Supreme Court: ਸੁਪਰੀਮ ਕੋਰਟ ਵੱਲੋਂ ਈਵੀਐੱਮ ਦੀ ਥਾਂ ਬੈਲੇਟ ਪੇਪਰ ਰਾਹੀਂ ਚੋਣ ਕਰਵਾਉਣ ਬਾਰੇ ਪਟੀਸ਼ਨ ਖਾਰਜ
ਨਵੀਂ ਦਿੱਲੀ, 26 ਨਵੰਬਰ
EVM not tampered when you win: Supreme Court: ਸੁਪਰੀਮ ਕੋਰਟ ਨੇ ਦੇਸ਼ ਦੀਆਂ ਚੋਣਾਂ ਵਿਚ ਵੋਟਾਂ ਈਵੀਐਮ ਦੀ ਥਾਂ ਬੈਲੇਟ ਪੇਪਰ ਰਾਹੀਂ ਪਵਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਅੱਜ ਖਾਰਜ ਕਰਦਿਆਂ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਨਾਲ ਛੇੜਛਾੜ ਦੇ ਦੋਸ਼ ਉਦੋਂ ਹੀ ਸਾਹਮਣੇ ਆਉਂਦੇ ਹਨ ਜਦੋਂ ਲੋਕ ਚੋਣਾਂ ਹਾਰ ਜਾਂਦੇ ਹਨ। ਜਸਟਿਸ ਵਿਕਰਮ ਨਾਥ ਅਤੇ ਪੀ ਬੀ ਵਰਲੇ ਦੇ ਬੈਂਚ ਨੇ ਟਿੱਪਣੀ ਕੀਤੀ, ‘ਆਮ ਤੌਰ ’ਤੇ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਚੋਣ ਜਿੱਤਦੇ ਹੋ ਤਾਂ ਈਵੀਐਮ ਨਾਲ ਛੇੜਛਾੜ ਕਰਨ ਦੇ ਦੋਸ਼ ਨਹੀਂ ਲਾਏ ਜਾਂਦੇ ਪਰ ਜਦੋਂ ਤੁਸੀਂ ਚੋਣ ਹਾਰਦੇ ਹੋ ਤਾਂ ਇਹੀ ਦੋਸ਼ ਲੱਗਦੇ ਹਨ ਕਿ ਈਵੀਐਮ ਨਾਲ ਛੇੜਛਾੜ ਕੀਤੀ ਗਈ ਹੈ।’ ਇਸ ਪਟੀਸ਼ਨ ਵਿੱਚ ਬੈਲੇਟ ਪੇਪਰ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਹਦਾਇਤਾਂ ਦੇਣ ਤੇ ਕਈ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਇਸ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਕਿ ਜੇਕਰ ਚੋਣਾਂ ਦੌਰਾਨ ਵੋਟਰਾਂ ਨੂੰ ਪੈਸੇ, ਸ਼ਰਾਬ ਜਾਂ ਹੋਰ ਸਮੱਗਰੀ ਵੰਡਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਮੀਦਵਾਰਾਂ ਨੂੰ ਘੱਟੋ-ਘੱਟ ਪੰਜ ਸਾਲਾਂ ਲਈ ਅਯੋਗ ਕਰਾਰ ਦਿੱਤਾ ਜਾਵੇ। ਅਦਾਲਤ ਨੇ ਪਟੀਸ਼ਨਰ-ਕੇ ਏ ਪੌਲ ਨੂੰ ਕਿਹਾ, ‘ਤੁਹਾਡੇ ਕੋਲ ਦਿਲਚਸਪ ਜਨਹਿੱਤ ਪਟੀਸ਼ਨਾਂ ਹਨ, ਤੁਹਾਨੂੰ ਇਹ ਸ਼ਾਨਦਾਰ ਵਿਚਾਰ ਕਿਵੇਂ ਪ੍ਰਾਪਤ ਹੋਏ?।’
ਪਟੀਸ਼ਨਕਰਤਾ ਨੇ ਕਿਹਾ ਕਿ ਉਹ ਇਕ ਅਜਿਹੀ ਸੰਸਥਾ ਦਾ ਪ੍ਰਧਾਨ ਹੈ ਜਿਸ ਨੇ ਤਿੰਨ ਲੱਖ ਤੋਂ ਵੱਧ ਅਨਾਥਾਂ ਅਤੇ 40 ਲੱਖ ਵਿਧਵਾਵਾਂ ਨੂੰ ਅਪਣਾਇਆ ਹੋਇਆ ਹੈ। ਇਸ ਤੋਂ ਬਾਅਦ ਬੈਂਚ ਨੇ ਕਿਹਾ, ‘ਤੁਸੀਂ ਇਸ ਸਿਆਸੀ ਅਖਾੜੇ ਵਿੱਚ ਕਿਉਂ ਆ ਰਹੇ ਹੋ? ਤੁਹਾਡੇ ਕੰਮ ਦਾ ਖੇਤਰ ਬਹੁਤ ਵੱਖਰਾ ਹੈ।’ ਇਸ ਤੋਂ ਬਾਅਦ ਪਟੀਸ਼ਨਰ ਪੌਲ ਨੇ ਕਿਹਾ ਕਿ ਉਹ 150 ਤੋਂ ਵੱਧ ਦੇਸ਼ਾਂ ਵਿੱਚ ਗਿਆ ਸੀ। ਬੈਂਚ ਨੇ ਉਸ ਨੂੰ ਪੁੱਛਿਆ ਕਿ ਕੀ ਹਰੇਕ ਦੇਸ਼ ਨੇ ਬੈਲੇਟ ਪੇਪਰ ਰਾਹੀਂ ਵੋਟਿੰਗ ਕੀਤੀ ਸੀ ਜਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਸੀ। ਪਟੀਸ਼ਨਰ ਨੇ ਕਿਹਾ ਕਿ ਵਿਦੇਸ਼ਾਂ ਨੇ ਬੈਲੇਟ ਪੇਪਰ ਵੋਟਿੰਗ ਨੂੰ ਅਪਣਾਇਆ ਹੈ ਅਤੇ ਭਾਰਤ ਨੂੰ ਵੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਕਿਹਾ, ‘ਤੁਸੀਂ ਬਾਕੀ ਦੁਨੀਆਂ ਨਾਲੋਂ ਵੱਖਰਾ ਕਿਉਂ ਨਹੀਂ ਬਣਨਾ ਚਾਹੁੰਦੇ?’