ਪਾਣੀ ਦੇ ਗਲਾਸ
ਦਵਿੰਦਰ ਕੌਰ ਥਿੰਦ
ਗੱਲ ਉਸ ਸਮੇਂ ਦੀ ਹੈ ਜਦੋਂ ਤਨਖ਼ਾਹ ਕੈਸ਼ ਮਿਲਦੀ ਸੀ। ਦਸ ਕੁ ਵਜੇ ਦਾ ਸਮਾਂ ਸੀ। ਦਫਤਰ ਵਿੱਚ ਸਾਰਾ ਸਟਾਫ ਮੌਜੂਦ ਸੀ। ਦਫਤਰ ਦਾ ਅਕਾਊਟੈਂਟ ਮੱਖਣ ਸਿੰਘ ਅੱਜ ਬਹੁਤ ਜ਼ਿਆਦਾ ਮਸਰੂਫ਼ ਸੀ ਕਿਉਂਕਿ ਅੱਜ ਤਨਖ਼ਾਹ ਦਾ ਦਿਨ ਜੋ ਸੀ। ਉਹ ਖ਼ਜ਼ਾਨਾ ਦਫਤਰ ਵਿੱਚੋਂ ਤਨਖ਼ਾਹ ਵਾਲਾ ਚੈੱਕ ਲੈ ਕੇ ਆਇਆ ਸੀ ਅਤੇ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾਣਾ ਸੀ। ਉਸ ਨੇ ਦਫਤਰ ਦੇ ਬਾਹਰ ਬੈਠੇ ਸੇਵਾਦਾਰ ਪਰਮਜੀਤ ਸਿੰਘ ਨੂੰ ਬੁਲਾਇਆ, ਜੋ ਦਫਤਰ ਵਿੱਚ ਇਕੱਲਾ ਸੇਵਾਦਾਰ ਹੋਣ ਕਾਰਨ ਹਰ ਸਮੇਂ ਗੁੱਸੇ ਵਿੱਚ ਰਹਿੰਦਾ ਸੀ। ਜਦੋਂ ਕਾਫ਼ੀ ਦੇਰ ਬਾਅਦ ਪਰਮਜੀਤ ਸਿੰਘ ਅੰਦਰ ਆਇਆ ਤਾਂ ਉਹ ਦਫਤਰ ਦੀ ਰਸੋਈ ਵੱਲ ਚਲਾ ਗਿਆ ਤੇ ਪਾਣੀ ਦੇ ਚਾਰ ਗਲਾਸ ਭਰ ਕੇ ਲਿਆਇਆ।
‘‘ਮੈਂ ਤਾਂ ਤੈਨੂੰ ਪਾਣੀ ਲਈ ਆਖਿਆ ਨਹੀਂ,’’ ਮੱਖਣ ਸਿੰਘ ਨੇ ਕਿਹਾ।
‘‘ਮੈਂ ਸੋਚਿਆ ਤੁਸੀਂ ਪਾਣੀ ਮੰਗਿਆ ਹੋਣਾ, ਇਸ ਲਈ ਲੈ ਆਇਆ,’’ ਪਰਮਜੀਤ ਸਿੰਘ ਹੌਲੀ ਜਿਹਾ ਬੋਲਿਆ।
‘‘ਆਹ ਚੈੱਕ ’ਤੇ ਸਾਬ੍ਹ ਦੇ ਸਾਈਨ ਕਰਵਾ ਕੇ ਲਿਆ,’’ ਮੱਖਣ ਸਿੰਘ ਨੇ ਪਰਮਜੀਤ ਨੂੰ ਕਿਹਾ।
ਜਦੋਂ ਪਰਮਜੀਤ ਸਾਬ੍ਹ ਕੋਲ ਸਾਈਨ ਕਰਵਾਉਣ ਚਲਾ ਗਿਆ ਤਾਂ ਮੱਖਣ ਸਿੰਘ ਕਹਿਣ ਲੱਗੇ ਕਿ ਮੁਗ਼ਲਾਂ ਦੇ ਸਮੇਂ ਦੀ ਗੱਲ ਹੈ। ਇੱਕ ਰਾਜੇ ਦੇ ਦੇਸ਼ ਵਿੱਚ ਬਹੁਤ ਜ਼ਿਆਦਾ ਸੋਕਾ ਪਿਆ ਹੋਇਆ ਸੀ। ਜੇ ਕੋਈ ਮਰ ਜਾਂਦਾ ਸੀ ਤਾਂ ਮੁਰਦੇ ਨੂੰ ਦਫ਼ਨਾਉਣ ਲਈ ਕਬਰ ਪੁੱਟਣੀ ਔਖੀ ਹੋ ਜਾਂਦੀ ਸੀ। ਇੱਕ ਦਿਨ ਬਹੁਤ ਭਾਰੀ ਮੀਂਹ ਪਿਆ ਤਾਂ ਕਬਰ ਪੁੱਟਣ ਵਾਲੇ ਆਦਮੀ ਨੇ ਬਹੁਤ ਸਾਰੀਆਂ ਕਬਰਾਂ ਪੁੱਟ ਦਿੱਤੀਆਂ ਕਿਉਂ ਜੋ ਸੋਕੇ ਵਿੱਚ ਜੇਕਰ ਕੋਈ ਮਰ ਜਾਂਦਾ ਤਾਂ ਕਬਰਾਂ ਪੁੱਟਣੀਆਂ ਔਖੀਆਂ ਹੁੰਦੀਆਂ ਸਨ। ਉਹ ਕਹਿਣ ਲੱਗੇ ਕਿ ਪਰਮਜੀਤ ਸਿੰਘ ਵੀ ਕਬਰਾਂ ਪੁੱਟਣ ਵਾਲੇ ਵਾਂਗ ਕਰਦਾ ਹੈ। ਪਰਮਜੀਤ ਨੂੰ ਜਾਪਿਆ ਕਿ ਪਾਣੀ ਲਈ ਕਹਿ ਰਹੇ ਹੋਣਗੇ ਤੇ ਪਾਣੀ ਦੇ ਗਲਾਸ ਭਰ ਲਿਆਇਆ, ਪਰ ਮੈਂ ਉਸ ਨੂੰ ਸਾਬ੍ਹ ਕੋਲ ਚੈੱਕ ਸਾਈਨ ਕਰਵਾਉਣ ਲਈ ਭੇਜਣਾ ਸੀ ਤੇ ਉਹ ਪਾਣੀ ਲੈ ਆਇਆ। ਸਾਰਾ ਦਫਤਰ ਅਕਾਊਟੈਂਟ ਦੀ ਗੱਲ ਸੁਣ ਕੇ ਉੱਚੀ-ਉੱਚੀ ਹੱਸਣ ਲੱਗ ਪਿਆ।
ਸੰਪਰਕ: 84278-33552
* * *
ਬੇਵਸੀ
ਹਰਜੀਤ ਸਿੰਘ
ਮੇਰੇ ਸਾਹਮਣੇ ਸੀਟ ’ਤੇ ਇੱਕ ਬਜ਼ੁਰਗ ਜੋੜਾ ਬੈਠਾ ਸੀ।
‘‘ਛੇਤੀ ਕੁਲੀ ਲੱਭੋ। ਅਟੈਚੀ ਭਾਰਾ ਹੈ, ਨਾ ਮੈਥੋਂ ਚੁੱਕਿਆ ਜਾਣਾ ਹੈ ਨਾ ਹੀ ਤੁਹਾਡੇ ਕੋਲੋਂ। ਗੱਡੀ ਵੀ ਇੱਥੇ ਥੋੜ੍ਹਾ ਚਿਰ ਹੀ ਰੁਕਦੀ ਹੈ।’’ ਔਰਤ ਨੇ ਮਰਦ ਨੂੰ ਆਖਿਆ। ਆਦਮੀ ਨੇ ਇੱਧਰ ੳਧਰ ਵੇਖਿਆ ਪਰ ਕੋਈ ਵੀ ਕੁਲੀ ਨਾ ਮਿਲਿਆ।
‘‘ਕੋਈ ਗੱਲ ਨਹੀਂ ਮੈਨੂੰ ਅਟੈਚੀ ਫੜਾਉ, ਮੈਂ ਬਾਹਰ ਲੈ ਜਾਂਦਾ ਹਾਂ।’’ ਇਹ ਆਖ ਮੈਂ ਅਟੈਚੀ ਚੁੱਕਿਆ ਅਤੇ ਬਾਹਰ ਪਲੈਟਫਾਰਮ ’ਤੇ ਲਿਆ ਕੇ ਰੱਖ ਦਿੱਤਾ। ਅਟੈਚੀ ਭਾਰਾ ਸੀ। ‘‘ਮੇਰਾ ਪੁੱਤਰ ਇੱਥੇ ਨੌਕਰੀ ਕਰਦਾ ਹੈ। ਬਹੁਤ ਵਧੀਆ, ਇੱਜ਼ਤ ਮਾਣ ਵਾਲੀ ਨੌਕਰੀ ਹੈ, ਸਾਡਾ ਬਹੁਤ ਧਿਆਨ ਰੱਖਦਾ ਹੈ।’’ ਬਜ਼ੁਰਗ ਦੱਸ ਰਿਹਾ ਸੀ। ਪੁੱਤਰ ਦੀ ਉਡੀਕ ਵਿੱਚ ਬਜ਼ੁਰਗ ਬੇਚੈਨ ਹੋ ਰਿਹਾ ਸੀ ਪਰ ਪੁੱਤਰ ਆ ਨਹੀਂ ਰਿਹਾ। ਫਿਰ ਮੋਬਾਈਲ ਦੀ ਘੰਟੀ ਵੱਜਦੀ ਹੈ।
‘‘ਮੇਰੇ ਬੇਟੇ ਦਾ ਫੋਨ ਹੈ।’’ ਪਿਤਾ ਨੇ ਟੌਹਰ ਨਾਲ ਆਖਿਆ। ਫੋਨ ਸੁਣਨ ਉਪਰੰਤ ਬਜ਼ੁਰਗ ਉਦਾਸ ਹੋ ਗਿਆ।
‘‘ਕੀ ਕਹਿੰਦਾ ਹੈ?’’ ਔਰਤ ਨੇ ਪੁੱਛਿਆ।
‘‘ਕਹਿੰਦਾ ਹੈ ਬਾਹਰ ਆ ਜਾਉ, ਮੇਰੇ ਕੋਲ ਸਮਾਂ ਬਹੁਤ ਘੱਟ ਹੈ।’’
‘‘ਕੋਈ ਗੱਲ ਨਹੀਂ। ਮੈਂ ਤੁਹਾਨੂੰ ਬਾਹਰ ਛੱਡ ਆਉਂਦਾ ਹਾਂ,’’ ਇਹ ਆਖ ਮੈਂ ਫਿਰ ਉਨ੍ਹਾਂ ਦਾ ਅਟੈਚੀ ਫੜਿਆ ਅਤੇ ਤੁਰ ਪਿਆ।
‘‘ਵਾਹਿਗੁਰੂ ਤੇਰੀ ਉਮਰ ਲੰਮੀ ਕਰੇ।’’ ਬਜ਼ੁਰਗ ਨੇ ਆਖਿਆ।
‘‘ਇਹ ਬਦਸੀਸ ਨਾ ਦਿਉ।’’
‘‘ਕਿਉਂ?’’
‘‘ਜਿਹੋ ਜਹੀ ਲੰਬੀ ਉਮਰ ਤੁਸੀਂ ਜੀ ਰਹੇ ਹੋ, ਮੈਨੂੰ ਪਸੰਦ ਨਹੀਂ। ਮੈਂ ਤਾਂ ਛੋਟੀ ਪਰ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜਿਉੂਣਾ ਚਾਹੁੰਦਾ ਹਾਂ।’’ ਮੇਰੀ ਸਿੱਧੀ ਗੱਲ ਸੁਣ ਕੇ ਉਹ ਉਦਾਸ ਹੋ ਗਿਆ। ਦੋਵੇਂ ਜਣੇ ਪੈਰ ਘੜੀਸਦੇ ਸਟੇਸ਼ਨ ਤੋਂ ਬਾਹਰ ਆ ਗਏ। ਆਪਣੇ ਪੁੱਤਰ ਦੀ ਗੱਡੀ ਵੇਖ ਕੇ ਉਹ ਬਹੁਤ ਖ਼ੁਸ਼ ਹੋ ਗਏ। ਮੈਂ ਸੋਚ ਰਿਹਾ ਸੀ ਕਿ ਬੇਟਾ ਗੱਡੀ ਵਿੱਚੋਂ ਨਿਕਲ ਕੇ ਮਾਂ ਬਾਪ ਦੇ ਪੈਰੀਂ ਹੱਥ ਲਗਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਉਹ ਗੱਡੀ ਵਿੱਚ ਆਰਾਮ ਨਾਲ ਬੈਠਾ ਰਿਹਾ। ਅਟੈਚੀ ਭਾਰਾ ਸੀ। ਮੈਂ ਫਟਾਫਟ ਗੱਡੀ ਦਾ ਦਰਵਾਜ਼ਾ ਖੋਲਿਆ ਅਤੇ ਅਟੈਚੀ ਪਿਛਲੀ ਸੀਟ ’ਤੇ ਰੱਖ ਦਿੱਤਾ।
‘‘ਬੇਟੇ, ਆਪਾਂ ਇਨ੍ਹਾਂ ਨੂੰ ਘਰ ਛੱਡ ਕੇ ਆਉਣਾ ਹੈ,’’ ਪਿਤਾ ਨੇ ਪੁੱਤਰ ਨੂੰ ਆਖਿਆ।
‘‘ਤੁਸੀਂ ਮੇਰੀ ਚਿੰਤਾ ਨਾ ਕਰੋ। ਮੈਂ ਚਲਾ ਜਾਣਾ ਹੈ। ਵੀਹ ਰੁਪਏ ਥ੍ਰੀ-ਵੀਲਰ ਨੇ ਲੈਣੇ ਹਨ।’’ ਮੈਂ ਆਖਿਆ।
‘‘ਤੁਸੀਂ ਸਾਡੇ ਲਈ ਕਿੰਨਾ ਕੁਝ ਕੀਤਾ ਹੈ। ਅਸੀਂ ਤੁਹਾਨੂੰ ਛੱਡ ਕੇ ਆਵਾਂਗੇ,’’ ਬਜ਼ੁਰਗ ਨੇ ਆਖਿਆ।
‘‘ਪਰ ਪਾਪਾ ਮੇਰੇ ਕੋਲ ਸਮਾਂ ਨਹੀਂ ਹੈ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਤਾਂ ਹਰ ਇੱਕ ਨਾਲ ਦੋਸਤੀ ਕਰ ਲੈਂਦੇ ਹੋ। ਮੈਂ ਸਾਰਿਆਂ ਨੂੰ ਘਰ ਛੱਡ ਕੇ ਆਵਾਂ?’’ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਉਹ ਮੈਨੂੰ ਘਰ ਛੱਡਣ ਲਈ ਤਿਆਰ ਨਹੀਂ ਸੀ ਸਗੋਂ ਉਸ ਦੇ ਕਹੇ ਸ਼ਬਦਾਂ ਨੇ ਇੱਕ ਪਿਤਾ ਨੂੰ ਸ਼ਰਮਸ਼ਾਰ ਤੇ ਮਾਯੂਸ ਕੀਤਾ ਸੀ।
‘‘ਕੋਈ ਗੱਲ ਨਹੀਂ। ਵੇਖੋ ਕਿੰਨੇ ਥ੍ਰੀਵੀਲਰ ਵਾਲੇ ਆਵਾਜ਼ਾਂ ਮਾਰ ਰਹੇ ਹਨ। ਬਦੋਬਦੀ ਮੈਨੂੰ ਥ੍ਰੀਵੀਲਰ ਵਿੱਚ ਬਿਠਾ ਰਹੇ ਹਨ। ਵੀਹ ਰੁਪਏ ਵਿੱਚ ਮੇਰਾ ਕਿੰਨਾ ਮਾਣ ਸਕਿਤਾਰ ਹੋ ਰਿਹਾ ਹੈ।’’ ਇਹ ਆਖ ਮੈਂ ਥ੍ਰੀਵੀਲਰ ਵਿੱਚ ਬੈਠ ਗਿਆ। ਕਾਰ ਵੀ ਤੇਜ਼ੀ ਨਾਲ ਚੱਲ ਪਈ। ਬਜ਼ੁਰਗ ਅਜੇ ਵੀ ਪਿਛਾਂਹ ਮੁੜ ਕੇ ਬੇਵਸੀ ਵਿੱਚ ਮੇਰੇ ਵੱਲ ਵੇਖ ਰਿਹਾ ਸੀ।
ਸੰਪਰਕ: 92177-01415
* * *
ਮਰਦੇ ਦਮ ਤੱਕ
ਨੇਤਰ ਸਿੰਘ ਮੁੱਤੋਂ
ਸਰਕਾਰੀ ਨੌਕਰੀ ਦੌਰਾਨ ਮੈਂ ਕਿਰਾਏ ’ਤੇ ਕਮਰਾ ਲੈ ਕੇ ਰਹਿੰਦਾ ਸੀ। ਕਈ ਵਾਰ ਮਕਾਨ ਮਾਲਕ ਦਾ ਵਿਹਾਰ ਜਾਂ ਮੁਹੱਲੇ ਦਾ ਮਾਹੌਲ ਠੀਕ ਨਾ ਹੋਣ ਕਰਕੇ ਮੈਨੂੰ ਕਮਰਾ ਬਦਲਣਾ ਪੈਂਦਾ ਸੀ। ਫਿਰ ਮੈਨੂੰ ਬੱਸ ਸਟੈਂਡ ਬਠਿੰਡਾ ਦੇ ਪਿਛਲੇ ਪਾਸੇ ਗਲੀ ਵਿੱਚ ਕਮਰਾ ਮਿਲ ਗਿਆ ਸੀ। ਕਿਰਾਇਆ ਉਸ ਸਮੇਂ ਸੱਤਰ ਰੁਪਏ ਸੀ। ਦਸ ਰੁਪਏ ਵਿੱਚ ਨਾਲ ਲੱਗਦੀ ਰਸੋਈ ਸੀ। ਚੰਗੀ ਗੱਲ ਇਹ ਸੀ ਕਿ ਬੱਸ ਸਟੈਂਡ ਦੇ ਲਾਗੇ ਸੀ। ਮੇਰਾ ਦਫਤਰ ਵੀ ਬਹੁਤੀ ਦੂਰ ਨਹੀਂ ਸੀ।
ਮਾਲਕ ਮਕਾਨ ਦਾ ਨਾਂ ਦੇਸ ਰਾਜ ਸੀ। ਉਹ ਬਠਿੰਡਾ ਸ਼ਹਿਰ ਦੇ ਨੇੜੇ ਦੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਸ਼ਹਿਰ ਵਿੱਚ ਆ ਕੇ ਵੇਚਦਾ ਸੀ। ਮੈਂ ਆਪਣੇ ਸੁਭਾਅ ਮੁਤਾਬਿਕ ਉਨ੍ਹਾਂ ਨਾਲ ਛੇਤੀ ਰਚ ਮਿਚ ਗਿਆ ਸੀ। ਉਸ ਦੇ ਛੋਟੇ-ਛੋਟੇ ਬੱਚੇ ਵੀ ਮੇਰਾ ਬਹੁਤ ਕਰਦੇ ਸੀ। ਮੈਂ ਦੁੱਧ ਵੀ ਉਨ੍ਹਾਂ ਤੋਂ ਹੀ ਲੈਂਦਾ ਸੀ। ਤਨਖ਼ਾਹ ਮਿਲਣ ’ਤੇ ਮੈਂ ਕਿਰਾਏ ਅਤੇ ਦੁੱਧ ਦੇ ਪੈਸੇ ਇਕੱਠੇ ਦੇ ਦਿੰਦਾ ਸੀ। ਉਹ ਵੀ ਖ਼ੁਸ਼ ਸੀ ਕਿ ਸਾਨੂੰ ਕਿਰਾਇਆ ਮੰਗਣਾ ਨਹੀਂ ਪੈਂਦਾ।
ਇੱਕ ਦਿਨ ਦੇਸ ਰਾਜ ਦੇ ਵੱਡੇ ਭਰਾ ਦੀ ਹਾਦਸੇ ਵਿੱਚ ਮੌਤ ਹੋ ਗਈ। ਉਹ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਲਿਆਉਂਦਾ ਸੀ। ਮੈਂ ਆਪਣਾ ਫਰਜ਼ ਸਮਝਦਿਆਂ ਸਸਕਾਰ ਤੋਂ ਲੈ ਕੇ ਪੱਗੜੀ ਦੀ ਰਸਮ ਤੱਕ ਸ਼ਾਮਲ ਹੋਇਆ ਸੀ। ਉਹ ਚਾਰ ਭਰਾ ਸਨ। ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਕਰਕੇ ਉਸ ਦੇ ਭਰਾ ਵੀ ਮੇਰਾ ਬਹੁਤ ਕਰਨ ਲੱਗ ਪਏ ਸਨ। ਜਦ ਵੀ ਉਨ੍ਹਾਂ ਦੇ ਕੋਈ ਪ੍ਰੋਗਰਾਮ ਹੁੰਦਾ, ਉਹ ਮੈਨੂੰ ਵੀ ਸ਼ਾਮਲ ਹੋਣ ਲਈ ਕਹਿੰਦੇ। ਮੈਂ ਉਨ੍ਹਾਂ ਵਿੱਚ ਇਕੱਲਾ ਸਰਦਾਰ ਹੁੰਦਾ ਸੀ। ਕਈ ਹਿੰਦੂ ਵੀਰ ਮੇਰੇ ਵੱਲ ਓਪਰੀ ਨਜ਼ਰ ਨਾਲ ਦੇਖਦੇ ਸਨ ਕਿਉਂਕਿ ਉਹ ਸਮਾਂ ਅਤਿਵਾਦ ਦਾ ਸੀ। ਜਨਵਰੀ 1984 ਵਿੱਚ ਦੇਸ ਰਾਜ ਦੇ ਭਣੋਈਏ ਦੀ ਮੌਤ ਹੋ ਗਈ। ਉਹ ਜੈਤੋ ਰਹਿੰਦਾ ਸੀ। ਅਸੀਂ ਫੋਰਵੀਲਰ ਵਿੱਚ ਜੈਤੋ ਸਸਕਾਰ ’ਤੇ ਗਏ। ਪੂਰੀ ਠੰਢ ਤੇ ਧੁੰਦ ਪੈ ਰਹੀ ਸੀ। ਸਾਡਾ ਬੁਰਾ ਹਾਲ ਹੋ ਗਿਆ। ਉਸ ਦਿਨ ਤੋਂ ਬਾਅਦ ਉਹ ਮੈਨੂੰ ਆਪਣਾ ਛੋਟਾ ਭਰਾ ਹੀ ਸਮਝਣ ਲੱਗ ਪਏ। ਮੈਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਆਪਣੇ ਪਿੰਡ ਤੋਂ ਤਕਰੀਬਨ ਸੌ ਸਵਾ ਸੌ ਮੀਲ ਦੂਰ ਰਹਿੰਦਾ ਹਾਂ। ਕਈ ਵਾਰ ਮੈਂ ਆਪਣੀ ਪਤਨੀ ਨੂੰ ਵੀ ਲੈ ਜਾਂਦਾ ਸੀ। ਉਨ੍ਹਾਂ ਦੀਆਂ ਔਰਤਾਂ ਪਤਨੀ ਨਾਲ ਵੀ ਘੁਲ ਮਿਲ ਗਈਆਂ ਸਨ।
ਫਿਰ ਦੇਸ ਰਾਜ ਨੇ ਉਸੇ ਗਲੀ ਵਿੱਚ ਆਪਣੇ ਗੁਆਂਢੀ ਬਚਨ ਸਿੰਘ ਤੋਂ ਦੁਕਾਨ ਕਿਰਾਏ ’ਤੇ ਲੈ ਕੇ ਡੇਅਰੀ ਦਾ ਕਾਰੋਬਾਰ ਕਰ ਲਿਆ ਸੀ। ਪਿੰਡਾਂ ਵਿੱਚੋਂ ਦੋਧੀ ਉਸ ਨੂੰ ਦੁੱਧ ਪਾ ਜਾਂਦੇ। ਉਸ ਨੇ ਆਪ ਪਿੰਡਾਂ ਵਿੱਚੋਂ ਦੁੱਧ ਲਿਆਉਣਾ ਬੰਦ ਕਰ ਦਿੱਤਾ ਸੀ। ਗਲੀ ਮੁਹੱਲੇ ਵਾਲਿਆਂ ਨੂੰ ਦੁੱਧ ਲੈਣਾ ਸੌਖਾ ਹੋ ਗਿਆ ਸੀ। ਕਈ ਵਾਰੀ ਵਿਹਲੇ ਸਮੇਂ ਮੈਂ ਵੀ ਡੇਅਰੀ ’ਤੇ ਚਲਾ ਜਾਂਦਾ ਸੀ। ਬਚਨ ਸਿੰਘ ਮੇਰੀ ਵੀ ਬਹੁਤ ਇੱਜ਼ਤ ਕਰਦਾ ਸੀ। ਉਹ ਮੇਰੇ ਤੋਂ ਦੁੱਗਣੀ ਉਮਰ ਦਾ ਸੀ। ਉਹ ਕਹਿੰਦਾ, ‘‘ਮੇਰਾ ਹੋਰ ਤਾਂ ਕੋਈ ਕੰਮਕਾਰ ਹੈ ਨਹੀਂ। ਦੋਹਾਂ ਦੁਕਾਨਾਂ ਦੇ ਕਿਰਾਏ ਤੋਂ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਹੈ।’’
ਕਈ ਮਹੀਨੇ ਤਾਂ ਦੇਸ ਰਾਜ ਦਾ ਬਚਨ ਸਿੰਘ ਨਾਲ ਚੰਗਾ ਵਿਹਾਰ ਰਿਹਾ। ਕਿਰਾਇਆ ਸਮੇਂ ਸਿਰ ਦਿੰਦਾ ਰਿਹਾ। ਉਹ ਵੀ ਦੁੱਧ ਦੇਸ ਰਾਜ ਤੋਂ ਲੈਂਦਾ ਸੀ। ਫਿਰ ਉਨ੍ਹਾਂ ਦਾ ਝਗੜਾ ਹੋਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਬਚਨ ਸਿੰਘ ਨੇ ਦੁਕਾਨ ਖਾਲੀ ਕਰਨ ਨੂੰ ਕਹਿ ਦਿੱਤਾ। ਦੇਸ ਰਾਜ ਧੱਕੇ ਨਾਲ ਹੀ ਡੇਅਰੀ ਚਲਾਉਂਦਾ ਰਿਹਾ। ਇੱਕ ਦਿਨ ਬਚਨ ਸਿੰਘ ਨੇ ਡੇਅਰੀ ਵਾਲੇ ਭਾਂਡੇ ਗਲੀ ਵਿੱਚ ਸੁੱਟ ਦਿੱਤੇ, ਕਹਿੰਦਾ, ‘‘ਤੂੰ ਦੁਕਾਨ ਖਾਲੀ ਕਿਉਂ ਨਹੀਂ ਕਰਦਾ?’’ ਦੋਵੇਂ ਹੱਥੋ-ਪਾਈ ਹੋ ਗਏ। ਬਚਨ ਸਿੰਘ ਨੇ ਦੇਸ ਰਾਜ ਦੇ ਸਿਰ ’ਚ ਲੋਹੇ ਦਾ ਮੋਟਾ ਸਰੀਆ ਮਾਰ ਕੇ ਲਹੂ ਲੁਹਾਣ ਕਰ ਦਿੱਤਾ। ਸਾਰੇ ਇਕੱਠੇ ਹੋ ਗਏ। ਮੈਂ ਵੀ ਦਫਤਰੋਂ ਆ ਗਿਆ ਸੀ। ਮੈਂ ਦੇਸ ਰਾਜ ਨੂੰ ਪੁੱਛਿਆ, ਕੀ ਗੱਲ ਹੋ ਗਈ, ਤੁਸੀਂ ਲੜ ਕਿਉਂ ਪਏ। ਦੇਸ ਰਾਜ ਨੇ ਲੜਾਈ ਦੇ ਅਸਲ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ। ਮੈਂ ਬਚਨ ਸਿੰਘ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਈ ਮਹੀਨਿਆਂ ਤੋਂ ਦੇਸ ਰਾਜ ਨੇ ਕਿਰਾਇਆ ਨਹੀਂ ਦਿੱਤਾ। ਧੱਕੇ ਨਾਲ ਦੁਕਾਨ ਦੱਬੀ ਬੈਠਾ ਹੈ, ਮੇਰਾ ਤਾਂ ਘਰ ਦਾ ਸੌਦਾ ਪੱਤਾ ਕਿਰਾਏ ਦੇ ਪੈਸਿਆਂ ਨਾਲ ਆਉਂਦਾ ਹੈ। ਦੁਕਾਨ ਵਾਲੇ ਨੇ ਮੈਨੂੰ ਉਧਾਰ ਦੇਣਾ ਬੰਦ ਕਰ ਦਿੱਤਾ। ਇਹ ਨਾ ਕਿਰਾਇਆ ਦਿੰਦਾ ਤੇ ਨਾ ਦੁਕਾਨ ਛੱਡਦਾ ਹੈ। ਦੇਸ ਰਾਜ ਦੇ ਭਰਾ ਆ ਗਏ, ਸਿਰ ਦੀ ਸੱਟ ਦੇਖ ਕੇ ਉਨ੍ਹਾਂ ਪੁਲੀਸ ਬੁਲਾ ਲਈ। ਬਚਨ ਸਿੰਘ ਨੂੰ ਪੁਲੀਸ ਫੜ ਕੇ ਲੈ ਗਈ।
ਮੇਰੇ ਗੁਆਂਢ ਵਿੱਚ ਇੱਕ ਸਰਕਾਰੀ ਮੁਲਾਜ਼ਮ ਕਿਰਾਏ ’ਤੇ ਰਹਿੰਦਾ ਸੀ। ਉਹ ਵੀ ਲੁਧਿਆਣੇ ਜ਼ਿਲ੍ਹੇ ਦਾ ਸੀ। ਸਾਡੀ ਆਪਸ ਵਿੱਚ ਬਣਦੀ ਸੀ। ਮੈਂ ਉਸ ਨੂੰ ਜਾ ਕੇ ਕਿਹਾ ਕਿ ਮੈਨੂੰ ਤੇਰੀ ਮੱਦਦ ਦੀ ਲੋੜ ਹੈ। ਆਪਾਂ ਥਾਣੇ ਜਾਣਾ ਹੈ, ਬਚਨ ਸਿੰਘ ਨੂੰ ਪੁਲੀਸ ਫੜ ਕੇ ਲੈ ਗਈ। ਉਹ ਕਹਿੰਦਾ ਕਿ ਆਪਾਂ ਕੀ ਕਰਾਂਗੇ? ਮੈਂ ਕਿਹਾ, ‘‘ਬੱਸ ਤੂੰ ਮੇਰੇ ਨਾਲ ਚੱਲ, ਆਪਾਂ ਬਚਨ ਸਿੰਘ ਦੀ ਮੱਦਦ ਕਰਨੀ ਹੈ। ਬਚਨ ਸਿੰਘ ਨਾਲ ਧੱਕਾ ਹੋ ਰਿਹਾ ਹੈ। ਦੇਸ ਰਾਜ ਕਈ ਮਹੀਨਿਆਂ ਤੋਂ ਉਸ ਦੀ ਦੁਕਾਨ ਦਾ ਕਿਰਾਇਆ ਨਹੀਂ ਦਿੰਦਾ।’’ ਉਹ ਕਹਿੰਦਾ, ‘‘ਦੇਸ ਰਾਜ ਨਾਲ ਤਾਂ ਤੇਰੀ ਇੰਨੀ ਬਣਦੀ ਹੈ, ਉਸ ਨੇ ਤੇਰੇ ਕੋਲੋਂ ਕਮਰਾ ਖਾਲੀ ਕਰਵਾ ਲੈਣਾ ਹੈ।’’ ਮੈਂ ਕਿਹਾ, ‘‘ਕੋਈ ਗੱਲ ਨਹੀਂ, ਕਮਰਾ ਤਾਂ ਹੋਰ ਮਿਲ ਜਾਊ, ਪਰ ਮੇਰੇ ਕੋਲੋਂ ਬਚਨ ਸਿੰਘ ਨਾਲ ਧੱਕਾ ਹੁੰਦਾ ਨਹੀਂ ਦੇਖ ਹੁੰਦਾ। ਨਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਜੇ ਕਿਸੇ ਗ਼ਰੀਬ ਨਿਰਬਲ ਨਾਲ ਧੱਕਾ ਜਾਂ ਜ਼ੁਲਮ ਹੁੰਦਾ ਹੈ। ਬਿਨਾਂ ਕਿਸੇ ਡਰ ਭੈਅ ਤੋਂ ਉਸ ਦੀ ਮਦਦ ਲਈ ਡਟ ਜਾਵੋ। ਕਿਸੇ ਨਾਲ ਧੱਕਾ ਹੁੰਦਾ ਵੇਖ ਪਾਸਾ ਨਾ ਵੱਟੋ। ਇਹੋ ਜ਼ਿੰਦਗੀ ਦਾ ਮਕਸਦ ਹੈ।’’ ਉਹ ਕਹਿੰਦਾ, ‘‘ਚੱਲ ਫੇਰ, ਚੁੱਕ ਸਾਈਕਲ ਮੈਂ ਤੇਰੇ ਨਾਲ ਜਾਣ ਨੂੰ ਤਿਆਰ ਹਾਂ।’’
ਜਦ ਅਸੀਂ ਥਾਣੇ ’ਚ ਗਏ, ਮੂੰਹ ਹਨੇਰਾ ਜਿਹਾ ਹੋ ਗਿਆ ਸੀ। ਲਾਈਟ ਵੀ ਭੱਜੀ ਹੋਈ ਸੀ। ਉੱਤੋਂ ਭਾਦੋਂ ਦਾ ਵੱਟ ਕੜਿੱਲ ਕੱਢ ਰਿਹਾ ਸੀ। ਉੱਥੇ ਸਾਰੇ ਹਿੰਦੂ ਵੀਰ ਇਕੱਠੇ ਹੋ ਕੇ ਉੱਚੀ ਉੱਚੀ ਬੋਲ ਕੇ ਗੁੱਸਾ ਕੱਢ ਰਹੇ ਸਨ। ਰੌਲਾ ਬਹੁਤ ਪੈ ਰਿਹਾ ਸੀ। ਪੂਰੀ ਕਾਵਾਂ ਰੌਲੀ ਪਈ ਹੋਈ ਸੀ, ਕਹਿੰਦੇ ਇਸ ਨੀਚ ਜਾਤ ਵਾਲੇ ਦੀ ਹਿੰਮਤ ਕਿਵੇਂ ਪੈ ਗਈ, ਸਾਡੇ ਭਰਾ ਦੇ ਸਿਰ ਵਿੱਚ ਸੱਟ ਮਾਰਨ ਦੀ। ਅਸੀਂ ਇਸ ਨੂੰ ਸਜ਼ਾ ਕਰਾਵਾਂਗੇ। ਕਈ ਸਿਪਾਹੀਆਂ ਨੂੰ ਕਹਿ ਰਹੇ ਸੀ, ‘‘ਕਰੋ ਇਹਨੂੰ ... ਨੂੰ ਅੰਦਰ, ਫੇਰ ਪਤਾ ਲੱਗੂ।’’ ਮੈਂ ਬਚਨ ਸਿੰਘ ਨੂੰ ਕਿਹਾ, ‘‘ਤੂੰ ਘਬਰਾ ਨਾ, ਮੈਂ ਆ ਗਿਆ, ਤੈਨੂੰ ਅੰਦਰ ਨਹੀਂ ਹੋਣ ਦਿੰਦਾ।’’ ਉਹ ਮੇਰੇ ਵੱਲ ਆਸ ਜਿਹੀ ਨਾਲ ਦੇਖਦਾ ਕਹਿੰਦਾ, ‘‘ਤੂੰ ਦੇਸ ਰਾਜ ਦੀ ਮੱਦਦ ’ਚ ਨਹੀਂ ਆਇਆ?’’ ਮੈਂ ਕਿਹਾ, ‘‘ਮੈਂ ਤੇਰੀ ਮੱਦਦ ਲਈ ਆਇਆ ਹਾਂ।’’ ਰੌਲਾ ਸੁਣ ਕੇ ਥਾਣੇਦਾਰ ਸਾਹਿਬ ਵੀ ਚੁਬਾਰੇ ਵਿੱਚੋਂ ਆ ਗਏ, ਸ਼ਾਇਦ ਉਸਦੀ ਰਿਹਾਇਸ਼ ਉਪਰ ਹੀ ਸੀ। ਗਾਲ੍ਹਾਂ ਕੱਢਦਾ ਥਾਣੇਦਾਰ ਬੋਲਿਆ, ‘‘ਕੀ ਹੋ ਗਿਆ ਥੋਨੂੰ, ... ਇਹ ਧਰਮਸ਼ਾਲਾ ਸਮਝ ਰੱਖੀ ਐ? ਇਹ ਥਾਣਾ ਏ ਥਾਣਾ। ਦੱਸੋ ਕੀ ਹੋ ਗਿਆ।’’ ਜਿੰਨੇ ਵੀ ਬੰਦੇ ਸੀ ਸਾਰੇ ਚੁੱਪ ਹੋ ਗਏ। ਥਾਣੇਦਾਰ ਕਹਿੰਦਾ, ‘‘ਬਕੋ ਹੁਣ ਕੀ ਹੋ ਗਿਆ?’’ ਮੈਂ ਹੌਸਲਾ ਜਿਹਾ ਕਰਕੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਿਹਾ, ‘‘ਜਨਾਬ ਜੀ, ਇਹ ਦੇਸ ਰਾਜ ਏ, ਮੈਂ ਇਸ ਦੇ ਘਰ ਕਿਰਾਏ ’ਤੇ ਰਹਿੰਦਾ ਹਾਂ। ਦੇਸ ਰਾਜ ਨੇ ਆਪਣੇ ਗੁਆਂਢੀ ਬਚਨ ਸਿੰਘ ਤੋਂ ਦੁਕਾਨ ਕਿਰਾਏ ’ਤੇ ਲੈ ਕੇ ਡੇਅਰੀ ਖੋਲ੍ਹੀ ਸੀ, ਦੁੱਧ ਦੇ ਕੰਮ ਵਿੱਚ ਮੰਦਾ ਆਉਣ ਕਰਕੇ ਦੇਸ ਰਾਜ ਤੋਂ ਕਿਰਾਇਆ ਨਹੀਂ ਦਿੱਤਾ ਗਿਆ। ਬਚਨ ਸਿੰਘ ਦੇ ਘਰ ਦਾ ਖਰਚਾ ਵੀ ਦੁਕਾਨ ਦੇ ਕਿਰਾਏ ਤੋਂ ਚੱਲਦਾ ਹੈ। ਇਹ ਦੋਵੇਂ ਗੁਆਂਢੀ ਨੇ। ਦੇਸ ਰਾਜ ਇਸ ਨੂੰ ਕਿਸ਼ਤਾਂ ਵਿੱਚ ਪੈਸੇ ਦੇ ਦੇਵੇਗਾ। ਬਚਨ ਸਿੰਘ ਇਸ ਕੋਲੋਂ ਦੁਕਾਨ ਨਹੀਂ ਛੁਡਾਏਗਾ। ਅਸੀਂ ਇਨ੍ਹਾਂ ਦੀ ਆਪਸੀ ਸਹਿਮਤੀ ਕਰਵਾ ਕੇ ਕੱਲ੍ਹ ਨੂੰ ਦਸਤਖਤ ਕਰਵਾ ਕੇ ਥਾਣੇ ਦੇ ਜਾਵਾਂਗੇ। ਕ੍ਰਿਪਾ ਕਰਕੇ ਗੱਲ ਨਾ ਵਧਾਉਂਦੇ ਹੋਏ ਇਨ੍ਹਾਂ ਨੂੰ ਜਾਣ ਦਿਉ। ਜੇਕਰ ਦੇਸ ਰਾਜ ਤੋਂ ਪੈਸੇ ਨਾ ਦੇ ਹੋਏ ਤਾਂ ਮੈਂ ਬਚਨ ਸਿੰਘ ਨੂੰ ਕੁਝ ਰੁਪਏ ਆਪਣੇ ਕੋਲੋਂ ਦੇ ਦੇਵਾਂਗਾ।’’
ਥਾਣੇਦਾਰ ਹੱਸਦਾ ਕਹਿਣ ਲੱਗਾ, ‘‘ਕਮਾਲ ਕਰਤੀ, ਮੁੰਡਿਆ ਤੇਰੀ ਅੱਛੀ ਹਮਦਰਦੀ ਆ। ਓਏ ਜਿਹੜੇ ਦੋਵੇਂ ਧਿਰਾਂ ਦੇ ਹਮਾਇਤੀ ਆਉਂਦੇ ਆ, ਉਹ ਉਨ੍ਹਾਂ ਦਾ ਫ਼ੈਸਲਾ ਕਰਾਉਣ ਤੋਂ ਬਾਅਦ ਅਗਲਿਆਂ ਦੀਆਂ ਜੇਬਾਂ ਖਾਲੀ ਕਰਾਉਂਦੇ ਨੇ ਜਾਂ ਦਾਰੂ ਮੀਟ ਖਾਂਦੇ ਹਨ। ਤੂੰ ਮੁਫ਼ਤ ਵਿੱਚ ਹੀ ਫੈਸਲਾ ਕਰਵਾ ਦਿੱਤਾ।’’ ਮੈਂ ਕਿਹਾ, ‘‘ਜੀ, ਮੈਂ ਗੁਰੂ ਨਾਨਕ ਦੇਵ ਜੀ ਦੀ ਸੋਚ ਨਾਲ ਚੱਲਦਾ ਹਾਂ। ਇਹ ਦੋਵੇਂ ਮੇਰੇ ਗੁਆਂਢੀ ਹਨ, ਮੇਰੇ ਭਰਾਵਾਂ ਵਰਗੇ। ਮੈਂ ਇਨ੍ਹਾਂ ਨੂੰ ਕੋਰਟ ਕਚਹਿਰੀਆਂ ਦੇ ਕੇਸਾਂ ਵਿੱਚ ਨਹੀਂ ਪੈਣ ਦੇਣਾ।’’ ਥਾਣੇਦਾਰ ਕਹਿੰਦਾ, ‘‘ਜਾਓ ਸਾਰੇ ਜਣੇ, ਤੇਰੀ ਜ਼ਿੰਮੇਵਾਰੀ ’ਤੇ ਛੱਡ ਦਿੰਦਾ ਹਾਂ, ਸਵੇਰੇ ਰਾਜ਼ੀਨਾਮਾ ਲਿਖਾ ਕੇ ਦੇ ਜਾਵੀਂ।’’ ਅਸੀਂ ਸਾਰੇ ਵਾਪਸ ਘਰ ਆ ਗਏ। ਦੂਸਰੇ ਦਿਨ ਮੈਂ ਰਾਜ਼ੀਨਾਮਾ ਲਿਖਾ ਕੇ ਥਾਣੇ ਦੇ ਆਇਆ।
ਮੈਨੂੰ ਦੇਸ ਰਾਜ ਕਹਿੰਦਾ, ‘‘ਤੂੰ ਕਿਰਾਏ ’ਤੇ ਮੇਰੇ ਘਰ ਰਹਿੰਦਾ ਏ, ਮੱਦਦ ਉਸ ਦੀ ਕਰ ਗਿਆ।’’ ਮੈਂ ਕਿਹਾ, ‘‘ਦੇਸ ਰਾਜ, ਤੁਸੀਂ ਆਪਸ ਵਿੱਚ ਗੁਆਂਢੀ ਹੋ, ਹਰ ਦੁਖਦੇ ਸੁਖਦੇ ਇਕੱਠੇ ਹੋਣਾ। ਜੇ ਮੈਂ ਤੈਨੂੰ ਇੱਕ ਸਾਲ ਕਮਰੇ ਦਾ ਕਿਰਾਇਆ ਨਾ ਦੇਵਾਂ, ਤੂੰ ਮੇਰੇ ਕੋਲੋਂ ਕਮਰਾ ਖਾਲੀ ਨਹੀਂ ਕਰਾਵੇਗਾ? ਜਿਹੜਾ ਕਿਰਾਇਆ ਤੂੰ ਮੇਰੇ ਕੋਲੋਂ ਲੈਂਦਾ ਏ, ਉਹ ਬਚਨ ਸਿੰਘ ਨੂੰ ਦੇ ਦਿਆ ਕਰ।’’ ਉਹ ਕਹਿੰਦਾ, ‘‘ਚੱਲ ਜਿਵੇਂ ਤੂੰ ਕੀਤਾ ਠੀਕ ਕੀਤਾ।’’
ਥੋੜ੍ਹਾ ਚਿਰ ਬਾਅਦ ਮੇਰੀ ਬਦਲੀ ਜਲੰਧਰ ਦੀ ਹੋ ਗਈ। ਜਾਣ ਸਮੇਂ ਮੈਨੂੰ ਬਚਨ ਸਿੰਘ ਮਿਲ ਗਿਆ। ਮੈਂ ਉਸਨੂੰ ਦੱਸਿਆ ਕਿ ਮੇਰੀ ਬਦਲੀ ਹੋ ਗਈ ਹੈ। ਉਹ ਕਹਿੰਦਾ, ‘‘ਕਾਕਾ, ਜੇ ਮੈਂ ਉਸ ਦਿਨ ਅੰਦਰ ਹੋ ਜਾਂਦਾ ਤਾਂ ਮੈਂ ਬਾਹਰ ਆ ਕੇ ਦੇਸ ਰਾਜ ਦਾ ਕਤਲ ਕਰ ਦੇਣਾ ਸੀ। ਕੈਦ ਵਿੱਚ ਚਾਹੇ ਇੱਕ ਦਿਨ ਰਹਿ ਲਿਆ ਚਾਹੇ ਵੀਹ ਸਾਲ ਮੇਰੀ ਜ਼ਿੰਦਗੀ ਨੂੰ ਦਾਗ ਲੱਗ ਜਾਣਾ ਸੀ। ਮੇਰਾ ਘਰ ਵੀ ਉੱਜੜ ਜਾਣਾ ਸੀ। ਦੇਸ ਰਾਜ ਦੇ ਬੱਚੇ ਵੀ ਰੁਲ ਜਾਣੇ ਸੀ। ਗੁੱਸੇ ਵਿੱਚ ਆਇਆ ਬੰਦਾ ਕੋਈ ਕਾਰਾ ਕਰ ਦਿੰਦਾ। ਉਸ ਦਿਨ ਮੇਰੇ ਲਈ ਤੂੰ ਰੱਬ ਬਣਕੇ ਆਇਆ ਸੀ। ਮੇਰੀ ਲਾਜ ਰੱਖ ਲਈ, ਤੇਰਾ ਮੇਰੇ ’ਤੇ ਕੀਤਾ ਇਹ ਅਹਿਸਾਨ ਮੈਂ ਮਰਦੇ ਦਮ ਤੱਕ ਯਾਦ ਰੱਖਾਂਗਾ।’’
ਸੰਪਰਕ: 94636-56728