ਬੁਨਿਆਦੀ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ: ਸੰਦੀਪ ਸਿੰਘ
ਸੱਤਪਾਲ ਰਾਮਗੜ੍ਹੀਆ
ਪਿਹੋਵਾ, 6 ਫਰਵਰੀ
ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ| ਪਿਛਲੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੇ 20 ਤੋਂ ਵੱਧ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਬਣ ਚੁੱਕੇ ਹਨ। ਇਸ ਤੋਂ ਇਲਾਵਾ ਪਿਹੋਵਾ ਅਤੇ ਇਸਮਾਇਲਾਬਾਦ ਵਿੱਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਬਣਾਏ ਗਏ ਹਨ। ਕੈਬਨਿਟ ਮੰਤਰੀ ਸੰਦੀਪ ਸਿੰਘ ਅੱਜ ਪਿੰਡ ਮੋਹਨਪੁਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਉਨ੍ਹਾਂ ਕਿਹਾ ਕਿ ਜਲਦੀ ਹੀ 8 ਹੋਰ ਨਵੇਂ ਕਮਿਊਨਿਟੀ ਸੈਂਟਰ ਬਣਾਏ ਜਾਣਗੇ। ਉਨ੍ਹਾਂ ਲਈ ਲੋੜੀਂਦੇ ਪਿੰਡਾਂ ਤੇ ਥਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਾਰਚ ਮਹੀਨੇ ਤੋਂ ਪਹਿਲਾਂ ਸਥਾਨ ਤੈਅ ਕਰਕੇ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ ਤਾਂ ਜੋ ਇੱਥੇ ਵੀ ਕਮਿਊਨਿਟੀ ਸੈਂਟਰ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਇਲਾਕੇ ਲਈ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ’ਤੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।