ਤੋਹਫ਼ਾ
ਵਰਿੰਦਰ ਸ਼ਰਮਾ
ਬਾਰ੍ਹਾਂ-ਤੇਰ੍ਹਾਂ ਸਾਲ ਦਾ ਮੁੰਡਾ ਨੰਦੂ ਸਾਡੇ ਮੁਹੱਲੇ ’ਚ ਬੱਚਿਆਂ ਦੇ ਖਿਡੌਣੇ ਵੇਚਣ ਆਉਂਦਾ। ਪਹਿਲੀ ਵਾਰ ਬੰਸਰੀਆਂ ਵੇਚਣ ਆਇਆ। ਬੰਸਰੀਆਂ ਵੇਚਣ ਦਾ ਉਸ ਦਾ ਆਪਣਾ ਵੱਖਰਾ ਹੀ ਅੰਦਾਜ਼ ਸੀ। ਹੀਰੋ ਫਿਲਮ ਦੇ ਗੀਤ ਦੀ ਬੇਹੱਦ ਦਿਲਖਿੱਚਵੀ ਧੁਨ ਵਜਾਉਂਦਾ ਸੀ। ਮੁਹੱਲੇ ਦੇ ਬੱਚੇ ਚਾਈਂ-ਚਾਈਂ ਬੰਸਰੀਆਂ ਖਰੀਦਣ ਪੁੱਜ ਜਾਂਦੇ। ਬੱਚਿਆਂ ਨੂੰ ਬੰਸਰੀ ਵਜਾਉਣੀ ਵੀ ਨਹੀਂ ਆਉਂਦੀ ਸੀ, ਫਿਰ ਵੀ ਜ਼ਿੱਦ ਕਰਕੇ ਉਹ ਬੰਸਰੀਆਂ ਖਰੀਦ ਕੇ ਹੀ ਹਟਦੇ। ਹਰ ਵਾਰ ਨੰਦੂ ਵੰਨ-ਸੁਵੰਨੇ ਖਿਡੌਣੇ ਵੇਚਣ ਲਈ ਲੈ ਕੇ ਆਉਂਦਾ।
ਮੈਨੂੰ ਉਹ ਬਹੁਤ ਬੁਰਾ ਲੱਗਦਾ। ਇਸ ਲਈ ਇੱਕ ਦਿਨ ਗੁੱਸੇ ਵਿੱਚ ਮੈਂ ਉਸ ਨੂੰ ਕਿਹਾ, ‘‘ਤੂੰ ਕਿਸੇ ਸਕੂਲ ’ਚ ਦਾਖਲਾ ਕਿਉਂ ਨਹੀਂ ਲਿਆ? ਐਵੇਂ ਗਲੀਆਂ ’ਚ ਧੱਕੇ ਖਾਂਦਾ ਰਹਿੰਦਾ ਏਂ।’’ ਉਸ ਨੇ ਹਉਕਾ ਲੈਂਦਿਆਂ ਕਿਹਾ, ‘‘ਬਾਬੂ ਜੀ, ਛੋਟੀ ਉਮਰੇ ਮੈਂ ਯਤੀਮ ਹੋ ਗਿਆ। ਮੇਰੇ ਚਾਚੇ ਨੇ ਮੈਨੂੰ ਅਤੇ ਮੇਰੀਆਂ ਭੈਣਾਂ ਨੂੰ ਘਰੋਂ ਕੱਢ ਦਿੱਤਾ। ਇੱਕ ਖਾਲੀ ਪਲਾਟ ’ਚ ਝੌਂਪੜੀ ਪਾ ਕੇ ਅਸੀਂ ਸਾਰੇ ਛੋਟੇ-ਮੋਟੇ ਕੰਮ ਕਰਕੇ ਗੁਜ਼ਾਰਾ ਕਰਨ ਲੱਗੇ।’’ ਮੈਨੂੰ ਉਸ ਦੀ ਗੱਲ ਸੁਣ ਕੇ ਠੇਸ ਤਾਂ ਪਹੁੰਚੀ, ਪਰ ਉਸ ਦੇ ਰੋਜ਼ਾਨਾ ਗਲੀ ’ਚ ਆਉਣ ਨਾਲ ਸਾਡੇ ਬੱਚੇ ਬਹੁਤ ਜ਼ਿੱਦੀ ਹੋ ਜਾਣ ਕਾਰਨ ਸਾਡੀ ਪ੍ਰੇਸ਼ਾਨੀ ਦਾ ਸਬੱਬ ਬਣ ਗਏ।
ਇੱਕ ਵਾਰ ਤਾਂ ਹੱਦ ਹੀ ਹੋ ਗਈ, ਜਦੋਂ ਉਹ ਗੱਟਾ ਵੇਚਣ ਲਈ ਗਾਉਂਦਾ ਗਾਉਂਦਾ ਸਾਡੇ ਘਰਾਂ ਵੱਲ ਆ ਗਿਆ। ਕਹਿੰਦਾ, ‘‘ਗੱਟਾ ਲੈਚੀਆਂ ਵਾਲਾ, ਗੱਟਾ ਦੱਨਿਆਂ ਵਾਲਾ। ਲੈ ਲਉ ਗੱਟਾ..., ਜਿਹੜਾ ਬੱਚਾ ਗੱਟਾ ਨਾ ਖਾਏ ਉਹ ਭਲਕੇ ਸਕੂਲ ਵੀ ਨਾ ਜਾਏ।’’ ਇਹ ਸੁਣ ਕੇਮੇਰਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ। ਮੈਂ ਕਿਹਾ, ‘‘ਆਪ ਤਾਂ ਤੂੰ ਸਕੂਲ ਜਾਂਦਾ ਨਹੀਂ ਤੇ ਸਾਡੇ ਬੱਚਿਆਂ ਨੂੰ ਕਿਹੋ ਜਿਹੀ ਨਸੀਹਤ ਦੇ ਰਿਹਾ ਏਂ!’’
ਇੱਕ ਦਿਨ ਮੇਰੇ ਬੇਟੇ ਅੰਜੁਮ ਦਾ ਜਨਮ ਦਿਨ ਸੀ। ਦਫ਼ਤਰ ਤੋਂ ਘਰ ਆ ਕੇ ਮੈਂ ਅੰਜੁਮ ਲਈ ਕੇਕ, ਮਠਿਆਈ ਆਦਿ ਦਾ ਪ੍ਰਬੰਧ ਕਰਕੇ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ ਤਾਂ ਨੰਦੂ ਨੂੰ ਹੈਪੀ ਬਰਥਡੇਅ ਵਾਲੇ ਗੁਬਾਰੇ ਵੇਚਦਾ ਵੇਖਿਆ।
ਮੈਂ ਗੁਬਾਰਿਆਂ ਦੀ ਕੀਮਤ ਪੁੱਛੀ। ਨੰਦੂ ਨੇ ਕਿਹਾ, ‘‘ਬਾਬੂ ਜੀ, ਵੈਸੇ ਤਾਂ ਮੈਂ 400 ਰੁਪਏ ਦੇ ਵੇਚਦਾ ਹਾਂ, ਪਰ ਤੁਹਾਡੇ ਲਈ 300 ਰੁਪਏ ਦੇ।’’ ‘‘ਵਾਹ ਬਈ ਵਾਹ 200 ਰੁਪਏ ਵਾਲੇ 300 ਦੇ! ਮੰਨ ਗਏ ਤੈਨੂੰ ਨੰਦੂ। ਜਾ, ਦਫ਼ਾ ਹੋ ਜਾ ਇੱਥੋਂ। ਆ ਜਾਂਦੇ ਨੇ ਠੱਗ ਕਿਤੋਂ ਦੇ। ਬੇਈਮਾਨ ਕਿਸੇ ਥਾਂ ਦਾ।’’ ਮੈਂ ਆਖਿਆ, ਪਰ ਅੰਜੁਮ ਕਿੱਥੇ ਮੰਨਣ ਵਾਲਾ ਸੀ। ਜ਼ਿੱਦ ਕਰਕੇ ਜ਼ਮੀਨ ’ਤੇ ਲੇਟ ਜ਼ੋਰ-ਜ਼ੋਰ ਦੀ ਰੋਣ ਲੱਗਿਆ। ਮਜਬੂਰਨ ਮੈਂ ਨੰਦੂ ਨੂੰ ਆਵਾਜ਼ ਮਾਰੀ ਅਤੇ ਗੁਬਾਰੇ ਖਰੀਦਣ ਲਈ ਉਸ ਨੂੰ 500 ਦਾ ਨੋਟ ਦਿੱਤਾ। ਉਸ ਕੋਲ ਖੁੱਲ੍ਹੇ ਪੈਸੇ ਨਹੀਂ ਸਨ, ਪਰ ਮੈਂ ਬਾਕੀ ਪੈਸੇ ਵਾਪਸ ਚਾਹੁੰਦਾ ਸੀ। ਮੈਂ ਸੋਚਿਆ ਕਿ ਫੇਰ ਕਿਧਰੇ ਆਵੇ ਜਾਂ ਨਾ। ਉਹ ਬੱਚਾ ਮੇਰੀ ਭਾਵਨਾ ਨੂੰ ਸਮਝ ਗਿਆ। ਉਸ ਤੋਂ ਆਪਣੇ ਹਮਉਮਰ ਅੰਜੁਮ ਦੀ ਇਹ ਹਾਲਤ ਵੇਖੀ ਨਾ ਗਈ। ਉਸ ਨੇ ਝੱਟ ਅੰਜੁਮ ਨੂੰ ਆਪਣੀ ਤਰਫ਼ੋਂ ਹੈਪੀ ਬਰਥਡੇਅ ਕਹਿੰਦਿਆਂ ਗੁਬਾਰੇ ਤੋਹਫ਼ੇ ਵਜੋਂ ਦੇ ਦਿੱਤੇ। ਉਸ ਨੇ ਕਿਹਾ, ‘‘ਮੇਰੇ ਵੱਲੋਂ ਭਰਾ ਨੂੰ ਤੋਹਫ਼ਾ।’’ ਮੈਂ ਬਹੁਤ ਸ਼ਰਮਿੰਦਾ ਹੋਇਆ। ਮੈਂ ਉਸ ਨੂੰ 500 ਰੁਪਏ ਦੇਣ ਦੀ ਬੇਹੱਦ ਕੋਸ਼ਿਸ਼ ਕੀਤੀ, ਪਰ ਹੁਣ ਉਸ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੇਰੇ ਅੰਦਰੋਂ ਆਵਾਜ ਆਈ ਕਿ ਛੋਟੇ ਜਿਹੇ ਬੱਚੇ ਦਾ ਕਿੰਨਾ ਵੱਡਾ ਦਿਲ। ਮੈਂ ਮਨ ਹੀ ਮਨ ਵਿੱਚ ਕਿਹਾ, ‘‘ਛੋਟਾ ਮੈਂ ਜਾਂ ਇਹ ਮਜਬੂਰ ਬੱਚਾ? ਕੌਣ ਠੱਗ ਤੇ ਕੌਣ ਬੇਈਮਾਨ...?’’
* * *
ਰੋਕ
ਬੀ.ਡੀ. ਸ਼ਰਮਾ
ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ’ਚ ਦਾਖਲਾ ਲਿਆ। ਮਾਪਿਆਂ ਦੀ ਜਿਵੇਂ ਰੁਚੀ ਹੁੰਦੀ ਹੈ ਕਿ ਹਰ ਰੋਜ਼ ਪੜ੍ਹ ਕੇ ਮੁੰਡਾ ਘਰ ਆ ਜਾਵੇ, ਸਮਾਂ ਖਰਾਬ ਹੋਣ ਦੀ ਚਿੰਤਾ ਘੱਟ ਹੀ ਹੁੰਦੀ ਹੈ ਕਿਸੇ ਨੂੰ। ਵਾਪਸ ਘਰ ਪਹੁੰਚਣ ਤੱਕ ਦਿਨ ਅਕਸਰ ਛਿਪ ਹੀ ਜਾਂਦਾ। ਇੱਕ ਦਿਨ ਮੈਂ ਘਰ ਪਹੁੰਚਿਆ ਤਾਂ ਮੇਰੀ ਬੀਬੀ (ਮਾਂ) ਥਾਲੀ ’ਚ ਪਾਣੀ ਪਾ ਕੇ ਵਿੱਚ ਗੜਵੀ ਮੂਧੀ ਰੱਖ ਕੇ ਉਸ ਉੱਤੇ ਥੋੜ੍ਹੀ ਜਿਹੀ ਅੱਗ ਰੱਖ ਉੱਪਰ ਘਿਓ ਪਾ, ਦੋਵੇਂ ਹੱਥ ਜੋੜ ਕੇ ਮੱਥਾ ਟੇਕ ਰਹੀ ਸੀ। ਮੂੰਹ ’ਚੋਂ ਕੁਝ ਕਹਿ ਵੀ ਰਹੀ ਸੀ, ‘‘ਹੇ ਵਿਚਾਰੇ ਬਾਬਿਓ! ਜੇ ਕੋਈ ਭੁੱਲ ਚੁੱਕ ਹੋਵੇ ਤਾਂ ਬਖ਼ਸ਼ ਦਿਓ।’’ ਮੈਂ ਪੁੱਛਿਆ, ‘‘ਬੀਬੀ, ਇਹ ਕੀ ਕਰਦੀ ਹੈਂ?’’ ਉਹ ਕਿਸੇ ਹੋਰ ਬੁੜ੍ਹੀ ਦਾ ਨਾਂ ਲੈ ਕੇ ਕਹਿੰਦੀ ਕਿ ਉਹਨੇ ਦੱਸਿਆ ਹੈ ਬਈ ਇਸ ਤਰੀਕੇ ਮੱਥਾ ਟੇਕ ਲਵੀਂ, ਜੇ ਮੱਝ ਨੂੰ ਕੋਈ ਰੋਕ ਜਾਂ ਕਸਰ ਹੋਈ ਤਾਂ ਗੜਵੀ ਵਿੱਚੋਂ ਬੁਲਬੁਲੇ ਨਿਕਲਣਗੇ, ਨਹੀਂ ਤਾਂ ਨਹੀਂ ਨਿਕਲਣੇ।’’ ਮੇਰੀ ਹਾਸੀ ਨਿਕਲਗੀ। ਮੈਂ ਕਿਹਾ, ‘‘ਇੱਕ ਵਾਰੀ ਸਾਰਾ ਕੁਝ ਚੁੱਕ ਦੇ ਤੇ ਉਸ ਨੂੰ ਵੀ ਬੁਲਾ ਜਿਸ ਨੇ ਇਹ ਤਰਕੀਬ ਦੱਸੀ ਹੈ।’’ ਸਾਡੀ ਗੁਆਂਢਣ ਦੀ ਹਾਜ਼ਰੀ ’ਚ ਮੈਂ ਦੁਬਾਰਾ ਆਪ ਥਾਲੀ ’ਚ ਪਾਣੀ ਪਾ ਕੇ ਉਹ ਸਾਰੀ ਵਿਧੀ ਦੁਹਰਾ ਦਿੱਤੀ, ਬਿਨਾਂ ਘਿਓ ਅੱਗ ’ਤੇ ਪਾਏ ਅਤੇ ਮੱਥਾ ਟੇਕੇ ਤੋਂ। ਬੁਲਬੁਲੇ ਥਾਲੀ ਦੇ ਪਾਣੀ ’ਚੋਂ ਨਿਕਲਣ ਲੱਗੇ। ਦੋਵੇਂ ਹੈਰਾਨ, ‘‘ਲੈ ਕੁੜੇ ਆਹ ਕੀ ਚਰਜ ਹੋਗਿਆ?’’ ਮੈਂ ਹੱਸ ਕੇ ਦੋਵਾਂ ਨੂੰ ਸਮਝਾਇਆ, ‘‘ਗੜਵੀ ਦੀ ਹਵਾ ਸੇਕ ਨਾਲ ਗਰਮ ਹੋ ਕੇ ਫੈਲਦੀ ਹੈ ਤੇ ਬਾਹਰ ਬੁਲਬੁਲਿਆਂ ਦੇ ਰੂਪ ’ਚ ਨਿਕਲਦੀ ਹੈ। ਕਿਸੇ ਕਸਰ ਜਾਂ ਰੋਕ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ।’’ ਦੋਵੇਂ ਸ਼ਰਮਿੰੰਦਗੀ ਭਰੀ ਹਾਸੀ ਹੱਸਦਿਆਂ ਕਹਿਣ ਲੱਗੀਆਂ, ‘‘ਸੱਚੀਂ ਭਾਈ, ਅਨਪੜ੍ਹਾਂ ਨੂੰ ਤਾਂ ਂਇਉਂ ਹੀ ਮੂਰਖ ਬਣਾਉਂਦੇ ਹੈ ‘ਸਿਆਣੇ’ ਕਹਾਉਣ ਵਾਲੇ।’’