ਅਹਾਤੇ ਵਿੱਚ ਅੱਗ ਲੱਗਣ ਨਾਲ ਸਾਮਾਨ ਸੜਿਆ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਇੱਥੇ ਦੇ ਦੁੱਗਰੀ ਮੇਨ ਰੋਡ ’ਤੇ ਬਣੇ ਸ਼ਰਾਬ ਦੇ ਠੇਕੇ ਕੋਲ ਅਹਾਤੇ ’ਚ ਵੀਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਅੱਗ ਜ਼ਿਆਦਾ ਫੈਲ ਗਈ। ਆਸ ਪਾਸ ਦੇ ਲੋਕਾਂ ਨੇ ਅੱਗ ਦੇਖੀ ਤਾਂ ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ। ਇੱਕ ਤੋਂ ਬਾਅਦ ਇੱਕ ਚਾਰ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ ’ਤੇ ਪੁੱਜ ਤਕਰੀਬਨ 1 ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜੇਕਰ ਸਮਾਂ ਰਹਿੰਦੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨਾ ਪੁੱਜਦੀਆਂ ਤਾਂ ਅੱਗ ਹੋਰ ਜ਼ਿਆਦਾ ਵੱਧ ਸਕਦੀ ਹੈ ਤੇ ਸ਼ਰਾਬ ਦੇ ਕਾਰਨ ਅੱਗ ਹੋਰ ਵੀ ਜ਼ਿਆਦਾ ਫੈਲ ਸਕਦੀ ਸੀ। ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਬਾਕੀ ਅੱਗ ਬੁਝਾਊ ਅਮਲੇ ਦੀ ਦੀ ਟੀਮ ਜਾਂਚ ਕਰਨ ’ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਦੁੱਗਰੀ ਮੇਨ ਰੋਡ ’ਤੇ ਠੇਕੇ ਦੇ ਬਿਲਕੁਲ ਨਾਲ ਸ਼ਰਾਬ ਪੀਣ ਲਈ ਅਹਾਤਾ ਬਣਿਆ ਹੋਇਆ ਹੈ। ਵੀਰਵਾਰ ਦੀ ਸਵੇਰੇ ਸਾਰੇ ਮੁਲਾਜ਼ਮ ਬਾਹਰ ਆਰਾਮ ਨਾਲ ਗੱਲਾਂ ਕਰ ਰਹੇ ਸਨ। ਇਸ ਦੌਰਾਨ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋਏ। ਇਸ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਇਸਦੀ ਜਾਣਕਾਰੀ ਦਿੱਤੀ ਗਈ। ਜਿਸ ਮਗਰੋਂ ਅੱਗ ਬੁਝਾਊ ਅਮਲੇ ਦੀਆਂ 4 ਗੱਡੀਆਂ ਨੇ ਮੌਕੇ ’ਤੇ ਪੁੱਜ ਕਰੀਬ ਇੱਕ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜਿਸ ਤੋਂ ਬਾਅਦ ਦੇਖਿਆ ਤਾਂ ਫਰਨੀਚਰ ਦੇ ਨਾਲ ਨਾਲ ਉਥੇਂ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।