ਹਰੀਆਂ ਚੂੜੀਆਂ
ਚਰਨਜੀਤ ਕੌਰ
ਪੰਮੀ ਸੋਹਣੀ ਸੁਨੱਖੀ, ਸਲੀਕੇ ਵਾਲੀ ਅਤੇ ਘਰ ਦੇ ਹਰ ਕੰਮ ਵਿੱਚ ਮਾਹਿਰ ਰੀਝਾਂ ਨਾਲ ਮਾਪਿਆਂ ਦੀ ਪਾਲੀ ਕੁੜੀ ਸੀ। ਉਨ੍ਹਾਂ ਨੇ ਉਸ ਦਾ ਵਿਆਹ ਵੀ ਬੜੇ ਸੋਹਣੇ ਸੂਝਵਾਨ ਚੂੜੀਆਂ ਦੇ ਚੰਗੇ ਕਾਰੋਬਾਰੀ ਨਾਲ ਕੀਤਾ। ਪੰਮੀ ਆਪ ਵੀ ਚੂੜੀਆਂ ਪਾਉਣ ਦੀ ਬਹੁਤ ਸ਼ੌਕੀਨ ਸੀ। ਹਰੇ ਰੰਗ ਦੀਆਂ ਚੂੜੀਆਂ ਤਾਂ ਉਸ ਦੀ ਜਾਨ ਸਨ। ਸਹੁਰੇ ਪਰਿਵਾਰ ਵਿੱਚ ਵੀ ਉਸ ਨੂੰ ਸਾਰੇ ਬਹੁਤ ਪਿਆਰ ਕਰਦੇ ਸਨ। ਹਸੂੰ-ਹਸੂੰ ਕਰਦੀ ਘਰ ਦੇ ਸਾਰੇ ਕੰਮ ਕਰਦੀ। ਸੱਸ ਸਹੁਰੇ ਦੀ ਹਰ ਚੀਜ਼ ਦਾ ਧਿਆਨ ਰੱਖਦੀ। ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਹੀ ਨਾ ਦਿੰਦੀ। ਰਾਤ ਨੂੰ ਰੋਟੀ ਖਾ ਕੇ ਪਤੀ ਨਾਲ ਸੈਰ ਕਰਨ ਜਾਂਦੀ। ਜੋੜੀ ਇੰਨੀ ਸੋਹਣੀ ਲੱਗਦੀ ਕਿ ਮੁਹੱਲੇ ਦੀਆਂ ਕੁੜੀਆਂ ਜੋੜੀ ਨੂੰ ਦੇਖਣ ਲਈ ਇਕੱਠੀਆਂ ਹੋ ਕੇ ਖੜ੍ਹ ਜਾਂਦੀਆਂ ਤੇ ਰੀਝ ਨਾਲ ਜਾਂਦਿਆਂ ਨੂੰ ਦੇਖਦੀਆਂ। ਸਾਲ ਬਾਅਦ ਹੀ ਉਨ੍ਹਾਂ ਦੇ ਘਰ ਬੱਚੀ ਦਾ ਜਨਮ ਹੋ ਗਿਆ। ਸਾਰਾ ਟੱਬਰ ਬਹੁਤ ਖ਼ੁਸ਼। ਪਿਆਰ ਨਾਲ ਉਸ ਦਾ ਪਤੀ ਬੱਚੀ ਨੂੰ ਰਾਣੀ ਬੁਲਾਉਂਦਾ। ਸਮਾਂ ਬੀਤਦਾ ਗਿਆ। ਜਲਦੀ ਹੀ ਉਸ ਦੇ ਪੈਰ ਫਿਰ ਭਾਰੀ ਹੋ ਗਏ। ਕਰਵਾ ਚੌਥ ਦਾ ਤਿਉਹਾਰ ਸੀ। ਚੂੜੀਆਂ ਦਾ ਕਾਰੋਬਾਰੀ ਹੋਣ ਕਾਰਨ ਉਸ ਦਾ ਪਤੀ ਚੂੜੀਆਂ ਥੋਕ ਵਿੱਚ ਲੈਣ ਲਈ ਗਿਆ। ਜਾਣ ਲੱਗਿਆਂ ਉਸ ਨੇ ਪਤੀ ਨੂੰ ਆਪਣੇ ਲਈ ਹਰੇ ਰੰਗ ਦੀਆਂ ਸਭ ਤੋਂ ਸੋਹਣੀਆਂ ਚੂੜੀਆਂ ਲਿਆਉਣ ਲਈ ਕਿਹਾ। ਸ਼ਾਮ ਹੋ ਗਈ। ਉਹ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਬਾਜ਼ਾਰ ਦੇ ਦੋਸਤ ਉਨ੍ਹਾਂ ਦੇ ਘਰ ਆਏ। ਕਾਰ ਦੀ ਟੈਂਪੂ ਨਾਲ ਟੱਕਰ ਹੋਣ ਕਾਰਨ ਹੋਈ ਉਸ ਦੇ ਪਤੀ ਦੀ ਮੌਤ ਦੀ ਖ਼ਬਰ ਉਸ ਨੂੰ ਦਿੱਤੀ ਜਿਸ ਨੂੰ ਸੁਣਦੇ ਹੀ ਉਹ ਬੇਹੋਸ਼ ਹੋ ਗਈ। ਮੁਹੱਲੇ ਵਾਲਿਆਂ ਨੇ ਉਸ ਨੂੰ ਹੋਸ਼ ਵਿੱਚ ਲਿਆਂਦਾ। ਉਸ ਉੱਤੇ ਤਾਂ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਹ ਆਪਣੀ ਬੱਚੀ ਦੀ ਦੇਖਭਾਲ ਕਰਦੀ ਸੱਸ ਸਹੁਰੇ ਦਾ ਖਿਆਲ ਰੱਖਦੀ। ਉਸਦਾ ਹਸੂੰ ਹਸੂੰ ਕਰਦਾ ਚਿਹਰਾ ਮੁਰਝਾ ਗਿਆ।
ਸਾਰੇ ਘਰ ਵਿੱਚ ਚੁੱਪ ਛਾ ਗਈ। ਘਰ ਦੇ ਕੰਮ ਤੋਂ ਵਿਹਲੀ ਹੋ ਕੇ ਉਹ ਆਪਣੀ ਬੱਚੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਤੇ ਰੋਂਦੀ ਰਹਿੰਦੀ। ਸੱਸ-ਸਹੁਰੇ ਤੋਂ ਉਸ ਦੀ ਹਾਲਤ ਦੇਖੀ ਨਾ ਜਾਂਦੀ। ਉਨ੍ਹਾਂ ਦੇ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਨੂੰ ਸਾਰੇ ਭੂਆ ਕਹਿ ਕੇ ਬੁਲਾਉਂਦੇ ਸਨ। ਉਹ ਉਨ੍ਹਾਂ ਦੇ ਘਰ ਆਈ ਤੇ ਉਸ ਦੇ ਸੱਸ-ਸਹੁਰੇ ਨੂੰ ਪੰਮੀ ਦੇ ਦੂਜੇ ਵਿਆਹ ਬਾਰੇ ਗੱਲ ਕੀਤੀ ਕਿ ਉਸ ਦੀ ਭਰਜਾਈ ਮਰ ਗਈ ਹੈ ਤੇ ਉਸ ਦਾ ਭਰਾ ਇਕੱਲਾ ਹੈ। ਕੋਈ ਬੱਚਾ ਵੀ ਨਹੀਂ ਹੈ, ਜੇ ਚਾਹੋ ਤਾਂ ਮੈਂ ਅੱਗੇ ਗਲ ਤੋਰਾਂ। ਪੰਮੀ ਦੇ ਸੱਸ-ਸਹੁਰੇ ਤੋਂ ਉਸ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਸੀ। ਗੱਲ ਅੱਗੇ ਤੁਰ ਪਈ ਤੇ ਸਿਰੇ ਚੜ੍ਹ ਗਈ। ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਪੰਮੀ ਦਾ ਵਿਆਹ ਹੋ ਗਿਆ। ਉਹ ਆਪਣੀ ਬੱਚੀ ਨੂੰ ਲੈ ਕੇ ਆਪਣੇ ਸਹੁਰੇ ਘਰ ਆ ਗਈ। ਉਸ ਦਾ ਦੂਸਰਾ ਪਤੀ ਵੀ ਸੁਭਾਅ ਪੱਖੋਂ ਬਹੁਤ ਹੀ ਚੰਗਾ ਸੀ। ਪੰਮੀ ਦੇ ਮਨ ਵਿੱਚ ਅੱਗੇ ਪੜ੍ਹਨ ਦੀ ਇੱਛਾ ਪੈਦਾ ਹੋਈ। ਉਸ ਨੇ ਆਪਣੇ ਪਤੀ ਅੱਗੇ ਆਪਣੀ ਇੱਛਾ ਦੱਸੀ। ਉਸ ਨੇ ਖ਼ੁਸ਼ ਹੋ ਕੇ ਪੂਰਾ ਸਾਥ ਦੇਣ ਲਈ ਕਿਹਾ। ਪੰਮੀ ਨੇ ਅੱਗੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ ਬੱਚੀ ਨੂੰ ਇੰਨਾ ਪਿਆਰ ਕਰਦਾ ਕਿ ਹਰ ਵੇਲੇ ਉਸ ਨੂੰ ਗੋਦੀ ਚੁੱਕੀ ਫਿਰਦਾ ਤੇ ਪੰਮੀ ਦਾ ਵੀ ਬਹੁਤ ਧਿਆਨ ਰੱਖਦਾ ਤਾਂ ਜੋ ਉਸ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ। ਦੂਜਾ ਬੱਚਾ ਹੋਣ ਵਿੱਚ ਹਾਲੇ ਕੁਝ ਮਹੀਨੇ ਸਨ। ਉਹ ਚੁੱਪ ਰਹਿੰਦੀ। ਉਸ ਦੇ ਚਿਹਰੇ ’ਤੇ ਹਰ ਵੇਲੇ ਉਦਾਸੀ ਛਾਈ ਰਹਿੰਦੀ ਤੇ ਯਾਦਾਂ ਵਿੱਚ ਗੁਆਚੀ ਰਹਿੰਦੀ। ਉਸਦਾ ਪਤੀ ਹਰ ਸੰਭਵ ਕੋਸ਼ਿਸ਼ ਕਰਦਾ ਕਿ ਉਹ ਖ਼ੁਸ਼ ਰਹੇ, ਪਰ ਉਹ ਪੁਰਾਣੀਆਂ ਯਾਦਾਂ ਵਿੱਚ ਹੀ ਉਲਝੀ ਰਹਿੰਦੀ। ਸਮੇਂ ਦੇ ਨਾਲ ਉਸ ਦੀ ਦੂਜੀ ਕੁੜੀ ਹੋਈ, ਪਰ ਉਸ ਨੇ ਪੜ੍ਹਨਾ ਨਾ ਛੱਡਿਆ। ਉਹ ਦੋਵਾਂ ਕੁੜੀਆਂ ਨਾਲ ਘਰ ਦੇ ਕੰਮਾਂ ਵਿੱਚ ਉਲਝ ਗਈ। ਉਸ ਦਾ ਪਤੀ ਹਰ ਕੰਮ ਵਿੱਚ ਉਸ ਦਾ ਹੱਥ ਵਟਾਉਂਦਾ। ਸਮਾਂ ਆਪਣੀ ਚਾਲੇ ਨਿਕਲ ਰਿਹਾ ਸੀ। ਉਸ ਨੇ ਐਮ.ਏ. ਪੂਰੀ ਕਰ ਲਈ। ਉਸ ਨੇ ਬੈਂਕ ਦੇ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਵੱਡੀ ਕੁੜੀ ਸਕੂਲ ਜਾਣ ਲੱਗੀ। ਉਸ ਨੇ ਰਾਣੀ ਨੂੰ ਮੇਰੇ ਕੋਲ ਟਿਊਸ਼ਨ ਲਾ ਦਿੱਤਾ। ਜਦੋਂ ਉਹ ਰਾਣੀ ਨੂੰ ਲੈਣ ਆਉਂਦੀ ਤਾਂ ਮੇਰੇ ਮਾਤਾ ਜੀ ਕੋਲ ਬੈਠੀ ਰਹਿੰਦੀ ਕਿਉਂਕਿ ਉਨ੍ਹਾਂ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ ਤੇ ਇੱਕ ਦੂਜੇ ਦੇ ਅਸੀਂ ਚੰਗੀ ਤਰਾਂ ਵਾਕਿਫ਼ ਸਾਂ। ਉਹ ਮੇਰੇ ਮਾਤਾ ਜੀ ਨਾਲ ਸਾਰੀ ਗੱਲ ਕਰ ਲੈਂਦੀ ਤੇ ਪਹਿਲੇ ਪਤੀ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ। ਉਸ ਦੀ ਹਰ ਗੱਲ ਪਹਿਲੇ ਪਤੀ ’ਤੇ ਆ ਕੇ ਖ਼ਤਮ ਹੁੰਦੀ। ਇੱਕ ਦਿਨ ਮੇਰੇ ਮਾਤਾ ਜੀ ਨੇ ਉਸ ਨੂੰ ਸਮਝਾਇਆ ਤੇ ਕਿਹਾ ਕਿ ਉਸ ਪਤੀ ਨਾਲ ਤੂੰ ਕਿੰਨਾ ਸਮਾਂ ਰਹੀ ਹੈ? ਉਸ ਨੇ ਦੱਸਿਆ ਕਿ ਸਵਾ ਸਾਲ। ਉਹ ਕਹਿਣ ਲੱਗੇ, ‘‘ਇੱਥੇ ਤੈਨੂੰ ਇੰਨੇ ਸਾਲ ਹੋ ਗਏ ਹਨ। ਤੇਰਾ ਇਹ ਪਤੀ ਤੇਰੀਆਂ ਬੱਚੀਆਂ ਨੂੰ ਇੰਨਾ ਪਿਆਰ ਦਿੰਦਾ ਹੈ ਜਿੰਨਾ ਆਪਣਾ ਪਿਤਾ ਦਿੰਦਾ ਹੈ ਤੇ ਤੂੰ ਹਰ ਵੇਲੇ ਉਸੇ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ ਹੈ। ਇਹ ਵਿਚਾਰਾ ਹਰ ਵੇਲੇ ਤੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਤੂੰ ਇਸ ਦੀ ਸੁਖ ਮੰਗਿਆ ਕਰ ਕਿ ਤੇਰੀਆਂ ਬੱਚੀਆਂ ਦੇ ਸਿਰ ’ਤੇ ਪਿਤਾ ਦਾ ਸਾਇਆ ਬਣਿਆ ਰਹੇ। ਉੁਨ੍ਹਾਂ ਨੇ ਉਸ ਨੂੰ ਹਰ ਰੋਜ਼ ਸਮਝਾਉਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਉਸ ਦੇ ਚਿਹਰੇ ’ਤੇ ਥੋੜ੍ਹੀ ਰੌਣਕ ਆ ਗਈ। ਪਹਿਲਾਂ ਜਦੋਂ ਵੀ ਉਸ ਦਾ ਪਤੀ ਰਾਤ ਨੂੰ ਸੈਰ ਕਰਨ ਜਾਣ ਲਈ ਕਹਿੰਦਾ ਸੀ ਤਾਂ ਉਹ ਮਨ੍ਹਾਂ ਕਰ ਦਿੰਦੀ ਕਿ ਮੈਂ ਪੜ੍ਹਨਾ ਹੈ। ਹੁਣ ਉਸ ਨਾਲ ਸੈਰ ਕਰਨ ਜਾਣ ਲੱਗੀ। ਉਸ ਨਾਲ ਬੈਠ ਕੇ ਰੋਟੀ ਖਾਣ ਲੱਗ ਪਈ। ਉਸ ਨੂੰ ਖ਼ੁਸ਼ ਦੇਖ ਕੇ ਉਸ ਦਾ ਪਤੀ ਵੀ ਖ਼ੁਸ਼ ਹੁੰਦਾ। ਸਮਾਂ ਬਹੁਤ ਸੋਹਣਾ ਨਿਕਲਣ ਲੱਗਾ। ਉਸ ਨੇ ਬੈਂਕ ਦੇ ਪੇਪਰ ਪਾਸ ਕਰ ਲਏ ਤੇ ਉਸ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਇੱਕ ਦਿਨ ਉਸ ਨੂੰ ਬੈਂਕ ਛੁੱਟੀ ਸੀ। ਉਹ ਸਾਡੇ ਘਰ ਆਈ ਤੇ ਮਾਤਾ ਜੀ ਨੂੰ ਮਿਲਣ ਗਈ। ਉਨ੍ਹਾਂ ਨੂੰ ਕਿਹਾ, ‘‘ਤੁਸੀਂ ਮੇਰਾ ਘਰ ਸੰਵਾਰਿਆ ਹੈ। ਤੁਸੀਂ ਉਹ ਕੰਮ ਕੀਤਾ ਜੋ ਇੱਕ ਮਾਂ ਕਰਦੀ ਹੈ। ਤੁਸੀਂ ਮੇਰੀ ਮਾਂ ਹੋ।’’ ਤੇ ਗਲੇ ਲੱਗ ਕੇ ਬਹੁਤ ਰੋਈ। ਉਨ੍ਹਾਂ ਨੇ ਪਿਆਰ ਕੀਤਾ ਤੇ ਕਿਹਾ, ‘‘ਅੱਜ ਮੇਰਾ ਵੀ ਮਨ ਹਲਕਾ ਹੋ ਗਿਆ ਹੈ।’’ ਕੁੜੀਆਂ ਵੱਡੀਆਂ ਹੋਣ ਲੱਗੀਆਂ। ਮੈਂ ਵੀ ਵਿਆਹ ਕੇ ਦੂਜੇ ਸ਼ਹਿਰ ਚਲੀ ਗਈ। ਮੇਰੇ ਮਾਤਾ ਜੀ ਵੀ ਬਜ਼ੁਰਗ ਹੋ ਗਏ ਸਨ। ਮੇਰੇ ਭਰਾ ਨੇ ਨਵੀਂ ਬਣੀ ਕਲੋਨੀ ਵਿੱਚ ਕੋਠੀ ਬਣਾ ਲਈ ਸੀ। ਹੁਣ ਮੇਰਾ ਵੀ ਮਿਲਣਾ ਘੱਟ ਹੋ ਗਿਆ। ਦੋਵੇਂ ਕੁੜੀਆਂ ਵਿੱਚ ਬਹੁਤਾ ਫ਼ਰਕ ਨਹੀਂ ਸੀ। ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸਨ। ਪੜ੍ਹਲਿਖ ਕੇ ਦੋਨੋਂ ਕੁੜੀਆਂ ਨੌਕਰੀ ਲੱਗ ਗਈਆਂ। ਇੱਕ ਬੈਂਕ ਵਿੱਚ ਤੇ ਇੱਕ ਅਧਿਆਪਕ ਬਣ ਗਈ। ਪਿਤਾ ਨੇ ਦੋਵੇਂ ਕੁੜੀਆਂ ਦਾ ਵਿਆਹ ਕਰ ਦਿੱਤਾ। ਸਮਾਂ ਆਪਣੀ ਚਾਲੇ ਚੱਲ ਰਿਹਾ ਸੀ। ਪੰਮੀ ਵੀ ਸੇਵਾਮੁਕਤ ਹੋ ਗਏ। ਇੱਕ ਦਿਨ ਮੈਂ ਪੇਕੇ ਗਈ ਤਾਂ ਮਾਤਾ ਜੀ ਨੇ ਦੱਸਿਆ ਕਿ ਪੰਮੀ ਆਈ ਸੀ, ਉਸ ਨੂੰ ਪਹਿਲੀ ਵਾਰ ਹਰੀਆਂ ਕੱਚ ਦੀਆਂ ਚੂੜੀਆਂ ਪਾਈਆਂ ਦੇਖੀਆਂ ਤੇ ਉਸ ਨੂੰ ਪੁੱਛਿਆ ਕਿ ਬਹੁਤ ਸੋਹਣੀਆਂ ਚੂੜੀਆਂ ਪਾਈਆਂ ਹੋਈਆਂ ਹਨ। ਉਸ ਨੇ ਦੱਸਿਆ, ‘‘ਮੈਨੂੰ ਹਰੀਆਂ ਚੂੜੀਆਂ ਬਹੁਤ ਪਸੰਦ ਸਨ। ਅੱਜ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਹਰੀਆਂ ਚੂੜੀਆਂ ਚੜ੍ਹਵਾਉਣੀਆਂ ਹਨ ਮੇਰੇ ਨਾਲ ਚੱਲੋ। ਮੈਂ ਉਨ੍ਹਾਂ ਨਾਲ ਜਾ ਕੇ ਚੂੜੀਆਂ ਪੁਆ ਕੇ ਆਈ ਹਾਂ ਤੇ ਤੁਹਾਨੂੰ ਦਿਖਾਉਣ ਆਈ ਹਾਂ।’’ ਮਾਤਾ ਜੀ ਨੇ ਮੈਨੂੰ ਕਿਹਾ, ‘‘ਮੈਂ ਪੰਮੀ ਦੇ ਚਿਹਰੇ ’ਤੇ ਇੱਕ ਅਨੋਖੀ ਚਮਕ ਦੇਖੀ ਜਿਸ ਨੂੰ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਸਮੇਂ ਦੇ ਨਾਲ ਉਹ ਪੁਰਾਣੀਆਂ ਯਾਦਾਂ ਵਿੱਚੋਂ ਨਿਕਲ ਕੇ ਅੱਗੇ ਵਧ ਚੁੱਕੀ।’’
ਸੰਪਰਕ: 98887-85390
* * *
ਔਨਲਾਈਨ ਪੇਮੈਂਟ
ਮੁਹੰਮਦ ਉਮਰ ਫ਼ਾਰੂਕ
ਅਕਰਮ ਨੇ ਫੇਸਬੁੱਕ ’ਤੇ ਅਪਣੀ ਆਈ.ਡੀ. ਬਣਾਈ। ਫਿਰ ਉਸ ਨੇ ਆਪਣੀ ਪਸੰਦ ਦੇ ਦੋਸਤ ਲੱਭਣੇ ਸ਼ੁਰੂ ਕੀਤੇ। ਉਹ ਰੋਜ਼ਾਨਾ ਉਨ੍ਹਾਂ ਦੋਸਤਾਂ ਨਾਲ ਚੈਟ ਕਰਨ ਲੱਗਿਆ। ਇੱਕ ਦਿਨ ਉਸ ਨੂੰ ਰੁਬੀਨਾ ਨਾਮ ਦੀ ਇੱਕ ਫਰੈਂਡ ਰਿਕੁਐਸਟ ਆਈ। ਉਸ ਨੇ ਇਹ ਰਿਕੁਐਸਟ ਪ੍ਰਵਾਨ ਕਰ ਲਈ। ਰੁਬੀਨਾ ਦੀ ਆਈ.ਡੀ. ਤੋਂ ਪਤਾ ਲੱਗਦਾ ਸੀ ਕਿ ਉਹ ਅਕਰਮ ਤੋਂ ਲਗਭਗ 500 ਕਿਲੋਮੀਟਰ ਦੀ ਦੂਰੀ ’ਤੇ ਰਹਿੰਦੀ ਸੀ।
ਰੁਬੀਨਾ ਅਤੇ ਅਕਰਮ ਵਿੱਚ ਰੋਜ਼ਾਨਾ ਕਈ-ਕਈ ਘੰਟੇ ਫੇਸਬੁਕ ’ਤੇ ਗੱਲਾਂ ਹੋਣ ਲੱਗੀਆਂ। ਅਕਰਮ ਗੱਲਾਂ-ਗੱਲਾਂ ਵਿੱਚ ਰੁਬੀਨਾ ਨੂੰ ਆਪਣਾ ਦਿਲ ਦੇ ਬੈਠਾ। ਰੁਬੀਨਾ ਨੇ ਵੀ ਉਸ ਦਾ ਦਿਲ ਪ੍ਰਵਾਨ ਕਰ ਲਿਆ ਅਤੇ ਉਹ ਫੇਸਬੁਕ ’ਤੇ ਉਸ ਨੂੰ ਪ੍ਰੇਮ, ਪਿਆਰ ਵਾਲੇ ਸੰਦੇਸ਼ ਭੇਜਣ ਲੱਗੀ।
ਅਕਰਮ ਅਮੀਰ ਘਰ ਦਾ ਇਕੱਲਾ ਪੁੱਤਰ ਸੀ। ਉਸ ਦੇ ਮਾਤਾ-ਪਿਤਾ ਨੇ ਕਦੇ ਵੀ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਨਹੀਂ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਦਾ ਪੁੱਤਰ ਬਹੁਤ ਲਾਇਕ ਹੈ ਤੇ ਕਦੇ ਗ਼ਲਤ ਰਸਤੇ ’ਤੇ ਖ਼ਰਚ ਨਹੀਂ ਕਰੇਗਾ।
ਰੁਬੀਨਾ ਦੇ ਕਹਿਣ ਅਨੁਸਾਰ ਉਹ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸ ਨੂੰ ਅਪਣੀ ਪੜ੍ਹਾਈ ਜਾਰੀ ਰੱਖਣ ਲਈ ਦੋ ਲੱਖ ਰੁਪਏ ਦੀ ਜ਼ਰੂਰਤ ਸੀ ਕਿਉਂਕਿ ਉਹ ਏਅਰ ਹੋਸਟੈੱਸ ਦਾ ਕੋਰਸ ਕਰਨਾ ਚਾਹੁੰਦੀ ਸੀ।
ਕਿਸੇ ਤਰ੍ਹਾਂ ਅਕਰਮ ਨੇ ਦੋ ਲੱਖ ਰੁਪਏ ਦਾ ਪ੍ਰਬੰਧ ਕਰ ਲਿਆ ਅਤੇ ਰੁਬੀਨਾ ਦੁਆਰਾ ਦੱਸੇ ਗਏ ਅਕਾਊਂਟ ਵਿੱਚ ਉਸ ਨੇ ਔਨਲਾਈਨ ਇਹ ਰੁਪਏ ਪਾ ਦਿੱਤੇ। ਸ਼ਾਮ ਨੂੰ ਜਦੋਂ ਅਕਰਮ ਨੇ ਫੇਸਬੁਕ ਔਨ ਕੀਤੀ ਤਾਂ ਦੇਖਿਆ ਕਿ ਰੁਬੀਨਾ ਦਾ ਨਾਮ ਉਸ ਦੀ ਫਰੈਂਡ ਲਿਸਟ ਵਿੱਚੋਂ ਗ਼ਾਇਬ ਸੀ ਅਤੇ ਉਹ ਆਪਣੀ ਫੇਸਬੁਕ ਆਈ.ਡੀ. ਬੰਦ ਕਰ ਚੁੱਕੀ ਸੀ।
- ਪੰਜਾਬੀ ਰੂਪ: ਡਾ. ਮੁਹੰਮਦ ਇਰਫ਼ਾਨ ਮਲਿਕ
ਸੰਪਰਕ: 77078-23259