For the best experience, open
https://m.punjabitribuneonline.com
on your mobile browser.
Advertisement

ਭਾਰਤੀ ਵਿਦਿਆਰਥੀਆਂ ਨੂੰ ਪੀਆਰ ਦੇਣ ਦਾ ਰਾਹ ਕੱਢੇਗੀ ਕੈਨੇਡਾ ਸਰਕਾਰ

05:39 PM Jun 23, 2023 IST
ਭਾਰਤੀ ਵਿਦਿਆਰਥੀਆਂ ਨੂੰ ਪੀਆਰ ਦੇਣ ਦਾ ਰਾਹ ਕੱਢੇਗੀ ਕੈਨੇਡਾ ਸਰਕਾਰ
Advertisement

ਟੋਰਾਂਟੋ, 13 ਜੂਨ

Advertisement

ਮੁੱਖ ਅੰਸ਼

Advertisement

  • ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਸੰਸਦ ਵਿਚ ਦਿੱਤੀ ਜਾਣਕਾਰੀ
  • ਵਿਦਿਆਰਥੀਆਂ ਨੂੰ ਕੈਨੇਡਾ ‘ਚ ਰਹਿਣ ਦਾ ਮੌਕਾ ਦੇਣ ਲਈ ਵਿਕਸਿਤ ਕੀਤੀ ਜਾਵੇਗੀ ਪ੍ਰਕਿਰਿਆ

ਕੈਨੇਡਾ ਤੋਂ ਡਿਪੋਰਟ ਹੋਣ ਦੇ ਜੋਖ਼ਮ ਦਾ ਸਾਹਮਣਾ ਕਰ ਰਹੇ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਰੋਕਣ ਲਈ ਉੱਥੋਂ ਦੀ ਸਰਕਾਰ ਇਕ ਪ੍ਰਕਿਰਿਆ ਉਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਜਿਨ੍ਹਾਂ ਵਿਚ ਬਹੁਤੇ ਪੰਜਾਬੀ ਹਨ, ‘ਤੇ ਫ਼ਰਜ਼ੀ ਦਾਖ਼ਲਾ ਪੱਤਰਾਂ ਰਾਹੀਂ ਵੀਜ਼ਾ ਲੈਣ ਦੇ ਦੋਸ਼ ਲੱਗੇ ਹਨ। ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੁਣ ਇਹ ਸਾਬਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਨ੍ਹਾਂ ਦਾ ਫਾਇਦਾ ਉਠਾਇਆ ਗਿਆ ਹੈ। ਵਿਦਿਆਰਥੀਆਂ ਦੇ ਦਾਖ਼ਲਾ ਪੱਤਰ (ਐਡਮਿਸ਼ਨ ਲੈਟਰ) ਜਾਅਲੀ ਹੋਣ ਬਾਰੇ ਪ੍ਰਸ਼ਾਸਨ ਨੂੰ ਮਾਰਚ ਵਿਚ ਪਤਾ ਲੱਗਾ ਸੀ ਜਦ ਇਹ ਪੱਕੀ ਰਿਹਾਇਸ਼ (ਪੀਆਰ) ਲਈ ਅਪਲਾਈ ਕਰ ਰਹੇ ਸਨ। ਸੋਮਵਾਰ ਸੰਸਦ ਵਿਚ ਜਵਾਬ ਦਿੰਦਿਆਂ ਫਰੇਜ਼ਰ ਨੇ ਕਿਹਾ ਕਿ ‘ਬੇਕਸੂਰ ਵਿਦਿਆਰਥੀ, ਜੋ ਕਿ ਧੋਖਾਧੜੀ ਦੇ ਸ਼ਿਕਾਰ ਹਨ’, ਨੂੰ ਇਹ ਸਾਬਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਨ੍ਹਾਂ ਦਾ ਫਾਇਦਾ ਉਠਾਇਆ ਗਿਆ ਹੈ। ਸਰਕਾਰ ਇਸ ਲਈ ਇਕ ‘ਢੁੱਕਵਾਂ ਹੱਲ’ ਉਪਲਬਧ ਕਰਾਏਗੀ। ਉਨ੍ਹਾਂ ਨਾਲ ਹੀ ਕਿਹਾ ਕਿ ਭਵਿੱਖ ਬਾਰੇ ਬਣੀ ਇਸ ਬੇਯਕੀਨੀ ਕਾਰਨ ਕਈ ਵਿਦਿਆਰਥੀ ਮਾਨਸਿਕ ਤਣਾਅ ਦਾ ਸ਼ਿਕਾਰ ਹਨ। ਐੱਨਡੀਪੀ ਮੈਂਬਰ ਜੇਨੀ ਕਵਾਨ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਫਰੇਜ਼ਰ ਨੇ ਇਹ ਟਿੱਪਣੀ ਕੀਤੀ ਹੈ। ਹਾਲਾਂਕਿ ਮੰਤਰੀ ਨੇ ਨਾਲ ਹੀ ਕਿਹਾ ਕਿ ਧੋਖੇਬਾਜ਼ਾਂ ਜਾਂ ਇਸ ਸਾਜ਼ਿਸ਼ ਵਿਚ ਸ਼ਾਮਲ ਵਿਅਕਤੀਆਂ ਨੂੰ ਕੈਨੇਡਾ ਦੇ ਕਾਨੂੰਨ ਦੀ ਪਾਲਣਾ ਨਾ ਕਰਨ ਦਾ ਨਤੀਜਾ ਭੁਗਤਣਾ ਪਏਗਾ। ਜ਼ਿਕਰਯੋਗ ਹੈ ਕਿ ਭਾਰਤ ਕਈ ਵਾਰ ਇਨ੍ਹਾਂ ਵਿਦਿਆਰਥੀਆਂ ਦਾ ਮੁੱਦਾ ਕੈਨੇਡੀਅਨ ਅਥਾਰਿਟੀ ਕੋਲ ਉਠਾ ਚੁੱਕਾ ਹੈ ਤੇ ਮਨੁੱਖੀ ਪਹੁੰਚ ਅਪਨਾਉਣ ਦਾ ਸੱਦਾ ਦਿੱਤਾ ਹੈ ਕਿਉਂਕਿ ਵਿਦਿਆਰਥੀ ਏਜੰਟ ਦੀ ਧੋਖਾਧੜੀ ਦੇ ਪੀੜਤ ਹਨ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਉਨ੍ਹਾਂ ਇਹ ਮਾਮਲਾ ਕੈਨੇਡੀਅਨ ਸਰਕਾਰ ਕੋਲ ਉਠਾਇਆ ਹੈ। ਉਨ੍ਹਾਂ ਕਿਹਾ ਸੀ ਕਿ ਗੁਮਰਾਹ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਚੰਗੀ ਭਾਵਨਾ ਨਾਲ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕੈਨੇਡਾ ਦੀ ਸੰਸਦੀ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਪਾ ਕੇ ਬਾਰਡਰ ਸਰਵਿਸ ਏਜੰਸੀ ਨੂੰ ਬੇਨਤੀ ਕੀਤੀ ਸੀ ਕਿ ਏਜੰਟ ਦੀ ਧੋਖਾਧੜੀ ਦੇ ਪੀੜਤ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ। ਪਿਛਲੇ ਹਫ਼ਤੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਹੈ, ਤੇ ਪੀੜਤਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਰਹੀ, ਸਾਰਾ ਧਿਆਨ ਧੋਖਾਧੜੀ ਕਰਨ ਵਾਲਿਆਂ ਉਤੇ ਲੱਗਾ ਹੈ। -ਪੀਟੀਆਈ

Advertisement
Advertisement