ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਲਵਿਦਾ ਦੋਸਤ! ਮੁੜ ਆਉਣ ਤੱਕ

09:19 AM Dec 30, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਬਲਦੇਵ ਸਿੰਘ (ਸੜਕਨਾਮਾ)
Advertisement

ਪੋ੍. ਕੌਤਕੀ ਦਾ ਫੋਨ ਆਇਆ, ‘‘ਵਾਪਸ ਜਾ ਰਿਹਾਂ।’’
‘‘ਕਦੋਂ?’’ ਮੈਂ ਕਾਹਲੀ ਨਾਲ ਪੁੱਛਿਆ।
‘‘ਕੱਲ੍ਹ ਗਿਆਰਾਂ ਕੁ ਵਜੇ ਨਿਕਲੂੰਗਾ ਦਿੱਲੀ ਏਅਰਪੋਰਟ ਲਈ, ਰਾਤ ਦੀ ਫਲਾਈਟ ਐ।’’
‘‘ਤੇਰੀ ਕਿਸਮਤ ’ਚ ਓਡਾਂ ਦੀ ਗਧੀ ਆਂਗੂ ਟਿਕ ਕੇ ਬੈਠਣਾ ਨ੍ਹੀਂ ਲਿਖਿਆ।’’ ਮੈਂ ਹੱਸਦਿਆਂ ਕਿਹਾ।
‘‘ਤੁਲਨਾ ਕਰਨ ਲਈ ਸ਼ੁਕਰੀਆ।’’ ਉਹ ਵੀ ਹੱਸਿਆ, ਪਰ ਲਹਿਜ਼ੇ ਵਿਚ ਨਾਰਾਜ਼ਗੀ ਝਲਕੀ।
‘‘ਆ ਜਾ ਫਿਰ ਇਸ ਫੇਰੀ ਦੀ ਆਖ਼ਰੀ ਮਿਲਣੀ ਹੋ ਜੇ। ਹੁਣ ਕਾਲਜ ਵਾਲੇ ਦਿਨ ਤਾਂ ਰਹੇ ਨ੍ਹੀਂ। ਬੁੱਢਾ ਹੋਇਆ ਸ਼ੇਖ ਫ਼ਰੀਦ ਵਾਲੀ ਹਾਲਤ ਬਣੀ ਪਈ ਐ। ਜੇ ਨਾ ਆਇਆ ਗਿਆ ਤਾਂ ਮੇਰੀ ਫਤਿਹ ਸਮਝ ਲੈ।’’ ਤੇ ਕਾਲ ਬੰਦ ਹੋ ਗਈ।
ਕੌਤਕੀ ਦਾ ਫੋਨ ਆਏ ਨੂੰ ਪੌਣਾ ਕੁ ਘੰਟਾ ਬੀਤਿਆ ਸੀ, ਉਹ ਦਰਾਂ ’ਚ ਆਣ ਖੜ੍ਹਾ ਤੇ ਬਾਹਰੋਂ ਹੀ ਬੋਲਿਆ-
‘‘ਤੂੰ ਵੀ ਕੀ ਯਾਦ ਕਰੇਂਗਾ, ਮੈਂ ਸੋਚਿਆ ਓਡਾਂ ਦੀ ਗਧੀ ਵਾਂਗੂ ਗੇੜਾ ਕੱਢ ਹੀ ਆਵਾਂ, ਕੱਲ੍ਹ ਦਾ ਪਤਾ ਨਹੀਂ, ਕਿੱਥੇ ਹੋਣਾ।’’ ਕਹਿੰਦਾ ਉਹ ਅੰਦਰ ਲੰਘ ਆਇਆ।
‘‘ਕੌਤਕੀ ਤੂੰ ਖਾਂਦਾ ਕੀ ਐਂ ਯਾਰ? ਜਦੋਂ ਵੀ ਤੂੰ ਮਿਲਦੈ, ਚੜ੍ਹਦੀ ਕਲਾਂ ’ਚ ਹੁੰਨੈ। ਮੇਰੇ ਵਰਗੇ ਐਵੇਂ ਨੜਿਨਵੇਂ ਦੇ ਗੇੜ ’ਚ ਫਸੇ ਰਹਿੰਦੇ ਐਂ। ਕਿਹੜੀ ਗਿੱਦੜ ਸਿੰਗੀ ਐ ਤੇਰੇ ਕੋਲ?’’
‘‘ਇਹ ਗਿੱਦੜ ਸਿੰਗੀ ਤਾਂ ਹਰ ਇਕ ਦੇ ਅੰਦਰ ਹੁੰਦੀ ਹੈ, ਪਰ ਕੁਝ ਲੋਕਾਂ ਦੀ ਜਾਣੀ ਤੇਰੇ ਵਰਗੇ ਲੋਕਾਂ ਦੀ ਗਿੱਦੜ ਸਿੰਗੀ ਹਿਰਨਾਂ ਦੇ ਸਿੰਗੀ ਚੜ੍ਹੀ ਰਹਿੰਦੀ ਐ ਤੇ ਮ੍ਰਿਗਤ੍ਰਿਸ਼ਨਾ ਵਾਂਗ ਭਟਕਦੀ ਰਹਿੰਦੀ ਹੈ। ਮੈਂ ਤੈਨੂੰ ਦੱਸਾਂ...ਉੱਥੇ ਇਕ ਵਾਰ ਮੈਨੂੰ ਚਰਚ ਦਾ ਪਾਦਰੀ ਮਿਲਿਆ। ਉਸ ਨਾਲ ਕਾਫ਼ੀ ਲੰਮੀ ਵਾਰਤਾ ਹੋਈ। ਉਸ ਨੇ ਮੈਨੂੰ ਬਿਰਧ ਅਵਸਥਾ ਨੂੰ ਖੁਸ਼ਹਾਲ ਅਤੇ ਚੜ੍ਹਦੀ ਕਲਾ ਵਿਚ ਰੱਖਣ ਦੇ ਬੜੇ ਨੁਕਤੇ ਦੱਸੇ। ਮੈਂ ਹੈਰਾਨ, ਉਹ ਵੀ ਇਕੱਲਾ ਮੈਂ ਵੀ ਇਕੱਲਾ, ਸਾਡੇ ਉੱਪਰ ਤਾਂ ਉਹ ਲਾਗੂ ਹੀ ਨਹੀਂ ਹੁੰਦੇ, ਪਰ ਗ੍ਰਹਿਸਤੀਆਂ ਲਈ ਬੜੇ ਲਾਹੇਵੰਦ ਹੋ ਸਕਦੇ।’ ਕੌਤਕੀ ਹੱਸਿਆ।
‘‘ਇਨ੍ਹਾਂ ਦੀ ਝਲਕ ਨਹੀਂ ਪੁਆਏਂਗਾ?’’ ਮੈਂ ਉਤਸਕ ਹੋ ਗਿਆ।
‘‘ਉੱਥੇ ਮੈਨੂੰ ਬਿਰਧ ਆਸ਼ਰਮਾਂ ਵਿਚ ਜਾਣਾ ਪੈਂਦਾ। ਬੜਿਆਂ ਨਾਲ ਇਹ ਨੁਕਤੇ ਸ਼ੇਅਰ ਕੀਤੇ ਨੇ। ਗੱਲਾਂ ਤਾਂ ਆਮ ਹੀ ਨੇ। ਆਪਣਾ ਰਹਿਣ ਸਹਿਣ, ਬੋਲ-ਬਾਣੀ, ਖਾਣ-ਪੀਣ ਯਾਨੀ ਪੂਰਾ ਜਿਉਣ ਢੰਗ ਅਨੁਸ਼ਾਸਨ ’ਚ ਲਿਆਉਣਾ ਪਏਗਾ। ਇਹ ਕੋਈ ਔਖਾ ਨਹੀਂ ਹੈ।’’ ਕੌਤਕੀ ਮੇਰੇ ਵੱਲ ਤਿੱਖੀ ਨਜ਼ਰ ਨਾਲ ਝਾਕਿਆ ਤੇ ਫਿਰ ਕਿਹਾ:
‘‘ਦੇਖ, ਘਰ ’ਚ ਹਮੇਸ਼ਾਂ ਬਜ਼ੁਰਗਾਂ ਦਾ ਪੁੱਤਰਾਂ ਨਾਲ, ਪੋਤਰਿਆਂ ਨਾਲ ਉਮਰ ਦਾ ਕਾਫ਼ੀ ਫਰਕ ਹੁੰਦੈ। ਬਜ਼ੁਰਗਾਂ ਦੇ ਵਿਚਾਰ ਬੱਚਿਆਂ ਨਾਲ ਨਹੀ ਮਿਲਦੇ। ਜਾਣੀ ਪੀੜ੍ਹੀ ਪਾੜਾ ਹੁੰਦਾ ਐ। ਕੋਸ਼ਿਸ਼ ਕਰੋ ਘਰ ਵਿਚ ਕਦੇ ਵੀ ਨੋਕ-ਟੋਕ ਨਾ ਕਰੋ। ਨਾ ਆਪਣੀ ਰਾਇ ਠੋਸਣ ਦਾ ਯਤਨ ਕਰੋ। ਇਸ ਗੱਲ ਦਾ ਖ਼ਿਆਲ ਰੱਖਣਾ ਹੈ, ਬੱਚੇ ਕਿੱਥੇ ਚੱਲੇ ਹਨ? ਕਦੋਂ ਆਉਣਾ ਹੈ? ਕਦੀ ਵੀ ਨਾ ਪੁੱਛੋ। ਕਦੀ ਵੀ ਭੁੱਲ ਕੇ ਨਾ ਕਹੋ; ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ, ਆਪਣੀ ਪਸੰਦ ਕਦੀ ਜ਼ਾਹਰ ਨਾ ਕਰੋ। ਜੋ ਮਿਲਦਾ ਹੈ ਵਾਹਿਗੁਰੂ ਦਾ ਪ੍ਰਸਾਦ ਸਮਝ ਕੇ ਛਕ ਜਾਓ। ਹਾਂ, ਇਸ ਗੱਲ ਦਾ ਵੀ ਖ਼ਿਆਲ ਰੱਖੋ, ਕਿਸੇ ਸਮੱਸਿਆ ਨੂੰ ਲੈ ਕੇ ਬੱਚਿਆਂ ਨਾਲ ਕਦੇ ਬਹਿਸ ਨਾ ਕਰੋ। ਆਪਣੀ ਬਿਰਧ ਅਵਸਥਾ ਦਾ ਆਧਾਰ ਬਣਾ ਕੇ ਬੱਚਿਆਂ ਤੋਂ ਸੇਵਾ ਦੀ ਆਸ ਕਦੇ ਨਾ ਰੱਖੋ। ਕਦੇ ਵੀ ਬੱਚਿਆਂ ਦੇ ਕੰਮਾਂ ਵਿਚ ਜਾਂ ਜੀਵਨ ਵਿਚ ਖਾਣ ਪੀਣ ਵਿਚ ਦਖਲਅੰਦਾਜ਼ੀ ਨਾ ਕਰੋ। ਨਾ ਬੱਚਿਆਂ ਉੱਪਰ ਨਿਰਭਰ ਰਹੋ। ਆਪਣਾ ਕੰਮ ਆਪਣੇ ਹੱਥੀਂ ਕਰੋ। ਸਮਝ ਰਿਹਾ ਹੈ ਨਾ?’’ ਕੌਤਕੀ ਨੇ ਮੈਨੂੰ ਠਕੋਰਿਆ- ‘‘ਖਾਨੇ ’ਚ ਵੜਦੀਆਂ ਨੇ ਗੱਲਾਂ?’’
‘‘ਹਾਂ ਹਾਂ।’ ਮੈਂ ਹਾਮੀ ਭਰੀ।
‘‘ਭੁੱਲ ਕੇ ਵੀ ਆਪਣੀ ਤੁਲਨਾ ਕਿਸੇ ਹੋਰ ਨਾਲ ਕਰਨ ਦਾ ਯਤਨ ਨਹੀਂ ਕਰਨਾ। ਹਾਂ ਬੱਚਿਆਂ ਦੀਆਂ ਗੱਲਾਂ ਜ਼ਰੂਰ ਸੁਣੋ, ਪਰ ਕਰੋ ਆਪਣੀ ਮਰਜ਼ੀ। ਆਪਣੀ ਇੱਛਾ ਅਨੁਸਾਰ ਜੀਓ ਤੇ ਆਪਣੀ ਸਿਹਤ ਦਾ ਖ਼ਿਆਲ ਆਪ ਹੀ ਰੱਖੋ, ਜਿੰਨਾ ਰੱਖ ਸਕਦੇ ਓ।’’ ਗੱਲ ਕਰਕੇ ਕੌਤਕੀ ਨੇ ਅੱਖਾਂ ਮੀਟ ਲਈਆਂ ਤੇ ਕੁਝ ਪਲ ਸੋਚਦਾ ਰਿਹਾ ਤੇ ਫਿਰ ਬੋਲਿਆ,
‘‘ਧਿਆਨ ਨਾਲ ਸੁਣ ਜਿੱਥੋਂ ਤੱਕ ਸੰਭਵ ਹੋਵੇ, ਬਜ਼ੁਰਗਾਂ ਨੂੰ ਆਪਣੇ ਸਥਾਈ ਨਿਵਾਸ ਸਥਾਨ ’ਤੇ ਹੀ ਰਹਿਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਉਨ੍ਹਾਂ ਲੋਕਾਂ ਨਾਲ ਹੀ ਮਿੱਤਰਤਾ ਹੋਵੇ, ਜਿਹੜੇ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਦੇ ਸਾਥ ਵਿਚ ਤੁਸੀਂ ਖ਼ੁਸ਼ੀ ਮਹਿਸੂਸ ਕਰਦੇ ਹੋ।’’
‘‘ਇਹ ਕੰਮ ਤਾਂ ਔਖਾ ਲੱਗਦਾ। ਅੱਜਕੱਲ੍ਹ ਬੰਦਾ ਬਾਹਰੋਂ ਹੋਰ ਲੱਗਦੈ, ਅੰਦਰ ਉਸ ਦੇ ਕੁਝ ਹੋਰ ਹੁੰਦੈ।’’ ਮੈਂ ਆਪਣੀ ਸ਼ੰਕਾ ਪ੍ਰਗਟਾਈ।
‘‘ਪਛਾਣੇ ਜਾਂਦੇ ਨੇ ਬੰਦੇ। ਓਹਲਾ ਬਹੁਤੀ ਦੇਰ ਨ੍ਹੀਂ ਟਿਕਦਾ। ਹਾਂ, ਇਸ ਤਰ੍ਹਾਂ ਦੀ ਸੋਚ ਤਿਆਗ ਕੇ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ, ਬੱਚਿਆਂ ਕੋਲੋਂ ਕੁਝ ਵੀ ਲੈਣ ਦੀ ਨੌਬਤ ਨਾ ਆਵੇ। ਉਲਟਾ ਕੋਸ਼ਿਸ਼ ਕਰਦੇ ਰਹੋ, ਜੇ ਤੁਹਾਡੇ ਕੋਲ ਪੈਸਾ ਹੈ ਤਾਂ ਕੁਝ ਨਾ ਕੁਝ ਬੱਚਿਆਂ ਦੀ ਝੋਲੀ ਪਾਉਂਦੇ ਰਹੋ। ਔਖੀ ਘੜੀ ਵੇਲੇ ਮਦਦ ਕਰੋ, ਜਿੰਨੀ ਕਰ ਸਕਦੇ ਹੋ।’’
‘‘ਫਿਰ ਬਜ਼ੁਰਗਾਂ ਦੇ ਅੱਛੇ ਦਿਨ ਆ ਜਾਣਗੇ?’’ ਮੈਂ ਪੁੱਛਿਆ।
‘‘ਇਕ ਹੋਰ ਗੱਲ ਕਰਨੀ ਪਏਗੀ, ਸਭ ਤੋਂ ਖ਼ਾਸ। ਜਾਣੇ ਅਣਜਾਣੇ ਜਾਂ ਅਣਗਹਿਲੀ ਵਿਚ ਕੁਝ ਗ਼ਲਤ ਹੋ ਗਿਆ ਹੋਵੇ, ਉਸ ਕਾਰਨ ਬੱਚੇ ਤੁਹਾਨੂੰ ਬੁਰਾ ਭਲਾ ਕਹਿਣ, ਗਾਲ੍ਹੀ ਗਲੋਚ ਕਰਨ, ਬੇਇੱਜ਼ਤੀ ਕਰਨ ਤਾਂ ਚੁੱਪ-ਚਾਪ ਨੀਵੀਂ ਪਾ ਕੇ ਸੁਣੀ ਜਾਓ। ਬਹਿਸ ਨਾ ਕਰੋ। ਹਾਂ ਇਕ ਗੱਲ ਲਈ ਪੂਰੇ ਸਾਵਧਾਨ ਰਹੋ, ਆਪਣੀ ਸੰਪਤੀ ਅਤੇ ਬੈਂਕ ਬੈਲੇਂਸ ਮੋਹ ਪਿਆਰ ’ਚ ਆ ਕੇ ਜਾਂ ਭਾਵੁਕ ਹੋ ਕੇ ਕਦੇ ਵੀ ਬੱਚਿਆਂ ਦੇ ਨਾਮ ਨਾ ਕਰੋ। ਉਂਜ ਉਨ੍ਹਾਂ ਦੀ ਮਦਦ ਕਰਦੇ ਰਹੋ। ਆਪਣੇ ਮਨ ਨੂੰ ਸਮਝਾਓ ਸਥਾਈ ਕੁਝ ਵੀ ਨਹੀਂ ਹੁੰਦਾ, ਨਾ ਚਿੰਤਾ, ਨਾ ਸੰਕਟ, ਨਾ ਜੀਵਨ। ਇਹ ਸੋਚ ਕੇ ਸਦਾ ਚੜ੍ਹਦੀ ਕਲਾ ਵਿਚ ਰਹੋ, ਮੇਰੇ ਵਾਂਗ।’’ ਕੌਤਕੀ ਨੇ ਆਪਣੀ ਛਾਤੀ ਉੱੱਪਰ ਹੱਥ ਰੱਖਿਆ। ਉਹ ਫਿਰ ਬੋਲਿਆ- ‘‘ਜੇ ਇਨ੍ਹਾਂ ਗੱਲਾਂ ਦਾ ਜਾਂ ਨਸੀਹਤਾਂ ਦਾ ਬਜ਼ੁਰਗ ਧਿਆਨ ਰੱਖਣਗੇ ਜਾਂ ਤੂੰ ਰੱਖੇਂਗਾ ਤਾਂ ਗਰੰਟੀ ਹੈ ਸਾਰੇ ਸੁਖੀ ਜੀਵਨ ਭੋਗਣਗੇ।’’
‘‘ਜਾਣੀ ਤੇਰੇ ਕਹਿਣ ਦਾ ਸਿੱਧਾ ਜਿਹਾ ਮਤਲਬ ਹੈ, ਆਪਣੀ ਹੋਂਦ ਨੂੰ ਮਾਰ ਕੇ ਹੀ ਸੁਖੀ ਜੀਵਨ ਜਿਉਣ ਦੀ ਉਮੀਦ ਹੋ ਸਕਦੀ ਹੈ।’’ ਮੈਂ ਕਿਹਾ।
‘‘ਹਾਂ ਇਸੇ ਵਿਚ ਸੁੱਖ ਹੈ। ਅੱਛੇ ਦਿਨ ਆ ਸਕਦੇ ਨੇ।’’ ਕੌਤਕੀ ਹੱਸਿਆ ਤੇ ਫਿਰ ਬੋਲਿਆ
‘‘ਹੁਣ ਮੈਂ ਚੱਲਿਆ, ਜਿਉਂਦੇ ਰਹੇ ਤਾਂ ਫਿਰ ਮਿਲਾਂਗੇ ਤੇ ਮੈਨੂੰ ਆਸ ਹੈ, ਮੇਰੀਆਂ ਗੱਲਾਂ ’ਤੇ ਅਮਲ ਕਰੇਂਗਾ ਤਾਂ ਮੈਨੂੰ ਚੜ੍ਹਦੀ ਕਲਾ ’ਚ ਮਿਲੇਂਗਾ।’’ ਉਹ ਜਾਣ ਲਈ ਉੱਠ ਖੜ੍ਹਿਆ। ਪ੍ਰੋ. ਕੌਤਕੀ ਨੇ ਪੂਰੇ ਮੋਹ ਨਾਲ ਮੇਰਾ ਹੱਥ ਘੁੱਟਿਆ। ਮੈਨੂੰ ਉਸ ਦੀਆਂ ਅੱਖਾਂ ਸਲਾਭੀਆਂ ਦਿਸੀਆਂ। ਉਹ ਝੱਟ ਮੂੰਹ ਫੇਰ ਕੇ ਤੁਰ ਪਿਆ ਤੇ ਦਰਵਾਜ਼ੇ ਕੋਲ ਜਾ ਕੇ ਕਿਹਾ ‘‘ਅਲਵਿਦਾ ਮੁੜ ਆਉਣ ਤੱਕ।’’
ਸੰਪਰਕ: 98147-83069

Advertisement
Advertisement