For the best experience, open
https://m.punjabitribuneonline.com
on your mobile browser.
Advertisement

ਭਾਰਤ ਨੂੰ ਹਾਕੀ ਵਿੱਚ ਸੋਨ ਤਗ਼ਮਾ

08:02 AM Oct 07, 2023 IST
ਭਾਰਤ ਨੂੰ ਹਾਕੀ ਵਿੱਚ ਸੋਨ ਤਗ਼ਮਾ
ਸੁਨਹਿਰੀ ਸੈਲਫੀ: ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜਿੱਤਣ ਮਗਰੋਂ ਸੈਲਫੀ ਲੈਂਦੇ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਹਾਂਗਜ਼ੂ, 6 ਅਕਤੂਬਰ
ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਹਾਕੀ ਦੇ ਫਾਈਨਲ ਵਿਚ ਪਿਛਲੇ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਪੁਰਸ਼ ਟੀਮ ਨੇ ਨੌਂ ਸਾਲਾਂ ਮਗਰੋਂ ਚੌਥੀ ਖਿਤਾਬੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਪੁਰਸ਼ ਟੀਮ ਨੇ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਵੀ ਥਾਂ ਪੱਕੀ ਕਰ ਲਈ ਹੈ। ਜਕਾਰਤਾ ਵਿੱਚ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਟੀਮ ਨੂੰ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਭਾਰਤ ਦਾ ਏਸ਼ਿਆਈ ਖੇਡਾਂ ਵਿੱਚ ਹਾਕੀ ’ਚ ਇਹ ਚੌਥਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 1966 ਤੇ 1998 (ਦੋਵੇਂ ਵਾਰ ਬੈਂਕਾਕ) ਤੇ 2014 ਇੰਚਿਓਨ ਵਿੱਚ ਸੁਨਹਿਰੀ ਤਗ਼ਮਾ ਜਿੱਤਿਆ ਸੀ। ਉਧਰ ਦੱਖਣੀ ਕੋਰੀਆ ਦੀ ਟੀਮ ਮੇਜ਼ਬਾਨ ਚੀਨ ਨੂੰ ਕਰੀਬੀ ਮੁਕਾਬਲੇ ਵਿੱਚ 2-1 ਨਾਲ ਹਰਾ ਕੇ ਕਾਂਸੇ ਦੇ ਤਗਮੇ ਦੀ ਦਾਅਵੇਦਾਰ ਬਣੀ।ਭਾਰਤੀ ਟੀਮ ਲਈ ਹਰਮਨਪ੍ਰੀਤ ਸਿੰਘ (32ਵੇਂ ਤੇ 59ਵੇਂ ਮਿੰਟ) ਨੇ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਤਬਦੀਲ ਕੀਤਾ। ਅਮਿਤ ਰੋਹੀਦਾਸ ਨੇ 36ਵੇਂ ਮਿੰਟ ਵਿੱਚ ਵਿਰੋਧੀ ਟੀਮ ਦਾ ਫੱਟਾ ਖੜਕਾਇਆ ਜਦੋਂਕਿ ਮਨਪ੍ਰੀਤ ਸਿੰਘ ਨੇ 25ਵੇਂ ਤੇ ਅਭਿਸ਼ੇਕ ਨੇ 48ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕੀਤੇ। ਜਾਪਾਨ ਲਈ ਇਕੋ-ਇਕ ਗੋਲ ਸੇਰੇਨ ਤਨਾਕਾ ਨੇ 51ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਕੀਤਾ। ਹਰਮਨਪ੍ਰੀਤ ਸਿੰਘ 13 ਗੋਲਾਂ ਨਾਲ ਟੂਰਨਾਮੈਂਟ ਵਿਚ ਭਾਰਤ ਦਾ ਟੌਪ ਸਕੋਰਰ ਰਿਹਾ। ਸਟਰਾਈਕਰ ਮਨਦੀਪ ਸਿੰਘ 12 ਗੋਲਾਂ ਨਾਲ ਦੂਜੇ ਨੰਬਰ ’ਤੇ ਰਿਹਾ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਇਕ ਵੀ ਮੈਚ ਨਹੀਂ ਹਾਰੀ। -ਪੀਟੀਆਈ

Advertisement

ਸੋਨ ਤਗ਼ਮਾ ਜਿੱਤਣ ਤੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਟੀਮ ਖੁਸ਼ੀ ਦੇ ਰੌਂਅ ਵਿੱਚ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਵੱਲੋਂ ਟੀਮ ਨੂੰ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਖਿਡਾਰੀਆਂ ਦੀ ਨਾ ਡੋਲਣ ਵਾਲੀ ਵਚਨਬੱਧਤਾ, ਜਨੂਨ ਤੇ ਆਪਸੀ ਤਾਲਮੇਲ ਨੇ ਨਾ ਸਿਰਫ਼ ਮੈਚ ਜਿੱਤਿਆ ਬਲਕਿ ਅਣਗਿਣਤ ਭਾਰਤੀਆਂ ਦੇ ਦਿਲ ਵੀ ਜਿੱਤੇ।

ਜਿੱਤ ਸਮੁੱਚੇ ਦੇਸ਼ ਤੇ ਪੰਜਾਬ ਲਈ ਇਤਿਹਾਸਕ ਪਲ: ਮਾਨ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਸੋਨ ਤਗ਼ਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਦੇਸ਼ ਤੇ ਖਾਸ ਕਰਕੇ ਪੰਜਾਬ ਲਈ ਇਤਿਹਾਸਕ ਪਲ ਹਨ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਸਣੇ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਪਾਲਿਸੀ ਮੁਤਾਬਕ ਨਗਦ ਇਨਾਮ ਦਿੱਤੇ ਜਾਣਗੇ।

Advertisement
Author Image

sukhwinder singh

View all posts

Advertisement
Advertisement
×