ਸਰਕਾਰ ਝੋਨੇ ਦੀ ਖਰੀਦ ਸਬੰਧੀ ਅਵੇਸਲੀ: ਕੋਟ ਪਨੈਚ
ਦੇਵਿੰਦਰ ਸਿੰਘ ਜੱਗੀ
ਪਾਇਲ, 28 ਸਤੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਰਨਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਅੱਜ ਇਥੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਸਰਕਾਰਾਂ ਬਿਲਕੁੱਲ ਅਵੇਸਲੀਆਂ ਨਜ਼ਰ ਆ ਰਹੀਆਂ ਹਨ, ਜਿਸ ਕਰਕੇ ਕਿਸਾਨਾਂ ਦੇ ਚਿਹਰਿਆਂ ’ਤੇ ਮਾਯੂਸੀ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਖ਼ਣ ਨੂੰ ਮਿਲ ਰਿਹਾ ਹੈ ਕਿ ਝੋਨਾ ਮੰਡੀਆਂ ’ਚ ਆਉਣ ਲਈ ਤਿਆਰ ਹੈ ਪਰ ਪ੍ਰਬੰਧ ਬਿੱਲਕੁੱਲ ਨਾਕਸ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਫ਼ਸਲ ਪੱਕ ਕੇ ਤਿਆਰ ਹੈ ਉਸ ਦੀ ਖਰੀਦ ਲਈ ਕੋਈ ਸਰਕਾਰੀ ਏਜੰਸੀ ਉਤਸੁਕ ਨਹੀਂ, ਦੂਜੇ ਪਾਸੇ ਅਗੇਤੇ ਝੋਨੇ ਦੀ ਫ਼ਸਲ ਗੁਆਂਢੀ ਰਾਜ ਹਰਿਆਣਾ ਵੱਲ ਨੂੰ ਰੁਖ ਕਰ ਰਹੀ ਹੈ, ਜਿਸ ਦਾ ਪੰਜਾਬ ਦੇ ਅਰਥਚਾਰੇ ’ਤੇ ਬੁਰਾ ਪ੍ਰਭਾਵ ਪਵੇਗਾ। ਆਲੂਆਂ ਦੀ ਫ਼ਸਲ ਲਈ ਡੀਏਪੀ ਖ਼ਾਦ ਦੀ ਚਿੰਤਾ ਅਲੱਗ ਤੋਂ ਕਾਸ਼ਤਕਾਰਾਂ ਦੇ ਸਾਹ ਸੂਤ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਦਿੱਕਤਾਂ ਨਾਲ ਦੋ ਚਾਰ ਹੋ ਰਹੇ ਕਿਸਾਨਾਂ ਨੂੰ ਪੰਚਾਇਤੀ ਚੋਣਾਂ ਵੱਖਰੇ ਤੌਰ ’ਤੇ ਪ੍ਰਭਾਵਿਤ ਕਰਨਗੀਆਂ ਕਿਉਂਕਿ ਉਹੀ ਦਿਨ ਕਟਾਈ ਦੇ ਹਨ ਤੇ ਉਨ੍ਹਾਂ ਦਿਨਾਂ ’ਚ ਹੀ ਚੋਣਾਂ ਵਾਲਾ ਰੌਲ ਪਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਫਸਲਾਂ ਨੂੰ ਬਰਬਾਦ ਹੁੰਦੀਆਂ ਦੇਖਣਾ ਵੱਸ ਤੋਂ ਬਾਹਰ ਦੀ ਗੱਲ ਹੈ ਜੇ ਸਰਕਾਰ ਨਾ ਜਾਗੀ ਤਾਂ ਆਉਂਦੇ ਦਿਨਾਂ ’ਚ ਕਿਸਾਨਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਖੰਨਾ ਬਲਾਕ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਲੱਖੀ ਜਸਪਾਲੋਂ, ਗੁਰਸੇਵਕ ਸਿੰਘ ਰੁਪਾਲੋਂ, ਹਰਦੀਪ ਸਿੰਘ ਬੀਜਾ ਅਤੇ ਜੱਗਾ ਸਿੰਘ ਬਰਮਾਲੀਪੁਰ ਹਾਜ਼ਰ ਸਨ।