ਏਡਿਡ ਕਾਲਜਾਂ ਨੂੰ ਬਰਬਾਦ ਕਰਨ ਦੇ ਰਾਹ ਤੁਰੀ ਸਰਕਾਰ: ਚਮਕੌਰ ਸਿੰਘ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਲੁਧਿਆਣਾ ਇਕਾਈ ਦੀ ਮੀਟਿੰਗ ’ਚ ਸੂਬੇ ਦੇ 136 ਏਡਿਡ ਕਾਲਜਾਂ ਦੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਦਾ ਉਚੇਰੀ ਸਿੱਖਿਆ ਵਿਭਾਗ ਪਿਛਲੇ ਸਮੇਂ ਤੋਂ ਲਗਾਤਾਰ ਏਡਿਡ ਕਾਲਜਾਂ ਨੂੰ ਖਤਮ ਕਰਨ ਦੇ ਰਾਹ ਤੁਰਿਆ ਹੋਇਆ ਹੈ।
ਇਨ੍ਹਾਂ ਕਾਲਜਾਂ ਦੇ ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨੇ ਤੋਂ ਤਨਖਾਹ ਤੱਕ ਨਹੀਂ ਮਿਲੀ। ਇਸ ਸਬੰਧੀ ਪੀਸੀਸੀਟੀਯੂ ਦੇ ਜਨਰਲ ਸਕੱਤਰ ਡਾ. ਗੁਰਦਾਸ ਸਿੰਘ ਸੇਖੋਂ ਨੇ 20 ਅਤੇ 26 ਜੂਨ ਨੂੰ ਪ੍ਰਿੰਸੀਪਲ ਸੈਕਟਰੀ ਉੱਚ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਬੇਨਤੀ ਵੀ ਕੀਤੀ ਗਈ ਸੀ। ਡਾ. ਚਮਕੌਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲਾਭ ਦੇਣ ਲਈ ਸੈਂਟਰਲ ਪੋਰਟਲ ਰਾਹੀਂ ਦਾਖਲੇ ਕਰਨ ਦੇ ਹੁਕਮ ਚਾੜ੍ਹ ਦਿੱਤੇ ਗਏ। ਜਦੋਂ ਕਾਲਜਾਂ ਦੇ ਪ੍ਰਬੰਧਕਾਂ, ਪ੍ਰਿੰਸੀਪਲ ਐਸੋਸੀਏਸ਼ਨ ਅਤੇ ਪੀਸੀਸੀਟੀਯੂ ਵੱਲੋਂ ਵਿਰੋਧ ਕੀਤਾ ਗਿਆ ਤਾਂ ਅਧਿਆਪਕਾਂ ’ਤੇ ਦਬਾਅ ਪਾਉਣ ਤਹਿਤ ਡੀਪੀਆਈ ਦਫਤਰ ਦੇ ਬਾਬੂਆਂ ਨੇ ਕਥਿਤ ਤੌਰ ’ਤੇ ਤਨਖਾਹਾਂ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਸਰਕਾਰ ਦੀ ਗੱਲ ਮੰਨੀਂ ਤੇ ਸੈਂਟਰਲ ਪੋਰਟਲ ਰਾਹੀਂ ਦਾਖਲੇ ਸ਼ੁਰੂ ਕੀਤੇ ਪਰ ਅਫਸੋਸ ਤਨਖਾਹਾਂ ਨਹੀਂ ਮਿਲੀਆਂ।