ਸਰਕਾਰੀ ਖਰੀਦ ਸ਼ੁਰੂ ਹੋਣ ਕੰਢੇ ਪਰ ਸ਼ੈੱਲਰ ਮਾਲਕ ਝੋਨਾ ਚੁੱਕਣ ਤੋਂ ਇਨਕਾਰੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 28 ਸਤੰਬਰ
ਪੰਜਾਬ ਦੀਆਂ ਮੰਡੀਆਂ ’ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਪਰ ਸ਼ੈੱਲਰ ਮਾਲਕ ਅਤੇ ਆੜ੍ਹਤੀ ਵੱਲੋਂ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਕਾਰਨ ਹੜਤਾਲ ’ਤੇ ਜਾਣ ਕਾਰਨ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਮਾਛੀਵਾੜਾ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਬੇਸ਼ੱਕ ਇੱਥੇ ਵੀ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ, ਪਰ ਅਗੇਤਾ ਆਮ ਝੋਨਾ ਵਿਕਣ ਲਈ ਆ ਚੁੱਕਾ ਹੈ। ਜਾਣਕਾਰੀ ਅਨੁਸਾਰ ਕਰੀਬ 50 ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਕਿਸਾਨ ਮੰਡੀਆਂ ਵਿੱਚ ਵੇਚਣ ਲਈ ਲਿਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਖਰੀਦ ਸ਼ੁਰੂ ਹੋਣ ਦੀ ਉਡੀਕ ਹੈ। ਦੂਸਰੇ ਪਾਸੇ ਜੇਕਰ ਖਰੀਦ ਹਾਲਾਤਾਂ ’ਤੇ ਨਜ਼ਰ ਮਾਰੀ ਜਾਵੇ ਤਾਂ 2 ਦਿਨ ਦਾ ਸਮਾਂ ਰਹਿ ਗਿਆ ਹੈ ਪਰ ਅਜੇ ਤੱਕ ਮਾਛੀਵਾੜਾ ਇਲਾਕੇ ਦੇ ਕਿਸੇ ਵੀ ਸ਼ੈੱਲਰ ਮਾਲਕ ਨੇ ਇਸ ਝੋਨੇ ਦੀ ਝੜਾਈ ਸਬੰਧੀ ਖੁਰਾਕ ਸਪਲਾਈ ਵਿਭਾਗ ਕੋਲ ਆਪਣੀ ਅਲਾਟਮੈਂਟ ਨਹੀਂ ਕਰਵਾਈ ਹੈ। ਪਿਛਲੇ ਸਾਲ ਪਏ ਵੱਡੇ ਆਰਥਿਕ ਘਾਟੇ ਤੇ ਸਰਕਾਰ ਦੇ ਗੁਦਾਮਾਂ ਵਿੱਚ ਥਾਂ ਨਾ ਹੋਣ ਕਾਰਨ ਉਹ ਇਹ ਫਸਲ ਚੁੱਕਣ ਨੂੰ ਤਿਆਰ ਨਹੀਂ ਹਨ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਸ਼ੈੱਲਰ ਮਾਲਕਾਂ ’ਤੇ ਦਬਾਅ ਪਾ ਰਹੇ ਹਨ ਕਿ ਉਹ ਮੰਡੀਆਂ ’ਚੋਂ ਸਰਕਾਰੀ ਖਰੀਦ ਸ਼ੁਰੂ ਹੁੰਦੇ ਹੀ ਝੋਨੇ ਦੀ ਲਿਫਟਿੰਗ ਕਰਨ। ਮਾਛੀਵਾੜਾ ਇਲਾਕੇ ਦੇ ਖੇਤਾਂ ਵਿੱਚ ਸੈਂਕੜੇ ਏਕੜ ਫਸਲ ਪੱਕ ਕੇ ਤਿਆਰ ਖੜ੍ਹੀ ਹੈ ਅਤੇ ਪਹਿਲੀ ਅਕਤੂਬਰ ਤੋਂ ਹੋਰ ਝੋਨਾ ਮੰਡੀਆਂ ਵਿੱਚ ਵਿਕਣ ਲਈ ਆ ਜਾਵੇਗਾ। ਜੇਕਰ ਸ਼ੈੱਲਰ ਮਾਲਕਾਂ ਨੇ ਝੋਨਾ ਨਾ ਚੁੱਕਿਆ ਤਾਂ ਮੰਡੀਆਂ ਵਿੱਚ ਫਸਲ ਦੇ ਅੰਬਾਰ ਲੱਗ ਜਾਣਗੇ ਅਤੇ ਇਸ ਕਰਕੇ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇਗਾ। ਹਾਲਾਤ ਇਹ ਵੀ ਬਣ ਸਕਦੇ ਹਨ ਕਿ ਫਸਲ ਨਾ ਵਿਕਦੀ ਦਿਖਣ ’ਤੇ ਪ੍ਰੇਸ਼ਾਨ ਕਿਸਾਨ ਪ੍ਰਸਾਸ਼ਨ ਤੇ ਸਰਕਾਰ ਖ਼ਿਲਾਫ਼ ਗੁੱਸਾ ਕੱਢਣ। ਦੂਸਰੇ ਪਾਸੇ ਆੜ੍ਹਤੀਆਂ ਵੱਲੋਂ ਵੀ ਪਹਿਲੀ ਅਕਤੂਬਰ ਤੱਕ ਝੋਨੇ ਦੀ ਖਰੀਦ ਦਾ ਬਾਈਕਾਟ ਕੀਤਾ ਗਿਆ ਹੈ। ਜੇਕਰ ਆਉਣ ਵਾਲੇ 2 ਦਿਨਾਂ ਵਿਚ ਸਰਕਾਰ ਤੇ ਪ੍ਰਸਾਸ਼ਨ ਨੇ ਸ਼ੈੱਲਰ ਮਾਲਕਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਤਾਂ ਕਿਸਾਨ ਪ੍ਰੇਸ਼ਾਨ ਹੋਣਗੇ।
ਕੀ ਕਹਿਣਾ ਹੈ ਅਧਿਕਾਰੀ ਦਾ
ਜ਼ਿਲਾ ਖੁਰਾਕ ਅਧਿਕਾਰੀ ਸਿਫ਼ਾਲੀ ਚੋਪੜਾ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀਆਂ ’ਚੋਂ ਝੋਨੇ ਦੀ ਲਿਫਟਿੰਗ ਸਬੰਧੀ ਸ਼ੈੱਲਰ ਮਾਲਕਾਂ ਦੀ ਅਲਾਟਮੈਂਟ ਸਬੰਧੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸੁਚਾਰੂ ਢੰਗ ਨਾਲ ਚਲਾਉਣ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।