ਹਰੀ ਨੌਂ ਕਤਲ ਕਾਂਡ: ਮੁਲਜ਼ਮਾਂ ਖ਼ਿਲਾਫ਼ ਸੰਗਠਿਤ ਅਪਰਾਧ ਦੇ ਦੋਸ਼ਾਂ ਦਾ ਵਾਧਾ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ):
ਜ਼ਿਲ੍ਹੇ ਦੇ ਪਿੰਡ ਹਰੀ ਨੌਂ ਵਿੱਚ ਦੋ ਹਫ਼ਤੇ ਪਹਿਲਾਂ ਕਤਲ ਕੀਤੇ ਗਏ ਭਾਈ ਹਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਸੰਗਠਿਤ ਅਪਰਾਧ ਦੇ ਦੋਸ਼ਾਂ ਦਾ ਵਾਧਾ ਕਰ ਦਿੱਤਾ ਹੈ। ਪ੍ਰਾਪਤ ਸੂਚਨਾ ਅਨੁਸਾਰ ਪੁਲੀਸ ਨੇ ਐੱਫਆਈਆਰ ਵਿੱਚ ਬੀਐੱਨਐੱਸ ਦੀ ਧਾਰਾ 111 ਦਾ ਵਾਧਾ ਕੀਤਾ ਹੈ, ਜਿਸ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਅਤੇ 1 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਹੈ। ਜ਼ਿਲ੍ਹਾ ਪੁਲੀਸ ਨੇ ਗੁਰਪ੍ਰੀਤ ਹਰੀ ਨੌਂ ਕਤਲ ਕਾਂਡ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡੱਲਾ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁਲੀਸ ਨੇ ਰਿਮਾਂਡ ’ਤੇ ਲੈ ਕੇ ਪੁੱਛ ਪੜਤਾਲ ਕੀਤੀ ਹੈ ਅਤੇ ਉਸ ਤੋਂ ਬਾਅਦ ਸੰਗਠਿਤ ਅਪਰਾਧ ਦੇ ਦੋਸ਼ਾਂ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਜ਼ਿਲ੍ਹਾ ਪੁਲੀਸ ਨੇ ਦੋਸ਼ਾਂ ਵਿੱਚ ਕੀਤੇ ਗਏ ਵਾਧੇ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ ਦੋ ਦਰਜਨ ਤੋਂ ਵੱਧ ਮਸ਼ਕੂਕਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ। ਪੁਲੀਸ ਨੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਗੋਲੀਆਂ ਮਾਰਨ ਵਾਲੇ ਸੂਟਰਾਂ ਦੇ ਸਕੈਚ ਵੀ ਜਾਰੀ ਕੀਤੇ ਹਨ। ਪੁਲੀਸ ਨੇ ਹਰੀ ਨੌਂ ਕਤਲ ਕਾਂਡ ’ਚ ਦਰਜ ਕੀਤੀ ਗਈ ਡੀਡੀਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫੜੇ ਗਏ ਮੁਲਜ਼ਮਾਂ ਤੋਂ ਅਹਿਮ ਸਬੂਤ ਮਿਲੇ ਹਨ। ਉਨ੍ਹਾਂ ਦੇ ਆਧਾਰ ’ਤੇ ਹੀ ਮੁਕੱਦਮੇ ਵਿੱਚ ਦੋਸ਼ਾਂ ਦਾ ਵਾਧਾ ਕੀਤਾ ਗਿਆ ਹੈ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਹਰੀ ਨੌਂ ਦੇ ਕਤਲ ਕਾਂਡ ਵਿੱਚ ਇੱਕ ਫੌਜੀ ਜਵਾਨ ਬਿਲਾਲ ਅਹਿਮਦ ਵਾਸੀ ਹਰੀ ਨੌਂ ਤੇ ਇੱਕ ਵਿਦੇਸ਼ ਰਹਿੰਦਾ ਨੌਜਵਾਨ ਕਰਮਵੀਰ ਸਿੰਘ ਗੋਰਾ ਵੀ ਸ਼ਾਮਲ ਹੈ, ਜਿਨ੍ਹਾਂ ਦਾ ਸਬੰਧ ਫਰੀਦਕੋਟ ਨਾਲ ਹੈ। ਇਨ੍ਹਾਂ ਦੋਹਾਂ ਮੁਲਜ਼ਮਾਂ ਨੇ ਕਤਲ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਦੇ ਆਉਣ ਜਾਣ, ਰਹਿਣ ਅਤੇ ਘੁੰਮਣ ਫਿਰਨ ਬਾਰੇ ਜਾਣਕਾਰੀ ਇਕੱਤਰ ਕੀਤੀ ਸੀ।