ਰਾਜਪਾਲ ਵੱਲੋਂ ਕੋਲਕਾਤਾ ਪੁਲੀਸ ਦੇ ਮੁਲਾਜ਼ਮਾਂ ਨੂੰ ਰਾਜ ਭਵਨ ਖਾਲੀ ਕਰਨ ਦੇ ਹੁਕਮ
ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਰਾਜ ਭਵਨ ’ਚ ਤਾਇਨਾਤ ਕੋਲਕਾਤਾ ਪੁਲੀਸ ਦੇ ਮੁਲਾਜ਼ਮਾਂ ਨੂੰ ਅੱਜ ਸਵੇਰੇ ਤੁਰੰਤ ਕੰਪਲੈਕਸ ਖਾਲੀ ਕਰਨ ਦਾ ਹੁਕਮ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਬੋਸ ਰਾਜ ਭਵਨ ਦੇ ਉੱਤਰੀ ਗੇਟ ਨੇੜੇ ਸਥਿਤ ਪੁਲੀਸ ਚੌਕੀ ਨੂੰ ‘ਜਨ ਮੰਚ’ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੇ ਹਨ। ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘ਰਾਜਪਾਲ ਨੇ ਇੰਚਾਰਜ ਅਧਿਕਾਰੀ ਸਮੇਤ ਰਾਜ ਭਵਨ ਅੰਦਰ ਤਾਇਨਾਤ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਕੰਪਲੈਕਸ ਖਾਲੀ ਕਰਨ ਦਾ ਹੁਕਮ ਦਿੱਤਾ ਹੈ।’ ਕੁਝ ਦਿਨ ਪਹਿਲਾਂ ਪੁਲੀਸ ਨੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਤੇ ਸੂਬੇ ’ਚ ਚੋਣਾਂ ਮਗਰੋਂ ਹੋਈ ਹਿੰਸਾ ਦੇ ਕਥਿਤ ਪੀੜਤਾਂ ਨੂੰ ਬੋਸ ਨਾਲ ਮਿਲਣ ਲਈ ਰਾਜ ਭਵਨ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਸੀ ਜਦਕਿ ਰਾਜਪਾਲ ਨੇ ਇਸ ਲਈ ਲਿਖਤੀ ਇਜਾਜ਼ਤ ਦਿੱਤੀ ਸੀ। ਇਸ ਮਗਰੋਂ ਰਾਜਪਾਲ ਦਾ ਇਹ ਹੁਕਮ ਆਇਆ ਹੈ। ਪੁਲੀਸ ਨੇ ਰਾਜਪਾਲ ਭਵਨ ਦੇ ਬਾਹਰ ਧਾਰਾ 144 ਲਾਗੂ ਹੋਣ ਦਾ ਹਵਾਲਾ ਦਿੰਦਿਆਂ ਅਧਿਕਾਰੀ ਨੂੰ ਰਾਜ ਭਵਨ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਸੀ। -ਪੀਟੀਆਈ