ਸਰਕਾਰ ਵਿਕਸਤ ਭਾਰਤ ਦੇ ਸੁਨੇਹੇ ਵਟਸਐਪ ’ਤੇ ਭੇਜਣੇ ਬੰਦ ਕਰੇ: ਚੋਣ ਕਮਿਸ਼ਨ
ਨਵੀਂ ਦਿੱਲੀ, 21 ਮਾਰਚ
ਚੋਣ ਕਮਿਸ਼ਨ ਨੇ ਕੇਂਦਰ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਵਟਸਐਪ ’ਤੇ ਵਿਕਸਤ ਭਾਰਤ ਸੰਪਰਕ ਮੁਹਿੰਮ ਤਹਿਤ ਭੇਜੇ ਜਾ ਰਹੇ ਸੁਨੇਹਿਆਂ ’ਤੇ ਫੌਰੀ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਚੋਣ ਕਮਿਸ਼ਨ ਨੂੰ ਇਸ ਬਾਰੇ ਸ਼ਿਕਾਇਤਾਂ ਮਿਲਣ ਮਗਰੋਂ ਉਨ੍ਹਾਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਨੇ ਕਿਹਾ,‘‘ਸਾਰਿਆਂ ਲਈ ਨੇਮ ਇਕਸਾਰ ਰੱਖਣ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ।’’ ਲੋਕਾਂ ਨੂੰ ਹੁਣ ਤੋਂ ਢੇਰ ਸਾਰੇ ਵਟਸਐਪ ਸੁਨੇਹੇ ਨਾ ਭੇਜਣ ਲਈ ਸਰਕਾਰ ਨੂੰ ਨਿਰਦੇਸ਼ ਦਿੰਦਿਆਂ ਕਮਿਸ਼ਨ ਨੇ ਮੰਤਰਾਲੇ ਤੋਂ ਮਾਮਲੇ ਦੀ ਫੌਰੀ ਪਾਲਣਾ ਸਬੰਧੀ ਰਿਪੋਰਟ ਮੰਗੀ ਹੈ। ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੱਠੀ ਦੇ ਨਾਲ ਸੁਨੇਹੇ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਭੇਜੇ ਗਏ ਸਨ। ਮੰਤਰਾਲੇ ਵੱਲੋਂ ਕਮਿਸ਼ਨ ਨੂੰ ਭੇਜੇ ਗਏ ਸੁਨੇਹੇ ’ਚ ਕਿਹਾ ਗਿਆ ਹੈ ਕਿ ਨੈੱਟਵਰਕ ਦੀਆਂ ਸਮੱਸਿਆਵਾਂ ਕਾਰਨ ਸੰਭਵ ਹੈ ਕਿ ਕੁਝ ਸੁਨੇਹੇ ਦੇਰੀ ਨਾਲ ਪਹੁੰਚੇ ਹੋਣ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਸੁਨੇਹਿਆਂ ’ਤੇ ਇਤਰਾਜ਼ ਜਤਾਉਂਦਿਆਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਢੇਰ ਸਾਰੇ ਵਟਸਐਪ ਸੁਨੇਹੇ ਭੇਜੇ ਜਾਣ ਦੀ ਸ਼ਿਕਾਇਤ ’ਤੇ ਢੁੱਕਵੀਂ ਕਾਰਵਾਈ ਲਈ ਚੋਣ ਕਮਿਸ਼ਨ ਕੋਲ ਮਾਮਲਾ ਭੇਜਿਆ ਸੀ। ਸ਼ਿਕਾਇਤ ਚੋਣ ਕਮਿਸ਼ਨ ਦੀ ਸੀਵਿਜਿਲ ਮੋਬਾਈਲ ਐਪ ਰਾਹੀਂ ਮਿਲੀ ਸੀ। -ਪੀਟੀਆਈ
‘ਮੋਦੀ ਪਰਿਵਾਰ’ ਤੇ ‘ਮੋਦੀ ਕੀ ਗਾਰੰਟੀ’ ਇਸ਼ਤਿਹਾਰਾਂ ਖਿਲਾਫ਼ ਸ਼ਿਕਾਇਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਪ੍ਰਚਾਰ ਲਈ ਸਰਕਾਰੀ ਸੋਮਿਆਂ ਦੀ ਕਥਿਤ ਦੁਰਵਰਤੋਂ ਖਿਲਾਫ਼ ਕਾਂਗਰਸ ਨੇ ‘ਮੋਦੀ ਪਰਿਵਾਰ’ ਤੇ ‘ਮੋਦੀ ਕੀ ਗਾਰੰਟੀ’ ਇਸ਼ਤਿਹਾਰਾਂ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਇਨ੍ਹਾਂ ਇਸ਼ਤਿਹਾਰਾਂ ਨੂੰ ਫੌਰੀ ਹਟਾਉਣ ਤੇ ਸਬੰਧਤ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸ ਆਗੂਆਂ ਮੁਕੁਲ ਵਾਸਨਿਕ, ਸਲਮਾਨ ਖੁਰਸ਼ੀਦ ਤੇ ਸੁਪ੍ਰਿਆ ਸ੍ਰੀਨੇਤ ਦੀ ਸ਼ਮੂਲੀਅਤ ਵਾਲੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਸਬੰਧੀ ਸ਼ਿਕਾਇਤਾਂ ਦਿੱਤੀਆਂ। ਵਫ਼ਦ ਨੇ 2ਜੀ ਵੰਡ ਦੇ ਮਸਲੇ ਸਬੰਧੀ ਭਾਜਪਾ ਦੇ ‘ਝੂਠੇ ਇਸ਼ਤਿਹਾਰਾਂ’ ਖਿਲਾਫ਼ ਵੀ ਸ਼ਿਕਾਇਤ ਦਿੱਤੀ। -ਪੀਟੀਆਈ