ਤੋਹਫ਼ਾ
ਕਮਲੇਸ਼ ਭਾਰਤੀ
ਸਵੇਰ ਦਾ ਸਮਾਂ। ਅਜੇ ਧੁੱਪ ਵਿਹੜੇ ਵਿੱਚ ਨਹੀਂ ਸੀ ਆਈ। ਸੂਰਜ ਬੱਦਲਾਂ ਦੇ ਓਹਲਿਓਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਤਨੀ ਝਾੜੂ ਚੁੱਕ ਕੇ ਵਿਹੜੇ ਵਿੱਚ ਖਿੱਲਰੇ ਫੁੱਲਾਂ ਨੂੰ ਸੰਭਰਦਿਆਂ ਕਹਿਣ ਲੱਗੀ, ‘‘ਵੇਖੋ ਜੀ, ਗੁਆਂਢੀਆਂ ਦੇ ਰੁੱਖ ਤੋਂ ਆਹ ਫੁੱਲ ਸਾਡੇ ਵਿਹੜੇ ਵਿੱਚ ਡਿੱਗ ਕੇ ਕਿੰਨਾ ਗੰਦ ਪਾ ਦਿੰਦੇ ਨੇ! ਸਵੇਰੇ-ਸਵੇਰੇ ਝਾੜੂ ਨਾ ਮਾਰਾਂ ਤਾਂ ਕਿੰਨਾ ਭੈੜਾ ਲੱਗਦਾ ਹੈ! ਇਨ੍ਹਾਂ ਨੂੰ ਕਹੋ ਕਿ ਇਸ ਦਰੱਖ਼ਤ ਨੂੰ ਕਟਵਾ ਹੀ ਦੇਣ!’’ ਮੈਂ ਹੱਸਦਿਆਂ ਬਸ ਇੰਨਾ ਹੀ ਕਿਹਾ, ‘‘ਕਿੰਨੇ ਚੰਗੇ ਗੁਆਂਢੀ ਨੇ ਸਾਡੇ! ਜੋ ਸਵੇਰੇ-ਸਵੇਰੇ ਸਾਡੇ ਵਿਹੜੇ ਵਿੱਚ ਤੋਹਫ਼ੇ ਵਜੋਂ ਇਹ ਫੁੱਲ ਖਿਲਾਰ ਦਿੰਦੇ ਨੇ! ਨਹੀਂ ਤਾਂ ਗੁਆਂਢੀ ਅਕਸਰ ਲੋਕਾਂ ਦੇ ਘਰਾਂ ਵਿੱਚ ਕੰਡੇ ਹੀ ਖਿਲਾਰਦੇ ਵੇਖੇ-ਸੁਣੇ ਹਨ!’’ ਹੁਣ ਪਤਨੀ ਵੀ ਮੁਸਕਰਾ ਰਹੀ ਸੀ।
ਸੰਪਰਕ: 94160-47075
- ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ
* * *
ਦਰਿਆਦਿਲੀ
ਡਾ. ਸੰਦੀਪ ਸਿੰਘ ਮੁੰਡੇ
ਮੈਂ ਤੇ ਮੇਰਾ ਦੋਸਤ ਸੁਖਦੀਪ ਬੜੀ ਤੇਜ਼ੀ ਨਾਲ ਰੇਲਵੇ ਸਟੇਸ਼ਨ ’ਚ ਦਾਖ਼ਲ ਹੋਏ। ਅਸੀਂ ਦਿੱਲੀ ਜਾਣਾ ਸੀ। ਰੇਲਗੱਡੀ ਦੇ ਚੱਲਣ ਦਾ ਸਮਾਂ ਹੋਣ ਹੀ ਵਾਲਾ ਸੀ। ਲੋਕ ਵਾਹੋ-ਦਾਹੀ ਰੇਲਗੱਡੀ ਦੇ ਡੱਬਿਆਂ ਵੱਲ ਭੱਜ ਅਤੇ ਸੀਟ ਹਥਿਆਉਣ ਲਈ ਜੱਦੋਜਹਿਦ ਕਰ ਰਹੇ ਸਨ। ਗੱਡੀ ਦੇ ਪਿਛਲੇ ਹਿੱਸੇ ਵਿੱਚ ਲੱਗੇ ਜਨਰਲ ਡੱਬਿਆਂ ਵਿੱਚ ਖ਼ਾਸੀ ਭੀੜ ਸੀ। ਇਨ੍ਹਾਂ ਡੱਬਿਆਂ ਵਿੱਚ ਬੈਠਣ ਨੂੰ ਤਾਂ ਕੀ, ਪੈਰ ਟਿਕਾਉਣ ਲਈ ਵੀ ਕਿਤੇ ਥਾਂ ਨਹੀਂ ਸੀ। ਅਸੀਂ ਵੀ ਇਨ੍ਹਾਂ ਜਨਰਲ ਡੱਬਿਆਂ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਕਾਫ਼ੀ ਕੋਸ਼ਿਸ਼ ਤੋਂ ਬਾਅਦ ਵੀ ਸਫਲ ਨਾ ਹੋਏ।
ਮੇਰੇ ਦੋਸਤ ਸੁਖਦੀਪ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਰੇਲਗੱਡੀ ਦੇ ਅਗਲੇ ਪਾਸੇ ਦੇ ਜਨਰਲ ਡੱਬਿਆਂ ਵੱਲ ਜਾ ਕੇ ਦੇਖਣਾ ਚਾਹੀਦਾ ਹੈ, ਸ਼ਾਇਦ ਸੀਟ ਮਿਲ ਜਾਵੇ। ਅਸੀਂ ਭੱਜ ਕੇ ਰੇਲਗੱਡੀ ਦੇ ਅਗਲੇ ਪਾਸੇ ਇੰਜਣ ਨਾਲ ਜੁੜੇ ਜਨਰਲ ਡੱਬਿਆਂ ਤੱਕ ਪਹੁੰਚੇ ਪਰ ਉਨ੍ਹਾਂ ਡੱਬਿਆਂ ਦਾ ਵੀ ਭੀੜ ਨਾਲ ਬੁਰਾ ਹਾਲ ਸੀ। ਉਹ ਸਵਾਰੀਆਂ ਨਾਲ ਨੱਕੋ-ਨੱਕ ਭਰ ਚੁੱਕੇ ਸਨ। ਅਸੀਂ ਇੱਧਰ ਉੱਧਰ ਹੋਰ ਡੱਬਿਆਂ ਵੱਲ ਨਜ਼ਰ ਦੌੜਾਉਣ ਲੱਗੇ। ਸਾਡੀ ਨੇੜਲੇ ਇੱਕ ਡੱਬੇ ’ਤੇ ਨਜ਼ਰ ਗਈ ਜੋ ਲਗਭਗ ਖ਼ਾਲੀ ਹੀ ਜਾਪਦਾ ਸੀ। ਅਸੀਂ ਆਪਣਾ ਸਾਮਾਨ ਚੁੱਕਿਆ ਤੇ ਚੁੱਪਚਾਪ ਉਸ ਡੱਬੇ ਵਿੱਚ ਜਾ ਕੇ ਬੈਠ ਗਏ। ਕੁਝ ਪਲਾਂ ਬਾਅਦ ਹੀ ਰੇਲਗੱਡੀ ਲੰਬੀ ਕੂਕ ਮਾਰ ਕੇ ਚੱਲ ਪਈ। ਅਸੀਂ ਆਰਾਮ ਨਾਲ ਸੀਟ ’ਤੇ ਬੈਠੇ ਤੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ।
“ਯਾਰ, ਲੋਕਾਂ ਦੀ ਵੀ ਕਮਾਲ ਹੀ ਹੈ, ਵੇਖ ਆਹ ਡੱਬਾ ਵੀ ਤਾਂ ਬਿਲਕੁਲ ਖਾਲੀ ਵਰਗਾ ਹੀ ਸੀ, ਪਰ ਪਤਾ ਨਹੀਂ ਲੋਕ ਇਸ ਡੱਬੇ ਵੱਲ ਕਿਉਂ ਨਹੀਂ ਆਏ। ਦੇਖ ਆਪਾਂ ਨੂੰ ਵਧੀਆ ਸੀਟ ਮਿਲ ਗਈ,” ਮੈਂ ਆਪਣੇ ਦੋਸਤ ਨੂੰ ਕਿਹਾ। “ਹਾਂ ਬਾਈ, ਲੋਕਾਂ ਦੀ ਭੇਡ-ਚਾਲ ਹੁੰਦੀ ਹੈ ਜਿੱਧਰ ਨੂੰ ਚੱਲ ਪੈਣ ਬਿਨਾਂ ਦੇਖੇ-ਭਾਲੇ ਭੀੜ ਵੱਲ ਨੂੰ ਹੀ ਜਾਂਦੇ ਐ,” ਮੇਰੇ ਦੋਸਤ ਸੁਖਦੀਪ ਨੇ ਸੀਟ ’ਤੇ ਠੀਕ ਹੋ ਕੇ ਬੈਠਦਿਆਂ ਮੇਰੇ ਵੱਲ ਮੂੰਹ ਕਰ ਕੇ ਕਿਹਾ।
ਅਸੀਂ ਆਪਣੇ ਆਪ ਵਿੱਚ ਬੜੇ ਮਸਤ ਸੀ ਤੇ ਖ਼ੁਦ ਨੂੰ ਬੜਾ ਬਹਾਦਰ ਸਮਝ ਰਹੇ ਸਾਂ ਕਿਉਂਕਿ ਇੰਨੀ ਭੀੜ ਵਿੱਚ ਵੀ ਸਾਨੂੰ ਬੈਠਣ ਲਈ ਸੀਟ ਮਿਲ ਗਈ ਸੀ। ਵੈਸੇ ਵੀ ਜੇਕਰ ਸਵਾਰੀਆਂ ਨਾਲ ਭਰੀ ਬੱਸ ਜਾਂ ਰੇਲਗੱਡੀ ਵਿੱਚ ਬੈਠਣ ਨੂੰ ਸੀਟ ਮਿਲ ਜਾਵੇ ਤਾਂ ਸੀਟ ’ਤੇ ਬੈਠਣ ਦਾ ਵੱਖਰਾ ਜਿਹਾ ਸੁਆਦ ਆਉਂਦਾ ਹੈ ਤੇ ਮਨੁੱਖ ਆਪਣੇ ਆਪ ਨੂੰ ਹੋਰਨਾਂ ਨਾਲੋਂ ਜ਼ਿਆਦਾ ਖੁਸ਼ਕਿਸਮਤ ਸਮਝਦਾ ਹੈ। ਅਸੀਂ ਵੀ ਸੀਟ ਮਿਲਣ ’ਤੇ ਰਾਜਭਾਗ ਜਿੰਨੀ ਪ੍ਰਾਪਤੀ ਦਾ ਆਨੰਦ ਮਾਣ ਰਹੇ ਸਾਂ। ਅਸੀਂ ਅਜੇ ਗੱਲਾਂ ਕਰ ਹੀ ਰਹੇ ਸਾਂ ਕਿ ਵੱਡੇ ਸਾਰੇ ਲੋਹੇ ਦੇ ਟਰੰਕ ਚੁੱਕੀ ਇੱਕ ਉੱਚਾ-ਲੰਬਾ ਨੌਜਵਾਨ ਡੱਬੇ ’ਚ ਆਇਆ ਤੇ ਸਾਡੇ ਸਾਹਮਣੇ ਵਾਲੀ ਸੀਟ ’ਤੇ ਆ ਕੇ ਬੈਠ ਗਿਆ। ਅਸੀਂ ਉਸ ਨੌਜਵਾਨ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਤੇ ਇੱਧਰ-ਉੱਧਰ ਦੇਖਦੇ ਮਸਤੀ ਜਿਹੀ ਕਰਦੇ ਰਹੇ।
ਸਾਡੀ ਸਾਹਮਣੀ ਸੀਟ ’ਤੇ ਬੈਠਾ ਉਹ ਨੌਜਵਾਨ ਸਾਡੇ ਵੱਲ ਬੜੀ ਗਹੁ ਨਾਲ ਦੇਖ ਰਿਹਾ ਸੀ। ਉਹ ਸਾਡੇ ਨਾਲ ਗੱਲਬਾਤ ਕਰਨ ਦਾ ਇੱਛੁਕ ਜਾਪਦਾ ਸੀ। ਕੁਝ ਸਮੇਂ ਬਾਅਦ ਉਸ ਨੇ ਆਪਣੇ ਨਾਲ ਲਿਆਂਦੀ ਰੋਟੀ ਵਾਲਾ ਡੱਬਾ ਖੋਲ੍ਹ ਲਿਆ। ਉਸ ਨੂੰ ਡੱਬਾ ਖੋਲ੍ਹਦਿਆਂ ਦੇਖ ਸਾਡੀ ਵੀ ਭੁੱਖ ਜਾਗ ਪਈ ਤੇ ਅਸੀਂ ਵੀ ਘਰੋਂ ਲਿਆਂਦੇ ਪਰੌਂਠਿਆਂ ਦਾ ਪੌਣਾ ਖੋਲ੍ਹ ਕੇ ਚੌਂਕੜੀਆਂ ਮਾਰ ਬੈਠ ਗਏ।
“ਜਵਾਨੋ, ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਸੰਗਿਓ ਨਾ, ਮੰਗ ਲਿਓ (ਰੋਟੀ ਦੀ ਬੁਰਕੀ ਤੋੜ ਕੇ ਮੂੰਹ ’ਚ ਪਾ ਕੇ)। ਆਪਣਾ ਜ਼ਿਆਦਾ ਸਮਾਂ ਤਾਂ ਸਾਥੀ ਜਵਾਨਾਂ ਨਾਲ ਹੀ ਲੰਘਦੈ, ਘਰ ਵਾਲੇ ਤਾਂ ਬਸ ਦਹਿਲੀਜ਼ ਤੱਕ ਹੀ ਸਾਥ ਹੁੰਦੇ ਐ, ਬੈਰਕਾਂ ਵਿੱਚ ਤਾਂ ਨਾਲ ਦੇ ਸਾਥੀ ਹੀ ਨਿਭਦੇ ਐ,” ਨੌਜਵਾਨ ਨੇ ਪਾਣੀ ਦੀ ਬੋਤਲ ਚੁੱਕਦਿਆਂ ਕਿਹਾ।
“ਥੈਂਕ ਯੂ ਭਰਾ, ਅਸੀਂ ਵੀ ਘਰੋਂ ਲੂਣ-ਮਿਰਚ ਵਾਲੇ ਪਰੌਂਠੇ ਬਣਵਾ ਕੇ ਲਿਆਏ ਹਾਂ। ਸਾਨੂੰ ਤਾਂ ਇਹੀ ਬਹੁਤ ਨੇ। ਤੁਸੀਂ ਦੱਸੋ ਜੇਕਰ ਘਰੋਂ ਲਿਆਂਦੇ ਦੇਸੀ ਘਿਓ ਦੇ ਪਰੌਂਠੇ ਦਾ ਸੁਆਦ ਲੈਣਾ,” ਮੈਂ ਇੱਕ ਪਰੌਂਠਾ ਉਸ ਨੌਜਵਾਨ ਵੱਲ ਕਰਦਿਆਂ ਕਿਹਾ। “ਧੰਨਵਾਦ ਜੀਓ, ਹੁਣ ਤਾਂ ਅਨੰਦ ਹੋ ਗਿਆ (ਡੱਬਾ ਬੰਦ ਕਰਦਿਆਂ)। ਕਿੱਥੇ ਪੋਸਟਿੰਗ ਹੈ ਤੁਹਾਡੀ, ਕਿਹੜੀ ਬਟਾਲੀਅਨ ’ਚ ਹੋ?” ਨੌਜਵਾਨ ਨੇ ਡੱਬਾ ਬੈਗ ’ਚ ਪਾਉਂਦਿਆਂ ਸਵਾਲ ਕੀਤਾ।
“ਸਾਡੀ ਕਿਹੜੀ ਬਟਾਲੀਅਨ ਤੇ ਕਿੱਥੇ ਪੋਸਟਿੰਗ ਹੋਣੀ ਹੈ ਬਾਈ! ਅਸੀਂ ਤਾਂ ਆਮ ਜਿਹੇ ਪਾੜ੍ਹੇ ਮੁੰਡੇ ਹਾਂ,” ਮੈਂ ਥੋੜ੍ਹਾ ਜਿਹਾ ਹੈਰਾਨ ਹੁੰਦਿਆਂ ਉਸ ਨੂੰ ਜਵਾਬ ਦਿੱਤਾ। “ਜੇਕਰ ਤੁਸੀਂ ਕਿਸੇ ਬਟਾਲੀਅਨ ਦੇ ਫ਼ੌਜੀ ਨਹੀਂ ਤਾਂ ਫਿਰ ਇੱਥੇ ਕਿਵੇਂ ਬੈਠੇ ਹੋ? ਤੁਹਾਨੂੰ ਨਹੀਂ ਪਤਾ ਇਹ ਡੱਬਾ ਤਾਂ ਫ਼ੌਜੀਆਂ ਲਈ ਰਿਜ਼ਰਵ ਹੈ!” ਉਸ ਨੌਜਵਾਨ ਨੇ ਸਾਨੂੰ ਖਾਲੀ ਡੱਬੇ ਦੀ ਅਸਲੀਅਤ ਤੋਂ ਜਾਣੂੰ ਕਰਵਾਉਂਦਿਆਂ ਕਿਹਾ। “ਬਾਈ, ਫੇਰ ਕੀ ਹੋ ਗਿਆ, ਅਸੀਂ ਫ਼ੌਜੀਆਂ ਵਾਲੇ ਡੱਬੇ ’ਚ ਬੈਠ ਗਏ! ਇਹ ਡੱਬਾ ਵੀ ਤਾਂ ਦੂਸਰੇ ਡੱਬਿਆਂ ਵਾਂਗੂੰ ਹੀ ਹੈ ਅਤੇ ਦਿੱਲੀ ਹੀ ਜਾ ਰਿਹੈ,” ਸੁਖਦੀਪ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ।
“ਜਵਾਨੋ, ਸ਼ਾਇਦ ਤੁਹਾਨੂੰ ਨਹੀਂ ਪਤਾ, ਫ਼ੌਜੀਆਂ ਵਾਲੇ ਡੱਬੇ ਵਿੱਚ ਕੇਵਲ ਫ਼ੌਜੀ ਹੀ ਬੈਠ ਸਕਦੇ ਹਨ। ਹੋਰ ਆਮ ਬੰਦੇ ਨੂੰ ਇਸ ਡੱਬੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੁੰਦੀ। ਜਾਸੂਸੀ ਦਾ ਕੇਸ ਬਣ ਸਕਦੈ। ਜੇ ਕਿਸੇ ਫ਼ੌਜੀ ਅਧਿਕਾਰੀ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਚਲਦੀ ਰੇਲ ’ਚੋਂ ਤੁਹਾਨੂੰ ਤੁਹਾਡੇ ਸਾਮਾਨ ਸਮੇਤ ਵਗਾਹ ਕੇ ਬਾਹਰ ਮਾਰਨਾ। ਜੇ ਬਾਹਰ ਨਾ ਸੁੱਟਿਆ ਤਾਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ,” ਉਸ ਨੌਜਵਾਨ ਫ਼ੌਜੀ ਨੇ ਸਾਨੂੰ ਸੁਚੇਤ ਕਰਦਿਆਂ ਦੱਸਿਆ।
ਨੌਜਵਾਨ ਫ਼ੌਜੀ ਦੀ ਗੱਲ ਸੁਣ ਕੇ ਮੈਂ ਤੇ ਮੇਰਾ ਸਾਥੀ ਸੁਖਦੀਪ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਸਾਡੇ ਮਨਾਂ ਵਿੱਚ ਡਰ ਬੈਠ ਗਿਆ ਪਰ ਹੁਣ ਕੀ ਹੋ ਸਕਦਾ ਸੀ। ਅਸੀਂ ਇਸ ਚਿੰਤਾ ਵਿੱਚ ਸਾਂ ਕਿ ਜੇਕਰ ਸਾਡੀ ਅਸਲੀਅਤ ਦਾ ਕਿਸੇ ਹੋਰ ਫ਼ੌਜੀ ਵੀਰ ਨੂੰ ਪਤਾ ਲੱਗ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਹੈ। ਅਸੀਂ ਸੰਭਾਵੀ ਖ਼ਤਰੇ ਤੋਂ ਬਚਣਾ ਚਾਹੁੰਦੇ ਸਾਂ।
“ਬਾਈ, ਲੱਗਦਾ ਸਾਡੇ ਕੋਲੋਂ ਗ਼ਲਤੀ ਹੋ ਗਈ, ਅਸੀਂ ਤਾਂ ਖਾਲੀ ਡੱਬਾ ਵੇਖ ਕੇ ਬੈਠ ਗਏ, ਹੁਣ ਕੀ ਕਰੀਏ? ਤੁਸੀਂ ਦੱਸੋ ਬਾਈ, ਤੁਸੀਂ ਹੀ ਬਚਾ ਸਕਦੇ ਹੋ। ਨਾਲੇ ਤੁਸੀਂ ਤਾਂ ਸਾਡੇ ਏਰੀਏ ਦੇ ਹੀ ਲੱਗਦੇ ਹੋ,” ਮੈਂ ਡਰ ਨਾਲ ਨੌਜਵਾਨ ਫ਼ੌਜੀ ਦੀ ਮਿੰਨਤ ਕਰਦਿਆਂ ਪੁੱਛਿਆ।
“ਜਵਾਨੋ, ਗ਼ਲਤੀ ਤਾਂ ਤੁਸੀਂ ਕਰ ਚੁੱਕੇ ਹੋ। ਮੈਂ ਤੁਹਾਡੀ ਹਾਮੀ ਵੀ ਨਹੀਂ ਭਰ ਸਕਦਾ ਕਿਉਂਕਿ ਮੇਰੀ ਵੀ ਨੌਕਰੀ ਦਾ ਸਵਾਲ ਹੈ। ਹੁਣ ਕੁਝ ਕੁ ਮਿੰਟਾਂ ’ਚ ਟਰੇਨ ਅਗਲੇ ਸਟੇਸ਼ਨ ’ਤੇ ਰੁਕਣ ਵਾਲੀ ਹੈ। ਇੱਥੋਂ ਵੀ ਹੋਰ ਫ਼ੌਜੀ ਇਸ ਡੱਬੇ ’ਚ ਚੜ੍ਹਨਗੇ। ਜੇਕਰ ਤੁਸੀਂ ਹੁਣ ਇਸ ਡੱਬੇ ’ਚੋਂ ਉੱਤਰੇ ਤਾਂ ਫੜੇ ਜਾ ਸਕਦੇ ਹੋਂ। ਇਸ ਲਈ ਮੇਰੀ ਸਲਾਹ ਹੈ ਕਿ ਹੁਣ ਚੁੱਪ ਕਰ ਕੇ ਉੱਪਰ ਵਾਲੀਆਂ ਸੀਟਾਂ ’ਤੇ ਮੂੰਹ ਲਪੇਟ ਕੇ ਸੌਣ ਦਾ ਬਹਾਨਾ ਕਰਦੇ ਹੋਏ ਲੇਟ ਜਾਓ। ਦੋ ਘੰਟੇ ਬਾਅਦ ਇਸ ਰੇਲ ਨੇ ਅੱਧੇ ਘੰਟੇ ਲਈ ਬਠਿੰਡੇ ਰੁਕਣਾ ਹੈ। ਤੁਸੀਂ ਉੱਥੇ ਚੁੱਪ ਕਰ ਕੇ ਇਸ ਡੱਬੇ ’ਚੋਂ ਉਤਰ ਜਾਇਓ ਅਤੇ ਫਿਰ ਕਿਸੇ ਹੋਰ ਡੱਬੇ ਵਿੱਚ ਬੈਠ ਜਾਇਓ,” ਫ਼ੌਜੀ ਵੀਰ ਨੇ ਸਲਾਹ ਦਿੱਤੀ।
ਨੌਜਵਾਨ ਫ਼ੌਜੀ ਵੀਰ ਦੀ ਸਲਾਹ ਸੁਣ ਕੇ ਅਸੀਂ ਦੋਵਾਂ ਨੇ ਫਟਾਫਟ ਆਪਣੇ ਬੈਗ ਖੋਲ੍ਹੇ ਅਤੇ ਘਰੋਂ ਲਿਆਂਦੀਆਂ ਚਾਦਰਾਂ ਕੱਢ ਕੇ ਉੱਪਰ ਵਾਲੀਆਂ ਸੀਟਾਂ ’ਤੇ ਸੌਣ ਦਾ ਬਹਾਨਾ ਕਰਦੇ ਹੋਏ ਝਟਪਟ ਹੀ ਲੇਟ ਗਏ ਪਰ ਨੀਂਦ ਕਿੱਥੇ ਆਉਣੀ ਸੀ। ਫ਼ੌਜੀ ਵੀਰ ਦੇ ਕਹੇ ਸ਼ਬਦ ਕੰਨਾਂ ਵਿੱਚ ਵਾਰ-ਵਾਰ ਗੂੰਜ ਰਹੇ ਸਨ। ਅਸੀਂ ਮਨ ਹੀ ਮਨ ਸੋਚ ਰਹੇ ਸਾਂ ਕਿ ਅੱਜ ਤਾਂ ਬੜੇ ਕਸੂਤੇ ਫਸ ਗਏ, ਕਦੋਂ ਬਠਿੰਡਾ ਸਟੇਸ਼ਨ ਆਵੇ ਤੇ ਅਸੀਂ ਇਸ ਸਥਿਤੀ ’ਚੋਂ ਬਾਹਰ ਨਿਕਲੀਏ। ਇਸ ਦੌਰਾਨ ਰੇਲ ਨੇ ਕੂਕ ਮਾਰੀ ਤੇ ਝਟਕਾ ਜਿਹਾ ਮਾਰ ਕੇ ਰੁਕ ਗਈ। ਰੇਲ ਦੇ ਰੁਕਣ ਸਾਰ ਕਈ ਹੋਰ ਫ਼ੌਜੀ ਵੀਰ ਆਪਣੇ ਵੱਡੇ-ਵੱਡੇ ਟਰੰਕਾਂ ਨੂੰ ਲੈ ਕੇ ਰੇਲ ਦੇ ਡੱਬੇ ਵਿੱਚ ਚੜ੍ਹ ਗਏ। ਇਸ ਸਟੇਸ਼ਨ ਤੋਂ ਇੰਨੇ ਫ਼ੌਜੀ ਡੱਬੇ ਵਿੱਚ ਚੜ੍ਹੇ ਕਿ ਥੱਲੇ ਤੇ ਉੱਪਰ ਵਾਲੀਆਂ ਸੀਟਾਂ ਲਗਭਗ ਭਰ ਗਈਆਂ ਸਨ ਪਰ ਸਾਨੂੰ ਕਿਸੇ ਨੇ ਵੀ ਨਾ ਛੇੜਿਆ। ਰੇਲ ਮੁੜ ਰਫ਼ਤਾਰ ਫੜ ਚੁੱਕੀ ਸੀ ਅਤੇ ਫ਼ੌਜੀ ਵੀਰ ਆਪਸ ਵਿੱਚ ਇੱਕ ਦੂਜੇ ਨਾਲ ਜਾਣ-ਪਛਾਣ ਕੱਢ ਰਹੇ ਸਨ। ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਪਤਾ ਲੱਗਿਆ ਕਿ ਸਾਰੇ ਹੀ ਆਪਣੀ ਛੁੱਟੀ ਦਾ ਸਮਾਂ ਬਿਤਾ ਕੇ ਡਿਊਟੀ ’ਤੇ ਜਾ ਰਹੇ ਸਨ। ਸਾਡੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਪਰ ਡਰਦੇ ਆਪਣੇ ਆਪ ਨੂੰ ਘੂਕ ਸੁੱਤੇ ਹੋਏ ਦਰਸਾ ਰਹੇ ਸਾਂ।
ਕੁਝ ਸਮੇਂ ਬਾਅਦ ਫਿਰ ਰੇਲਗੱਡੀ ਝਟਕਾ ਜਿਹਾ ਖਾ ਕੇ ਅਗਲੇ ਸਟੇਸ਼ਨ ’ਤੇ ਰੁਕੀ। ਉੱਥੋਂ ਵੀ ਕੁਝ ਫ਼ੌਜੀ ਆਪਣੇ ਸਾਮਾਨ ਸਮੇਤ ਡੱਬੇ ਵਿੱਚ ਚੜ੍ਹ ਗਏ ਪਰ ਹੁਣ ਡੱਬੇ ਵਿੱਚ ਬੈਠਣ ਨੂੰ ਥਾਂ ਨਹੀਂ ਸੀ। ਉਨ੍ਹਾਂ ਵਿੱਚੋਂ ਕੁਝ ਤਾਂ ਜੁਗਾੜ ਕਰ ਕੇ ਬੈਠ ਗਏ ਪਰ ਦੋ ਸਰਦਾਰ ਫ਼ੌਜੀ ਅਜੇ ਖੜ੍ਹੇ ਹੀ ਸਨ। ਉਨ੍ਹਾਂ ਦੇ ਬੈਠਣ ਲਈ ਕੋਈ ਇੰਤਜ਼ਾਮ ਨਹੀਂ ਸੀ ਹੋ ਰਿਹਾ। ਇੰਨੇ ਨੂੰ ਇੱਕ ਫ਼ੌਜੀ ਵੀਰ ਨੇ ਉਨ੍ਹਾਂ ਦੋਵੇਂ ਸਰਦਾਰ ਫ਼ੌਜੀਆਂ ਨੂੰ ਸਲਾਹ ਦਿੰਦਿਆਂ ਕਿਹਾ, “ਜਵਾਨੋ, ਉੱਪਰ ਵਾਲੀ ਬਰਥ ਪਰ ਦੋ ਫ਼ੌਜੀ ਭਾਈ ਸੋ ਰਹੇ ਹੈਂ ਨਾ, ਉਨ ਕੋ ਉਠਾ ਲੋ। ਵੋ ਵੀ ਬੈਠ ਜਾਏੇਂਗੇ ਔਰ ਆਪ ਵੀ ਬੈਠ ਜਾਨਾ, ਖੜ੍ਹੇ ਰਹਿ ਕਰ ਸਫ਼ਰ ਕਾਟਨਾ ਮੁਸ਼ਕਿਲ ਹੈ।” ਇਹ ਗੱਲ ਸੁਣ ਕੇ ਜਿਵੇਂ ਸਾਡੇ ਸਾਹ ਹੀ ਸੁੱਕ ਗਏ।
“ਉਹ ਨਾ ਬਾਈ ਨਾ, ਇਹ ਵੀ ਸਾਡੇ ਹੀ ਭਰਾ ਨੇ। ਲੱਗਦੈ ਕਿਤੇ ਦੂਰ ਜਾਣਾ ਇਨ੍ਹਾਂ ਨੇ। ਇਸੇ ਕਰਕੇ ਤਾਂ ਬੜੀ ਜਲਦੀ ਸੌਂ ਗਏ ਹਨ। ਦੇਖੋ ਕਿਵੇਂ ਘੂਕ ਸੁੱਤੇ ਪਏ ਹਨ। ਇਨ੍ਹਾਂ ਨੂੰ ਸੁੱਤੇ ਹੀ ਰਹਿਣ ਦੇਈਏ। ਕਾਹਦੇ ਵਾਸਤੇ ਇਨ੍ਹਾਂ ਦੀ ਨੀਂਦ ਖਰਾਬ ਕਰਨੀ ਐ। ਚਲੋ ਆਪਾਂ ਤਾਂ ਡਿਊਟੀ ’ਤੇ ਜਾ ਕੇ ਵੀ ਖੜ੍ਹੇ ਹੀ ਰਹਿਣਾ ਐ। ਚਲੋ ਸੋਚ ਲੈਂਦੇ ਆਂ ਕਿ ਡਿਊਟੀ ਹੁਣ ਤੋਂ ਹੀ ਸ਼ੁਰੂ ਹੋ ਗਈ,” ਇੱਕ ਸਰਦਾਰ ਫ਼ੌਜੀ ਵੀਰ ਨੇ ਸਾਡੇ ਵੱਲ ਵੇਖਦਿਆਂ ਫ਼ੌਜੀ ਜੀਵਨ ਦਾ ਤਜਰਬਾ ਸਾਂਝਾ ਕੀਤਾ।
ਇਹ ਗੱਲ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ ਪਰ ਕੁਝ ਸਕੂਨ ਜ਼ਰੂਰ ਮਿਲਿਆ। ਇੱਕ ਫ਼ੌਜੀ ਜਵਾਨ ਦਾ ਦੂਸਰੇ ਫ਼ੌਜੀ ਜਵਾਨ ਲਈ ਕਿੰਨਾ ਪਿਆਰ ਅਤੇ ਸਤਿਕਾਰ ਹੁੰਦਾ ਹੈ। ਭਾਵੇਂ ਉਹ ਇੱਕ-ਦੂਜੇ ਨੂੰ ਨਾ ਵੀ ਜਾਣਦੇ ਹੋਣ ਪਰ ਫਿਰ ਵੀ ਇੱਕ-ਦੂਜੇ ਦਾ ਕਿੰਨਾ ਖ਼ਿਆਲ ਰੱਖਦੇ ਹਨ। ਮੈਂ ਸਰਦਾਰ ਫ਼ੌਜੀ ਵੀਰ ਦੀ ਗੱਲ ਸੁਣ ਕੇ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ। ਮੈਨੂੰ ਬਹੁਤ ਆਤਮ-ਗਿਲਾਨੀ ਹੋ ਰਹੀ ਸੀ। ਮੈਂ ਆਪਣੇ-ਆਪ ਨੂੰ ਉਨ੍ਹਾਂ ਦਾ ਦੋਸ਼ੀ ਮਹਿਸੂਸ ਕਰ ਰਿਹਾ ਸੀ ਕਿ ਅਸੀਂ ਕਿਉਂ ਇਸ ਡੱਬੇ ਵਿੱਚ ਬੈਠ ਗਏ ਪਰ ਹੁਣ ਕੀ ਹੋ ਸਕਦਾ ਸੀ? ਜੇ ਅਸੀਂ ਉੱਠਦੇ ਤਾਂ ਉਨ੍ਹਾਂ ਨੇ ਗੱਲਬਾਤ ਰਾਹੀਂ ਸਾਨੂੰ ਸਾਡੀ ਡਿਊਟੀ ਅਤੇ ਬਟਾਲੀਅਨ ਬਾਰੇ ਪੁੱਛਣਾ ਸੀ। ਅਸੀਂ ਕੀ ਜਵਾਬ ਦਿੰਦੇ? ਸਾਡੀ ਪੋਲ ਖੁੱਲ੍ਹ ਜਾਣੀ ਸੀ। ਸੋ ਅਸੀਂ ਕੁੜਿੱਕੀ ਵਿੱਚ ਫਸਿਆਂ ਨੇ ਚੁੱਪ ਰਹਿਣਾ ਹੀ ਉਚਿਤ ਸਮਝਿਆ ਤੇ ਸੌਣ ਦਾ ਬਹਾਨਾ ਕਰਦੇ ਹੋਏ ਲੱਤਾਂ ਪਸਾਰ ਕੇ ਪਏ ਸੀ। ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਸਰਹੱਦਾਂ ਦੇ ਰਾਖੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ ਤੇ ਦੂਜਿਆਂ ਦੇ ਸਕੂਨ ਲਈ ਖ਼ੁਦ ਔਖਾਂ ਸਹਿੰਦੇ ਹਨ ਅਤੇ ਦੂਜੇ ਪਾਸੇ ਅਸੀਂ ਵਿਲਹੜ ਪਾੜ੍ਹੇ ਉਨ੍ਹਾਂ ਲਈ ਸੀਟ ਤੋਂ ਉੱਠਣ ਤੱਕ ਦਾ ਜੋਖ਼ਮ ਲੈਣ ਲਈ ਤਿਆਰ ਨਹੀਂ ਸਾਂ। ਮੈਂ ਮਨ ਹੀ ਮਨ ਫ਼ੌਜੀਆਂ ਨਾਲ ਆਪਣੀ ਤੁਲਨਾ ਕਰਨੀ ਚਾਹੀ ਤਾਂ ਮੈਨੂੰ ਇਹ ਤੁਲਨਾ ਬੇਮਾਅਨੀ ਜਾਪੀ। ਮੈਂ ਉਨ੍ਹਾਂ ਦੀ ਦਰਿਆਦਿਲੀ ਅਤੇ ਤਿਆਗ ਅੱਗੇ ਨਤਮਸਤਕ ਸੀ। ਮੇਰੇ ਮਨ ਵਿੱਚ ਫ਼ੌਜੀ ਵੀਰਾਂ ਲਈ ਅਥਾਹ ਪਿਆਰ ਅਤੇ ਸਤਿਕਾਰ ਪਣਪ ਰਿਹਾ ਸੀ। ਮੈਂ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਸਹੁੰ ਖਾਧੀ ਅਤੇ ਮਨ ਵਿੱਚ ਹੀ ਆਪਣੀ ਗੁਸਤਾਖ਼ੀ ਲਈ ਉਨ੍ਹਾਂ ਤੋਂ ਮੁਆਫ਼ੀ ਮੰਗੀ। ਕੁਝ ਸਮਾਂ ਬਾਅਦ ਰੇਲਗੱਡੀ ਬਠਿੰਡਾ ਸਟੇਸ਼ਨ ’ਤੇ ਰੁਕੀ ਤਾਂ ਬਹੁਤ ਸਾਰੇ ਫ਼ੌਜੀ ਰੇਲ ਤੋਂ ਥੱਲੇ ਉੱਤਰ ਕੇ ਇੱਧਰ ਉੱਧਰ ਚਲੇ ਗਏ। ਫਿਰ ਅਸੀਂ ਵੀ ਅਪਣਾ ਬਚਾਅ ਕਰਦੇ ਹੋਏ ਬੈਗ ਚੁੱਕ ਕੇ ਡੱਬੇ ਤੋਂ ਥੱਲੇ ਉੱਤਰੇ ਅਤੇ ਕਾਫ਼ੀ ਦੂਰ ਤੱਕ ਪਲੇਟਫਾਰਮ ’ਤੇ ਚੱਲਣ ਤੋਂ ਬਾਅਦ ਵੀ ਪਿੱਛੇ ਮੁੜ ਕੇ ਨਾ ਦੇਖਿਆ। ਅਸੀਂ ਤਾਂ ਸਾਡੇ ਪੱਖ ਦੀ ਸਲਾਹ ਦੇਣ ਵਾਲੇ ਫ਼ੌਜੀ ਵੀਰ ਦਾ ਧੰਨਵਾਦ ਵੀ ਨਾ ਕਰ ਸਕੇ। ਫਿਰ ਅਸੀਂ ਰੇਲਗੱਡੀ ਦੇ ਪਿਛਲੇ ਹਿੱਸੇ ਵਿੱਚ ਲੱਗੇ ਜਨਰਲ ਡੱਬੇ ਵਿੱਚ ਬੈਠਣ ਦਾ ਜੁਗਾੜ ਕਰਨ ਲੱਗੇ।
ਸੰਪਰਕ: 94136-52646