For the best experience, open
https://m.punjabitribuneonline.com
on your mobile browser.
Advertisement

ਖ਼ਾਲਸਾ ਕਾਲਜ ਵਿੱਚ ਖੇਤਰੀ ਯੁਵਕ ਮੇਲੇ ਦਾ ਸ਼ਾਨਦਾਰ ਆਗਾਜ਼

08:58 AM Oct 24, 2024 IST
ਖ਼ਾਲਸਾ ਕਾਲਜ ਵਿੱਚ ਖੇਤਰੀ ਯੁਵਕ ਮੇਲੇ ਦਾ ਸ਼ਾਨਦਾਰ ਆਗਾਜ਼
ਖਾਲਸਾ ਕਾਲਜ ਵਿੱਚ ਭੰਗੜਾ ਪਾਉਂਦੇ ਹੋਏ ਵਿਦਿਆਰਥੀ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਪਟਿਆਲਾ ਵਿੱਚ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਨਿਗਰਾਨੀ ਹੇਠ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਸਾਨੋ-ਸ਼ੌਕਤ ਨਾਲ ਆਰੰਭ ਹੋ ਗਿਆ। ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ’ਤੇ ਆਧਾਰਤ ਇਸ ਮੇਲੇ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਵਿੱਚ ਖਾਲਸਾ ਕਾਲਜ ਪਟਿਆਲਾ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਤਕਨੀਕੀ ਤਰੱਕੀ ਦੇ ਨਾਲ ਨਾਲ ਉੱਚੀਆਂ ਧਾਰਮਿਕ ਕਦਰਾਂ ਨਾਲ ਜੁੜਨਾ ਵੀ ਜ਼ਰੂਰੀ ਪਹਿਲੂ ਹੈ। ਜਾਣਕਾਰੀ ਅਨੁਸਾਰ ਪਹਿਲੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਮੇੇਲੇ ਜਿੱਥੇ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਨੂੰ ਉਭਾਰਦੇ ਹਨ ਉੱਥੇ ਉਨ੍ਹਾਂ ਦੇ ਹੁਨਰ ਨੂੰ ਤਰਾਸ਼ਦੇ ਹੋਏ ਇਸ ਦੀ ਪੇਸ਼ਕਾਰੀ ਲਈ ਇੱਕ ਪਲੇਟਫਾਰਮ ਵੀ ਮੁਹੱਈਆ ਕਰਦੇ ਹਨ। ਵਿਸ਼ੇਸ਼ ਮਹਿਮਾਨ ਉੱਘੇ ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਰਵਾਇਤੀ ਲੋਕ ਨਾਚਾਂ ਨੂੰ ਬਚਾਉਣਾ ਚੁਣੌਤੀ ਹੈ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਵਰਿੰਦਰ ਕੌਸ਼ਿਕ ਵੀ ਹਾਜ਼ਰ ਰਹੇ। ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਉੱਤਰੀ ਭਾਰਤ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚ ਸ਼ੁਮਾਰ ਹੈ ਅਤੇ ਅਨੇਕਾਂ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਅਕਾਦਮਿਕ ਅਤੇ ਖੇਡ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਚੁੱਕੇ ਹਨ। ਪ੍ਰੋ. ਕੌਸ਼ਿਕ ਪੰਜਾਬੀ ਬੋਲੀ, ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨਾ ਅਤੇ ਆਪਣੇ ਵਿਦਿਆਰਥੀਆਂ ਨੂੰ ਬਾਜ਼ਾਰੀਕਰਨ ਦੀ ਅੰਨ੍ਹੀ ਦੌੜ ਤੋਂ ਬਚਾਉਣਾ ਅਜਿਹੇ ਮੇਲਿਆਂ ਦਾ ਮੁੱਖ ਮਨੋਰਥ ਹੈ। ਡਾ. ਹਰਵਿੰਦਰ ਕੌਰ ਦੇ ਯਤਨਾਂ ਸਦਕਾ ਮੇਲੇ ਦਾ ਪਹਿਲਾ ਦਿਨ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੇਲੇ ਦੌਰਾਨ ਵੱਖ-ਵੱਖ ਸਟੇਜਾਂ ਦਾ ਸੰਚਾਲਨ ਡਾ. ਸਰਬਜੀਤ ਸਿੰਘ ਬੜਿੰਗ, ਡਾ. ਜਸਪ੍ਰੀਤ ਕੌਰ, ਪ੍ਰੋ. ਰਾਜਦੀਪ ਸਿੰਘ ਧਾਲੀਵਾਲ, ਪ੍ਰੋ. ਮਨਸਿਮਰਨ ਕੌਰ, ਡਾ. ਦਵਿੰਦਰ ਸਿੰਘ, ਡਾ. ਗੁਰਵੀਰ ਸਿੰਘ, ਅਤੇ ਡਾ. ਜਸਲੀਨ ਨੰਦਾ ਵੱਲੋਂ ਬਾਖੂਬੀ ਕੀਤਾ ਗਿਆ। ਅੱਜ ਖੇਤਰੀ ਯੁਵਕ ਮੇਲੇ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਦੌਰਾਨ ਭੰਗੜੇ ਵਿੱਚ ਖ਼ਾਲਸਾ ਕਾਲਜ ਨੇ ਪਹਿਲਾ, ਮਹਿੰਦਰਾ ਕਾਲਜ ਨੇ ਦੂਸਰਾ ਅਤੇ ਪਬਲਿਕ ਕਾਲਜ ਸਮਾਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਰਵਾਇਤੀ ਲੋਕ ਗੀਤ ਵਿੱਚ ਖ਼ਾਲਸਾ ਕਾਲਜ ਨੇ ਪਹਿਲੇ, ਗੌਰਮਿੰਟ ਕਾਲਜ ਫਾਰ ਗਰਲਜ਼ ਦੂਸਰੇ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਤੀਸਰੇ ਸਥਾਨ ’ਤੇ ਰਿਹਾ।

Advertisement

Advertisement
Advertisement
Author Image

Advertisement