For the best experience, open
https://m.punjabitribuneonline.com
on your mobile browser.
Advertisement

ਰੱਬ ਦੀਆਂ ਬਰਕਤਾਂ

09:04 AM Apr 04, 2024 IST
ਰੱਬ ਦੀਆਂ ਬਰਕਤਾਂ
Advertisement

ਬਰਜਿੰਦਰ ਕੌਰ ਬਿਸਰਾਓ

Advertisement

ਬਲਦੇਵ ਘਰ ਦਾ ਵੱਡਾ ਮੁੰਡਾ ਸੀ। ਉਸ ਤੋਂ ਛੋਟੇ ਉਸ ਦੇ ਦੋ ਭਰਾ ਅਤੇ ਇੱਕ ਭੈਣ ਸੀ। ਘਰ ਵੀ ਕੱਚਾ ਜਿਹਾ ਹੀ ਸੀ ਕਿਉਂਕਿ ਘਰ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਹੀਂ ਸੀ। ਬਲਦੇਵ ਦਸਵੀਂ ਪਾਸ ਕਰਦਿਆਂ ਹੀ ਸ਼ਹਿਰ ਕਿਸੇ ਕੰਪਨੀ ਵਿੱਚ ਥੋੜ੍ਹੀ ਜਿਹੀ ਤਨਖ਼ਾਹ ’ਤੇ ਲਿਖਾ-ਪੜ੍ਹੀ ਦਾ ਕੰਮ ਕਰਨ ਲੱਗਿਆ ਤੇ ਨਾਲ ਹੀ ਉਹ ਪ੍ਰਾਈਵੇਟ ਤੌਰ ’ਤੇ ਅਗਾਂਹ ਪੜ੍ਹਾਈ ਕਰਨ ਲੱਗਿਆ। ਘਰ ਵਿੱਚ ਗ਼ਰੀਬੀ ਦਾ ਅਸਲ ਕਾਰਨ ਉਸ ਦੇ ਪਿਓ ਗੁਰਮੀਤ ਸਿੰਘ ਦਾ ਨਿਕੰਮਾਪਣ ਸੀ ਜੋ ਸਾਰਾ ਦਿਨ ਵਿਹਲੜਾਂ ਵਿੱਚ ਬੈਠ ਕੇ ਲੰਘਾ ਦਿੰਦਾ ਸੀ। ਜ਼ਮੀਨ ਚੰਗੀ ਸੀ ਤਾਂ ਹੀ ਘਰ ਦਾ ਤੋਰੀ ਫੁਲਕਾ ਜ਼ਮੀਨ ਦੇ ਠੇਕੇ ਨਾਲ ਤੁਰੀ ਜਾਂਦਾ ਸੀ। ਸਾਰੇ ਭੈਣ ਭਰਾਵਾਂ ਦੇ ਖਰਚੇ ਵਧ ਰਹੇ ਸਨ ਕਿਉਂਕਿ ਜਿਉਂ ਜਿਉਂ ਸਾਰੇ ਵੱਡੇ ਹੋ ਰਹੇ ਸਨ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੋ ਰਹੀਆਂ ਸਨ। ਘਰ ਦੀ ਸਾਰੀ ਜ਼ਿੰਮੇਵਾਰੀ ਬਲਦੇਵ ਨੇ ਛੋਟੀ ਉਮਰ ਵਿੱਚ ਹੀ ਆਪਣੇ ਸਿਰ ਲੈ ਲਈ ਸੀ ਕਿਉਂਕਿ ਉਸ ਨੇ ਬਚਪਨ ਤੋਂ ਬਹੁਤ ਔਖੇ ਦਿਨ ਵੇਖੇ ਸਨ। ਉਸ ਦੇ ਮਨ ਵਿੱਚ ਘਰ ਦੀ ਹਾਲਤ ਸੁਧਾਰਨ ਦੀ ਲਗਨ ਸੀ। ਇਸੇ ਲਈ ਤਾਂ ਉਸ ਨੇ ਛੋਟੀ ਉਮਰੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਲਦੇਵ ਨੇ ਪੁਰਾਣਾ ਘਰ ਵੇਚ ਕੇ, ਕੁਝ ਪੈਸੇ ਪੱਲਿਉਂ ਪਾ ਕੇ ਤੇ ਕੁਝ ਰਿਸ਼ਤੇਦਾਰਾਂ ਤੋਂ ਉਧਾਰ ਫੜ ਕੇ ਪਿੰਡ ਵਿੱਚ ਹੀ ਪਹਿਲਾਂ ਤਾਂ ਪੱਕਾ ਤੇ ਖੁੱਲ੍ਹਾ-ਡੁੱਲ੍ਹਾ ਘਰ ਖਰੀਦਿਆ। ਫਿਰ ਉਸ ਨੇ ਦੋ ਤਿੰਨ ਸਾਲਾਂ ਵਿੱਚ ਕਰਜ਼ਾ ਮੋੜਿਆ ਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ। ਇਸੇ ਤਰ੍ਹਾਂ ਹੱਥ-ਪੱਲੇ ਮਾਰਦੇ ਦੀ ਪਰਮਾਤਮਾ ਨੇ ਸੁਣ ਲਈ ਤੇ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ।
ਬਲਦੇਵ ਦੇ ਮਿਹਨਤੀ ਹੋਣ ਕਰਕੇ ਸ਼ਰੀਕੇ ਵਿੱਚੋਂ ਹੀ ਕਿਸੇ ਨੇ ਉਸ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ। ਜਿਉਂ ਹੀ ਵਿਆਹ ਹੋਇਆ ਤਾਂ ਹਾਲੇ ਦਸ ਦਿਨ ਵੀ ਨਹੀਂ ਨਿਕਲੇ ਸਨ ਕਿ ਬਲਦੇਵ ਦੀ ਭੈਣ ਅਤੇ ਮਾਂ ਨੇ ਉਸ ਦੀ ਵਹੁਟੀ ਨਾਲ ਵਿਆਹ ਵਿੱਚ ਲੈਣ-ਦੇਣ ਨੂੰ ਲੈ ਕੇ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਬਲਦੇਵ ਨੇ ਮਜਬੂਰੀ ਵਿੱਚ ਘਰਦਿਆਂ ਤੋਂ ਅੱਡ ਹੋ ਕੇ ਸ਼ਹਿਰ ਆਪਣੀ ਨੌਕਰੀ ਵਾਲੀ ਥਾਂ ਦੇ ਨੇੜੇ ਘਰ ਲੈ ਕੇ ਆਪਣੇ ਪਰਿਵਾਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਘਰ ਦੀਆਂ ਔਰਤਾਂ ਦੀ ਆਪਸ ਵਿੱਚ ਚਾਹੇ ਬਣਦੀ ਨਹੀਂ ਸੀ ਪਰ ਉਹ ਆਪ ਘਰ ਦੇ ਸਾਰੇ ਕੰਮ ਮੂਹਰੇ ਹੋ ਕੇ ਕਰਦਾ ਰਿਹਾ। ਛੋਟੀ ਭੈਣ ਲਈ ਮੁੰਡਾ ਲੱਭ ਕੇ ਵਿਆਹ ਕੀਤਾ, ਸਾਰਾ ਕੁਝ ਆਪ ਮੂਹਰੇ ਹੋ ਕੇ ਕੀਤਾ। ਜਦੋਂ ਤੋਂ ਬਲਦੇਵ ਨੇ ਆਪਣੀ ਪਤਨੀ ਨਾਲ ਸ਼ਹਿਰ ਰਹਿਣਾ ਸ਼ੁਰੂ ਕੀਤਾ ਸੀ ਉਸ ਦੇ ਪਿਤਾ ਗੁਰਮੀਤ ਸਿੰਘ ਨੇ ਤਾਂ ਉਸ ਨੂੰ ਆਪਣਾ ਦੁਸ਼ਮਣ ਹੀ ਮੰਨ ਲਿਆ ਸੀ। ਫਿਰ ਵੀ ਬਲਦੇਵ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਿਆ। ਉਸ ਨੇ ਛੋਟੇ ਭਰਾਵਾਂ ਨੂੰ ਦਸ ਦਸ ਪੜ੍ਹਨ ਤੋਂ ਬਾਅਦ ਹੋਰ ਨਾ ਪੜ੍ਹਦੇ ਵੇਖ ਕੇ ਅਤੇ ਗ਼ਲਤ ਸੰਗਤ ਵਿੱਚ ਪੈਂਦੇ ਵੇਖ ਕੇ ਕਿਤੇ ਨਾ ਕਿਤੇ ਕਹਿ ਸੁਣ ਕੇ ਨੌਕਰੀਆਂ ’ਤੇ ਲਗਵਾਇਆ, ਉਨ੍ਹਾਂ ਦੇ ਵਿਆਹਾਂ ਦੇ ਕਾਰਜ ਆਪ ਮੂਹਰੇ ਹੋ ਕੇ ਨਬਿੇੜੇ।
ਘਰ ਦਾ ਵੱਡਾ ਮੁੰਡਾ ਲਾਇਕ ਸੀ ਤਾਂ ਹੀ ਪੰਜਾਂ ਸੱਤਾਂ ਸਾਲਾਂ ਵਿੱਚ ਘਰ ਦਾ ਹੁਲੀਆ ਹੀ ਬਦਲ ਗਿਆ ਪਰ ਗੁਰਮੀਤ ਸਿੰਘ ਦਾ ਸਾਰਾ ਝੁਕਾਅ ਆਪਣੇ ਦੋਵੇਂ ਛੋਟੇ ਮੁੰਡਿਆਂ ਵੱਲ ਸੀ। ਉਸ ਨੇ ਬਲਦੇਵ ਤੋਂ ਚੋਰੀ ਚੋਰੀ ਪਿੰਡ ਵਾਲਾ ਘਰ ਉਨ੍ਹਾਂ ਦੋਵਾਂ ਦੇ ਨਾਂ ਕਰਵਾ ਦਿੱਤਾ। ਬਲਦੇਵ ਤੇ ਉਸ ਦੀ ਪਤਨੀ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸ਼ਹਿਰ ਵਿੱਚ ਹੀ ਆਪਣਾ ਵਧੀਆ ਘਰ ਬਣਾ ਲਿਆ ਸੀ। ਦੋਵਾਂ ਦੀ ਕਮਾਈ ਚੰਗੀ ਸੀ ਜਿਸ ਕਰਕੇ ਉਨ੍ਹਾਂ ਨੂੰ ਕੋਈ ਕਮੀ ਨਹੀਂ ਸੀ। ਗੁਰਮੀਤ ਸਿੰਘ ਦੀਆਂ ਛੋਟੀਆਂ ਨੂੰਹਾਂ ਸਕੀਆਂ ਭੈਣਾਂ ਸਨ ਤੇ ਅੱਠ ਅੱਠ ਪੜ੍ਹੀਆਂ ਹੋਣ ਕਰਕੇ ਆਪਣੀ ਪੜ੍ਹੀ ਲਿਖੀ ਜਠਾਣੀ ਤੋਂ ਬਹੁਤ ਸੜਦੀਆਂ ਰਹਿੰਦੀਆਂ ਸਨ। ਸਾੜੇ ਸਾੜੇ ਵਿੱਚ ਹੀ ਉਸ ਦੇ ਖਿਲਾਫ਼ ਉਹ ਆਪਣੇ ਸੱਸ ਸਹੁਰੇ ਦੇ ਕੰਨ ਭਰਦੀਆਂ ਰਹਿੰਦੀਆਂ। ਗੁਰਮੀਤ ਸਿੰਘ ਤੋਂ ਬਲਦੇਵ ਨਾਲ ਜੋ ਧੱਕਾ ਹੋ ਸਕਦਾ ਸੀ, ਉਸ ਨੇ ਕੀਤਾ। ਜ਼ਮੀਨ ਦੇ ਬਟਵਾਰੇ ਵਿੱਚ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਿੱਸਾ ਇੱਕ ਪਾਸੇ ਰੱਖ ਕੇ ਉਸ ਨੂੰ ਛੇਵਾਂ ਹਿੱਸਾ ਹੀ ਦਿੱਤਾ ਤੇ ਬਾਕੀ ਦਾ ਹਿੱਸਾ ਦੋਵੇਂ ਛੋਟੇ ਮੁੰਡਿਆਂ ਵਿੱਚ ਵੰਡ ਦਿੱਤਾ। ਬਲਦੇਵ ਨਾਲ ਇੰਨਾ ਧੱਕਾ ਹੋਇਆ ਪਰ ਉਸ ਨੇ ਕੋਈ ਕਿੰਤੂ-ਪ੍ਰੰਤੂ ਨਾ ਕੀਤਾ ਕਿਉਂਕਿ ਉਸ ਨੂੰ ਆਪਣੀ ਅਤੇ ਆਪਣੀ ਪਤਨੀ ਦੀ ਮਿਹਨਤ ’ਤੇ ਪੂਰਾ ਭਰੋਸਾ ਸੀ।
ਵਕਤ ਬੀਤਦਾ ਗਿਆ। ਬਲਦੇਵ ਆਪਣੇ ਫ਼ਰਜ਼ ਨਿਭਾਉਂਦਾ ਰਿਹਾ। ਬਲਦੇਵ ਦੇ ਦੋ ਪੁੱਤਰ ਸਨ ਜੋ ਬਹੁਤ ਲਾਇਕ ਸਨ ਤੇ ਵਧੀਆ ਪੜ੍ਹਾਈ ਕਰਕੇ ਵਿਦੇਸ਼ਾਂ ਵਿੱਚ ਜਾ ਵਸੇ। ਉਨ੍ਹਾਂ ਦੇ ਚੰਗੇ ਖਾਨਦਾਨਾਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਹੋ ਗਏ ਸਨ। ਕਦੇ ਤਾਂ ਬੁਢਾਪਾ ਬੰਦੇ ਨੂੰ ਆਪਣਾ ਜ਼ੋਰ ਵਿਖਾਉਂਦਾ ਹੀ ਹੈ। ਗੁਰਮੀਤ ਸਿੰਘ ਤੇ ਉਸ ਦੀ ਪਤਨੀ ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਸਨ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ। ਛੋਟੇ ਦੋਵੇਂ ਮੁੰਡਿਆਂ ਦੀ ਔਲਾਦ ਨਾਲਾਇਕ ਨਿਕਲੀ। ਉਨ੍ਹਾਂ ਦੇ ਇੱਕ ਇੱਕ ਪੁੱਤਰ ਸੀ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਸਨ। ਉਨ੍ਹਾਂ ਨੂੰ ਬੁੱਢੇ ਮਾਂ ਬਾਪ ਹੁਣ ਬੋਝ ਲੱਗਦੇ ਸਨ ਤੇ ਬਲਦੇਵ ਤੋਂ ਵੱਧ ਜ਼ਮੀਨ ਲੈ ਕੇ ਵੀ ਉਨ੍ਹਾਂ ਪੱਲੇ ਗ਼ਰੀਬੀ ਤੇ ਬੇਈਮਾਨੀ ਹੀ ਰਹੀ। ਉਨ੍ਹਾਂ ਤੋਂ ਬਲਦੇਵ ਦੇ ਬੱਚਿਆਂ ਦੀ ਤਰੱਕੀ ਬਰਦਾਸ਼ਤ ਨਾ ਹੁੰਦੀ ਤੇ ਬੁੱਢੇ ਮਾਪਿਆਂ ਨੂੰ ਹਰ ਵੇਲੇ ਠੋਕਰਾਂ ਮਾਰਦੇ ਕਿ ਉਹ ਜਾ ਕੇ ਵੱਡੇ ਕੋਲ ਰਹਿਣ, ਇਨ੍ਹਾਂ ਦੇ ਕਿਉਂ ਦੱਦ ਲੱਗੇ ਹੋਏ ਹਨ। ਗੁਰਮੀਤ ਸਿੰਘ ਉੱਤੇ ਉਨ੍ਹਾਂ ਦੇ ਕੌੜੇ ਬੋਲਾਂ ਨੇ ਇੰਨਾ ਅਸਰ ਕੀਤਾ ਕਿ ਉਸ ਨੇ ਮੰਜਾ ਹੀ ਫੜ ਲਿਆ ਤੇ ਆਪਣੀ ਸਾਂਭ ਸੰਭਾਲ ਜੋਗਾ ਵੀ ਨਾ ਰਿਹਾ। ਇਸ ਵਾਰ ਵੀ ਬਲਦੇਵ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਆਪਣੇ ਮਾਂ ਬਾਪ ਦੀ ਆਖ਼ਰੀ ਸਮੇਂ ਦੀ ਸਾਂਭ ਸੰਭਾਲ ਤੋਂ ਲੈ ਕੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਜਿਨ੍ਹਾਂ ਖਾਤਰ ਗੁਰਮੀਤ ਸਿੰਘ ਨੇ ਉਸ ਨਾਲ ਕਾਣੀ ਵੰਡ ਕੀਤੀ ਸੀ ਉਨ੍ਹਾਂ ਨੇ ਸਾਰੀ ਜ਼ਮੀਨ ਉਸ ਦੇ ਜਿਉਂਦੇ ਜੀਅ ਹੀ ਵੇਚ ਕੇ ਖਾ ਲਈ ਸੀ ਤੇ ਉਨ੍ਹਾਂ ਦੀਆਂ ਔਲਾਦਾਂ ਬੁਰੀ ਸੰਗਤ ਵਿੱਚ ਪੈ ਕੇ ਵਿਹਲੀਆਂ, ਨਿਕੰਮੀਆਂ ਤੇ ਨਸ਼ੇੜੀ ਨਿਕਲ ਗਈਆਂ ਸਨ। ਬਲਦੇਵ ਵੱਡੀ ਸਾਰੀ ਕਾਰ ਵਿੱਚ ਆਪਣੀ ਔਲਾਦ ਨਾਲ ਕਦੇ ਕਦੇ ਆਪਣੀ ਜ਼ਮੀਨ ਵੇਖਣ ਪਿੰਡ ਆਉਂਦਾ ਤਾਂ ਸੱਥ ਵਿੱਚ ਬਜ਼ੁਰਗ ਉਸ ਦੀ ਸਾਫ਼ ਨੀਅਤ ਦੀਆਂ ਗੱਲਾਂ ਕਰਦੇ ਤੇ ਆਪਣੀਆਂ ਔਲਾਦਾਂ ਨੂੰ ਉਸ ਨੂੰ ਰੱਬ ਵੱਲੋਂ ਮਿਲੀਆਂ ਬਰਕਤਾਂ ਦੀਆਂ ਮਿਸਾਲਾਂ ਦਿੰਦੇ।
ਸੰਪਰਕ: 99889-01324


ਵੋਟ ਤੇ ਨੋਟ

ਰਣਜੀਤ ਆਜ਼ਾਦ ਕਾਂਝਲਾ
‘‘ਗੇਜਿਆ, ਐਤਕੀਂ ਵੋਟ ਫੇਰ ਕਿਹੜੀ ਪਾਲਟੀ ਨੂੰ ਪਾਉਣੀ ਐ?’’ ਗਿੰਦਰ ਨੇ ਖੇਤੋਂ ਮੁੜੇ ਗੇਜੇ ਨੂੰ ਪੁੱਛਿਆ। ‘‘ਯਾਰ, ਅਸਲ ਪੁੱਛਦੈਂ, ਕਿਸੇ ਨੂੰ ਵੀ ਪਾਉਣ ਨੂੰ ਉੱਕਾ ਹੀ ਚਿੱਤ ਨ੍ਹੀਂ ਕਰਦਾ। ਸਭ ਇੱਕ ਦੂਜੇ ਦੇ ਪੋਤੜੇ ਫਰੋਲੀ ਜਾਂਦੇ ਐ। ਇਨ੍ਹਾਂ ’ਚੋਂ ਕੋਈ ਦੁੱਧ-ਧੋਤਾ ਨ੍ਹੀਂ। ਸਭ ਇੱਕੋ ਥੈਲੀ ਦੇ ਚੱਟੇ-ਵੱਟੇ ਨੇ। ਮਹਿੰਗਾਈ ਤਾਂ ਦੇਖ ਕਿਵੇਂ ਗਿੰਦਰਾ ਟੁੱਟੇ ਛਿੱਤਰ ਵਾਂਗੂੰ ਵਧੀ ਜਾਂਦੀ ਐ। ਕਿਸੇ ਚੀਜ਼ ਦਾ ਭਾਅ ਹੈ!’’ ਗੇਜੇ ਨੇ ਦੱਬੇ ਸਾਹੀਂ ਸਭ ਕੁਝ ਤਲ਼ਖੀ ’ਚ ਕਿਹਾ। ‘‘ਜਿਹੜਾ ਦੇਊ ਵੋਟ, ਉਹਨੂੰ ਦਿਉ ਵੋਟ। ਮਨ ’ਚ ਰੱਖੋ ਖੋਟ, ਹੋਰ ਨੂੰ ਦਿਉ ਵੋਟ।’’ ਗਿੰਦਰ ਨੇ ਲੋਰ ਵਿੱਚ ਆਉਂਦਿਆ ਇਹ ਕਾਵਿਕ ਦਲੀਲ ਦਿੱਤੀ ਤੇ ਨਾਲ ਹੀ ਕਿਹਾ, ‘‘ਇਹ ਨੋਟ ਵੀ ਆਪਣੀਆਂ ਜੇਬਾਂ ਵਿੱਚੋਂ ਮੁੱਛੇ ਹੋਏ ਨੇ, ਕਿਹੜਾ ਇਨ੍ਹਾਂ ਦੀ ਕਿਰਤ ਕਮਾਈ ’ਚੋਂ...।’’
ਦੋਵੇਂ ਖਿੜ-ਖਿੜਾ ਕੇ ਹੱਸੇ ਤੇ ਵੋਟ ਪਾਉਣ ਦਾ ਮਨ ਬਣਾ ਲਿਆ।
ਸੰਪਰਕ: 94646-97781


ਸਿਆਸੀ ਡੱਡੂ

ਜਸਵੰਤ ਗਿੱਲ ਸਮਾਲਸਰ
ਵਿਹੜੇ ਵਿੱਚ ਘੁੰਮ ਰਹੇ ਡੱਡੂਆਂ ਨੂੰ ਜਗਤਾਰ ਸਿੰਘ ਬੜੇ ਹੀ ਧਿਆਨ ਨਾਲ ਦੇਖ ਰਿਹਾ ਸੀ। ਇੱਧਰ ਉੱਧਰ ਟਪੂਸੀਆਂ ਮਾਰ ਰਹੇ ਵੱਡੇ ਛੋਟੇ ਡੱਡੂ ਉਸ ਦੇ ਮਨ ਨੂੰ ਮੋਹ ਰਹੇ ਸਨ। ਅਚਾਨਕ ਹੀ ਉਹ ਭੱਜ ਕੇ ਕਮਰੇ ਅੰਦਰ ਗਿਆ ਤੇ ਟੀਵੀ ’ਤੇ ਖ਼ਬਰਾਂ ਸੁਣ ਰਹੇ ਆਪਣੇ ਦਾਦੇ ਬਿਸ਼ਨ ਸਿੰਘ ਨੂੰ ਪੁੱਛਣ ਲੱਗਿਆ, ‘‘ਦਾਦਾ ਜੀ, ਇਹ ਡੱਡੂ ਕਿੱਥੋਂ ਆਉਂਦੇ ਨੇ? ਪਹਿਲਾਂ ਤਾਂ ਨਹੀਂ ਸੀ ਪਰ ਮੀਂਹ ਤੋਂ ਬਾਅਦ ਕਿੰਨੇ ਸਾਰੇ ਆ ਗਏ।’’ ਬਿਸ਼ਨ ਸਿੰਘ ਨੇ ਜਵਾਬ ਦਿੰਦਿਆਂ ਕਿਹਾ, ‘‘ਮੈਨੂੰ ਅਨਪੜ੍ਹ ਨੂੰ ਕੀ ਪਤਾ ਪੁੱਤ? ਤੂੰ ਇਹ ਸਵਾਲ ਆਪਣੇ ਮਾਸਟਰਾਂ ਤੋਂ ਪੁੱਛੀ।’’
ਟੀਵੀ ’ਤੇ ਚੱਲ ਰਹੀ ਆਪਣੇ ਹਲਕੇ ਦੀ ਖ਼ਬਰ ਦੇਖ ਕੇ ਬਿਸ਼ਨ ਸਿੰਘ ਬੁੜਬੁੜਾ ਰਿਹਾ ਸੀ। ਇਹ ਦੇਖ ਕੇ ਜਗਤਾਰ ਨੇ ਕਿਹਾ, ‘‘ਕੀ ਹੋਇਆ ਦਾਦਾ ਜੀ? ਨਹੀਂ ਪਤਾ ਤਾਂ ਰਹਿਣ ਦੇਵੋ, ਮੈਂ ਕੱਲ੍ਹ ਆਪਣੀ ਮੈਡਮ ਤੋਂ ਪੁੱਛ ਲਵਾਂਗਾ।’’
‘‘ਨਹੀਂ ਪੁੱਤ, ਮੈਂ ਤਾਂ ਟੀਵੀ ’ਤੇ ਚੱਲ ਰਹੀ ਖ਼ਬਰ
ਦੇਖ ਕੇ ਹੈਰਾਨ ਹਾਂ। ਟੀਵੀ ਵਾਲੇ ਆਖ ਰਹੇ ਨੇ ਕਿ ਆਪਣੇ ਹਲਕੇ ਦਾ ਇੱਕ ਵੱਡਾ ਲੀਡਰ ਆਪਣੀ ਪਾਰਟੀ ਛੱਡ ਪੰਜ ਸੌ ਸਾਥੀਆਂ ਨਾਲ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ,’’ ਬਿਸ਼ਨ ਸਿੰਘ ਨੇ ਖ਼ਬਰ ਬਾਰੇ ਦੱਸਦਿਆਂ ਕਿਹਾ।
‘‘ਫਿਰ ਕੀ ਹੋਇਆ ਦਾਦਾ ਜੀ, ਤੁਸੀਂ ਕਿਉਂ ਪ੍ਰੇਸ਼ਾਨ ਹੋ?’’ ‘‘ਪੁੱਤ, ਮੈਂ ਪ੍ਰੇਸ਼ਾਨ ਤਾਂ ਹਾਂ ਕਿਉਂਕਿ ਮੈਂ ਕਦੇ ਇਸ ਵੱਡੇ ਲੀਡਰ ਨੂੰ ਦੇਖਿਆ ਹੀ ਨਹੀਂ। ਪਤਾ ਨਹੀਂ ਵੋਟਾਂ ਨੇੜੇ ਆਉਂਦੇ ਹੀ ਇਹ ਵੱਡੇ-ਵੱਡੇ ਲੀਡਰ ਕਿੱਥੋਂ ਨਿਕਲ ਆਉਂਦੇ ਨੇ,’’ ਬਿਸ਼ਨ ਸਿੰਘ ਨੇ ਕਿਹਾ। ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਜਗਤਾਰ ਬੋਲਿਆ, ‘‘ਅੱਛਾ ਦਾਦਾ ਜੀ, ਮਤਲਬ ਇਹ ਵੀ ਬਰਸਾਤੀ ਡੱਡੂਆਂ ਵਰਗੇ ਨੇ।’’ ਜਗਤਾਰ ਦੀ ਗੱਲ ਸੁਣ ਬਿਸ਼ਨ ਸਿੰਘ ਨੇ ਹੱਸਦਿਆਂ ਕਿਹਾ, ‘‘ਪੁੱਤ, ਇਹ ਬਰਸਾਤੀ ਨਹੀਂ ਸਿਆਸੀ ਡੱਡੂ ਨੇ ਜਿਹੜੇ ਚੋਣਾਂ ਨੇੜੇ ਹੋਣ ’ਤੇ ਬਾਹਰ ਨਿਕਲਦੇ ਨੇ ਤੇ ਇੱਧਰ ਉੱਧਰ ਪਾਰਟੀਆਂ ਵਿੱਚ ਟਪੂਸੀਆਂ ਮਾਰ ਕੇ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਦੇ ਨੇ।’’ ਬਾਪੂ ਦੀ ਗੱਲ ਸੁਣ ਕੇ ਜਗਤਾਰ ਹੁਣ ਵਿਹੜੇ ਵਿੱਚ ਘੁੰਮ ਰਹੇ ਡੱਡੂਆਂ ਤੇ ਟੀਵੀ ’ਚ ਚੱਲ ਰਹੀ ਖ਼ਬਰ ਵੱਲ ਦੇਖ ਰਿਹਾ ਸੀ।
ਸੰਪਰਕ: 97804-51878


ਅਸਲ ਹੱਕਦਾਰ

ਰਾਜਿੰਦਰ ਜੈਦਕਾ ਅਮਰਗੜ੍ਹ
ਸਾਰੇ ਵਿਦਿਆਰਥੀ ਨਤੀਜਾ ਆਉਣ ਦੀ ਖ਼ੁਸ਼ੀ ਵਿੱਚ ਮਠਿਆਈਆਂ ਵੰਡ ਰਹੇ ਸਨ। ਸੁਰਿੰਦਰ ਵੀ ਹੱਥ ਵਿੱਚ ਮਠਿਆਈ ਦਾ ਡੱਬਾ ਲਈ ਸੋਚ ਰਿਹਾ ਸੀ ਕਿ ਇਹ ਡੱਬਾ ਕਿਸ ਨੂੰ ਦਿੱਤਾ ਜਾਵੇ। ਪਹਿਲਾਂ ਉਸ ਨੇ ਅੰਗਰੇਜ਼ੀ ਵਾਲੇ ਅਧਿਆਪਕ ਬਾਰੇ ਸੋਚਿਆ। ਉਸ ਨੇ ਤਾਂ ਸਾਰਾ ਸਾਲ ਪੀਰੀਅਡ ਹੀ ਨਹੀਂ ਲਾਇਆ। ਹਿਸਾਬ ਵਾਲੇ ਮਾਸਟਰ ਨੇ ਟਿਊਸ਼ਨ ਵਾਲੇ ਬੱਚਿਆਂ ਨੂੰ ਹੀ ਪੜ੍ਹਾਇਆ। ਆਖ਼ਰ ਉਹ ਪੀਟੀ ਮਾਸਟਰ ਦੇ ਘਰ ਵੱਲ ਤੁਰ ਪਿਆ ਕਿਉਂਕਿ ਉਸ ਨੇ ਹੀ ਤਾਂ ਪੇਪਰਾਂ ਵਿੱਚ ਉਸ ਦੀ ਸਹਾਇਤਾ ਕੀਤੀ ਸੀ।
ਸੰਪਰਕ: 98729-42175


ਅਫ਼ਸੋਸ

ਡਾ. ਜਸਵਿੰਦਰ ਸਿੰਘ ਬਰਾੜ
‘‘ਮੈਂ ਤਾਂ ਕਦੋਂ ਦੀ ਤਿਆਰ ਖੜ੍ਹੀ ਆਂ, ਤੁਸੀਂ ਬਹੁਤ ਜਿੱਲ੍ਹੇ ਓ। ਆਹ ਦੇਖੋ 10 ਵੱਜ ਚੁੱਕੇ ਐ। ਡਾਕਟਰ ਕੋਲ ਵੀ ਜਾਣੈ ਤੇ ਟੇਲਰ ਕੋਲ ਵੀ ਜਾਣੈ ਪਰ ਘੰਟਾ ਹੋ ਗਿਆ ਤੁਸੀਂ ਇੱਥੇ ਹੀ ਪੱਗ ਦੀਆਂ ਮੋਰਨੀਆਂ ਬਣਾਈ ਜਾਨੇ ਓ,’’ ਮੇਰੀ ਧਰਮ ਪਤਨੀ ਨੇ ਘੜੀ ਚੁੱਕ ਕੇ ਮੇਰੇ ਮੂਹਰੇ ਕਰਦਿਆਂ ਕਿਹਾ। ‘‘ਬੱਸ ਮੈਂ ਵੀ ਤਿਆਰ ਹੀ ਆਂ, ਤੂੰ ਡਾਕਟਰ ਨੂੰ ਫੋਨ ਕਰਕੇ ਪੁੱਛ ਵੀ ਮਿਲ ਜਾਵੇਗਾ?’’ ਮੈਂ ਫਟਾਫਟ ਪੱਗ ਦਾ ਆਖ਼ਰੀ ਲੜ ਲਗਾ ਕੇ ਕਿਹਾ। ‘‘ਤੁਸੀਂ ਕਰੋ ਗੱਲ ਡਾਕਟਰ ਨਾਲ’’ ਕਹਿੰਦਿਆਂ ਉਸ ਨੇ ਮੈਨੂੰ ਫੋਨ ਫੜਾ ਦਿੱਤਾ। ਮੈਂ ਡਾਕਟਰ ਨੂੰ ਫੋਨ ਲਗਾਇਆ ਤਾਂ ਪਤਾ ਲੱਗਿਆ ਕਿ ਡਾਕਟਰ ਸਾਹਿਬ ਖ਼ੁਦ ਬਿਮਾਰ ਚੱਲ ਰਹੇ ਹਨ, ਇਸ ਕਰਕੇ ਅੱਜ ਹਸਪਤਾਲ ਨਹੀਂ ਮਿਲਣਗੇ। ਮੈਨੂੰ ਅਫ਼ਸੋਸ ਵੀ ਹੋ ਰਿਹਾ ਸੀ ਤੇ ਡਰ ਵੀ ਲੱਗ ਰਿਹਾ ਸੀ। ਅਫ਼ਸੋਸ ਇਸ ਗੱਲ ਦਾ ਸੀ ਕਿ ਵਿਚਾਰੀ ਪਿਛਲੇ ਦਸ ਦਿਨਾਂ ਤੋਂ ਮੈਨੂੰ ਲਗਾਤਾਰ ਕਹਿ ਰਹੀ ਸੀ ਡਾਕਟਰ ਕੋਲ ਲੈ ਕੇ ਚੱਲੋ ਅਤੇ ਘਰ ਦੇ ਰੁਝੇਵਿਆਂ ਕਾਰਨ ਮੈਂ ਸਮਾਂ ਨਹੀਂ ਕੱਢ ਸਕਿਆ ਸੀ; ਜੇ ਅੱਜ ਸਮਾਂ ਕੱਢਿਆ ਤਾਂ ਡਾਕਟਰ ਨਹੀਂ ਸੀ ਮਿਲਣਾ। ਡਰ ਇਸ ਗੱਲ ਦਾ ਸੀ ਕਿ ਹੁਣ ਇਹ ਜ਼ਰੂਰ ਬੋਲੇਗੀ ਕਿ ‘ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਲੈ ਕੇ ਗਿਆ, ਮੈਂ ਕਿੱਦੇਂ ਦੀ ਕਹਿ ਰਹੀ ਸੀ’। ਪਰ ਉਹ ਮਹਾਤਮਾ ਬੁੱਧ ਦੀ ਤਸਵੀਰ ਵਾਂਗ ਚੁੱਪਚਾਪ ਸ਼ਾਂਤੀ ਨਾਲ ਖੜ੍ਹੀ ਰਹੀ। ਉਸ ਦੀ ਇਹ ਸ਼ਾਂਤੀ ਮੈਨੂੰ ਸੱਚਮੁੱਚ ਹੈਰਾਨ ਕਰ ਰਹੀ ਸੀ। ਮੈਂ ਗੱਲ ਨੂੰ ਟਾਲਣ ਅਤੇ ਮਾਹੌਲ ਨੂੰ ਥੋੜ੍ਹਾ ਹਲਕਾ ਬਣਾਉਣ ਦੀ ਇੱਛਾ ਨਾਲ ਹੱਸ ਕੇ ਕਿਹਾ, ‘‘ਟੇਲਰ ਨੂੰ ਵੀ ਫੋਨ ਕਰਕੇ ਪੁੱਛ ਕਿਤੇ ਉਹ ਵੀ ਛੁੱਟੀ ’ਤੇ ਨਾ ਹੋਵੇ।’’ ਉਸ ਨੇ ਮੇਰੀ ਗੱਲ ਸੁਣਦਿਆਂ ਹੀ ਝੱਟ ਦਰਜ਼ੀ ਨੂੰ ਫੋਨ ਮਿਲਾਇਆ।
ਮੇਰੀ ਭਵਿੱਖਬਾਣੀ ਠੀਕ ਨਿਕਲੀ ਅੱਜ ਦਰਜ਼ੀ ਵੀ ਛੁੱਟੀ ’ਤੇ ਸੀ। ਮੇਰੀ ਪਤਨੀ ਨੇ ਫੋਨ ਵਗਾਹ ਮਾਰਿਆ ਤੇ ਗੁੱਸੇ ਨਾਲ ਬੈੱਡ ’ਤੇ ਬੈਠ ਗਈ। ਮੈਨੂੰ ਸੱਚੀਂ ਬੜੀ ਹਮਦਰਦੀ ਹੋ ਰਹੀ ਸੀ ਕਿ ਵਿਚਾਰੀ ਨੇ ਕਾਲਜ ਤੋਂ ਛੁੱਟੀ ਵੀ ਲਈ ਪਰ ਦੋਹਾਂ ਵਿੱਚੋਂ ਕੰਮ ਉਸ ਦਾ ਇੱਕ ਵੀ ਨਹੀਂ ਸੀ ਹੋਇਆ। ਮੈਂ ਉਸ ਦੇ ਮੋਢੇ ’ਤੇ ਹੱਥ ਰੱਖਿਆ ਤੇ ਬੜੀ ਹਲੀਮੀ ਜਹੀ ਨਾਲ ਆਖਿਆ, ‘‘ਕੋਈ ਨਾ ਆਪਾਂ ਅਗਲੇ ਸ਼ਨਿਚਰਵਾਰ ਚੱਲਾਂਗੇ। ਮੈਂ ਸਮਝ ਸਕਦਾਂ ਤੈਨੂੰ ਅਫ਼ਸੋਸ ਹੋ ਰਿਹਾ ਹੋਵੇਗਾ ਬਈ ਛੁੱਟੀ ਵੀ ਮਾਰੀ ਤੇ ਡਾਕਟਰ ਤੇ ਟੇਲਰ ਕੋਲ ਵੀ ਨਹੀਂ ਜਾ ਸਕੇ।’’ ਉਸ ਨੇ ਚੁੱਪੀ ਤੋੜੀ ਤੇ ਸਾਉਣ ਦੇ ਬੱਦਲ ਵਾਂਗੂੰ ਗਰਜ ਕੇ ਬੋਲੀ, ‘‘ਅੱਗ ਲੱਗੇ ਡਾਕਟਰ, ਉਹਦਾ ਮੈਨੂੰ ਡੱਕਾ ਅਫ਼ਸੋਸ ਨਹੀਂ। ਅਫ਼ਸੋਸ ਤਾਂ ਇਸ ਗੱਲ ਦਾ ਵੀ ਐ ਟੇਲਰ ਨੇ ਵੀ ਅੱਜ ਹੀ ਕਿਸੇ ਪਾਸੇ ਉੱਜੜਨਾ ਸੀ।’’ ਬੇਸ਼ੱਕ ਮੇਰੀ ਪਤਨੀ ਬੇਹੱਦ ਅਫ਼ਸੋਸ ਕਰ ਰਹੀ ਪਰ ਮੈਂ ਬੇਹੱਦ ਹੈਰਾਨ ਸੀ।
ਸੰਪਰਕ: 98776-61770

Advertisement
Author Image

Advertisement
Advertisement
×