ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐਮ ਫ਼ਸਲਾਂ ਅਤੇ ਇਨ੍ਹਾਂ ਦੇ ਨਫ਼ੇ-ਨੁਕਸਾਨ

01:31 PM Jan 30, 2023 IST

ਡਾ. ਅਮਨਪ੍ਰੀਤ ਸਿੰਘ ਬਰਾੜ

Advertisement

ਅੱਜ ਕੱਲ੍ਹ ਮੀਡੀਆ ਵਿਚ ਜੀਐੱਮ ਫ਼ਸਲਾਂ ਦਾ ਵਿਸ਼ਾ ਚਰਚਾ ਵਿਚ ਹੈ। ਜੀਐੱਮ ਜਿਸ ਨੂੰ ਜੈਨੇਟੀਕਲੀ ਮੌਡੀਫਾਈਡ ਕਿਹਾ ਜਾਂਦਾ ਹੈ, ਭਾਵ ਇਸ ਦੇ ਜੀਨ ਵਿਚ ਤਬਦੀਲੀ ਕੀਤੀ ਗਈ ਹੈ। ਜੀਨ ਕੀ ਹੈ, ਇਸ ਨੂੰ ਇਸ ਉਦਾਹਰਨ ਨਾਲ ਸਮਝਦੇ ਹਾਂ- ਮੰਨ ਲਓ ਕੋਈ ਇਮਾਰਤ ਇੱਟਾਂ ਦੀ ਬਣੀ ਹੈ, ਇਸ ਵਿਚ ਇੱਟ ਨੂੰ ਸੈੱਲ ਮੰਨ ਲਓ। ਇਸ ਦੇ ਬਰਾਬਰ ਜੀਵ, ਜੰਤੂ, ਬੂਟੇ, ਬੈਕਟੀਰੀਆ ਉੱਲੀ ਆਦਿ ਸੈੱਲਾਂ ਦੇ ਬਣੇ ਹੁੰਦੇ ਹਨ ਅਤੇ ਸੈੱਲਾਂ ਦੀ ਗਿਣਤੀ ਆਕਾਰ ਦੇ ਹਿਸਾਬ ਨਾਲ ਹੁੰਦੀ ਹੈ। ਹਾਂ, ਵਾਇਰਸ ਵਿਚ ਸਿਰਫ਼ ਇੱਕੋ ਸੈੱਲ ਹੁੰਦਾ ਹੈ। ਅੱਗੇ ਸੈੱਲ ਦੀ ਬਣਤਰ ਵਿਚ ਨਿਊਕਲੀਅਸ ਹੁੰਦਾ ਹੈ ਜਿਸ ਵਿਚ ਕਰੋਮੋਸੋਮ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਵੀ ਵੱਖ ਵੱਖ ਫ਼ਸਲਾਂ ਵਿਚ ਵੱਖ ਵੱਖ ਹੁੰਦੀ ਹੈ। ਕਰੋਮੋਸੋਮ ਤੋਂ ਅੱਗੇ ਜੀਨ ਆਉਂਦੇ ਹਨ ਜਿਹੜੇ ਹਰ ਫ਼ਸਲ ਦੇ ਲੱਛਣ ਤੈਅ ਕਰਦੇ ਹਨ ਕਿ ਫ਼ਸਲ ਦਾ ਆਕਾਰ ਕੀ ਹੋਵੇਗਾ, ਅਗੇਤੀ ਹੋਵੇਗੀ ਜਾਂ ਪਛੇਤੀ, ਇਸ ਦਾ ਝਾੜ ਕਿੰਨਾ ਹੋਵੇਗਾ, ਦਾਣਿਆ ਦਾ ਆਕਾਰ ਅਤੇ ਰੰਗ ਕਿਹੋ ਜਿਹਾ ਹੋਵੇਗਾ। ਫ਼ਸਲ ਵਿਚ ਕਿਸੇ ਖ਼ਾਸ ਮਕਸਦ ਲਈ ਜਿਵੇਂ ਝਾੜ ਵਧਾਉਣਾ ਅਤੇ ਬਿਮਾਰੀ ਜਾਂ ਕੀੜਿਆਂ ਤੋਂ ਰਹਿਤ ਕਰਨ ਲਈ ਇਸ ਵਿਚ ਜੀਨ ਦੀ ਤਬਦੀਲੀ ਕੀਤੀ ਜਾਂਦੀ ਹੈ; ਜਿਵੇਂ ਨਰਮੇ ਨੂੰ ਅਮਰੀਕਨ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਬੀਟੀ ਨਰਮਾ ਲਿਆਂਦਾ। ਉਸ ਵੇਲੇ ਨਰਮੇ ਵਿਚ ਬੈਕਟੀਰੀਆ (ਬੈਸੀਲਸ ਥੁਰਾਜੇਨਿਸਿਸ) ਦਾ ਜੀਨ ਪਾਇਆ। ਇਸ ਨਾਲ ਜਦੋਂ ਟੀਂਡੇ ਨੂੰ ਸੁੰਡੀ ਦਾ ਲਾਰਵਾ ਖਾਂਦਾ ਸੀ ਤਾਂ ਉਸ ਦੇ ਮਿਹਦੇ ਵਿਚ ਜ਼ਹਿਰ ਬਣ ਜਾਂਦਾ ਸੀ। ਇਸ ਨਾਲ ਸੁੰਡੀ ਮਰ ਜਾਂਦੀ ਹੈ।

ਭਾਰਤ ਵਿਚ ਜੀਐੱਮ ਫ਼ਸਲਾਂ: ਭਾਰਤ ਵਿਚ 2002 ਵਿਚ ਜੀਐੱਮ ਕਾਟਨ (ਮੌਨਸੈਂਟੋ ਕੰਪਨੀ) ਲਿਆਂਦੀ ਗਈ। ਉਸ ਤੋਂ ਬਾਅਦ ਇੱਥੇ ਕੋਈ ਜੀਐੱਮ ਫ਼ਸਲ ਨਹੀਂ ਲਿਆਂਦੀ ਗਈ। ਬੀਟੀ ਬੈਂਗਣਾਂ ਵਿਚ ਵੀ ਨਰਮੇ ਵਾਲਾ ਜੀਨ ਪਾਇਆ ਗਿਆ ਸੀ ਤਾਂ ਕਿ ਇਹ ਕਾਣੇ ਨਾ ਹੋਣ ਪਰ ਵਾਤਾਵਰਨ ਪ੍ਰੇਮੀਆਂ ਦੇ ਵਿਰੋਧ ਪਿੱਛੋਂ ਇਸ ਨੂੰ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਜੀਐੱਮ ਸਰ੍ਹੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਬਾਰੇ ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਭਾਵੇਂ ਦੇਸ਼ ਵਿਚ 13 ਫ਼ਸਲਾਂ ‘ਤੇ ਜੀਐੱਮ ਤਕਨਾਲੋਜੀ ਦਾ ਕੰਮ ਹੋ ਰਿਹਾ ਹੈ ਪਰ ਇਹ ਖ਼ੁਰਾਕ ਵਾਲੀ ਪਹਿਲੀ ਫ਼ਸਲ ਹੈ ਜਿਸ ਨੂੰ ਵਾਤਾਵਰਨ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਰਨ ਇਸ ਨੂੰ ਦੋ ਸਾਲ ਵਿਚ ਵਪਾਰਕ ਪੱਧਰ ‘ਤੇ ਅਪਨਾਉਣ ਲਈ ਤਕਰੀਬਨ ਰਾਹ ਪੱਧਰਾ ਹੋ ਗਿਆ ਹੈ। ਜਿ਼ਕਰਯੋਗ ਹੈ ਕਿ ਆਈਸੀਏਆਰ ਨੇ ਇਹ ਨਹੀਂ ਮੰਨਿਆ ਕਿ ਇਸ ਕਿਸਮ ਨਾਲ ਦੇਸ਼ ਦੀ ਤੇਲ ਦੀ ਸਮੱਸਿਆ ਹੱਲ ਹੋ ਜਾਵੇਗੀ।

Advertisement

ਅੱਜ ਜਿਸ ਗੱਲ ਤੋਂ ਦੁਬਾਰਾ ਇਨ੍ਹਾਂ ਫ਼ਸਲਾਂ ਦੀ ਚਰਚਾ ਛਿੜੀ ਹੈ, ਉਹ ਸਰ੍ਹੋਂ ਦੀ ਡੀਐੱਮਐਚ-11 ਕਿਸਮ ਹੈ। ਇਹ ਕਿਸਮ ਦਿੱਲੀ ਯੂਨੀਵਰਸਿਟੀ ਨੇ ਵਿਕਸਤ ਕੀਤੀ ਹੈ ਅਤੇ ਖੁ਼ਦ ਅਦਾਰੇ ਨੇ ਇਸ ਦੀ ਅਜ਼ਮਾਇਸ਼ ਕੀਤੀ ਹੈ। ਇਸ ਕਿਸਮ ਵਿਚ ਵੀ ਬੈਕਟੀਰੀਆ ਤੋਂ ਤਿੰਨ ਜੀਨ ਪਾਏ ਗਏ ਹਨ। ਦੋ ਜੀਨ ਇੱਕ ਬੈਕਟੀਰੀਆ ਤੋਂ ਅਤੇ ਇੱਕ ਜੀਨ ਇੱਕ ਤੋਂ। ਦਿੱਲੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਇਸ ਕਿਸਮ ਨਾਲ ਝਾੜ ਅਤੇ ਤੇਲ ਬੀਜ ਦੀ ਪੈਦਾਵਾਰ ਵਧੇਗੀ। ਜੋ ਤੇਲ ਅਸੀਂ ਬਾਹਰੋਂ ਮੰਗਵਾਉਣ ‘ਤੇ ਵਿਦੇਸ਼ੀ ਮੁਦਰਾ ਖ਼ਰਚ ਕਰਦੇ ਹਾਂ, ਉਹ ਬਚੇਗੀ। ਦੂਜੇ ਪਾਸੇ, ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਝਾੜ ਪਹਿਲੀਆਂ ਕਿਸਮਾਂ ਨਾਲੋਂ ਘੱਟ ਹੈ। ਇਸ ਤੋਂ ਇਲਾਵਾ ਇਸ ਫ਼ਸਲ ਵਿਚ ਦੋਗਲੇਪਣ ਦਾ ਲਾਹਾ ਬਹੁਤਾ ਨਹੀਂ ਨਿਕਲਦਾ। ਦੋਗਲਾ ਬੀਜ ਕਿਸਾਨ ਨੂੰ ਹਰ ਸਾਲ ਨਵਾਂ ਲੈਣਾ ਪੈਂਦਾ ਹੈ ਅਤੇ ਇਸ ‘ਤੇ ਖ਼ਰਚਾ ਵੀ ਵੱਧ ਆਉਂਦਾ ਹੈ। ਇਹ ਕਿਸਮ ਨਦੀਨਨਾਸ਼ਕ ਦਵਾਈ ਗਲੂਫੋਸੀਨੇਟ ਤੋਂ ਅਸਰ ਰਹਿਤ ਹੈ। ਇਸ ਵਿਚ ਜਿਹੜਾ ਪਦਾਰਥ ਜਾਂ ਜ਼ਹਿਰ ਨਦੀਨਨਾਸ਼ਕ ਨੂੰ ਅਸਰ ਰਹਿਤ ਕਰਨ ਲਈ ਬਣੇਗਾ, ਉਸ ਨਾਲ ਜ਼ਮੀਨ ਦੇ ਬਾਕੀ ਸੂਖ਼ਮ ਜੀਵਾਂ ‘ਤੇ ਮਾੜਾ ਅਸਰ ਪਵੇਗਾ। ਇਸ ਫ਼ਸਲ ਦੀਆਂ ਜੜ੍ਹਾਂ ਦੂਸਰੇ ਨਦੀਨਾਂ ਦੀਆਂ ਜੜ੍ਹਾਂ ਰਾਹੀਂ ਉਨ੍ਹਾਂ ਵਿਚ ਵੀ ਨਦੀਨਨਾਸ਼ਕਾਂ ਪ੍ਰਤੀ ਰੋਧਕ ਸਮਰੱਥਾ ਪੈਦਾ ਕਰ ਸਕਦੀਆਂ ਹਨ। ਇਸ ਤੋਂ ਅੱਗੇ ਜਿਹੜੀ ਲੇਬਰ ਗੋਡੀ ‘ਤੇ ਲਗਦੀ ਸੀ, ਉਹ ਵਿਹਲੀ ਹੋ ਜਾਵੇਗੀ।

ਅੱਜ ਸਭ ਤੋਂ ਵੱਡਾ ਮੁੱਦਾ ਝਾੜ ਦਾ ਹੈ। ਇਹ ਕਿਸਮ ਕੱਢਣ ਵਾਲੇ ਸਾਇੰਸਦਾਨ ਕਹਿੰਦੇ ਹਨ ਕਿ ਇਹ ਪਹਿਲੀਆਂ ਪ੍ਰਚੱਲਿਤ ਕਿਸਮਾਂ ਤੋਂ 19 ਤੋਂ 40 ਫ਼ੀਸਦੀ ਝਾੜ ਵੱਧ ਦਿੰਦੀ ਹੈ। ਇਸ ਦਾ ਝਾੜ 26 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੋ ਜਾਂਦਾ ਹੈ। ਉੱਧਰ, ਤੇਲ ਬੀਜ ‘ਤੇ ਖੋਜ ਕਰਨ ਵਾਲੇ ਖੇਤੀ ਮਾਹਿਰ ਭਰਤਪੁਰ (ਰਾਜਸਥਾਨ) ਵਿਚਲੇ ਰੇਪਸੀਡ-ਮਸਟਰਡ ਰਿਸਰਚ ਇੰਸਟੀਚਿਊਟ ਦੇ ਸਾਬਕਾ ਡਾਇਰੈਕਟਰ ਡਾ. ਧੀਰਜ ਸਿੰਘ ਦਾ ਕਹਿਣਾ ਹੈ ਕਿ ਇਸ ਕਿਸਮ ਦਾ ਝਾੜ 26 ਕੁਇੰਟਲ ਪ੍ਰਤੀ ਹੈਕਟੇਅਰ ਨਹੀਂ; ਇਸ ਵਿਚ 2006-07 ਵਿਚ ਕੀਤੇ ਤਜਰਬਿਆਂ ਦਾ ਡੇਟਾ ਨਹੀਂ ਪਾਇਆ ਗਿਆ, ਜੇ ਉਹ ਅੰਕੜੇ ਲਏ ਜਾਂਦੇ ਤਾਂ ਝਾੜ ਦੀ ਔਸਤ 20 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵੀ ਘਟ ਜਾਣੀ ਸੀ। ਇਸ ਤੋਂ ਅਗਲੀ ਗੱਲ, ਇਸ ਕਿਸਮ ਨੂੰ ਟੈਸਟ ‘ਵਰੁਨਾ’ ਕਿਸਮ ਨਾਲ ਵਿਕਸਿਤ ਕੀਤਾ ਗਿਆ ਹੈ ਜੋ ਤਕਰੀਬਨ 25 ਸਾਲ ਪਹਿਲਾਂ ਕੱਢੀ ਗਈ ਸੀ। ਉਸ ਦੇ ਮੁਕਾਬਲੇ 19-40 ਫ਼ੀਸਦੀ ਵੱਧ ਝਾੜ ਦਿਖਾ ਕੇ ਕਿਆਸ ਲਾਏ ਜਾ ਰਹੇ ਹਨ। ਵਰੁਨਾ ਤੋਂ ਬਾਅਦ ਜਿਹੜੀਆਂ ਕਿਸਮਾਂ ਵਿਕਸਤ ਕੀਤੀਆਂ ਹਨ, ਉਨ੍ਹਾਂ ਦਾ ਝਾੜ 30-35 ਕੁਇੰਟਲ ਪ੍ਰਤੀ ਹੈਕਟੇਅਰ ਹੈ। ਜੇ ਇਨ੍ਹਾਂ ਕਿਸਮਾਂ ‘ਤੇ ਪੂਰਾ ਜ਼ੋਰ ਲਗਾ ਕੇ ਵੱਧ ਤੋਂ ਵੱਧ ਝਾੜ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ 46.93 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਵੀ ਝਾੜ ਲਿਆ ਜਾ ਸਕਦਾ ਹੈ। ਡੀਐੱਮਐਚ-11 ਕਿਸਮ ਤੋਂ ਤਕਰੀਬਨ ਦੋ ਗੁਣਾਂ। ਖੇਤੀਬਾੜੀ ਵਾਲੇ ਸਾਇੰਸਦਾਨ ਸਿਧਾਂਤਕ ਤੌਰ ‘ਤੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਰ੍ਹੋਂ ਦੇ ਹਾਈਬ੍ਰਿਡ ਨਾਲ 19 ਤੋਂ 40 ਫ਼ੀਸਦੀ ਤੱਕ ਝਾੜ ਵਧ ਸਕਦਾ ਹੈ। ਸ਼ਾਇਦ ਜੈਨੇਟਿਕ ਇੰਜਨੀਅਰਿੰਗ ਅਪਰੂਵਲ ਕਮੇਟੀ ਨੇ ਇਸ ਕਿਸਮ ਨੂੰ ਮਨਜ਼ੂਰੀ ਦੇਣ ਵਿਚ ਕਾਹਲੀ ਕੀਤੀ ਅਤੇ ਆਈਸੀਏਆਰ ਦੇ ਤੇਲ ਬੀਜ ਸਾਇੰਸਦਾਨਾਂ ਨੂੰ ਭਰੋਸੇ ਵਿਚ ਨਹੀਂ ਲਿਆ ਤੇ ਅਸਲੀਅਤ ਸਾਹਮਣੇ ਹੀ ਨਹੀਂ ਆਈ। ਇਸ ਦਾ ਪ੍ਰਮਾਣ ਇੱਥੋਂ ਵੀ ਮਿਲਦਾ ਹੈ ਕਿ ਕਿਸਮ ਕੱਢਣ ਵਾਲਿਆਂ ਮੁਤਾਬਕ ਹੀ ਨਵੀਂ ਕਿਸਮ ਦੇ ਦਾਣੇ ਬਾਰੀਕ ਹਨ ਅਤੇ ਫਲੀ ਵੀ ਛੋਟੀ ਹੈ। ਇਨ੍ਹਾਂ ਦੋਵਾਂ ਗੁਣਾਂ ਦਾ ਝਾੜ ‘ਤੇ ਵੱਡਾ ਅਸਰ ਪੈਂਦਾ ਹੈ। ਇਸ ਸਾਲ ਕਣਕ ਦਾ ਝਾੜ ਘਟਣ ਦਾ ਮੁੱਖ ਕਾਰਨ ਹੀ ਇਹ ਸੀ ਕਿ ਗਰਮੀ ਕਾਰਨ ਦਾਣਾ ਬਾਰੀਕ ਰਹਿ ਗਿਆ। ਸਾਇੰਸਦਾਨਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਕਿਸਮ ਜਿੱਥੇ ਟੈਸਟ ਕੀਤੀ ਜਾਂਦੀ ਹੈ, ਉੱਥੇ ਬੀਜੀ ਆਮ ਫ਼ਸਲ ਦਾ ਹਵਾ ਅਤੇ ਮੱਖੀਆਂ ਜ਼ਰੀਏ ਕਰਾਸ ਹੋ ਕੇ ਉਨ੍ਹਾਂ ਦੀਆਂ ਆਪਣੀਆਂ ਕਿਸਮਾਂ ਦਾ ਬੀਜ ਵੀ ਖ਼ਰਾਬ ਹੋ ਜਾਵੇਗਾ। ਸਾਇੰਸ ਸਚਾਈ ਨਿਤਾਰਨ ਲਈ ਵਰਤੀ ਜਾਂਦੀ ਹੈ ਪਰ ਇੱਥੇ ਸਾਇੰਸ ਦੇ ਹਿਸਾਬ ਨਾਲ ਹੀ ਦੋ ਧਾਰਨਾਵਾਂ ਬਣ ਗਈਆਂ।

ਭਾਰਤ ਵਿਚ ਖਾਣ ਵਾਲੇ ਤੇਲ: ਭਾਰਤ ਵਿਚ ਤਕਰੀਬਨ 230 ਲੱਖ ਟਨ ਖਾਣ ਵਾਲੇ ਤੇਲ ਦੀ ਲਾਗਤ ਹੈ। ਇਸ ਵਿਚ 100 ਲੱਖ ਟਨ ਤੇਲ ਦੇਸ਼ ਵਿਚ ਪੈਦਾ ਹੁੰਦਾ ਹੈ ਅਤੇ 130 ਲੱਖ ਟਨ ਤੇਲ ਬਾਹਰੋਂ ਆਉਂਦਾ ਹੈ। ਇਸ ਵਿਚ ਅੱਠ ਲੱਖ ਟਨ ਪਾਮ ਆਇਲ ਹੈ ਜੋ ਜੀਐੱਮ ਰਹਿਤ ਹੈ। ਬਾਕੀ ਪੰਜ ਲੱਖ ਟਨ ਸੋਇਆਬੀਨ ਅਤੇ ਸੂਰਜਮੁਖੀ ਦਾ ਤੇਲ ਹੁੰਦਾ ਹੈ, ਇਹ ਜ਼ਿਆਦਾਤਰ ਜੀਐੱਮ ਫ਼ਸਲਾਂ ਦਾ ਹੁੰਦਾ ਹੈ। 10 ਲਖ ਟਨ ਤੇਲ ਕਪਾਹ ਦੇ ਵੜੇਵਿਆਂ ਤੋਂ ਬਣਦਾ ਹੈ ਜਿਹੜਾ ਜਿ਼ਆਦਾਤਰ ਜੀਐੱਮ ਬੀਜ ਤੋਂ ਤਿਆਰ ਹੁੰਦਾ ਹੈ। ਇਉਂ ਜੋ ਤੇਲ ਵਰਤਿਆ ਜਾਂਦਾ ਹੈ, ਉਸ ਦਾ ਤਕਰੀਬਨ ਚੌਥਾ ਹਿੱਸਾ ਜੀਐੱਮ ਫ਼ਸਲਾਂ ਤੋਂ ਤਿਆਰ ਹੁੰਦਾ ਹੈ।

ਕਾਨੂੰਨ: ਭਾਰਤ ਸਰਕਾਰ ਨੇ ਦੇਸ਼ ਨੂੰ ਜੀਐੱਮ ਮੁਕਤ ਕਰਨ ਲਈ 2020 ਵਿਚ ਦੇਸ਼ ‘ਚ ਆਉਣ ਵਾਲੇ ਜੀਐੱਮ ਖਾਧ ਪਦਾਰਥਾਂ ਉੱਪਰ ਰੋਕ ਲਾ ਦਿੱਤੀ ਸੀ। ਇਹ ਰੋਕ 24 ਫ਼ਸਲਾਂ ‘ਤੇ ਸੀ। ਇਹ ਕਾਨੂੰਨ ਮਾਰਚ 2021 ਵਿਚ ਲਾਗੂ ਹੋਇਆ। ਇਸ ਨਾਲ ਬਾਹਰੋਂ ਆਉਣ ਵਾਲੇ ਹਰ ਖਾਧ ਪਦਾਰਥ ‘ਤੇ ਜੀਐੱਮ-ਮੁਕਤ ਹੋਣ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਦਾ ਸਿੱਧਾ ਅਸਰ ਅਮਰੀਕਾ ਦੇ ਸੇਬ ਅਤੇ ਚੌਲਾਂ ‘ਤੇ ਪਿਆ। ਅਮਰੀਕਾ ਨੇ ਇਸ ਦੀ ਸ਼ਿਕਾਇਤ ਡਬਲਿਊਟੀਓ ਕੋਲ ਕਰ ਦਿੱਤੀ। ਅਮਰੀਕਾ ਨੇ ਪੱਖ ਰੱਖਿਆ ਕਿ ਸਾਇੰਸ ਦੇ ਆਧਾਰ ‘ਤੇ ਸਰਟੀਫਿਕੇਟ ਔਖਾ ਹੈ; ਇਹ ਵੀ ਕਿਹਾ ਕਿ ਭਾਰਤ ਸਣੇ ਜਿਹੜੇ ਦੇਸ਼ ਸਰਟੀਫਿਕੇਟ ਦਿੰਦੇ ਜਾਂ ਮੰਗਦੇ ਹਨ, ਉਨ੍ਹਾਂ ਦਾ ਆਧਾਰ ਠੀਕ ਨਹੀਂ ਕਿਉਂਕਿ ਇਸ ਆਰਡਰ ਬਾਰੇ ਸੈਨਟਰੀ ਤੇ ਫਾਈਟੋਸੈਨਟਰੀ ਕਮੇਟੀ ਨੂੰ ਸੂਚਿਤ ਨਹੀਂ ਕੀਤਾ। ਇਸ ਰੌਲੇ-ਰੱਪੇ ਵਿਚ ਜੇ ਸਰਕਾਰ ਜੀਐੱਮ ਫ਼ਸਲਾਂ ਲਿਆਉਂਦੀ ਹੈ ਤਾਂ ਡਬਲਿਊਟੀਓ ਵਿਚ ਭਾਰਤ ਦਾ ਕੇਸ ਕਮਜ਼ੋਰ ਹੋ ਸਕਦਾ ਹੈ।

ਸੰਪਰਕ: 96537-90000

Advertisement
Advertisement