ਸਰਕਾਰ ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੇ ਨਾਲ ਖੜ੍ਹੀ: ਊਧਵ
ਮੁੰਬਈ, 24 ਅਗਸਤ
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ’ਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਮਹਾਰਾਸ਼ਟਰ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ। ਠਾਕਰੇ ਨੇ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਤੇ ਬਦਲਾਪੁਰ ’ਚ ਦੋ ਬੱਚੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ’ਚ ਰੋਸ ਵਜੋਂ ਕੀਤੇ ਮੁਜ਼ਾਹਰੇ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ’ਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਹਾਯੁਤੀ ਸਰਕਾਰ ਨੂੰ ਹਟਾਉਣਾ ਜ਼ਰੂਰੀ ਹੈ। ਉਨ੍ਹਾਂ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ, ‘ਇਹ ਦੁੱਖ ਦੀ ਗੱਲ ਹੈ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਹ ਉਨ੍ਹਾਂ ਨਾਲ ਖੜ੍ਹੀ ਹੈ।’ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਨੇ ਮੌਜੂਦਾ ਸਰਕਾਰ ਜਿੰਨੀ ‘ਬੇਸ਼ਰਮ’ ਸਰਕਾਰ ਕਦੀ ਨਹੀਂ ਦੇਖੀ। ਠਾਕਰੇ ਨੇ ਸ਼ਿੰਦੇ ’ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਕਿਹਾ ਕਿ ‘ਕੰਸ ਮਾਮਾ’ ਆਪਣੇ ਗੁੱਟ ’ਤੇ ਰੱਖੜੀਆਂ ਬੰਨ੍ਹਵਾਉਣ ’ਚ ਮਸਰੂਫ਼ ਹੈ। ਉਨ੍ਹਾਂ ਸਵਾਲ ਕੀਤਾ ਕਿ ਸ਼ਿੰਦੇ ਆਪਣੀਆਂ ਭਤੀਜੀਆਂ ਨੂੰ ਨਿਆਂ ਕਦੋਂ ਦਿਵਾਉਣਗੇ। ਬਦਲਾਪੁਰ ਘਟਨਾ ਦੇ ਰੋਸ ਵਜੋਂ ਠਾਕਰੇ, ਉਨ੍ਹਾਂ ਦੀ ਪਤਨੀ ਰਸ਼ਮੀ ਅਤੇ ਉਨ੍ਹਾਂ ਦੇ ਪੁੱਤਰ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਆਦਿੱਤਿਆ ਨੇ ਕਾਲਾ ਰਿਬਨ ਤੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪਾਰਟੀ ਵਰਕਰਾਂ ਨਾਲ ਰੋਸ ਮੁਜ਼ਾਹਰਾ ਕੀਤਾ। ਮਹਾਰਾਸ਼ਟਰ ’ਚ ਹੋਰ ਥਾਵਾਂ ’ਤੇ ਵੀ ਰੋਸ ਮੁਜ਼ਾਹਰੇ ਕੀਤੇ ਗਏ ਹਨ। -ਪੀਟੀਆਈ
ਬਦਲਾਪੁਰ ਘਟਨਾ ਨਾਲ ਮਹਾਰਾਸ਼ਟਰ ਦਾ ਅਕਸ ਖਰਾਬ ਹੋਇਆ: ਪਵਾਰ
ਪੁਣੇ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਤਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਬਦਲਾਪੁਰ ਘਟਨਾ ਨਾਲ ਦੇਸ਼ ’ਚ ਮਹਾਰਾਸ਼ਟਰ ਦਾ ਅਕਸ ਖਰਾਬ ਹੋਇਆ ਹੈ। ਪਵਾਰ ਨੇ ਸੂਬਾ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਭੁੱਲ ਗਈ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਸ ਦੀ ਹੈ। ਪੁਣੇ ’ਚ ਮੌਨ ਪ੍ਰਦਰਸ਼ਨ ’ਚ ਸ਼ਾਮਲ ਹੋਏ ਪਵਾਰ ਨੇ ਕਿਹਾ ਜੇ ਸਰਕਾਰ ਸੋਚਦੀ ਹੈ ਕਿ ਵਿਰੋਧੀ ਧਿਰ ਬਦਲਾਪੁਰ ਘਟਨਾ ’ਤੇ ਸਿਆਸਤ ਕਰ ਰਹੀ ਹੈ ਤਾਂ ਉਹ ਸੰਵੇਦਨਸ਼ੀਲ ਨਹੀਂ ਹੈ। ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਦੀ ਧਰਤੀ ’ਤੇ ਅਜਿਹੀ ਘਟਨਾ ਵਾਪਰੀ ਹੈ ਜੋ ਮਹਿਲਾਵਾਂ ਖ਼ਿਲਾਫ਼ ਅਪਰਾਧ ਕਰਨ ਵਾਲਿਆਂ ਦੇ ਹੱਥ ਵੱਢ ਦਿੰਦੇ ਸਨ। -ਪੀਟੀਆਈ