ਸਰਕਾਰ ਪੂਰੀ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਯਤਨਸ਼ੀਲ: ਮਾਣੂੰਕੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਸਤੰਬਰ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੇ ਨਵੇਂ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਦੇ 220 ਕੇਵੀ ਗਰਿੱਡ ਸਬ ਸਟੇਸ਼ਨ ਜਗਰਾਉਂ ਵਿੱਚ ਸਵਾ ਕਰੋੜ ਦੀ ਲਾਗਤ ਨਾਲ ਨਵੇਂ 25 ਬਰੇਕਰ ਲੱਗ ਰਹੇ ਹਨ, ਜਿਨ੍ਹਾਂ ’ਤੇ ਲਗਗਗ ਇਕ ਕਰੋੜ 25 ਲੱਖ ਰੁਪਏ ਦਾ ਖਰਚਾ ਆਵੇਗਾ। ਇਹ ਬਰੇਕਰ ਲੱਗਣ ਨਾਲ ਨਵੇਂ ਬਣੇ 11 ਕੇਵੀ ਫੀਡਰਾਂ ਨੂੰ ਚਲਾਉਣ ‘ਚ ਅਸਾਨੀ ਹੋਵੇਗੀ, ਉਥੇ ਹੀ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਦੱਸਣਯੋਗ ਹੈ ਕਿ 220 ਕੇਵੀ ਗਰਿੱਡ ‘ਚ ਪਹਿਲਾਂ ਲੋੜ ਤੋਂ ਘੱਟ ਲੱਗੇ ਬਰੇਕਰ ਆਪਣੀ ਮਿਆਦ ਪੁਗਾ ਚੁੱਕੇ ਸਨ। ਮਾਣੂੰਕੇ ਨੇ ਅੱਜ 220 ਕੇਵੀ ਗਰਿੱਡ ਦਾ ਦੌਰਾ ਕੀਤਾ ਅਤੇ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਲਕੇ ਅੰਦਰ ਨਵੇਂ ਸ਼ੁਰੂ ਹੋਣ ਵਾਲੇ ਪ੍ਰਾਜੈਕਟਾਂ ‘ਚ ਤੇਜ਼ੀ ਲਿਆਉਣ ਲਈ ਕਿਹਾ। ਐਕਸੀਅਨ ਜੀਪੀਐੱਸ ਸਿੱਧੂ ਨੇ ਵਿਧਾਇਕਾ ਮਾਣੂੰਕੇ ਨੂੰ ਦੱਸਿਆ ਹਲਕੇ ਦੇ ਪਿੰਡ ਗਿੱਦੜਵਿੰਡੀ ਵਿੱਚ ਨਵੇਂ 66 ਕੇਵੀ ਗਰਿੱਡ ਦਾ ਕੰਮ ਨਵੰਬਰ ਮਹੀਨੇ ਸ਼ੁਰੂ ਹੋਵੇਗਾ ਅਤੇ ਇਸ ਗਰਿੱਡ ਦੇ ਨਿਰਮਾਣ ਦਾ ਕੰਮ ਜਲਦੀ ਮੁਕੰਮਲ ਕਰਕੇ ਅਗਲੇ ਸਾਲ ਪੈਡੀ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਸਪਲਾਈ ਦੇਣ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਪਿੰਡ ਬੁਜਗਰ ਅਤੇ ਪਿੰਡ ਭੰਮੀਪੁਰਾ ਵਿਚ ਨਵਾਂ 66 ਕੇਵੀ ਗਰਿੱਡ ਸਥਾਪਤ ਕਰਨ ਲਈ ਪਰਪੋਜ਼ਲਾਂ ਤਿਆਰ ਕਰਕੇ ਮੁੱਖ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਹਨ। ਪਿੰਡ ਕਾਉਂਕੇ ਕਲਾਂ ਵਿੱਚ ਲੱਗਣ ਵਾਲੇ ਨਵੇਂ 66 ਕੇਵੀ ਗਰਿੱਡ ਲਈ ਕਾਰਵਾਈ ਮੁਕੰਮਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਗਰਾਉਂ ਸ਼ਹਿਰ ’ਚ ਦੋ ਕਰੋੜ ਰੁਪਏ ਦੀ ਲਾਗਤ ਨਾਲ 4 ਨਵੇਂ 11 ਕੇਵੀ ਫੀਡਰ ਉਸਾਰੇ ਜਾਣਗੇ ਜਿਨ੍ਹਾਂ ‘ਚ ਦੋ ਅਗਵਾੜ ਲੋਪੋ ਗਰਿੱਡ ਤੋਂ ਅਤੇ 2 ਜਗਰਾਉਂ ਦੇ 220 ਕੇਵੀ ਗਰਿੱਡ ਤੋਂ ਚੱਲਣਗੇ। ਇਸੇ ਤਰ੍ਹਾਂ ਹੀ ਪਿੰਡ ਪੋਨਾ ਨੂੰ ਨਵਾਂ 11 ਕੇਵੀ ਫੀਡਰ ਖਿੱਚਿਆ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਨਾਨਕਸਰ ਕਲੇਰਾਂ ਵਿੱਚ ਬਿਜਲੀ ਸਪਲਾਈ ’ਚ ਵਿਘਨ ਨਹੀਂ ਪੈਣਾ ਚਾਹੀਦਾ, ਜਿਸ ’ਤੇ ਐਕਸੀਅਨ ਸਿੱਧੂ ਨੇ ਦੱਸਿਆ ਕਿ ਨਾਨਕਸਰ ਵਿਖੇ ਚਾਰ ਹੋਰ ਨਵੇਂ ਟਰਾਂਸਫਾਰਮਰ ਰੱਖ ਦਿੱਤੇ ਜਾਣਗੇ।