ਸਿੱਖਿਆ ਨੂੰ ਮਿਆਰੀ ਬਣਾਉਣ ਲਈ ਸਰਕਾਰ ਵਚਨਬੱਧ: ਅੰਮ੍ਰਿਤਲਾਲ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਤਲਾਬ ਬਸਤੀ 4-5 ਵਿੱਚ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵੱਲੋਂ ਸਕੂਲ ਦੇ ਮੇਨ ਗੇਟ ਦਾ ਉਦਘਾਟਨ ਵੀ ਕੀਤਾ ਗਿਆ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਸਰਕਾਰ ਦੇ ਤਰਜੀਹ ਹਨ ਅਤੇ ਇਨ੍ਹਾਂ ਦੇ ਮਿਆਰ ਨੂੰ ਉਚਾ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ’ਚ ਜਿੱਥੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਉਥੇ ਸੂਬੇ ਭਰ ’ਚ 117 ਸਕੂਲ ਆਫ਼ ਐਮੀਨੈਂਸ ਵੀ ਖੋਲ੍ਹੇ ਗਏ ਹਨ। ਇਸ ਮੌਕੇ ਉਨ੍ਹਾਂ ਸਕੂਲ ਨੂੰ ਲੋੜੀਂਦੇ ਸ਼ੈੱਡ ਅਤੇ ਆਰ.ਓ ਲਈ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਪ੍ਰੋਗਰਾਮ ਦਾ ਆਗ਼ਾਜ਼ ਇੱਕ ਧਾਰਮਿਕ ਗੀਤ ਨਾਲ ਹੋਇਆ। ਸਮਾਗਮ ਦੌਰਾਨ 180 ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਅਤੇ ਸਿੱਖਿਆਦਾਇਕ 19 ਪੇਸ਼ਕਾਰੀਆਂ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਸਟੇਜੀ ਵੰਨਗੀਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਮੀਨਾ ਭਾਰਤੀ ਨੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ। ਮੰਚ ਸੰਚਾਲਨ ਬਲਵਿੰਦਰ ਕੁਮਾਰ ਅਤੇ ਰਮਨ ਕੌਰ ਵੱਲੋਂ ਕੀਤਾ ਗਿਆ।