For the best experience, open
https://m.punjabitribuneonline.com
on your mobile browser.
Advertisement

ਜਾਵੋ ਨੀਂ ਕੋਈ ਮੋੜ ਲਿਆਵੋ..!

09:00 AM May 02, 2024 IST
ਜਾਵੋ ਨੀਂ ਕੋਈ ਮੋੜ ਲਿਆਵੋ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 1 ਮਈ
ਨਵਜੋਤ ਸਿੱਧੂ ਕਿਤੇ ਨਹੀਂ ਗਿਆ। ਓਹ ਜ਼ਰੂਰ ਪਰਤੇਗਾ। ‘ਸ਼ੈਰੀ’ ਪੰਜਾਬ ਬਿਨਾ ਤਾਂ ਸਾਹ ਨਹੀਂ ਲੈਂਦਾ। ਉਹ ਪੰਜਾਬ ਦਾ ਏਜੰਡਾ ਵੀ ਆਪਣੇ ਖੀਸੇ ’ਚ ਹੀ ਲੈ ਗਿਆ ਹੈ। ਪੰਜਾਬ ਨੂੰ ਅੰਤਾਂ ਦਾ ਮੋਹ ਕਰਨ ਵਾਲਾ ਨਵਜੋਤ ਸਿੱਧੂ ਜੇ ਅੱਜ ਕਿਤੇ ਇੱਥੇ ਹੁੰਦਾ ਤਾਂ ਚੋਣਾਂ ’ਚ ‘ਖਟੈਕ-ਖਟੈਕ’ ਹੋਈ ਹੋਣੀ ਸੀ। ਨਵਜੋਤ ਸਿੱਧੂ ਆਈਪੀਐੱਲ ਦੀ ਕੁਮੈਂਟਰੀ ਕਰਨ ਚਲਾ ਗਿਆ ਹੈ ਤਾਂ ਜੋ ਰੋਜ਼ੀ ਰੋਟੀ ਕਮਾਈ ਜਾ ਸਕੇ। ਸਿਆਣੇ ਆਖਦੇ ਨੇ ‘ਭੁੱਲ ਗਏ ਨੇ ਰੰਗ ਰਾਗ, ਭੁੱਲ ਗਈਆਂ ਯੱਕੜਾਂ, ਤਿੰਨੋਂ ਗੱਲਾਂ ਯਾਦ ਰਹੀਆਂ, ਲੂਣ ਤੇਲ ਲੱਕੜਾਂ।’
ਜਦੋਂ ਮਸਲਾ ਲੂਣ, ਤੇਲ ਦਾ ਹੋਵੇ ਤਾਂ ਕੌਣ ਘਰੇ ਟਿਕ ਬੈਠੇਗਾ। ਕਿਸੇ ਨੇ ਕਿਹਾ ਹੈ ਕਿ ‘ਜਰਨੈਲ ਦੀ ਪਛਾਣ ਤਾਂ ਜੰਗ ਦੌਰਾਨ ਹੁੰਦੀ ਹੈ।’ ਪੰਜਾਬ ’ਚ ਚੋਣਾਂ ਵੀ ਕਿਸੇ ਜੰਗ ਤੋਂ ਘੱਟ ਨਹੀਂ। ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ‘ਸ਼ੈਰੀ ਭਾਅ ਜੀ’ ਦੀਆਂ ਰੈਲੀਆਂ ਕਰਾਈਆਂ, ਉਨ੍ਹਾਂ ਨੂੰ ਸੁੱਝ ਨਹੀਂ ਰਿਹਾ ਕਿ ਹੁਣ ਕੀਹਦੀ ਮਾਂ ਨੂੰ ਮਾਸੀ ਕਹਿਣ। ਪੰਜਾਬ ਦੀ ਮਾੜੀ ਕਿਸਮਤ, ਨਾਲੇ ਫ਼ੁੱਟੇ ਭਾਗ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਜਿਨ੍ਹਾਂ ਨੇ ਸਿੱਧੂ ਏਜੰਡਾਪੁਰੀਏ ਨੂੰ ਕੁਮੈਂਟਰੀ ਲਈ ਜਾਣ ਤੋਂ ਰੋਕਿਆ ਤੱਕ ਨਹੀਂ। ‘ਜਾਵੋ ਨੀਂ ਕੋਈ ਮੋੜ ਲਿਆਵੋ, ਮੇਰੀ ਰੁੱਸ ਗਈ ਹੀਰ ਸਲੇਟੀ।’
ਇੰਨੀਆਂ ਖੋਜਾਂ ਤਾਂ ਥੌਮਸ ਐਡੀਸਨ ਨਹੀਂ ਕਰ ਸਕਿਆ, ਜਿੰਨੀਆਂ ਨਵਜੋਤ ਸਿੱਧੂ ਨੇ ਕੀਤੀਆਂ ਨੇ। ਕਾਂਗਰਸ ’ਚੋਂ ‘ਮੁੰਨੀ’ ਖੋਜਣ ਦਾ ਸਿਹਰਾ ਵੀ ਸਿੱਧੂ ਨੂੰ ਜਾਂਦਾ ਹੈ। ਰਾਹੁਲ ਗਾਂਧੀ ’ਚੋਂ ‘ਪੱਪੂ’ ਵੀ ਸ਼ੈਰੀ ਨੇ ਖੋਜਿਆ। ਮਨਮੋਹਨ ਸਿੰਘ ’ਚੋਂ ‘ਮੋਨੀ ਬਾਬਾ’ ਦੀ ਖੋਜ ਦਾ ਪੇਟੈਂਟ ਵੀ ਸਿੱਧੂ ਕੋਲ ਹੀ ਹੈ। ਕਾਂਗਰਸ ਰੈਲੀਆਂ ਵਿਚ ਹੁਣ ਠੋਕੋ ਤਾਲੀ ਕੌਣ ਕਹੂ। ਹੁਣ ਕੌਣ ਤੋਤੇ ਉਡਾਊ ਤੇ ਕੌਣ ਮੋਛੇ ਪਾਊ।
ਜਿਨ੍ਹਾਂ ਕਾਂਗਰਸੀ ਵਰਕਰਾਂ ਨੇ ਸਿੱਧੂ ਦੇ ਕਹਿਣ ’ਤੇ ਤਾਲੀ ’ਤੇ ਤਾਲੀ ਠੋਕੀ, ਉਹ ਆਪਣੇ ਹੱਥਾਂ ’ਤੇ ਪਏ ਅੱਟਣਾਂ ਵੱਲ ਦੇਖ ਰਹੇ ਹਨ। ਜਿਵੇਂ ‘ਬੋਧੀ ਬ੍ਰਿਛ’ ਹੇਠ ਬੈਠ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ। ਉਵੇਂ ਅਰੁਣ ਜੇਤਲੀ ਵਰਗੇ ਬੋਹੜ ਹੇਠ ਬੈਠ ਕੇ ਨਵਜੋਤ ਸਿੱਧੂ ਦੇ ਅਕਲ ਦਾੜ੍ਹ ਪ੍ਰਗਟ ਹੋਈ ਸੀ। ਫਿਰ ਚੱਲ ਸੋ ਚੱਲ, ਇਹ ਰਮਤਾ ਜੋਗੀ ਚੱਲਦਾ ਗਿਆ, ਰਾਹ ਬਣਦੇ ਗਏ।
ਜਿੰਨਾ ਸਮਾਂ ਸਿੱਧੂ ਸਾਹਿਬ ਪ੍ਰਧਾਨ ਰਹੇ, ਉਨ੍ਹਾਂ ਦਾ ਬਿਸਤਰਾ ਕਾਂਗਰਸ ਭਵਨ ਵਿਚ ਰਿਹਾ। ਦਿਨ ਰਾਤ ਸ਼ੈਰੀ ਪੰਜਾਬ ਖ਼ਾਤਰ ਜਾਗਿਆ। ਉਹ ਭੱਦਰ ਪੁਰਸ਼ ਅੱਜ ਪ੍ਰਧਾਨ ਨਹੀਂ ਰਿਹਾ ਪਰ ਉਸ ਦਾ ਬਿਸਤਰਾ ਅੱਜ ਵੀ ਕਾਂਗਰਸ ਭਵਨ ’ਚ ਪਿਐ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਟਿਕਟ ਲੈ ਕੇ ‘ਕਾਂਗਰਸ ਭਵਨ’ ਵਿਚਲੇ ਬਿਸਤਰਪੁਰ ਨੂੰ ਦੇਖਿਆ ਕਰਨਗੇ।
ਸਿੱਧੂ ਨਾਲ ਜਿਸ ਨੇ ਪੰਗਾ ਲਿਆ, ਉਹ ‘ਭਸਮ’ ਹੋ ਗਿਆ। ਅਮਰਿੰਦਰ ਨੇ ਰੱਬ ਨੂੰ ਟੱਬ ਦੱਸਿਆ, ਭਸਮ ਹੋ ਗਿਆ। ਚੰਨੀ ਨੇ ਮੁੱਲ ਨਾ ਪਾਇਆ, ਦੋਵਾਂ ਸੀਟਾਂ ਤੋਂ ਹਾਰ ਗਏ। ਰਾਜਾ ਵੜਿੰਗ ਨੇ ਅਨੁਸ਼ਾਸਨੀ ਕਾਰਵਾਈ ਦੀ ਧਮਕੀ ਦਿੱਤੀ, ਉਨ੍ਹਾਂ ਦੀ ਪਤਨੀ ਅੰਮ੍ਰਿਤਾ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ। ਭਾਜੀ, ਦਰਸ਼ਨੀ ਘੋੜੇ ਨਹੀਂ, ਅਰਬੀ ਘੋੜੇ ਨੇ। ਕਿਤੇ ਰੋਜ਼ੀ ਰੋਟੀ ਲਈ ਕੁਮੈਂਟਰੀ ’ਤੇ ਨਾ ਜਾਣਾ ਪੈਂਦਾ ਤਾਂ ਸੀਟਾਂ ਦਾ ਢੇਰ ਲਾ ਦੇਣਾ ਸੀ।

Advertisement

Advertisement
Author Image

joginder kumar

View all posts

Advertisement
Advertisement
×