ਸਰਕਾਰ ਕਿਸਾਨੀ ਮਸਲਿਆਂ ਦਾ ਤੁਰੰਤ ਹੱਲ ਕਰੇ: ਟੌਹੜਾ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਕਤੂਬਰ
ਖਰੀਦ ਨਾ ਹੋਣ ਕਾਰਨ ਝੋਨੇ ਸਮੇਤ ਕਿਸਾਨਾਂ ਦੇ ਮੰਡੀਆਂ ’ਚ ਰੁਲਣ ਅਤੇ ਡੀਏਪੀ ਦੀ ਤੋਟ ਕਾਰਨ ਡੀਲਰਾਂ ਤੇ ਹੋਰਾਂ ਵੱਲੋਂ ਹੋਰ ਵਾਧੂ ਸਾਮਾਨ ਖਰੀਦਣਾ ਲਾਜ਼ਮੀ ਕਰਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਕਾਰਜਕਰਨੀ ਦੇ ਮੈਂਬਰ ਹਰਿੰਦਰਪਾਲ ਸਿੰਘ ਟੌਹੜਾ ਨੇ ਪੰਜਾਬ ਸਰਕਾਰ ਤੋਂ ਕਿਸਾਨੀ ਮਸਲਿਆਂ ਦਾ ਫੌਰੀ ਹੱਲ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਕ ਪ੍ਰੈੱਸ ਬਿਆਨ ਰਾਹੀਂ ਉਨ੍ਹਾ ਕਿਹਾ ਕਿ ‘ਆਪ’ ਸਰਕਾਰ ਵੈਸੇ ਤਾਂ ਹਰੇਕ ਖੇਤਰ ’ਚ ਹੀ ਫੇਲ੍ਹ ਸਿੱਧ ਹੋ ਚੁੱਕੀ ਹੈ ਪਰ ਕਿਸਾਨਾ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਸਮੇਤ ਕਿਸਾਨ ਭਾਈਚਾਰੇ ਦੇ ਮੰਡੀਆਂ ’ਚ ਰੁਲਣ ਕਾਰਨ ਕਿਸਾਨਾਂ ਦੀ ਹਾਲਤ ਹੋਰ ਵੀ ਪਤਲੀ ਹੋ ਗਈ ਹੈ ਉਪਰੋਂ ਸਰਕਾਰ ਨੇ ਪੰਚਾਇਤ ਚੋਣਾ ਜਾਣ ਬੁੱਝ ਕੇ ਝੋਨੇ ਦੇ ਸੀਜਨ ’ਚ ਰੱਖ ਦਿੱਤੀਆਂ। ਸਹਿਕਾਰੀ ਸਭਾਵਾਂ ਨੂੰ ਪੰਜਾਬ ਦੀ ਕਿਸਾਨੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਹਰਿੰਦਰਪਾਲ ਟੌਹੜਾ ਨੇ ਕਿਹਾ ਕਿ ਸਰਕਾਰ ਨੇ ਜਾਣਬੁੱਝ ਕੇ ਸਹਿਕਾਰੀ ਸਭਾਵਾਂ ਨੂੰ ਨਕਾਰਾ ਕਰ ਦਿੱਤਾ ਹੈ, ਤਾਂ ਜੋ ਆਪਣੇ ਪੂੰਜੀਪਤੀ ਚਹੇਤਿਆਂ ਨੂੰ ਲਾਭ ਪਹੁੰਚਾ ਸਕੇ। ਸਰਕਾਰ ਨਾ ਤਾਂ ਇਨ੍ਹਾਂ ਸਭਾਵਾਂ ਵਿੱਚ ਖਾਦ ਪਹੁੰਚਾ ਰਹੀ ਹੈ ਅਤੇ ਨਾ ਹੀ ਹੋਰ ਲੋੜੀਂਦਾ ਸਾਮਾਨ ਕਿਸਾਨਾਂ ਨੂੰ ਮਿਲ ਰਿਹਾ ਹੈ।