For the best experience, open
https://m.punjabitribuneonline.com
on your mobile browser.
Advertisement

ਨਾਨੀ ਦੀ ਝੋਟੀ

12:32 PM Feb 05, 2023 IST
ਨਾਨੀ ਦੀ ਝੋਟੀ
Advertisement

ਸੁਪਿੰਦਰ ਸਿੰਘ ਰਾਣਾ

Advertisement

ਮਾਂ ਦੱਸਦੀ ਹੁੰਦੀ ਸੀ ਕਿ ਜਦੋਂ ਤੇਰਾ ਜਨਮ ਹੋਇਆ ਤਾਂ ਮੁੱਢਲੇ ਸਾਲ ਤੂੰ ਨਾਨਕੇ ਘਰ ਰਿਹਾ। ਜਦੋਂ ਛੇ ਸਾਲ ਦਾ ਹੋਇਆ ਤਾਂ ਜਨਮ ਦਿਨ ਵਾਲੇ ਦਿਨ ਆਪਣੇ ਪਿੰਡ ਪਲਸੌਰੇ ਆ ਗਿਆ। ਤੈਨੂੰ ਤੇਰਾ ਮਾਮਾ ਛੱਡਣ ਆਇਆ। ਤੇਰੀ ਨਾਨੀ ਨੇ ਤੈਨੂੰ ਜਨਮ ਦਿਨ ਵੇਲੇ ਤੋਹਫ਼ਾ ਵੀ ਦਿੱਤਾ। ਤੋਹਫ਼ੇ ਵਜੋਂ ਤੇਰੇ ਨਾਲ ਟਰੈਕਟਰ ਟਰਾਲੀ ‘ਤੇ ਇੱਕ ਝੋਟੀ ਭੇਜੀ। ਮਾਂ ਕਹਿੰਦੀ ਸੀ, ”ਦੋਹਤੇ ਨੂੰ ਦੁੱਧ ਦੀ ਘਾਟ ਨਾ ਰਹੇ, ਇਸ ਲਈ ਤੇਰੀ ਨਾਨੀ ਨੇੇ ਤੇਰੇ ਨਾਲ ਝੋਟੀ ਨੂੰ ਭੇਜ ਦਿੱਤਾ। ਨਵੇਂ ਘਰ ਵਿੱਚ ਜਿੱਥੇ ਤੇਰਾ ਜੀਅ ਔਖਾ ਲੱਗ ਰਿਹਾ ਸੀ, ਇੰਜ ਹੀ ਝੋਟੀ ਦਾ ਹਾਲ ਸੀ।” ਪਿਤਾ ਜੀ ਆਖਦੇ ਸਨ, ”ਕਈ ਦਿਨ ਤੂੰ ਮਾਮੇ-ਮਾਮੀਆਂ, ਮਾਸੀਆਂ ਤੇ ਆਪਣੇ ਨਾਨਾ-ਨਾਨੀ ਨੂੁੰ ਯਾਦ ਕਰਦਾ ਰਿਹਾ। ਤੈਨੂੁੰ ਸਕੂਲੇ ਪੜ੍ਹਨ ਲਾ ਦਿੱਤਾ। ਦੋ ਤਿੰਨ ਮਹੀਨਿਆਂ ਮਗਰੋਂ ਝੋਟੀ ਸੂਅ ਪਈ। ਉਸ ਨੇ ਕੱਟੀ ਦਿੱਤੀ।” ਮੈਨੂੰ ਕਈ ਵਾਰ ਯਾਦ ਆ ਜਾਂਦਾ ਸੀ ਕਿ ਮੈਂ ਕੱਟੀ ਖਾਤਰ ਆਪਣੇ ਭੈਣ ਭਰਾ ਨਾਲ ਲੜ ਪੈਂਦਾ ਸੀ। ਕੱਟੀ ‘ਤੇ ਆਪਣਾ ਅਧਿਕਾਰ ਸਮਝਦਾ ਸੀ। ਮੈਂ ਕਿਹਾ ਕਰਦਾ ਸੀ, ”ਮੇਰੀ ਨਾਨੀ ਨੇ ਮੈਨੂੰ ਝੋਟੀ ਦਿੱਤੀ ਹੈ, ਇਸ ਲਈ ਕੱਟੀ ਵੀ ਮੇਰੀ।” ਮੈਂ ਉਸ ਨੂੰ ਲਾਡ ਪਿਆਰ ਵੀ ਕਰਦਾ।

ਮਾਂ ਨੇ ਬੌਲ਼ੀ ਬਣਾ ਕੇ ਦੇਣੀ। ਖਾਣ ਵੇਲੇ ਆਖਣਾ, ”ਦੇਖਿਓ ਫੂਕ ਨਾ ਮਾਰਿਓ। ਨਹੀਂ ਤਾਂ ਕੱਟੀ ਕੱਪੜੇ ਖਾਣ ਲੱਗ ਜਾਵੇਗੀ।” ਅਸੀਂ ਮਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਕੌਲੀ ਵਿੱਚ ਫੂਕਾਂ ਮਾਰ ਦੇਣੀਆਂ। ਹੌਲੀ-ਹੌਲੀ ਸਾਡੇ ਘਰ ਵਿੱਚ ਦੁੱਧ ਦੀ ਕੋਈ ਤੋਟ ਨਾ ਰਹੀ। ਮਾਂ ਦਾ ਕੰਮ ਵਧ ਗਿਆ। ਮਾਂ ਕਈ ਵਾਰ ਪਾਥੀਆਂ ਪੱਥਦੀ ਨਜ਼ਰ ਆਉਂਦੀ। ਕਦੇ ਮੱਝ ਨੂੰ ਨਹਾਉਂਦੀ ਦਿਸਦੀ। ਉਹ ਮੈਨੂੰ ਕਦੇ ਥੱਕੀ ਹੋਈ ਨਜ਼ਰ ਨਾ ਆਈ। ਥੋੜ੍ਹੀ ਜਿਹੀ ਸੋਝੀ ਆਉਣ ‘ਤੇ ਅਸੀਂ ਤਿੰਨੋਂ ਭੈਣ ਭਰਾ ਮਾਂ ਨਾਲ ਹੱਥ ਵਟਾਉਣ ਲੱਗ ਪਏ। ਜਦੋਂ ਮੈਂ ਸਕੂਲੋਂ ਆਉਣਾ ਪਹਿਲਾਂ ਵਾੜੇ ਵਿੱਚ ਜਾ ਕੇ ਕੱਟੀ ਦੇ ਸਿਰ ‘ਤੇ ਹੱਥ ਫੇਰਨਾ। ਕੱਟੀ ਦਾ ਨਾਮ ਅਸੀਂ ਰਾਣੀ ਰੱਖਿਆ ਹੋਇਆ ਸੀ। ਥੋੜ੍ਹੀ ਦੇਰ ਬਾਅਦ ਨਾਨੀ ਗੁਜ਼ਰ ਗਈ ਪਰ ਉਸ ਦੀ ਦਿੱਤੀ ਝੋਟੀ ਕਰਕੇ ਉਹ ਸਦਾ ਦਿਲਾਂ ਵਿੱਚ ਵਸਦੀ ਰਹੀ। ਅਸੀਂ ਤਿੰਨੋਂ ਭੈਣ ਭਰਾ ਪੜ੍ਹਦੇ ਪੜ੍ਹਦੇ ਕਦੋਂ ਪੰਜਵੀਂ ਛੇਵੀਂ ਵਿੱਚ ਹੋ ਗਏ ਪਤਾ ਹੀ ਨਾ ਲੱਗਿਆ। ਝੋਟੀ ਨੇ ਕਈ ਕੱਟੀਆਂ ਦਿੱਤੀਆਂ। ਹੁਣ ਤਾਂ ਪਹਿਲੀ ਕੱਟੀ ਝੋਟੀ ਬਣ ਗਈ ਸੀ। ਇੱਕ ਝੋਟੀ ਅਸੀਂ ਅਧਿਆਰੇ ‘ਤੇ ਦੇ ਦਿੱਤੀ।

ਪਹਿਲਾਂ ਤਾਂ ਅਸੀਂ ਦੁੱਧ ਵੇਚਦੇ ਨਹੀਂ ਸਾਂ, ਪਰ ਹੁਣ ਵੇਚਣਾ ਸ਼ੁਰੂ ਕਰ ਦਿੱਤਾ। ਘਰ ਵਿੱਚ ਲੱਸੀ ਲੈਣ ਲਈ ਆਂਢੀ-ਗੁਆਂਢੀ ਆਉਣ ਲੱਗ ਪਏ। ਮਾਂ ਨੇ ਹਾਰੇ ਵਿੱਚ ਦੁੱਧ ਰੱਖ ਦੇਣਾ। ਦੁੱਧ ਨੇ ਕੜ੍ਹੀ ਜਾਣਾ। ਆਉਣ ਜਾਣ ਵਾਲਿਆਂ ਨੂੰ ਚਾਹ ਦੀ ਥਾਂ ਦੁੱਧ ਮਿਲਣ ਲੱਗਿਆ। ਬਰਸੀਨ ਅਤੇ ਚਰੀ ਕਿਰਾਏ ‘ਤੇ ਲੈ ਲੈਂਦੇ ਸੀ। ਤੂੜੀ ਮੁੱਲ ਮਿਲ ਜਾਂਦੀ ਸੀ। ਝੋਟੀ ਦੇ ਅਸੀਂ ਕਦੇ ਡੰਡਾ ਤੱਕ ਨਹੀਂ ਸੀ ਮਾਰਿਆ, ਨਾ ਹੀ ਕਿਸੇ ਨੂੰ ਮਾਰਨ ਦਿੱਤਾ ਸੀ। ਇੱਕ ਦੋ ਮੱਝਾਂ ਅਸੀਂ ਹੋਰ ਖਰੀਦ ਲਈਆਂ। ਨਾਨੀ ਦੀ ਝੋਟੀ ਹੁਣ ਬੁੱਢੀ ਹੋਣ ਲੱਗ ਪਈ ਸੀ। ਉਹ ਤੁਰਦੀ ਵੀ ਔਖੀ ਸੀ ਤੇ ਬੈਠ ਕੇ ਉੱਠਣ ਲੱਗੀ ਵੀ ਸਮਾਂ ਲਗਾਉਣ ਲੱਗੀ ਸੀ। ਇੱਧਰ, ਚੰਡੀਗੜ੍ਹ ਪ੍ਰਸ਼ਾਸਨ ਨੇ ਪਿੰਡਾਂ ਵਿੱਚੋਂ ਪਾਲਤੂ ਪਸ਼ੂ ਬਾਹਰ ਕੱਢਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਪਿਤਾ ਜੀ ਨੇ ਘਰ ਸਲਾਹ ਕੀਤੀ ਕਿ ਹੁਣ ਸਾਨੂੰ ਪਸ਼ੂਆਂ ਦਾ ਕੰਮ ਛੱਡਣਾ ਪੈਣਾ ਹੈ। ਅਸੀਂ ਕਾਫ਼ੀ ਨਿਰਾਸ਼ ਹੋਏ। ਮਾਂ ਨੇ ਕਿਹਾ ਕਿ ਕੋਈ ਹੋਰ ਚਾਰਾ ਨਹੀਂ ਹੋ ਸਕਦਾ। ਕੁਝ ਦਿਨ ਬਾਅਦ ਪਿਤਾ ਜੀ ਨੇ ਕਿਹਾ ਕਿ ਝੋਟੀਆਂ ਤਾਂ ਵੇਚਣ ਦਾ ਸੌਦਾ ਕਰ ਲਿਆ ਹੈ ਤੇ ਵਪਾਰੀ ਕੱਲ੍ਹ ਨੂੰ ਪਸ਼ੂਆਂ ਨੂੰ ਲੈ ਜਾਵੇਗਾ। ਮੇਰਾ ਨਾਮ ਲੈ ਕੇ ਕਹਿਣ ਲੱਗੇ ਕਿ ਇਹਦੀ ਨਾਨੀ ਵਾਲੀ ਝੋਟੀ ਨਹੀਂ ਵੇਚੀ। ਉਸ ਨੂੰ ਵੇਚਣ ਦਾ ਮੇਰਾ ਹੀਆ ਨਾ ਪਿਆ। ਦੂਜੇ ਦਿਨ ਵਪਾਰੀ ਆਏ ਤੇ ਟਰੱਕ ‘ਤੇ ਪਸ਼ੂਆਂ ਨੂੰ ਚੜ੍ਹਾ ਕੇ ਲੈ ਗਏ। ਵਾੜੇ ਵਿੱਚ ਬੁੱਢੀ ਮੱਝ ਰਹਿ ਗਈ। ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕ ਰਹੇ ਸਨ। ਪਿਤਾ ਜੀ ਦੀ ਵੀ ਮਜਬੂਰੀ ਸੀ। ਕੁਝ ਦਿਨਾਂ ਬਾਅਦ ਪਿਤਾ ਜੀ ਨੇ ਮੱਝ ਮੇਰੇ ਨਾਨਕੇ ਪਿੰਡ ਭੂਰੜੇ ਦੇ ਲੋੜਵੰਦ ਪਰਿਵਾਰ ਨੂੰ ਦੇਣ ਦਾ ਮਨ ਬਣਾ ਲਿਆ। ਉਸ ਸੱਜਣ ਦਾ ਪਿੰਡ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਘਰ ਆਉਂਦਾ ਸੀ। ਉਹ ਦੋ ਜਣਿਆਂ ਨਾਲ ਦੂਜੇ ਦਿਨ ਮੱਝ ਲੈਣ ਲਈ ਆ ਗਿਆ। ਜਦੋਂ ਉਹ ਦੁੱਧ ਪੀ ਰਹੇ ਸਨ ਤਾਂ ਪਿਤਾ ਜੀ ਨੇ ਕਿਹਾ, ”ਦੇਖ ਫਲਾਣਾ ਸਿਆਂ, ਅਸੀਂ ਮੱਝ ਨੂੰ ਕਦੇ ਡੰਡਾ ਨਹੀਂ ਮਾਰਿਆ। ਇਸ ਲਈ ਸਾਡੀ ਗੁਜ਼ਾਰਿਸ਼ ਹੈ ਕਿ ਮੱਝ ਨੂੰ ਡੰਡਾ ਨਾ ਮਾਰੀ। ਇਹ ਜਦੋਂ ਦੀ ਸਾਡੇ ਘਰ ਆਈ ਹੈ, ਦੁੱਧ ਦੀ ਘਾਟ ਨਹੀਂ ਰਹੀ।” ਮੱਝ ਬਹੁਤ ਮੁਸ਼ਕਲ ਨਾਲ ਟਰਾਲੀ ‘ਤੇ ਚੜ੍ਹੀ। ਪਿਤਾ ਜੀ ਨੇ ਟਰਾਲੀ ਦਾ ਕਿਰਾਇਆ ਤੇ ਹੋਰ ਪੈਸੇ ਵੀ ਮੱਝ ਲਿਜਾਣ ਵਾਲੇ ਨੂੰ ਦਿੱਤੇ।

ਟਰਾਲੀ ਜਦੋਂ ਤੁਰੀ ਤਾਂ ਮਾਂ ਦੀ ਭੁੱਬ ਨਿਕਲ ਗਈ। ਆਥਣੇ ਸਾਡੇ ਘਰ ਰੋਟੀ ਨਾ ਪੱਕੀ। ਸਾਰਿਆਂ ਨੂੰ ਮੱਝ ਦੇ ਜਾਣ ਦਾ ਬਹੁਤ ਅਫ਼ਸੋਸ ਸੀ। ਮਾਂ ਵੀ ਕੰਮ ਤੋਂ ਵਿਹਲੀ ਹੋ ਗਈ ਸੀ ਤੇ ਅਸੀਂ ਵੀ ਕੱਖ ਕੰਡਾ ਲਿਆਉਣ ਤੋਂ। ਹੌਲੀ ਹੌਲੀ ਟੋਕੇ ਵਾਲੀ ਮਸ਼ੀਨ ਵੀ ਵੇਚ ਦਿੱਤੀ। ਮੁੱਲ ਦਾ ਦੁੱਧ ਘਰ ਵਿੱਚ ਆਉਣ ਲੱਗ ਪਿਆ। ਕਈ ਦਿਨ ਦੁੱਧ ਪੀਣ ਲੱਗਿਆਂ ਅਸੀਂ ਨੱਕ ਬੁੱਲ੍ਹ ਵੀ ਚੜ੍ਹਾਇਆ। ਫੇਰੀ ਆਦੀ ਹੋ ਗਏ। ਜਦੋਂ ਨਾਨਕੇ ਜਾਣਾ ਤਾਂ ਪਹਿਲਾਂ ਮੱਝ ਦੇ ਦਰਸ਼ਨ ਕਰਨੇ। ਜਿੰਨੇ ਦਿਨ ਉੱਥੇ ਰਹਿਣਾ ਮੱਝ ਕੋਲ ਜਾਣਾ ਨਾ ਭੁੱਲਣਾ। ਪਿਤਾ ਜੀ ਜਦੋਂ ਵੀ ਸਾਡੇ ਨਾਨਕੇ ਜਾਂਦੇ ਤਾਂ ਮੱਝ ਨੂੰ ਦੇਖਣ ਜਾਂਦੇ। ਉਹ ਮੱਝ ਲਈ ਮਾਲਕ ਨੂੰ ਕੁਝ ਪੈਸੇ ਵੀ ਦੇ ਕੇ ਜਾਂਦੇ। ਮਾਂ ਵੀ ਕਈ ਵਾਰ ਮੱਝ ਵਾਲਿਆਂ ਦੇ ਘਰ ਗਈ।

ਡੇਢ ਕੁ ਸਾਲ ਬਾਅਦ ਮੱਝ ਮਰ ਗਈ। ਸਾਨੂੰ ਵੀ ਪਤਾ ਲੱਗ ਗਿਆ। ਅਸੀਂ ਕਾਫ਼ੀ ਉਦਾਸ ਹੋਏ। ਮਗਰੋਂ ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਏ। ਹੁਣ ਬੱਚੇ ਬੱਚੀਆਂ ਜਦੋਂ ਆਪਣੇ ਜਨਮ ਦਿਨ ਮਨਾਉਂਦੇ ਹਨ ਤਾਂ ਖਿਡੌਣੇ ਤੇ ਕੱਪੜੇ ਲੈ ਕੇ ਖ਼ੁਸ਼ ਹੁੰਦੇ ਹਨ। ਉਹ ਕੁਝ ਦਿਨਾਂ ਬਾਅਦ ਖਿਡੌਣੇ ਤੋੜ ਵੀ ਦਿੰਦੇ ਹਨ। ਬੱਚਿਆਂ ਦੇ ਜਨਮ ਦਿਨ ਵੇਲੇ ਮੈਨੂੰ ਨਾਨੀ ਦੀ ਯਾਦ ਆ ਜਾਂਦੀ ਹੈ। ਬੇਸ਼ਕ ਨਾਨੀ ਅਨਪੜ੍ਹ ਸੀ ਪਰ ਉਸ ਦੀ ਦੂਰਅੰਦੇਸ਼ ਸੋਚ ਸਦਕਾ ਉਸ ਨੇ ਮੇਰੇ ਜਨਮ ਦਿਨ ਵਾਲੇ ਦਿਨ ਅਜਿਹਾ ਤੋਹਫ਼ਾ ਦਿੱਤਾ ਜੋ ਅੱਜ ਤੱਕ ਭੁੱਲਦਾ ਨਹੀਂ। ਉਸ ਤੋਹਫ਼ੇ ਕਾਰਨ ਸਾਨੂੰ ਜਵਾਨ ਹੋਣ ਤੱਕ ਦੁੱਧ ਦੀ ਘਾਟ ਨਹੀਂ ਰਹੀ। ਸਾਡੀ ਆਮਦਨ ਵੀ ਵਧ ਗਈ। ਹੁਣ ਭਾਵੇਂ ਮਾਪੇ ਤੇ ਨਾਨਾ-ਨਾਨੀ ਗੁਜ਼ਰ ਗਏ ਹਨ ਪਰ ਜਦੋਂ ਨਾਨਕੇ ਘਰ ਜਾਈਦਾ ਹੈ ਤਾਂ ਪਹਿਲਾਂ ਮੱਝ ਵਾਲੇ ਦਾ ਘਰ ਆਉਂਦਾ ਹੈ। ਉਸ ਦੇ ਕੋਠੇ ਨੂੰ ਦੇਖ ਕੇ ਨਾਨੀ ਦੀ ਝੋਟੀ ਦੇ ਨਾਲ-ਨਾਲ ਨਾਨੀ ਵੀ ਚੇਤੇ ਆ ਜਾਂਦੀ ਹੈ।

ਸੰਪਰਕ: 98152-33232

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×