ਬੇਰੁਜ਼ਗਾਰੀ ਪ੍ਰਤੀ ਸਰਕਾਰ ਅਵੇਸਲੀ: ਕਾਂਗਰਸ
ਨਵੀਂ ਦਿੱਲੀ, 23 ਜੁਲਾਈ
ਕੇਂਦਰੀ ਬਜਟ ਦੀ ਨਿਖੇਧੀ ਕਰਦਿਆਂ ਕਾਂਗਰਸ ਨੇ ਕਿਹਾ ਕਿ ਦੇਸ਼ ’ਚ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਸਰਕਾਰ ਦਾ ਇਸ ਪ੍ਰਤੀ ਰੁਖ ਅਵੇਸਲਾ ਹੈ। ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਬਜਟ ’ਚ ਆਂਧਰਾ ਪ੍ਰਦੇਸ਼ ਅਤੇ ਬਿਹਾਰ ਲਈ ਐਲਾਨੀਆਂ ਗਈਆਂ ਰਿਆਇਤਾਂ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਜੇ ਇਹ ਐਲਾਨ ਨਾ ਕੀਤੇ ਜਾਂਦੇ ਤਾਂ ਟੀਡੀਪੀ ਦੇ ਐੱਨ. ਚੰਦਰਬਾਬੂ ਨਾਇਡੂ ਅਤੇ ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣੀ ਸੀ। ‘ਇਹ ਜੀਵਨ ਰੇਖਾਵਾਂ ਹਨ। ਮੋਦੀ ਆਪਣੀ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਹੁਣ ਨਾਇਡੂ ਅਤੇ ਨਿਤੀਸ਼ ਅੱਗੇ ਝੁੱਕ ਗਏ ਹਨ ਅਤੇ ਆਖ ਰਹੇ ਹਨ ਕਿ ਤੁਸੀਂ ਮੇਰੀ ਜਾਨ ਬਚਾ ਲਈ ਹੈ। ਜੋ ਕੁਝ ਵੀ ਤੁਸੀਂ ਚਾਹੁੰਦੇ ਹੋ, ਉਹ ਲੈ ਲਵੋ। ਜੇ ਉਹ ਹੋਰ ਮੰਗਾਂ ਰਖਣਗੇ ਤਾਂ ਮੋਦੀ ਉਹ ਵੀ ਪੂਰੀਆਂ ਕਰਨਗੇ।’ ਇਥੇ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਉਹ ਨਵੀਂ ਸਰਕਾਰ ਦੇ ਪਹਿਲੇ ਬਜਟ ਤੋਂ ਨਿਰਾਸ਼ ਹਨ। ਉਨ੍ਹਾਂ ਆਮਦਨ ਕਰ ਨਾਲ ਸਬੰਧਤ ਦੋ ਯੋਜਨਾਵਾਂ ਹੋਣ ਨੂੰ ਵੀ ਗਲਤ ਕਰਾਰ ਦਿੱਤਾ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਨੇ ਕਾਂਗਰਸ ਦੀਆਂ ਰੁਜ਼ਗਾਰ ਨਾਲ ਜੁੜੀ ਰਿਆਇਤ ਯੋਜਨਾ, ਅਪਰੈਂਟਿਸਸ਼ਿਪ ਯੋਜਨਾ ਅਤੇ ਐਂਜਲ ਟੈਕਸ ਜਿਹੀਆਂ ਤਜਵੀਜ਼ਾਂ ਨੂੰ ਬਜਟ ’ਚ ਪੇਸ਼ ਕੀਤਾ। -ਪੀਟੀਆਈ