ਜੀਕੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ: ਵਿਰਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਅਤੇ ਫਿਰ ਦਿੱਲੀ ਦੀ ਸੰਗਤ ਵੱਲੋਂ ਦਿੱਲੀ ਕਮੇਟੀ ਦੇ ਚੁਣੇ ਹੋਏ ਅਹੁਦੇਦਾਰਾਂ ਖ਼ਿਲਾਫ਼ ਆਪਣੀ ਨਮੋਸ਼ੀ ਭਰੀ ਭੜਾਸ ਕੱਢਣ। ਸ੍ਰੀ ਵਿਰਕ ਨੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹੁਣ ਗੋਲਕ ਚੋਰੀ ਕਰਨ ਦੇ ਦੋਸ਼ਾਂ ਹੇਠ ਘਿਰੇ ਮਨਜੀਤ ਸਿੰਘ ਜੀਕੇ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਗੁਰਬਾਣੀ ਵੇਚਣ ਦੇ ਮੁੱਦੇ ਉਪਰ ਸਬੂਤ ਪੇਸ਼ ਕਰਨ ਅਤੇ ਜੇਕਰ ਉਹ ਸ੍ਰੀ ਸਿਰਸਾ ਨੂੰ ਝੂਠਾ ਸਾਬਤ ਕਰ ਦਿੰਦੇ ਹਨ ਤਾਂ ਕਮੇਟੀ ਪ੍ਰਧਾਨ ਸਿਆਸਤ ਤੋਂ ਲਾਂਭੇ ਹੋ ਜਾਣਗੇ। ਮੈਂਬਰ ਨੇ ਕਿਹਾ ਕਿ ਇਹ ਸ੍ਰੀ ਜੀਕੇ ਲਈ ਚੰਗਾ ਮੌਕਾ ਹੈ ਕਿ ਉਹ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਸਿਆਸੀ ਰਾਹ ’ਚੋਂ ਹਟਾਉਣ ਲਈ ਇਕ ਵਾਰ ਖਾਤਿਆਂ ਦੇ ਸਬੂਤ ਪੇਸ਼ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰ ਲੈਣ। ਸ੍ਰੀ ਵਿਰਕ ਨੇ ਕਿਹਾ ਕਿ ਹੁਣ ਦਿੱਲੀ ਦੇ ਸੰਗਤ ਵੱਲੋਂ ‘ਜਾਗੋ’ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰ ਕੇ ਉਹ ਇੱਕਾ-ਦੁੱਕਾ ਨਵੇਂ ਲੋਕ ਦਲ ਵਿੱਚ ਸ਼ਾਮਲ ਕਰਦੇ ਹਨ ਤੇ ਬਾਕੀ ਪਹਿਲਾਂ ਵਾਲੇ ਲੋਕਾਂ ਨੂੰ ਤਸਵੀਰਾਂ ਵਿੱਚ ਭੀੜ ਵਧਾਉਣ ਲਈ ਇੱਕਠੇ ਕਰ ਲੈਂਦੇ ਹਨ। ਇਸੇ ਕਰ ਕੇ ਹੁਣ ਦਿੱਲੀ ਦੀ ਟੈਕਸੀ/ਟਰਾਂਸਪੋਰਟ ਸਨਅਤ ਨਾਲ ਜੁੜੇ ਲੋਕ ਹੁਣ ਸਾਬਕਾ ਪ੍ਰਧਾਨ ਤੋਂ ਕਿਨਾਰਾ ਕਰਨ ਲੱਗੇ ਹਨ। ਸ੍ਰੀ ਵਿਰਕ ਨੇ ਜੀਕੇ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਚੈੱਕਾਂ ਬਾਰੇ ਮੂੰਹ ਖੋਲ੍ਹਣ ਦੀ ਚੁਣੌਤੀ ਵੀ ਦਿੱਤੀ।