ਪਿੰਡ ਕੌੜੀ ਨੂੰ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਦੇਣ ਦੀ ਮੰਗ
ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਸਤੰਬਰ
ਨੇੜਲੇ ਪਿੰਡ ਕੌੜੀ ਦੇ ਲਾਭ ਸਿੰਘ ਅਡਜੈਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਪਿੰਡ ਕੌੜੀ ਦਾ ਸਰਪੰਚ ਹਮੇਸ਼ਾ ਤੋਂ ਹੀ ਜਨਰਲ ਕੈਟਾਗਰੀ ਦਾ ਚੁਣਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਐਕਟ ਹੋਂਦ ਵਿੱਚ ਆਉਣ ਤੋਂ ਬਾਅਦ ਅੱਜ ਤੱਕ ਕਦੇ ਵੀ ਪਿੰਡ ਦੇ ਸਰਪੰਚ ਦੀ ਸੀਟ ਅਨੁਸੂਚਿਤ ਜਾਤੀ ਦੀ ਔਰਤ ਲਈ ਰਾਖਵੀਂ ਨਹੀਂ ਕੀਤੀ ਗਈ, ਜੋ ਪੰਚਾਇਤੀ ਰਾਜ ਐਕਟ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਪਿੰਡ ਨੂੰ ਔਰਤਾਂ ਲਈ ਰਾਖਵਾਂ ਕਰਾਉਣ ਸਬੰਧੀ ਰਿਟ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਉਹ ਪੰਚਾਇਤੀ ਰਾਜ ਐਕਟ ਵਿੱਚ ਰਾਖਵਾਂਕਰਨ ਲਈ ਵੇਖ ਰਹੇ ਹਨ ਪਰ ਉਸ ਮਗਰੋਂ ਵੀ ਸਰਪੰਚ ਲਈ ਇਹ ਸੀਟ ਰਾਖਵੀਂ ਨਹੀਂ ਕੀਤੀ ਗਈ। ਬਲਵਿੰਦਰ ਸਿੰਘ ਕਾਕਾ ਤੇ ਗੁਰਮੇਲ ਸਿੰਘ ਖਾਲਸਾ ਨੇ ਕਿਹਾ ਕਿ ਇਸ ਵਾਰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਪਿੰਡ ਕੌੜੀ ਨੂੰ ਜਨਰਲ ਵਰਗ ਦੀ ਔਰਤ ਲਈ ਰਾਖਵਾਂ ਐਲਾਨਿਆ ਗਿਆ ਹੈ, ਜੋ ਸਰਾਸਰ ਗਲਤ ਅਤੇ ਦੱਬੇ ਕੁਚਲੇ ਲੋਕਾਂ ਨੂੰ ਦਬਾਉਣ ਦੀ ਕੋਝੀ ਸਾਜਿਸ਼ ਹੈ। ਉਪਰੋਕਤ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਰਾਬਰ ਦਾ ਹੱਕ ਦਿੱਤਾ ਜਾਵੇ, ਨਹੀਂ ਤਾਂ ਇਸ ਸਬੰਧੀ ਮਜਬੂਰ ਹੋ ਕੇ ਹਾਈਕੋਰਟ ਦਾ ਸਹਾਰਾ ਲੈਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੰਗ ਪੱਤਰ ਦੀ ਕਾਪੀ ਏਡੀਸੀ ਖੰਨਾ, ਬਲਾਕ ਪੰਚਾਇਤ ਅਫਸਰ ਖੰਨਾ ਤੇ ਪੰਚਾਇਤ ਮੰਤਰੀ ਪੰਜਾਬ ਨੂੰ ਭੇਜੀ ਗਈ ਹੈ।