ਭਾਜਪਾ ਆਗੂ ਖੰਨਾ ਦੀ ਕੋਠੀ ਅੱਗੇ ਗਰਜੇ ਕਿਸਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਅਕਤੂਬਰ
ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਇੱਥੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਕੋਠੀ ਅੱਗੇ ਕਿਸਾਨਾਂ ਦਾ ਰੋਸ ਧਰਨਾ ਸੱਤਵੇਂ ਦਿਨ ਵੀ ਜਾਰੀ ਰਿਹਾ ਅਤੇ ਧਰਨਾਕਾਰੀ ਕਿਸਾਨਾਂ ਵੱਲੋਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਖੂਬ ਰਗੜੇ ਲਾਏ ਗਏ। ਭਾਕਿਯੂ ਏਕਤਾ ਉਗਰਾਹਾਂ ਵੱਲੋਂ ਭਲਕੇ 25 ਅਕਤੂਬਰ ਨੂੰ ਘਾਬਦਾਂ ਨੇੜੇ ਬਣੇ ਮਾਲ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਅਤੇ ਕਿਸਾਨਾਂ ਨੂੰ ਵੱਡੀ ਤਾਦਾਦ ’ਚ ਇਸ ਰੋਸ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਯੂਨੀਅਨ ਦੇ ਸੰਗਰੂਰ ਅਤੇ ਧੂਰੀ ਬਲਾਕ ਦੇ ਕਿਸਾਨਾਂ ਵੱਲੋਂ ਚੱਲ ਰਹੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਅਤੇ ਰਣਜੀ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੜਕਾਂ ’ਤੇ ਨਿੱਤ ਦਿਨ ਰੋਸ ਧਰਨੇ ਲਗਾਉਣੇ ਕਿਸਾਨਾਂ ਦਾ ਸ਼ੌਕ ਨਹੀਂ ਹੈ ਸਗੋਂ ਕੇਂਦਰ ਅਤੇ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਧਰਨਿਆਂ ਉਪਰ ਡਟਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਡੀਏਪੀ ਦੀ ਖਾਦ ਦੀ ਕਿੱਲਤ ਨਾਲ ਕਿਸਾਨ ਜੂਝ ਰਹੇ ਹਨ, ਮੰਡੀਆਂ ਵਿੱਚ ਲਿਫਟਿੰਗ ਦੇ ਕੋਈ ਪ੍ਰਬੰਧ ਨਹੀਂ, ਸ਼ੈਲਰ ਚਾਵਲਾਂ ਨਾਲ ਨੱਕੋ ਨੱਕ ਭਰੇ ਪਏ ਹਨ। ਅਜਿਹੇ ਪ੍ਰਬੰਧ ਸਰਕਾਰ ਨੂੰ ਛੇ ਮਹੀਨੇ ਪਹਿਲਾਂ ਕਰਨੇ ਬਣਦੇ ਸਨ, ਪਰ ਸਰਕਾਰਾਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਝੋਨੇ ਦੀ ਖਰੀਦ ਅਤੇ ਡੀਏਪੀ ਖਾਦ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ, ਰੋਸ ਧਰਨੇ ਜਾਰੀ ਰਹਿਣਗੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬੀਕੇਯੂ ਏਕਤਾ-ਉਗਰਾਹਾਂ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਲਹਿਰਾਗਾਗਾ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਸੱਤਵੇਂ ਦਿਨ ਵੀ ਜਾਰੀ ਰਿਹਾ। ਬੀਕੇਯੂ ਬਲਾਕ ਦੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ ਅਤੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ-ਮਜ਼ਦੂਰਾਂ ਨਾਲ ਧੱਕਾ ਕਰ ਰਹੀ ਹੈ।
ਉਨ੍ਹਾਂ ਮੰਗ ਕੀਤੀ ਝੋਨੇ ਦੀ ਫਸਲ ਨੂੰ ਐੱਮਐੱਸਪੀ ’ਤੇ ਖਰੀਦਿਆ ਜਾਵੇ, ਸਰਕਾਰੀ ਸਿਫਾਰਸ਼ ਅਨੁਸਾਰ 126 ਝੋਨੇ ਦੀ ਪੂਰੀ ਕੀਮਤ ਦਿੱਤੀ ਜਾਵੇ, ਬਾਸਮਤੀ ਕਿਸਮਾਂ ਦਾ ਲਾਭਕਾਰੀ ਮੁੱਲ ਕਿਸਾਨਾਂ ਨੂੰ ਅਦਾ ਕੀਤਾ ਜਾਵੇ ਤੇ ਝੋਨੇ ਦੀ ਨਵੀਂ 22 ਪਰਸੈਂਟ ਅਤੇ ਝੋਨੇ ਦੇ ਦਾਗੀ ਦਾਣਿਆਂ ਦੀ ਸ਼ਰਤ ਖਤਮ ਕੀਤੀ ਜਾਵੇ। ਇਸ ਮੌਕੇ ਰਾਮ ਸਿੰਘ ਨੰਗਲਾ, ਪਰਮਜੀਤ ਕੌਰ ਸੰਗਤੀ ਵਾਲਾ, ਜਸਵੀਰ ਕੌਰ, ਨਿੱਕਾ ਸਿੰਘ ਸੰਗਤੀ ਵਾਲਾ ਪ੍ਰੀਤਮ ਲੇਹਲਾਂ ਤੇ ਹਰਸੇਵਕ ਸਿੰਘ ਲੇਹਲ ਖੁਰਦ ਆਦਿ ਨੇ ਸੰਬੋਧਨ ਕੀਤਾ।
ਮੋਤੀ ਮਹਿਲ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ
ਪਟਿਆਲਾ (ਸਰਬਜੀਤ ਸਿੰਘ ਭੰਗੂ): ਝੋਨੇ ਦੀ ਖ਼ਰੀਦ ਅਤੇ ਚੁਕਾਈ ਦੇ ਮਾਮਲੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਉਲੀਕੇ ਗਏ ਸੰਘਰਸ਼ ਦੀ ਲੜੀ ਵਜੋਂ ਭਾਜਪਾ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਦੀ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਮੂਹਰੇ 19 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਰੋਜ਼ਾਨਾ ਦੀ ਤਰ੍ਹਾਂ ਕਿਸਾਨਾਂ ਨੇ ਜਿੱਥੇ ਪੰਜਾਬ ਦੀ ‘ਆਪ’ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ, ਉੱਥੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ। ਬੁਲਾਰਿਆਂ ਦਾ ਕਹਿਣਾ ਸੀ ਕਿ ਭਾਜਪਾ ਨੇ ਤਾਂ ਪਹਿਲਾਂ ਹੀ ਕਿਸਾਨ ਨੂੰ ਕੰਗਾਲ ਕਰਨ ਦੀ ਠਾਣੀ ਹੋਈ ਹੈ ਜਿਸ ਕਰਕੇ ਹੀ ਗੋਦਾਮਾਂ ਵਿੱਚੋਂ ਪਹਿਲਾਂ ਤੋਂ ਪਈ ਜਿਣਸ ਨਹੀਂ ਚੁੱਕੀ ਗਈ ਤੇ ਨਾ ਹੀ ਕਿਸਾਨਾਂ ਨਾਲ ਸਬੰਧਤ ਹੋਰ ਮਸਲਿਆਂ ਦਾ ਹੱਲ ਹੀ ਯਕੀਨੀ ਬਣਾਇਆ ਗਿਆ। ਉਧਰੋਂ ਪੰਜਾਬ ਸਰਕਾਰ ਵੀ ਝੋਨੇ ਦੀ ਖਰੀਦ ਸਬੰਧੀ ਢੁਕਵੇਂ ਪ੍ਰਬੰਧ ਕਰਨ ’ਚ ਅਸਫਲ ਰਹੀ ਹੈ ਜਿਸ ਦਾ ਹੀ ਸਿੱਟਾ ਹੈ ਕਿ ਐਤਕੀਂ ਕਿਸਾਨਾਂ ਨੂੰ ਪੁੱਤਾਂ ਵਾਂਗੂ ਪਾਲੀ ਆਪਣੀ ਸੋਨੇ ਰੰਗੀ ਫ਼ਸਲ ਸਮੇਤ ਮੰਡੀਆਂ ’ਚ ਰੁਲਣਾ ਪੈ ਰਿਹਾ ਹੈ। ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਜੋ ਦੁਰਦਸ਼ਾ ਐਤਕੀਂ ਹੋਈ ਹੈ, ਅਜਿਹੀ ਤਾਂ ਕਦੇ ਵੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿਸਾਨਾ ਦੀ ਖੱਜਲਖੁਆਰੀ ਦਾ ਖਮਿਆਜਾ ਇਨ੍ਹਾਂ ਦੋਵਾਂ ਹੀ ਹਕੂਮਤਾਂ ਨੂੰ ਅਵੱਸ਼ ਭੁਗਤਣਾ ਪਵੇਗਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇਠਾਂ ਜਾਰੀ ਇਸ ਧਰਨੇ ਨੂੰ ਜ਼ਿਲ੍ਹਾ ਸੰਯੁਕਤ ਸਕੱਤਰ ਮਾਸਟਰ ਬਲਰਾਜ ਜੋਸ਼ੀ ਸਮੇਤ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ। ਯੂਨੀਅਨ ਆਗੂ ਜਸਦੇਵ ਸਿੰਘ ਨੂਗੀ ਨੇ ਦੱਸਿਆ ਕਿ ਇਸੇ ਸੰਘਰਸ਼ ਦੀ ਕੜੀ ਵਜੋਂ ਯੂਨੀਅਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਧਰੇੜੀ ਜੱਟਾਂ ਅਤੇ ਪੈਂਦ ਸਥਿਤ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ।