ਸਰਕਾਰ ਵੱਲੋਂ ਸੋਨਾ ਮੁਦਰੀਕਰਨ ਸਕੀਮ ਬੰਦ
ਨਵੀਂ ਦਿੱਲੀ, 26 ਮਾਰਚ
ਸਰਕਾਰ ਨੇ ਮਾਰਕੀਟ ਦੀ ਬਦਲਦੀ ਸਥਿਤੀ ਦੇ ਮੱਦੇਨਜ਼ਰ ਅੱਜ (ਬੁੱਧਵਾਰ) ਤੋਂ ਸ਼ੁਰੂ ਹੋਣ ਵਾਲੀ ਸੋਨਾ ਮੁਦਰੀਕਰਨ ਯੋਜਨਾ (ਜੀਐੱਮਐੱਸ) ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਮੰਗਲਵਾਰ ਨੂੰ ਬਿਆਨ ’ਚ ਕਿਹਾ ਕਿ ਹਾਲਾਂਕਿ ਬੈਂਕਾਂ ਆਪਣੀਆਂ ਥੋੜ੍ਹੀ ਮਿਆਦ ਵਾਲੀਆਂ ਸੋਨਾ ਜਮ੍ਹਾਂ ਸਕੀਮਾਂ (1 ਤੋਂ 3 ਸਾਲ) ਜਾਰੀ ਰੱਖ ਸਕਦੀਆਂ ਹਨ।
ਨਵੰਬਰ 2024 ਤੱਕ ਜੀਐੱਮਐੱਸ ਤਹਿਤ ਲਗਪਗ 31,164 ਕਿੱਲੋ ਸੋਨਾ ਇਕੱਠਾ ਹੋਇਆ ਹੈ। ਸੋਨਾ ਮੁਦਰੀਕਰਨ ਸਕੀਮ ਦਾ ਐਲਾਨ 15 ਸਤੰਬਰ 2015 ਨੂੰ ਕੀਤਾ ਗਿਆ ਸੀ ਜਿਸ ਦਾ ਉਦੇਸ਼ ਸੋਨੇ ਦੀ ਦਰਾਮਦ ਤੋਂ ਨਿਰਭਰਤਾ ਘਟਾਉਣਾ ਸੀ ਅਤੇ ਉਤਪਾਦਕ ਉਦੇਸ਼ਾਂ ਲਈ ਇਸ ਦੀ ਵਰਤੋਂ ਸੁਚਾਰੂ ਬਣਾਉਣ ਲਈ ਦੇਸ਼ ’ਚ ਘਰਾਂ ਤੇ ਸੰਸਥਾਵਾਂ ਵੱਲੋਂ ਰੱਖੇ ਗਏ ਸੋਨੇ ਨੂੰ ਇਕੱਠਾ ਕਰਨਾ ਸੀ। ਜੀਐੱਮਐੈੱਸ ਵਿੱਚ ਛੋਟੀ ਮਿਆਦ ਦੀ ਬੈਂਕ ਡਿਪੌਜ਼ਿਟ ਸਕੀਮ (1-3 ਸਾਲ), ਦਰਮਿਆਨੀ ਮਿਆਦ ਦੀ ਸਰਕਾਰੀ ਜਮ੍ਹਾਂ ਸਕੀਮ (5-7 ਸਾਲ) ਅਤੇ ਲੰਬੀ ਮਿਆਦ ਦੀ ਸਰਕਾਰੀ ਜਮ੍ਹਾਂ ਸਕੀਮ (12-15 ਸਾਲ) ਸ਼ਾਮਲ ਹਨ।
ਮੰਤਰਾਲੇ ਨੇ ਕਿਹਾ, ‘‘ਸੋਨਾ ਮੁਦਰੀਕਰਨ ਸਕੀਮ (ਜੀਐੱਮਐੱਸ) ਦੇ ਮੁਲਾਂਕਣ ਤੇ ਮਾਰਕੀਟ ’ਚ ਉੱਭਰ ਰਹੀਆਂ ਸਥਿਤੀਆਂ ਦੇ ਆਧਾਰ ’ਤੇ 26 ਮਾਰਚ 2025 ਤੋਂ ਜੀਐੱਮਐੱਸ ਰਾਹੀਂ ਮਿਆਦੀ ਲੰਬੇ ਸਮੇਂ ਲਈ ਸਰਕਾਰੀ ਜਮ੍ਹਾਂ (ਐੱਮਐੱਲਟੀਜੀਡੀ) ਕੰਪੋਨੈਂਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।’’ -ਪੀਟੀਆਈ