ਘਰ ’ਚੋਂ ਸੋਨੇ ਤੇ ਹੀਰਿਆਂ ਦੇ ਗਹਿਣੇ ਤੇ ਨਕਦੀ ਉਡਾਈ
ਐਨ.ਪੀ.ਧਵਨ
ਪਠਾਨਕੋਟ, 17 ਅਕਤੂਬਰ
ਇੱਕ ਘਰ ਵਿੱਚੋਂ ਸੋਨੇ ਤੇ ਹੀਰਿਆਂ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ। ਘਰ ਦੀ ਮਾਲਕਣ ਨੇ ਆਪਣੇ ਘਰ ਵਿੱਚ ਕੰਮ ਵਾਲੀਆਂ ਦੋ ਔਰਤਾਂ ਖਿਲਾਫ ਥਾਣਾ ਡਵੀਜ਼ਨ ਨੰਬਰ-2 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਔਰਤ ਪ੍ਰਿਯੰਕਾ ਵਾਸੀ ਪਟੇਲ ਚੌਕ ਜੋ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿੱਚ ਸਾਇੰਸ ਦੀ ਅਧਿਆਪਕ ਹੈ, ਨੇ ਦੱਸਿਆ ਕਿ ਉਸ ਦੇ ਪਤੀ ਚੰਡੀਗੜ੍ਹ ਵਿੱਚ ਨੌਕਰੀ ਕਰਦੇ ਹਨ ਜਦ ਕਿ ਉਸ ਦਾ ਸਹੁਰਾ ਅਤੇ ਸੱਸ ਦੂਸਰੀ ਮੰਜ਼ਿਲ ’ਤੇ ਰਹਿੰਦੇ ਹਨ। ਉਸ ਨੇ ਕਿਹਾ ਕਿ ਉਸ ਦੇ ਬੈਡਰੂਮ ਨਾਲ ਸਟੋਰ ਹੈ ਜਿਸ ਵਿੱਚ ਰੱਖੀ ਅਲਮਾਰੀ ਵਿੱਚ ਸੋਨੇ ਦੇ ਗਹਿਣੇ, ਡਾਇਮੰਡ ਦਾ ਸਾਮਾਨ ਅਤੇ 50 ਹਜ਼ਾਰ ਰੁਪਏ ਦੀ ਨਕਦੀ ਸੀ। ਹੁਣ ਕਰਵਾਚੌਥ ਨਜ਼ਦੀਕ ਆਉਣ ’ਤੇ ਉਸ ਨੇ ਸਟੋਰ ਵਿੱਚ ਪਈ ਅਲਮਾਰੀ ਖੋਲ੍ਹ ਕੇ ਚੈਕ ਕੀਤਾ ਤਾਂ ਸੋਨੇ ਦੇ ਗਹਿਣੇ, ਡਾਇਮੰਡ ਦਾ ਸਾਮਾਨ ਅਤੇ ਨਕਦੀ ਗਾਇਬ ਸੀ। ਉਸ ਦੇ ਘਰ ਵਿੱਚ 2 ਔਰਤਾਂ ਕਰੀਬ 1 ਸਾਲ ਤੋਂ ਘਰ ਦੀ ਸਾਫ-ਸਫਾਈ ਅਤੇ ਭਾਂਡੇ ਧੋਣ ਦਾ ਕੰਮ ਕਰਦੀਆਂ ਆ ਰਹੀਆਂ ਹਨ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਕੂਲ ਚਲੀ ਜਾਂਦੀ ਹੈ ਅਤੇ ਦੁਪਹਿਰ ਨੂੰ ਛੁੱਟੀ ਹੋਣ ਬਾਅਦ ਘਰ ਆ ਜਾਂਦੀ ਹੈ। ਉਸ ਦੇ ਸਟੋਰ ਦੇ ਮੇਨ ਤਾਲੇ ਦੀ ਚਾਬੀ ਅਤੇ ਅਲਮਾਰੀ ਦੇ ਲੌਕਰ ਦੀ ਚਾਬੀ ਘਰ ਵਿੱਚ ਪਈ ਰਹਿੰਦੀ ਸੀ। ਘਰ ਵਿੱਚ ਬੜੀ ਚਲਾਕੀ ਅਤੇ ਸਫਾਈ ਨਾਲ ਅਲਮਾਰੀ ਵਿੱਚੋਂ ਸੋਨਾ ਤੇ ਨਗਦੀ ਚੋਰੀ ਕੇ ਫਿਰ ਚਾਬੀਆਂ ਨੂੰ ਉਸੇ ਜਗ੍ਹਾ ਤੇ ਰੱਖ ਦਿੱਤਾ ਤਾਂ ਜੋ ਚੋਰੀ ਦਾ ਕਿਸੇ ਨੂੰ ਪਤਾ ਨਾ ਚੱਲ ਸਕੇ। ਉਸ ਨੇ ਘਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਉਪਰ ਸ਼ੱਕ ਜਤਾਉਂਦੇ ਹੋਏ ਇਸ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ-2 ਵਿੱਚ ਕੀਤੀ ਹੈ ਜਦ ਕਿ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੌਕਰ ਨੇ ਲੱਖਾਂ ਦੀ ਨਕਦੀ ’ਤੇ ਹੱਥ ਸਾਫ਼ ਕੀਤਾ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਇੱਕ ਨੌਕਰ ਵੱਲੋਂ ਘਰ ’ਚੋਂ ਪੈਸੇ ਚੋਰੀ ਕਰਕੇ ਲੈ ਜਾਣ ਦੇ ਸਬੰਧ ’ਚ ਅਰਬਨ ਅਸਟੇਟ ਕਪੂਰਥਲਾ ਦੀ ਪੁਲੀਸ ਨੇ ਨੌਕਰ ਖਿਲਾਫ਼ ਧਾਰਾ 306, 331(3) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਐੱਸ.ਐੱਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਮਨਦੀਪ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਮੁਹੱਲਾ ਅਮਨ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੀ ਹੈ ਅਤੇ ਉਸ ਨੇ ਆਪਣੇ ਘਰ ’ਚ ਰਾਮ ਲੁਭਾਇਆ ਨਾਮ ਦੇ ਵਿਅਕਤੀ ਨੂੰ ਖੇਤੀਬਾੜੀ ਦੇ ਕੰਮਕਾਰ ਸਬੰਧੀ ਰੱਖਿਆ ਹੋਇਆ ਸੀ। 14 ਅਕਤੂਬਰ ਨੂੰ ਉਹ ਉਸ ਨਾਲ ਆਪਣੇ ਬੈਂਕ ਦੇ ਖਾਤੇ ’ਚੋਂ 12 ਲੱਖ ਰੁਪਏ ਕੱਢਵਾ ਕੇ ਲਿਆਈ ਸੀ ਤੇ ਪੈਸੇ ਅਲਮਾਰੀ ’ਚ ਰੱਖੇ ਹੋਏ ਸਨ। 15 ਅਕਤੂਬਰ ਨੂੰ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਪੇਕੇ ਘਰ ਚਲੇ ਗਈ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਦਰਵਾਜ਼ੇ ਲੱਗੇ ਹੋਏ ਸਨ ਤੇ ਜਦੋਂ ਰਾਮ ਲੁਭਾਇਆ ਨੂੰ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਬੰਦ ਸੀ ਤੇ ਜਦੋਂ ਉਨ੍ਹਾਂ ਟੱਪ ਕੇ ਅੰਦਰ ਦੇਖਿਆ ਤਾਂ ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ ਤੇ ਅੰਦਰੋਂ 14 ਲੱਖ ਰੁਪਏ ਦੀ ਨਕਦੀ ਗਾਇਬ ਸੀ। ਇਸ ਸਬੰਧ ’ਚ ਪੁਲੀਸ ਨੇ ਰਾਮ ਲੁਭਾਇਆ ਪੁੱਤਰ ਗੁਰਮੇਜ ਸਿੰਘ ਵਾਸੀ ਡੇਰਾ ਲੱਖਣ ਕਲਾਂ ਕਪੂਰਥਲਾ ਖਿਲਾਫ਼ ਕੇਸ ਦਰਜ ਕੀਤਾ ਹੈ।