‘ਸਰਕਾਰਾਂ ਪੰਜਾਬ ਦੇ ਪਾਣੀ ਸੰਕਟ ਦਾ ਹੱਲ ਕੱਢਣ ’ਚ ਅਸਫ਼ਲ’
ਪੱਤਰ ਪ੍ਰੇਰਕ
ਤਰਨ ਤਾਰਨ, 3 ਅਗਸਤ
ਕਿਰਤੀ ਕਿਸਾਨ ਯੂਨੀਅਨ ਨੇ ਡੇਰਾ ਸਤਲਾਣੀ ਸਾਹਿਬ ਵਿੱਚ ਇੱਕ ਮੀਟਿੰਗ ਕਰ ਕੇ ਪੰਜਾਬ ਵੱਲੋਂ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨ ’ਤੇ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਸ ਸੰਕਟ ਦਾ ਹੱਲ ਲੱਭਣ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਾਇਆ| ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਨੂੰ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਜਥੇਬੰਦੀ 9 ਅਗਸਤ ਨੂੰ ‘ਕਾਰਪੋਰੇਟ ਭਾਰਤ ਛੱਡੋ’ ਅਤੇ 17 ਅਗਸਤ ਨੂੰ ਕਿਸਾਨਾਂ ਦੀਆਂ ਮੰਗਾਂ ’ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਸਾਹਮਣੇ ਪ੍ਰਦਰਸ਼ਨ ਵਿੱਚ ਭਾਗ ਲਵੇਗੀ| ਆਗੂਆਂ ਨੇ ਵਪਾਰ ਲਈ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਖੋਲ੍ਹਣ, ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਸਖੀਰਾ, ਸਤਵੰਤ ਸਿੰਘ ਮੁਗਲ ਚੱਕ, ਨਾਜਰ ਸਿੰਘ ਤੇ ਵਿਰਸਾ ਸਿੰਘ ਸਰਹਾਲੀ ਖੁਰਦ ਨੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਅਤੇ ਹੜ੍ਹਾਂ ਦੀ ਮਾਰ ਹੇਠ ਆਉਂਦੇ ਕਿਸਾਨਾਂ ਨੂੰ ਬਚਾਉਣ ਲਈ ਪੱਕੇ ਬੰਦੋਬਸਤ ਕਰਨ ’ਤੇ ਜ਼ੋਰ ਦਿੱਤਾ|