ਜਮਹੂਰੀਅਤ ’ਚ ਪੰਜ ਸਾਲ ਬਾਅਦ ਨੰਬਰ ਦਿੰਦੇ ਨੇ ਲੋਕ: ਵਿੱਜ
ਰਤਨ ਸਿੰਘ ਢਿੱਲੋਂ
ਅੰਬਾਲਾ, 17 ਅਕਤੂਬਰ
ਪੰਚਕੂਲਾ ਵਿਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੰਬਾਲਾ ਕੈਂਟ ਤੋਂ 7ਵੀਂ ਵਾਰ ਵਿਧਾਇਕ ਬਣੇ ਅਨਿਲ ਵਿੱਜ ਦਾ ਦੇਰ ਸ਼ਾਮ ਨੂੰ ਸਰਕਟ ਹਾਊਸ ਪਹੁੰਚਣ ਤੇ ਵਰਕਰਾਂ ਅਤੇ ਸਮਰਥਕਾਂ ਦੀ ਭੀੜ ਨੇ ਸ਼ਾਨਦਾਰ ਸਵਾਗਤ ਕੀਤਾ।
ਕੈਬਨਿਟ ਮੰਤਰੀ ਵਜੋਂ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ’ਚ ਅਨਿਲ ਵਿੱਜ ਨੇ ਕਿਹਾ ਕਿ ਜਮਹੂਰੀਅਤ ’ਚ ਲੋਕ ਪੰਜ ਸਾਲ ਬਾਅਦ ਨੰਬਰ ਦਿੰਦੇ ਹਨ। ਅੱਜ ਭਾਜਪਾ ਨੇ ਹਰਿਆਣਾ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ ਹੈ। ਇਹ ਪ੍ਰਦੇਸ਼ ਅਤੇ ਦੇਸ਼ ਲਈ ਅਤੇ ਦੇਸ਼ ਦੀ ਰਾਜਨੀਤੀ ਲਈ ਬਹੁਤ ਇਤਿਹਾਸਕ ਦਿਨ ਹੈ ਕਿਉਂਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਬਹੁਤੀਆਂ ਸਰਕਾਰਾਂ ਨਕਾਰਾਤਮਕ ਕੰਮਾਂ ਨੂੰ ਉਜਾਗਰ ਕਰਦੀਆਂ ਰਹੀਆਂ ਹਨ।’’ ਉਨ੍ਹਾਂ ਆਖਿਆ ਕਿ ਲੋਕਾਂ ਨੇ ਸਰਕਾਰ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ’ਤੇ ਮੋਹਰ ਲਾਈ ਹੈ। ਸਾਡੀ ਸਰਕਾਰ ਨੇ ਪਾਰਦਰਸ਼ਤਾ ਨਾਲ ਕੰਮ ਕੀਤਾ ਹੈ।
ਵਿੱਜ ਨੇ ਕਿਹਾ, ‘‘ਲੋਕਤੰਤਰ ਹੰਢ ਚੁੱਕਾ ਹੈ, ਹੁਣ ਲੋਕ ਬੱਚੇ ਨਹੀਂ ਰਹੇ, ਉਹ ਪੰਜ ਸਾਲ ਦੇਖਦੇ ਹਨ ਕਿ ਸਰਕਾਰ ਕੀ ਕੰਮ ਕਰ ਰਹੀ ਹੈ। ਉਹ ਹਰ ਕੰਮ ਤੇ ਨਜ਼ਰ ਰੱਖਦੇ ਹਨ ਅਤੇ ਪੰਜ ਸਾਲ ਤੋਂ ਬਾਅਦ ਨੰਬਰ ਦਿੰਦੇ ਹਨ। ਅਸੀਂ ਬਿਨਾ ਕਿਸੇ ਦੇ ਸਹਿਯੋਗ ਤੋਂ ਇਕੱਲਿਆਂ ਨੇ ਨਵੀਂ ਸਰਕਾਰ ਬਣਾਈ ਹੈ।’’ ਇਸ ਦੌਰਾਨ ਉਨ੍ਹਾ ਆਖਿਆ ਕਿ ਉਹ ਅੰਬਾਲਾ ਦੇ ਵਿਕਾਸ ਕਾਰਜ ਰੁਕਣ ਨਹੀਂ ਦੇਣਗੇ। ਉਨ੍ਹਾਂ ਆਖਿਆ ਕਿ ਅੰਬਾਲਾ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਰਫ਼ਾਤਾਰ ਦਿੱਤੀ ਜਾਵੇਗੀ ਤੇ ਲੋਕਾਂ ਦੀਆਂ ਮੁਸ਼ਕਲਾਂ ਦੀ ਹੱਲ ਕੀਤਾ ਜਾਵੇਗਾ।