For the best experience, open
https://m.punjabitribuneonline.com
on your mobile browser.
Advertisement

ਸੋਨੇ ਅਤੇ ਡਾਲਰ ਦੀ ਤਾਣੀ

08:10 AM Jun 09, 2024 IST
ਸੋਨੇ ਅਤੇ ਡਾਲਰ ਦੀ ਤਾਣੀ
Advertisement

ਪ੍ਰੋ. ਪ੍ਰੀਤਮ ਸਿੰਘ

ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਚੜ੍ਹਤ ਦੇ ਰੁਝਾਨ ਤੋਂ ਇਸ ਬੇਸ਼ਕੀਮਤੀ ਧਾਤ ਦੀ ਸਪਲਾਈ ਅਤੇ ਮੰਗ ਦੀਆਂ ਹਾਲਤਾਂ ਵਿੱਚ ਮੰਡੀ ਦੇ ਆਮ ਉਤਰਾਅ ਚੜ੍ਹਾਅ ਦੀ ਝਲਕ ਨਹੀਂ ਮਿਲਦੀ। ਇਹ ਨਾ ਸਿਰਫ਼ ਅਸਥਿਰ ਆਲਮੀ ਆਰਥਿਕ ਹਾਲਾਤ ਦਾ ਸੂਚਕ ਹੈ ਸਗੋਂ ਇਸ ਤੋਂ ਵੀ ਵਧ ਕੇ ਟਕਰਾਵਾਂ ਨਾਲ ਗ੍ਰਸੀ ਬਦਲ ਰਹੀ ਭੂ-ਰਾਜਸੀ ਸਿਆਸੀ ਵਿਸ਼ਵ ਵਿਵਸਥਾ ਦਾ ਵੀ ਪ੍ਰਤੀਕ ਹੈ। ਲੰਘੀ 12 ਅਪਰੈਲ ਨੂੰ ਸੋਨੇ ਦੀਆਂ ਕੀਮਤਾਂ 2431.29 ਡਾਲਰ ਦੇ ਰਿਕਾਰਡ ਪੱਧਰ ਨੂੰ ਛੋਹ ਗਈਆਂ ਸਨ। ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਤਿੰਨ ਹੋਰ ਆਲਮੀ ਤਬਦੀਲੀਆਂ ਨਾਲ ਜੁੜਿਆ ਹੋਇਆ ਸੀ: ਕੇਂਦਰੀ ਬੈਂਕਾਂ ਵੱਲੋਂ ਸੋਨੇ ਦੇ ਭੰਡਾਰਾਂ ਲਈ ਮੰਗ ਵਿੱਚ ਵਾਧਾ, ਰੂਸ-ਯੂਕਰੇਨ ਜੰਗ ਅਤੇ ਕੇਂਦਰੀ ਬੈਂਕਾਂ ਦੇ ਵਿਦੇਸ਼ੀ ਕਰੰਸੀ ਭੰਡਾਰਾਂ ਵਿੱਚ ਡਾਲਰ ਦੇ ਘਟ ਰਹੇ ਭੰਡਾਰ।
ਜਦੋਂ ਰੂਸ ਨੇ ਤਕਰੀਬਨ ਦੋ ਸਾਲ ਪਹਿਲਾਂ ਯੂਕਰੇਨ ’ਤੇ ਹੱਲਾ ਬੋਲਿਆ ਸੀ ਤਾਂ ਅਮਰੀਕਾ ਦੀ ਅਗਵਾਈ ਵਾਲਾ ਨਾਟੋ ਫ਼ੌਜੀ ਗੱਠਜੋੜ ਯੂਰਪ ਤੇ ਖ਼ਾਸਕਰ ਜਰਮਨੀ ਲਈ ਨਿਕਲਣ ਵਾਲੇ ਸੰਭਾਵੀ ਖ਼ਤਰਨਾਕ ਸਿੱਟਿਆਂ ਕਰ ਕੇ ਰੂਸ ਨਾਲ ਸਿੱਧੇ ਤੌਰ ’ਤੇ ਫ਼ੌਜੀ ਟਕਰਾਅ ਵਿੱਚ ਉਲਝਣਾ ਨਹੀਂ ਚਾਹੁੰਦਾ ਸੀ ਜੋ ਕਿ ਆਪਣੀਆਂ ਊਰਜਾ ਲੋੜਾਂ ਦੀ ਪੂਰਤੀ ਲਈ ਰੂਸੀ ਗੈਸ ’ਤੇ ਬਹੁਤ ਜ਼ਿਆਦਾ ਨਿਰਭਰ ਸੀ। ਅਮਰੀਕਾ ਵੱਲੋਂ ਸਿੱਧੇ ਤੌਰ ’ਤੇ ਫ਼ੌਜੀ ਦਖ਼ਲਅੰਦਾਜ਼ੀ ਤੋਂ ਗੁਰੇਜ਼ ਕਰਨ ਦੀ ਇਹ ਰਣਨੀਤੀ ਬੀਤੇ ਸਮਿਆਂ ਵਿੱਚ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀਆਂ ਦਖ਼ਲਅੰਦਾਜ਼ੀਆਂ ਦੀਆਂ ਸਿਆਸੀ ਨਾਕਾਮੀਆਂ ਦੀ ਵੀ ਉਪਜ ਹੈ। ਆਪਣੇ ਪ੍ਰਮੁੱਖ ਯੂਰਪੀਅਨ ਸੰਗੀਆਂ ਨਾਲ ਸਲਾਹ ਮਸ਼ਵਰਾ ਕਰਕੇ ਬਾਇਡਨ ਪ੍ਰਸ਼ਾਸਨ ਨੇ ਰੂਸ ਨੂੰ ਆਰਥਿਕ ਅਤੇ ਫ਼ੌਜੀ ਤੌਰ ’ਤੇ ਲਾਚਾਰ ਬਣਾਉਣ ਲਈ ਪਾਬੰਦੀਆਂ ਦੇ ਹਥਿਆਰ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ। ਅਮਰੀਕਾ ਨੇ ਇਸ ਉਮੀਦ ਨਾਲ ਰੂਸ ਦੇ ਡਾਲਰ ਭੰਡਾਰਾਂ ਨੂੰ ਜਾਮ ਕੀਤਾ ਸੀ ਕਿ ਆਲਮੀ ਵਪਾਰ ਵਿੱਚ ਡਾਲਰ ਸਭ ਤੋਂ ਵੱਧ ਪ੍ਰਵਾਨਿਤ ਵਿਦੇਸ਼ੀ ਕਰੰਸੀ ਹੋਣ ਕਰ ਕੇ ਰੂਸ ਆਰਥਿਕ ਤੌਰ ’ਤੇ ਪੱਛੜ ਜਾਵੇਗਾ, ਇਸ ਤਰ੍ਹਾਂ ਰੂਸ ਅੰਦਰ ਘਰੋਗੀ ਤੌਰ ’ਤੇ ਹਾਲਾਤ ਔਖੇ ਜਾਣਗੇ ਅਤੇ ਸੰਭਾਵੀ ਤੌਰ ’ਤੇ ਬਦਅਮਨੀ ਵੀ ਫੈਲ ਸਕਦੀ ਹੈ ਜਿਸ ਕਰ ਕੇ ਪੂਤਿਨ ਨੂੰ ਮਜਬੂਰਨ ਹਮਲਾ ਰੋਕਣਾ ਪਵੇਗਾ ਅਤੇ ਅੰਤ ਨੂੰ ਅਮਰੀਕਾ ਦੀ ਪ੍ਰਵਾਨਗੀ ਵਾਲੀਆਂ ਜੰਗਬੰਦੀ ਦੀਆਂ ਸਭ ਸ਼ਰਤਾਂ ਮੰਨਣੀਆਂ ਪੈਣਗੀਆਂ।
ਅਮਰੀਕੀ ਆਰਥਿਕ ਅਤੇ ਸੁਰੱਖਿਆ ਰਣਨੀਤੀਕਾਰ ਇਹ ਕਿਆਸ ਨਹੀਂ ਕਰ ਸਕੇ ਕਿ ਡਾਲਰ ਨੂੰ ਹਥਿਆਰ ਬਣਾਉਣ ਦਾ ਫ਼ੈਸਲਾ ਉਲਟਾ ਵੀ ਪੈ ਸਕਦਾ ਹੈ। ਕਰੰਸੀ ਨੂੰ ਹਥਿਆਰ ਬਣਾਉਣ ਦੀ ਰਣਨੀਤੀ ਨੇ ਉਨ੍ਹਾਂ ਸਾਰੇ ਮੁਲਕਾਂ ਵਿੱਚ ਰਣਨੀਤੀਕਾਰਾਂ ਨੂੰ ਖ਼ਬਰਦਾਰ ਕਰ ਦਿੱਤਾ ਜਿਨ੍ਹਾਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਅਮਰੀਕਾ ਨਾਲ ਸਬੰਧ ਤਣਾਅਪੂਰਨ ਬਣੇ ਹੋਏ ਸਨ ਕਿ ਕਿਸੇ ਦਿਨ ਉਨ੍ਹਾਂ ’ਤੇ ਵੀ ਇਹ ਪਾਬੰਦੀਆਂ ਲੱਗ ਸਕਦੀਆਂ ਹਨ। ਇਸ ਡਰ ਕਰ ਕੇ ਬਹੁਤ ਸਾਰੇ ਅਹਿਮ ਮੁਲਕਾਂ ਦੇ ਕੇਂਦਰੀ ਬੈਂਕ ਸੋਨੇ ਦੀ ਖਰੀਦ ਕਰਨ ਲੱਗ ਪਏ ਅਤੇ ਆਪਣੇ ਵਿਦੇਸ਼ੀ ਕਰੰਸੀ ਭੰਡਾਰਾਂ ਵਿੱਚ ਡਾਲਰ ’ਤੇ ਨਿਰਭਰਤਾ ਘਟਾਉਣੀ ਸ਼ੁਰੂ ਕਰ ਦਿੱਤੀ। ਅਪਰੈਲ ਵਿੱਚ ਪ੍ਰਕਾਸ਼ਿਤ ਹੋਈ ਵਰਲਡ ਗੋਲਡ ਕੌਂਸਲ ਦੀ ਸੱਜਰੀ ਰਿਪੋਰਟ ਵਿੱਚ ਧਿਆਨ ਦਿਵਾਇਆ ਗਿਆ ਹੈ ਕਿ 2024 ਦੀ ਪਹਿਲੀ ਤਿਮਾਹੀ ਵਿੱਚ ਕੇਂਦਰੀ ਬੈਂਕਾਂ ਦੀ ਸੋਨੇ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ। ਜਿਨ੍ਹਾਂ ਚਾਰ ਦੇਸ਼ਾਂ ਕਰ ਕੇ ਇਹ ਮੰਗ ਵਧੀ ਹੈ ਉਨ੍ਹਾਂ ਵਿੱਚ ਚੀਨ, ਭਾਰਤ, ਤੁਰਕੀ ਅਤੇ ਕਜ਼ਾਖ਼ਸਤਾਨ ਦੱਸੇ ਜਾਂਦੇ ਹਨ। ਇਨ੍ਹਾਂ ’ਚੋਂ ਕਿਸੇ ਵੀ ਮੁਲਕ ਨੇ ਅਧਿਕਾਰਤ ਤੌਰ ’ਤੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਇਨ੍ਹਾਂ ਵੱਲੋਂ ਸੋਨੇ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਭਵਿੱਖ ਵਿੱਚ ਸੰਭਾਵੀ ਤੌਰ ’ਤੇ ਡਾਲਰ (ਵਿੱਤੀ) ਪਾਬੰਦੀਆਂ ਲੱਗਣ ਦਾ ਖ਼ਤਰਾ ਹੈ। ਫਿਰ ਵੀ ਇਹ ਪ੍ਰਤੱਖ ਹੈ ਕਿ ਅਸਥਿਰਤਾ ਦੇ ਮਾਹੌਲ ’ਚੋਂ ਲੰਘ ਰਹੀ ਦੁਨੀਆ ਵਿੱਚ ਸੋਨੇ ਦੇ ਚੋਖੇ ਭੰਡਾਰ ਨਾ ਸਿਰਫ਼ ਹਿਫ਼ਾਜ਼ਤ ਯਕੀਨੀ ਬਣਾਉਂਦੇ ਹਨ ਸਗੋਂ ਇਸ ਨੂੰ ਪੁਖ਼ਤਾ ਨਿਵੇਸ਼ ਵੀ ਮੰਨਿਆ ਜਾਂਦਾ ਹੈ।
ਤਾਇਵਾਨ ਵਿੱਚ ਆਪਣੇ ਰਣਨੀਤਕ ਹਿੱਤਾਂ ਦੇ ਟਕਰਾਅ ਕਰ ਕੇ ਅਮਰੀਕਾ ਨਾਲ ਸਬੰਧਾਂ ਵਿੱਚ ਤਣਾਅ ਦੇ ਮੱਦੇਨਜ਼ਰ ਚੀਨ ਪਿਛਲੇ ਕੁਝ ਸਮੇਂ ਤੋਂ ਸੋਨੇ ਦੀ ਜ਼ਬਰਦਸਤ ਖਰੀਦਦਾਰੀ ਕਰਦਾ ਆ ਰਿਹਾ ਹੈ। ਚੀਨ ਦਾ ਕੇਂਦਰੀ ਬੈਂਕ (ਪੀਪਲਜ਼ ਬੈਂਕ ਆਫ ਚਾਈਨਾ) 2023 ਵਿੱਚ ਸੋਨੇ ਦਾ ਸਭ ਤੋਂ ਵੱਡਾ ਅਧਿਕਾਰਤ ਖਰੀਦਦਾਰ ਰਿਹਾ ਹੈ। ਵਰਲਡ ਗੋਲਡ ਕੌਂਸਲ ਮੁਤਾਬਿਕ ਇਸ ਨੇ 7.23 ਮਿਲੀਅਨ ਔਂਸ ਜਾਂ 224.9 ਮੀਟਰਿਕ ਟਨ ਸੋਨਾ ਖਰੀਦਿਆ ਹੈ ਜੋ ਕਿ 1977 ਤੋਂ ਬਾਅਦ ਹੁਣ ਤੱਕ ਕਿਸੇ ਇੱਕ ਸਾਲ ਵਿੱਚ ਸੋਨੇ ਦੀ ਸਭ ਤੋਂ ਵੱਧ ਖਰੀਦ ਹੈ। ਚੀਨ ਵੱਲੋਂ ਪਿਛਲੇ 18 ਮਹੀਨਿਆਂ ਤੋਂ ਕੀਤੀ ਜਾ ਰਹੀ ਸੋਨੇ ਦੀ ਜ਼ਬਰਦਸਤ ਖਰੀਦ ਕਰ ਕੇ ਅਪਰੈਲ ਦੇ ਅੰਤ ਤੱਕ ਇਸ ਦੇ ਸੋਨੇ ਦੇ ਭੰਡਾਰ 72.8 ਮਿਲੀਅਨ ਔਂਸ ’ਤੇ ਪਹੁੰਚ ਗਏ ਸਨ। ਇਸ ਦੀ ਕੀਮਤ 167.96 ਅਰਬ ਡਾਲਰ ਹੈ। ਕੇਂਦਰੀ ਬੈਂਕਾਂ ਵੱਲੋਂ ਆਪਣੇ ਸੋਨੇ ਦੇ ਭੰਡਾਰਾਂ ਵਿੱਚ ਇਜ਼ਾਫ਼ੇ ਦੀ ਮੰਗ (ਜੋ ਕਿ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਬਣੀ ਹੋਈ ਹੈ) ਇਸ ਤੱਥ ਤੋਂ ਵੀ ਉਜਾਗਰ ਹੁੰਦੀ ਹੈ ਕਿ ਇਸ ਅਰਸੇ ਦੌਰਾਨ ਕੀਮਤਾਂ ਵਧਣ ਕਰ ਕੇ ਗਹਿਣੇ ਬਣਾਉਣ ਲਈ ਸੋਨੇ ਦੀ ਮੰਗ ਵਿੱਚ ਕਮੀ ਆ ਗਈ ਹੈ।
ਕੇਂਦਰੀ ਬੈਂਕਾਂ ਵੱਲੋਂ ਸੋਨੇ ਦੇ ਭੰਡਾਰਾਂ ਵਿੱਚ ਵਧ ਰਹੀ ਮੰਗ ਦੇ ਨਾਲ ਹੀ ਡਾਲਰ ਦੇ ਭੰਡਾਰਾਂ ਵਿੱਚ ਕਮੀ ਆ ਰਹੀ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਕਈ ਦਹਾਕਿਆਂ ਤੱਕ ਆਲਮੀ ਕਰੰਸੀ ਭੰਡਾਰਾਂ ਵਿੱਚ ਡਾਲਰ ਦੀ ਸਰਦਾਰੀ ਬਣੀ ਰਹੀ ਹੈ। ਡਾਲਰ ਨੂੰ ਸਭ ਤੋਂ ਵੱਧ ਸੁਰੱਖਿਅਤ ਕਰੰਸੀ ਮੰਨਿਆ ਜਾਂਦਾ ਸੀ। ਕੌਮਾਂਤਰੀ ਮਾਲੀ ਫੰਡ (ਆਈਐੱਮਐੱਫ) ਦੇ ਅੰਕੜਿਆਂ ਮੁਤਾਬਿਕ 1990ਵਿਆਂ ਤੱਕ ਵੀ ਅਧਿਕਾਰਤ ਵਿਦੇਸ਼ੀ ਮੁਦਰਾ ਭੰਡਾਰਾਂ ਵਿੱਚ ਡਾਲਰ ਦਾ ਅਨੁਪਾਤ 70 ਫ਼ੀਸਦੀ ਬਣਿਆ ਹੋਇਆ ਸੀ। ਹੁਣ ਇਹ ਅਨੁਪਾਤ ਘਟ ਕੇ 58 ਫ਼ੀਸਦੀ ਰਹਿ ਗਿਆ ਹੈ। ਰੂਸ ਖਿਲਾਫ਼ ਪਾਬੰਦੀਆਂ ਰਾਹੀਂ ਡਾਲਰ ਨੂੰ ਹਥਿਆਰ ਬਣਾਉਣ ਦੀ ਅਮਰੀਕੀ ਰਣਨੀਤੀ ਕਰ ਕੇ ਰੂਸੀਆਂ ਨੂੰ ਵਿਦੇਸ਼ੀ ਵਟਾਂਦਰੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਹ ਹਥਕੰਡਾ ਰੂਸੀ ਰਿਆਸਤ ਨੂੰ ਨਕਾਰਾ ਬਣਾਉਣ ਵਿੱਚ ਨਾਕਾਮ ਸਾਬਿਤ ਹੋਇਆ ਸਗੋਂ ਰੂਸ ਇਨ੍ਹਾਂ ਪਾਬੰਦੀਆਂ ਨੂੰ ਬੇਅਸਰ ਕਰਨ ਦੇ ਤਰੀਕੇ ਲੱਭਣ ਵਿੱਚ ਸਫ਼ਲ ਰਿਹਾ ਹੈ।
ਹਾਲਾਂਕਿ ਡਾਲਰ ਅਜੇ ਵੀ ਇੱਕ ਮਜ਼ਬੂਤ ਕਰੰਸੀ ਬਣੀ ਹੋਈ ਹੈ ਪਰ ਇੱਕ ਰਾਖਵੀਂ ਕਰੰਸੀ ਦੇ ਰੂਪ ਵਿੱਚ ਇਸ ਵਿੱਚ ਆਲਮੀ ਪੱਧਰ ’ਤੇ ਭਰੋਸੇ ’ਚ ਕਮੀ ਆਈ ਹੈ। ਡਾਲਰ ਨੂੰ ਪੁੱਠਾ ਗੇੜਾ ਦੇਣ ਜਾਂ ਬਦਲਵੀਂ ਬਰਿਕਸ ਕਰੰਸੀ ਦਾ ਬਿਰਤਾਂਤ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀਸਿਲਵਾ ਨੇ ਉਭਾਰਿਆ ਸੀ ਜਿਸ ਨੂੰ ਰੂਸ ਨੇ ਖੁੱਲ੍ਹ ਕੇ, ਚੀਨ ਨੇ ਚੁੱਪ-ਚੁਪੀਤੇ ਅਤੇ ਭਾਰਤ ਨੇ ਅੱਧਮਨੇ ਢੰਗ ਨਾਲ ਅਪਣਾਇਆ ਹੈ। ਸੋਨੇ ਦੇ ਭੰਡਾਰਾਂ ਵਿੱਚ ਵਾਧੇ ਦਾ ਰੁਝਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਆਲਮੀ ਰਾਖਵੀਂ ਕਰੰਸੀ ਵਜੋਂ ਡਾਲਰ ਅਤੇ ਪ੍ਰਮੁੱਖ ਆਲਮੀ ਆਰਥਿਕ ਸ਼ਕਤੀ ਵਜੋਂ ਅਮਰੀਕਾ ਦਾ ਮਹੱਤਵ ਘਟ ਰਿਹਾ ਹੈ।
ਇਸ ਤਰ੍ਹਾਂ ਯੁੱਗ ਪਲਟਾਉੂ ਤਬਦੀਲੀਆਂ ਅਚਨਚੇਤ ਨਹੀਂ ਹੁੰਦੀਆਂ। ਇੱਥੋਂ ਤੱਕ ਕਿ ਫੇਰਬਦਲ ਵੀ ਹੁੰਦੇ ਰਹਿੰਦੇ ਹਨ ਜਾਂ - ਜੇ ਡੋਨਲਡ ਟਰੰਪ ਅਮਰੀਕਾ ਵਿੱਚ ਰਾਸ਼ਟਰਪਤੀ ਵਜੋਂ ਵਾਪਸੀ ਕਰ ਲੈਂਦਾ ਹੈ ਤਾਂ ਅਮਰੀਕੀ ਰਾਸ਼ਟਰਵਾਦ ਵਜੋਂ ਪੇਸ਼ ਕੀਤੇ ਜਾ ਰਹੇ ਅਮਰੀਕੀ ਵੱਖਵਾਦ ਦੀ ਉਸ ਦੀ ਟੇਢੀ-ਮੇਢੀ ਦ੍ਰਿਸ਼ਟੀ ਕਰ ਕੇ ਅਮਰੀਕਾ ਦੇ ਅਸਰ ਰਸੂਖ ਦੇ ਪਤਨ ਦੀ ਰਫ਼ਤਾਰ ਹੋਰ ਤੇਜ਼ ਹੋ ਸਕਦੀ ਹੈ।
ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਜੇ ਦੁਨੀਆ ਵਿੱਚ ਅਮਨ ਚੈਨ ਕਾਇਮ ਹੋ ਜਾਂਦਾ ਹੈ ਤਾਂ ਅਸੀਂ ਜਿਣਸਾਂ ਦੀ ਜਿਸ ਦੁਨੀਆ ਵਿੱਚ ਰਹਿ ਰਹੇ ਹਾਂ ਉੱਥੇ ਸੋਨੇ ਦੀ ਚਮਕ ਦਮਕ ਫਿੱਕੀ ਪੈ ਜਾਵੇਗੀ ਜਿਵੇਂ ਕਿ ਕਾਰਲ ਮਾਰਕਸ ਨੇ ਆਖਿਆ ਸੀ ਕਿ ਸੋਨੇ ਦਾ ਵਰਤੋਂ ਮੁੱਲ ਕੁਝ ਵੀ ਨਹੀਂ ਹੈ, ਮਹਿਜ਼ ਵਟਾਂਦਰਾ ਮੁੱਲ ਹੈ। ਜੇ ਆਲਮੀ ਭਾਈਚਾਰਾ ਸੋਨੇ ਦੀ ਖੁਦਾਈ ਕਰ ਕੇ ਵਾਤਾਵਰਨ ਦੀ ਹੋ ਰਹੀ ਬਰਬਾਦੀ ਨੂੰ ਪੂਰੀ ਤਰ੍ਹਾਂ ਸਮਝ ਲੈਂਦਾ ਹੈ ਤਾਂ ਸੋਨੇ ਦੀ ਲਲਕ ਖ਼ਤਮ ਹੋ ਜਾਵੇਗੀ।

Advertisement

* ਪ੍ਰੋਫੈਸਰ ਅਮੈਰਿਟਸ, ਆਕਸਫੋਰਡ ਬਰੁੱਕਸ ਬਿਜ਼ਨਸ ਸਕੂਲ, ਯੂਕੇ

Advertisement
Author Image

sukhwinder singh

View all posts

Advertisement
Advertisement
×