ਦਿੱਲੀ ਵਾਸੀਆਂ ਲਈ ਕਹਿਰ ਬਣ ਵਰ੍ਹਿਆ ਇੰਦਰ ਦੇਵਤਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜੁਲਾਈ
ਦਿੱਲੀ-ਐਨਸੀਆਰ ਵਿੱਚ ਬੀਤੇ ਦੋ ਦਿਨ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਹਾਲਤ ਬਦਤਰ ਹੋ ਗਏ ਹਨ। ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ ਹਨ। ਦਿੱਲੀ ਦੇ ਬਦਤਰ ਹਾਲਤ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨਾਲ ਗੱਲਬਾਤ ਕੀਤੀ ਤੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ।
ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ, ‘‘ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੇ ਮੱਦੇਨਜ਼ਰ ਅਤੇ ਮੌਸਮ ਵਿਭਾਗ ਦੀ ਚਿਤਾਵਨੀ ਨੂੰ ਦੇਖਦੇ ਹੋਏ ਸੋਮਵਾਰ ਨੂੰ ਸਾਰੇ ਸਕੂਲ ਬੰਦ ਰਹਿਣਗੇ।’’ ਇਸੇ ਤਰ੍ਹਾਂ ਕੇਜਰੀਵਾਲ ਨੇ ਸਾਰੇ ਸਰਕਾਰੀ ਅਧਿਕਾਰੀਆਂ ਦੀ ਹਫਤਾਵਰੀ ਛੁੱਟੀ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਮੇਅਰ ਸ਼ੈਲੀ ਓਬਰਾਏ ਵੀ ਕੌਮੀ ਰਾਜਧਾਨੀ ਵਿੱਚ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਨਗੇ। ਮੁੱਖ ਮੰਤਰੀ ਨੇ ਟਵੀਟ ਕੀਤਾ, “ਦਿੱਲੀ ਵਿੱਚ ਕੱਲ੍ਹ 126 ਮਿਲੀਮੀਟਰ ਮੀਂਹ ਪਿਆ। ਮੌਨਸੂਨ ਸੀਜ਼ਨ ਦੌਰਾਨ ਹੋਣ ਵਾਲੀ ਕੁੱਲ ਬਾਰਿਸ਼ ਦਾ 15 ਫੀਸਦ ਪਾਣੀ 12 ਘੰਟਿਆਂ ਵਿੱਚ ਵਰ੍ਹਿਆ। ਪਾਣੀ ਭਰਨ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋਏ। ਅੱਜ ਦਿੱਲੀ ਦੇ ਸਾਰੇ ਮੰਤਰੀ ਅਤੇ ਮੇਅਰ ਸਮੱਸਿਆਵਾਂ ਵਾਲੇ ਖੇਤਰਾਂ ਦਾ ਦੌਰਾ ਕਰਨਗੇ। ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਐਤਵਾਰ ਦੀ ਛੁੱਟੀ ਰੱਦ ਕਰ ਕੇ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।’’
ਉਨ੍ਹਾਂ ਦੀ ਹਦਾਇਤ ਮਗਰੋਂ ਦਿੱਲੀ ਦੀ ਮੇਅਰ ਸ਼ੀਲਾ ਉਬਰਾਏ ਤੇ ਲੋਕ ਨਿਰਮਾਣ ਮੰਤਰੀ ਆਤਿਸ਼ੀ ਵੱਲੋਂ ਆਈਟੀਓ ਸਮੇਤ ਹੋਰ ਇਲਾਕਿਆਂ ਦਾ ਦੌਰਾ ਕਰ ਕੇ ਹਾਲਤਾਂ ਦਾ ਜਾਇਜ਼ਾ ਲਿਆ ਗਿਆ।
ਇਸ ਦੌਰਾਨ ਆਈਟੀਓ, ਗ੍ਰੇਟਰ ਕੈਲਾਸ਼, ਵਿਨੋਦ ਨਗਰ, ਰੋਹਿਣੀ, ਬਦਰਪੁਰ, ਅਲੀਪੁਰ, ਲੋਧੀ ਮਾਰਗ, ਸਾਊਥ ਐਵੇਨਿਊ, ਇੰਡੀਆ ਗੇਟ ਤੋਂ ਇਲਾਵਾ ਪੱਛਮੀ ਦਿੱਲੀ ਦੇ ਕਈ ਇਲਾਕਿਆਂ ਤੱਕ ਲੋਕਾਂ ਨੂੰ ਮੀਂਹ ਦੇ ਪਾਣੀ ਭਰਨ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਾਈਵੇਟ ਕਲੋਨੀਆਂ ਵਿੱਚ ਵੀ ਪਾਣੀ ਭਰ ਗਿਆ। ਪੜਪੜਜੰਗ ਵਿਧਾਨ ਸਭਾ ਹਲਕੇ ਵਿੱਚ ਇੱਕ ਵਿਅਕਤੀ ਨੇ ਕਿਸ਼ਤੀ ਚਲਾ ਕੇ ਸੂਬਾ ਸਰਕਾਰ ਨੂੰ ਕੋਸਿਆ। ਰੋਹਿਨੀ ਇਲਾਕੇ ਦੇ ਸੈਕਟਰ-23-24 ਵਿੱਚ ਇੱਕ ਚੌਕ ਕੋਲ ਅੱਜ ਵੀ ਸੜਕ ਜ਼ਮੀਨ ਵਿੱਚ ਧੱਸ ਗਈ। ਬੀਤੇ ਦਿਨੀਂ ਅਜਿਹੀ ਘਟਨਾ ਜਨਕਪੁਰੀ ਵਿੱਚ ਸਾਹਮਣੇ ਆਈ ਸੀ। ਦਿੱਲੀ ’ਚ ਮੀਂਹ ਨੇ 41 ਸਾਲ ਦਾ ਰਿਕਾਰਡ ਤੋੜਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੱਜ ਸਵੇਰੇ ਅੱਠ ਵਜੇ ਤੱਕ 153 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ ਜੁਲਾਈ 1982 ਮਗਰੋਂ ਇਹ ਇਕ ਦਿਨ ਵਿੱਚ ਪਏ ਮੀਂਹ ਦਾ ਸਿਖਰਲਾ ਅੰਕੜਾ ਹੈ। 25 ਜੂਨ 1982 ਨੂੰ ਦਿੱਲੀ ਵਿੱਚ 169.9 ਮਿਲੀਮੀਟਰ ਮੀਂਹ ਪਿਆ ਸੀ। ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਪਲਵਲ, ਸੋਨੀਪਤ, ਨੋਇਡਾ ਦੇ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ ਹੈ।
ਹਥਨੀਕੁੰਡ ਬੈਰਾਜ ਤੋਂ ਯਮੁਨਾ ’ਚ ਪਾਣੀ ਛੱਡਿਆ; ਹੜ੍ਹ ਦੀ ਚਿਤਾਵਨੀ ਜਾਰੀ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਹਰਿਆਣਾ ਵੱਲੋਂ ਹਥਨੀਕੁੰਡ ਬੈਰਾਜ ਤੋਂ ਯਮੁਨਾ ਨਦੀ ਵਿੱਚ ਇੱਕ ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਅੱਜ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਇਕ ਆਦੇਸ਼ ’ਚ ਕਿਹਾ, ‘‘ਸ਼ਾਮ 4 ਵਜੇ ਹਥੀਨੀਕੁੰਡ ਬੈਰਾਜ ਤੋਂ ਯਮੁਨਾ ਨਦੀ ’ਚ 1,05,453 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਪਹਿਲੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ’’ ਹੜ੍ਹ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਵੀ ਯਮੁਨਾ ’ਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਮੰਗਲਵਾਰ ਨੂੰ ਇਸ ਦੇ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਦੇ ਹੜ੍ਹ ਨਿਗਰਾਨੀ ਪੋਰਟਲ ਅਨੁਸਾਰ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਨੂੰ ਦੁਪਹਿਰ 1 ਵਜੇ 203.18 ਮੀਟਰ ਸੀ, ਜਦੋਂ ਕਿ ਖ਼ਤਰੇ ਦਾ ਪੱਧਰ 204.5 ਮੀਟਰ ਹੈ। ਸੀਡਬਲਯੂਸੀ ਅਨੁਸਾਰ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪਾਣੀ ਦਾ ਪੱਧਰ 205.5 ਮੀਟਰ ਤੱਕ ਵਧਣ ਦੀ ਸੰਭਾਵਨਾ ਹੈ।