For the best experience, open
https://m.punjabitribuneonline.com
on your mobile browser.
Advertisement

ਖੇਤੀ ਨੂੰ ਨਵੇਂ ਰਾਹ ’ਤੇ ਲਿਜਾਣ ਲਈ ਕਿਸਾਨਾਂ ਦੀ ਮਦਦ ਕਰ ਰਹੀ ਹੈ ਸਰਕਾਰ: ਮੋਦੀ

07:48 AM Feb 20, 2024 IST
ਖੇਤੀ ਨੂੰ ਨਵੇਂ ਰਾਹ ’ਤੇ ਲਿਜਾਣ ਲਈ ਕਿਸਾਨਾਂ ਦੀ ਮਦਦ ਕਰ ਰਹੀ ਹੈ ਸਰਕਾਰ  ਮੋਦੀ
Advertisement

* ਕੁਦਰਤੀ ਖੇਤੀ ਤੇ ਮੋਟੇ ਅਨਾਜ ’ਤੇ ਅਸੀਂ ਧਿਆਨ ਕੇਂਦਰਤ ਕੀਤਾ: ਪ੍ਰਧਾਨ ਮੰਤਰੀ
* ‘ਯੂਪੀ ’ਚ ਡਬਲ ਇੰਜਣ ਸਰਕਾਰ ਨੇ ‘ਲਾਲ ਫੀਤਾਸ਼ਾਹੀ’ ਨੂੰ ਨਿਵੇਸ਼ਕਾਂ ਲਈ ‘ਲਾਲ ਕਾਲੀਨ’ ’ਚ ਬਦਲਿਆ’

Advertisement

ਲਖਨਊ, 19 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖੇਤੀ ਨੂੰ ਨਵੇਂ ਰਾਹਤ ’ਤੇ ਲਿਜਾਣ ਲਈ ਕਿਸਾਨਾਂ ਦੀ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਦਰਤੀ ਖੇਤੀ ਅਤੇ ਮੋਟੇ ਅਨਾਜ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੁਨੀਆ ਭਰ ’ਚ ਖਾਣੇ ਦੀਆਂ ਮੇਜ਼ਾਂ ’ਤੇ ਭਾਰਤੀ ਖੁਰਾਕੀ ਉਤਪਾਦ ਹੋਣ ਦੇ ਸਾਂਝੇ ਟੀਚੇ ਪ੍ਰਤੀ ਕੰਮ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੰਜਾਬ ’ਚ ਕਿਸਾਨ ਫ਼ਸਲਾਂ ਦੀ ਐੱਮਐੱਸਪੀ ’ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਮੰਗਾਂ ਮਨਵਾਉਣ ਲਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਪੀ ’ਚ ਡਬਲ ਇੰਜਣ ਸਰਕਾਰ ਦੇ ਸੱਤ ਸਾਲਾਂ ’ਚ ‘ਲਾਲ ਫੀਤਾਸ਼ਾਹੀ’ ਨੂੰ ਨਿਵੇਸ਼ਕਾਂ ਲਈ ‘ਲਾਲ ਕਾਲੀਨ’ ’ਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਵਪਾਰ, ਵਿਕਾਸ ਅਤੇ ਵਿਸ਼ਵਾਸ ਦਾ ਮਾਹੌਲ ਬਣਿਆ ਹੈ। ਉਨ੍ਹਾਂ ਉੱਤਰ ਪ੍ਰਦੇਸ਼ ’ਚ 10 ਲੱਖ ਕਰੋੜ ਰੁਪਏ ਮੁੱਲ ਦੇ 14 ਹਜ਼ਾਰ ਪ੍ਰਾਜੈਕਟਾਂ ਦਾ ਆਗਾਜ਼ ਕੀਤਾ। ਮੋਦੀ ਨੇ ਕਿਹਾ,‘‘ਅਸੀਂ ਦੇਸ਼ ਦੀ ਖੇਤੀ ਨੂੰ ਨਵੇਂ ਰਾਹ ’ਤੇ ਲਿਜਾਣ ਲਈ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ। ਮੋਟੇ ਅਨਾਜ ਵਰਗੇ ਸੁਪਰਫੂਡ ’ਚ ਨਿਵੇਸ਼ ਦਾ ਇਹ ਸਹੀ ਸਮਾਂ ਹੈ।’’ ਉਨ੍ਹਾਂ ਉੱਤਰ ਪ੍ਰਦੇਸ਼ ’ਚ ਗੰਗਾ ਦੇ ਕੰਢਿਆਂ ਉਪਰ ਵੱਡੇ ਪੱਧਰ ’ਤੇ ਕੁਦਰਤੀ ਖੇਤੀ ਦੇ ਉਭਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਪਹੁੰਚਣ ਦੇ ਨਾਲ ਨਾਲ ਪਵਿੱਤਰ ਦਰਿਆਵਾਂ ਦੀ ਸ਼ੁੱਧਤਾ ਕਾਇਮ ਰੱਖਣ ’ਚ ਸਹਾਇਤਾ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਫੂਡ ਪ੍ਰੋਸੈਸਿੰਗ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ‘ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ’ ਨੂੰ ਤਰਜੀਹ ਦੇਣ। ਉਨ੍ਹਾਂ ਸਿਧਾਰਥ ਨਗਰ ਦੇ ਕਾਲਾ ਨਮਕ ਚੌਲਾਂ ਅਤੇ ਚੰਦੌਲੀ ਦੇ ਕਾਲੇ ਚੌਲਾਂ ਜਿਹੇ ਸਫ਼ਲ ਉਤਪਾਦਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਦੀ ਬਰਾਮਦ ਕੀਤੀ ਜਾ ਰਹੀ ਹੈ। ਮੋਦੀ ਨੇ ਉੱਦਮੀਆਂ ਨੂੰ ਕਿਸਾਨਾਂ ਨਾਲ ਭਾਈਵਾਲੀ ਕਰਨ ਲਈ ਪ੍ਰੇਰਿਤ ਕੀਤਾ। ਨਿਵੇਸ਼ਕਾਂ ਨੂੰ ਉਨ੍ਹਾਂ ਕਿਹਾ ਕਿ ਕਿਸਾਨ ਅਤੇ ਖੇਤੀ ਦੇ ਲਾਭਕਾਰੀ ਹੋਣ ਦਾ ਤੁਹਾਡੇ ਕਾਰੋਬਾਰ ਲਈ ਵੀ ਵਧੀਆ ਹੈ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਜਾਏ ਚਰਨ ਸਿੰਘ ਨੂੰ ਵੱਕਾਰੀ ਪੁਰਸਕਾਰ ਕਰੋੜਾਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਨਮਾਨ ਹੈ। ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਸਿਰਫ਼ ਇਕ ਪਰਿਵਾਰ ਦੇ ਮੈਂਬਰਾਂ ਨੂੰ ਭਾਰਤ ਰਤਨ ਦੇਣ ’ਚ ਲੱਗੀ ਰਹੀ ਸੀ ਅਤੇ ਉਸ ਨੇ ਕਈ ਦਹਾਕਿਆਂ ਤੱਕ ਬੀ ਆਰ ਅੰਬੇਡਕਰ ਨੂੰ ਇਹ ਵੱਕਾਰੀ ਪੁਰਸਕਾਰ ਨਹੀਂ ਦਿੱਤਾ ਸੀ। -ਪੀਟੀਆਈ

ਮੋਦੀ ਵੱਲੋਂ ਜੰਮੂ ’ਚ ਏਮਸ ਕੈਂਪਸ ਦਾ ਉਦਘਾਟਨ ਅੱਜ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਜੰਮੂ ’ਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਦੇ ਕੈਂਪਸ ਦਾ ਉਦਘਾਟਨ ਕਰਨਗੇ। ਮੋਦੀ ਨੇ ਫਰਵਰੀ 2019 ’ਚ ਇਸ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਨੂੰ ਪ੍ਰਧਾਨ ਮੰਤਰੀ ਸਵਸਥਯਾ ਸੁਰੱਕਸ਼ਾ ਯੋਜਨਾ ਤਹਿਤ ਸਥਾਪਿਤ ਕੀਤਾ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜੰਮੂ ਦੇ ਮੌਲਾਣਾ ਆਜ਼ਾਦ ਸਟੇਡੀਅਮ ’ਚ ਇਕ ਸਮਾਗਮ ਨੂੰ ਸੰਬੋਧਨ ਕਰਨ ਦੇ ਨਾਲ ਨਾਲ 30,500 ਕਰੋੜ ਰੁਪਏ ਮੁੱਲ ਦੇ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰਖਣਗੇ। ਉਹ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ। -ਏਐੱਨਆਈ

Advertisement
Author Image

joginder kumar

View all posts

Advertisement
Advertisement
×