ਜਿੱਤ ਮਿਲੀ ਸੀ। -ਪੀਟੀਆਈ