ਸਰਕਾਰ ਨੇ ਛੋਟੇ ਸਨਅਤਕਾਰਾਂ ਨੂੰ ਬਚਾਇਆ: ਸੱਗੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਜੁਲਾਈ
ਬਾਬਾ ਵਿਸ਼ਵਕਰਮਾ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਸੂਬਾ ਸਰਕਾਰ ਦਾ ਮਿਕਸ ਯੂਜ ਲੈਂਡ ਇੰਡਸਟਰੀ ਦੇ ਚਿਰਾਂ ਤੋਂ ਲਟਕਦੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਮੀਤ ਹੇਅਰ ਦਾ ਧੰਨਵਾਦ ਕੀਤਾ ਹੈ। ਅੱਜ ਇੱਥੇ ਫਾਊਂਡੇਸ਼ਨ ਦੇ ਸਰਪ੍ਰਸਤ ਚਰਨਜੀਤ ਸਿੰਘ ਵਿਸ਼ਵਕਰਮਾ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਛੋਟੇ ਸਨਅਤਕਾਰਾਂ ਦੀ ਇਸ ਮੰਗ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਨੇ ਤੁਰੰਤ ਮੰਨ ਕੇ ਛੋਟੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਸਨਅਤਕਾਰਾਂ ਦੀ ਮੀਟਿੰਗ ਦੌਰਾਨ ਹੀ ਸੂਬਾ ਸਰਕਾਰ ਨੇ ਸਬੰਧਿਤ ਵਿਭਾਗਾਂ ਨੂੰ ਐੱਨਓਸੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਜਿਸ ਨਾਲ ਹੁਣ ਉਨ੍ਹਾਂ ਦੇ ਕਾਰਖਾਨੇ ਕਿਤੇ ਬਾਹਰ ਨਹੀਂ ਜਾਣਗੇ।
ਆਗੂਆਂ ਨੇ ਦੱਸਿਆ ਕਿ ਫਾਊਂਡੇਸ਼ਨ ਛੋਟੇ ਕਾਰਖਾਨੇਦਾਰਾਂ ਅਤੇ ਉਦਯੋਗਾਂ ਨਾਲ ਹਮੇਸ਼ਾ ਤੋਂ ਖੜ੍ਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਮਠਾੜੂ, ਅਵਤਾਰ ਸਿੰਘ ਭੋਗਲ, ਇੰਦਰਜੀਤ ਸਿੰਘ ਨਵਯੁਗ, ਅਮਰੀਕ ਸਿੰਘ ਘੜਿਆਲ, ਯਸ਼ਪਾਲ ਸ਼ਰਮਾ, ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।