ਝੋਨੇ ਦੀ ਕਾਟ ਵਾਪਸ ਦਿਵਾਏ ਸਰਕਾਰ: ਕਿਸਾਨ ਯੂਨੀਅਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਨਵੰਬਰ
ਪਰਾਲੀ ਦੇ ਪਰਚੇ ਰੱਦ ਕਰਵਾਉਣ ਅਤੇ ਝੋਨੇ ਦੀ ਕਾਟ ਵਾਪਸ ਲੈਣ ਦੀ ਮੰਗ ਤਹਿਤ ਅੱਜ ਕਿਸਾਨਾਂ ਨੇ 26 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਘੇਰਨ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਚਾਰ ਸਾਲ ਪਹਿਲਾਂ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਘੇਰਨ ਦੇ ਇਤਿਹਾਸਕ ਮੌਕੇ ਦੀ ਯਾਦ ਵੀ ਮਨਾਈ ਜਾਵੇਗੀ। ਕਿਸਾਨਾਂ ਵੱਲੋਂ ਲਾਮਬੰਦੀ ਆਰੰਭ ਦਿੱਤੀ ਗਈ ਹੈ ਤੇ ਅੱਜ ਇਲਾਕੇ ਦੇ ਕਈ ਪਿੰਡਾਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਕਿਸਾਨਾਂ ਨਾਲ ਮੀਟਿੰਗਾਂ ਵੀ ਕੀਤੀਆਂ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨੀ ਦੀ ਲੁੱਟ ਖ਼ਿਲਾਫ਼ ਇਸ ਦਿਨ ਪੰਜਾਬ ਭਰ ’ਚ ਡੀਸੀ ਦਫ਼ਤਰਾਂ ਦਾ ਘਿਰਾਓ ਕਰਕੇ ਕਿਸਾਨੀ ਮੰਗਾਂ ਦੇ ਹੱਲ ਦੀ ਜ਼ੋਰਦਾਰ ਮੰਗ ਕੀਤੀ ਜਾਵੇਗੀ। ਨੇੜਲੇ ਪਿੰਡ ਕਾਉਕੇ ਕਲਾਂ ਦੀ ਮੰਡੀ ’ਚ ਕਿਸਾਨਾਂ ਦੇ ਪੰਦਰਾਂ ਦਿਨ ਤੋਂ ਝੋਨੇ ਦਾ ਭਾਅ ਨਾ ਲੱਗਣ ਕਾਰਨ ਮੰਦੜੇ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਗਏ ਕਿਸਾਨ ਜਥੇ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ਦੇਹੜਕਾ ਨੇ ਕਿਹਾ ਕਿ ਆਮ ਤੌਰ ‘ਤੇ ਇਸ ਦਿਨ ਤਕ ਝੋਨੇ ਦਾ ਸੀਜ਼ਨ ਮੁੱਕ ਜਾਂਦਾ ਹੈ ਪਰ ਐਤਕੀਂ ਕਿਸਾਨ ਹਾਲੇ ਵੀ ਮੰਡੀਆਂ ’ਚ ਰੁਲ ਰਹੇ ਹਨ। ਉਲਟਾ ਝੋਨੇ ਦੀ ਕਾਟ ਰਾਹੀਂ ਕਿਸਾਨਾਂ ਦੀ ਦੋਹਰੀ ਲੁੱਟ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਮੁਆਵਜ਼ਾ ਨਾ ਮਿਲਣ ਅਤੇ ਮਸ਼ੀਨਰੀ ਨਾ ਦੇਣ ਕਾਰਨ ਛੋਟੀ ਕਿਸਾਨੀ ਵਲੋਂ ਅਗਲੀ ਬਿਜਾਈ ਪਛੜਣ ਦੇ ਖ਼ਤਰਿਆਂ ਦੇ ਚੱਲਦਿਆਂ ਮਜਬੂਰੀਵੱਸ ਪਰਾਲੀ ਸਾੜਨ ‘ਤੇ ਦਰਜ ਪੁਲੀਸ ਪਰਚਿਆਂ, ਭਾਰੀ ਜੁਰਮਾਨਿਆਂ, ਲਾਲ ਐਂਟਰੀਆਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਪਰਾਲੀ ਦੀਆਂ ਗੱਠਾਂ ਬੰਨ੍ਹਣ ਤੋਂ ਬਾਅਦ ਬਚਦੇ ਘਾਹ ਨੂੰ ਫੂਕਣ ’ਤੇ ਵੀ ਪੁਲੀਸ ਪਰਚੇ ਦਰਜ ਕੀਤੇ ਜਾ ਰਹੇ ਹਨ। ਹਠੂਰ ਪੁਲੀਸ ਵੱਲੋਂ ਅਜਿਹੇ ਧੱਕੇ ਖ਼ਤਮ ਨਾ ਕਰਨ ਖ਼ਿਲਾਫ਼ ਕਿਸਾਨ ਵਫ਼ਦ ਵੱਲੋਂ ਥਾਣਾ ਮੁਖੀ ਮਿਲਣ ਦੇ ਬਾਵਜੂਦ ਇਹ ਕਾਰਵਾਈ ਰੁਕ ਨਹੀਂ ਰਹੀ।