For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਬਾਦਲ ਲਈ ਚੁਣੌਤੀ ਬਣ ਸਕਦੀ ਹੈ ਗਿੱਦੜਬਾਹਾ ਤੇ ਬਰਨਾਲਾ ਜ਼ਿਮਨੀ ਚੋਣ

09:56 AM Jul 18, 2024 IST
ਸੁਖਬੀਰ ਬਾਦਲ ਲਈ ਚੁਣੌਤੀ ਬਣ ਸਕਦੀ ਹੈ ਗਿੱਦੜਬਾਹਾ ਤੇ ਬਰਨਾਲਾ ਜ਼ਿਮਨੀ ਚੋਣ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੁਲਾਈ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਗਿੱਦੜਬਾਹਾ ਅਤੇ ਬਰਨਾਲਾ ਦੀ ਜ਼ਿਮਨੀ ਚੋਣ ਸਿਰਦਰਦੀ ਬਣਨ ਲੱਗੀ ਹੈ। ਜਲੰਧਰ (ਪੱਛਮੀ) ਹਲਕੇ ’ਚ ਹੋਈ ਹਾਰ ਤੋਂ ਬਾਅਦ ਅਤੇ ਪਾਰਟੀ ਵਿਚਲੀ ਖਾਨਾਜੰਗੀ ਮਗਰੋਂ ਪਾਰਟੀ ਅਤੇ ਸਾਖ ਬਚਾਉਣ ਲਈ ਗਿੱਦੜਬਾਹਾ ਅਤੇ ਬਰਨਾਲਾ ਦੀ ਜ਼ਿਮਨੀ ਚੋਣ ਹਰ ਹਾਲਤ ਵਿੱਚ ਜਿੱਤਣਾ ਚਾਹੁੰਦੀ ਹੈ। ਹਾਲਾਂਕਿ ਅਜੇ ਤੱਕ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਖਾਲੀ ਹੋਈਆਂ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਕੋਈ ਐਲਾਨ ਨਹੀਂ ਕੀਤਾ ਹੈ। ਸੂਬੇ ਦੀਆਂ ਚਾਰ ਸੀਟਾਂ ਦੇ ਵਿਧਾਇਕ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿਚ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ।
ਮਾਲਵਾ ਖੇਤਰ ਦੇ ਗਿੱਦੜਬਾਹਾ ਅਤੇ ਬਰਨਾਲਾ ਹਲਕੇ ਵਿਚ ਕ੍ਰਮਵਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ‘ਆਪ’ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਬਣਨ ਉਕਤ ਸੀਟਾਂ ਖਾਲੀ ਹੋਈ ਗਈਆਂ ਹਨ। ਪੰਜਾਬ ਵਿੱਚ ਦੋ ਹੋਰ ਵਿਧਾਨ ਸਭਾ ਹਲਕੇ ਚੱਬੇਵਾਲ (ਹੁਸ਼ਿਆਰਪੁਰ) ਡਾ. ਰਾਜ ਕੁਮਾਰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਸੁਖਜਿੰਦਰ ਸਿੰਘ ਰੰਧਾਵਾ ਦੇ ਲੋਕ ਸਭਾ ਮੈਂਬਰ ਬਣਨ ਕਾਰਨ ਖਾਲੀ ਹੋਈਆਂ ਹਨ।
ਗਿੱਦੜਬਾਹਾ ਹਮੇਸ਼ਾ ਬਾਦਲਾਂ ਦਾ ਗੜ੍ਹ ਰਿਹਾ ਹੈ ਅਤੇ ਇੱਥੋਂ ਮਨਪ੍ਰੀਤ ਸਿੰਘ ਬਾਦਲ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਦੌਰਾਨ ਚੋਣ ਜਿੱਤੇ ਚੁੱਕੇ ਹਨ ਹਾਲਾਂਕਿ ਉਸ ਵੇਲੇ ਪੰਜਾਬ ਸਰਕਾਰ ਨੇ ਸਾਰੀ ਕੈਬਨਿਟ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਬਿਠਾ ਦਿੱਤਾ ਸੀ। ਉਥੋਂ ਚੋਣ ਜਿੱਤਣ ਤੋਂ ਬਾਅਦ ਹੀ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਬਣ ਗਏ ਸਨ।
ਅਕਾਲੀ ਦਲ ਨੂੰ ਗਿੱਦੜਬਾਹਾ ਤੋਂ ਬਾਅਦ ਬਰਨਾਲਾ ਜ਼ਿਮਨੀ ਚੋਣ ਲਈ ਤਕੜੀ ਹਿੰਮਤ ਕਰਨੀ ਪੈਣੀ ਹੈ ਕਿਉਂਕਿ ਅਕਾਲੀ ਦਲ ਨੂੰ ਬਰਨਾਲਾ ਹਲਕੇ ਵਿੱਚ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਅਤੇ ਸੁਖਦੇਵ ਸਿੰਘ ਢੀਂਡਸਾ ਧੜੇ ਦਾ ਉਥੇ ਵਧਿਆ ਹੋਇਆ ਦਬਦਬਾ, ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਭਾਵੇਂ ਸੁਖਬੀਰ ਸਿੰਘ ਬਾਦਲ ਦਾ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਪੂਰਾ ਦਬਦਬਾ ਬਣਿਆ ਰਿਹਾ ਹੈ, ਪਰ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਅਤੇ ਉਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਨੇ ਉਨ੍ਹਾਂ ਦੀ ਸਥਿਤੀ ਕਸੂਤੀ ਬਣਾ ਦਿੱਤੀ ਹੈ। ਕਈ ਲੋਕ ਸਭਾ ਉਮੀਦਵਾਰਾਂ ਸਮੇਤ ਪਾਰਟੀ ਦਾ ਇੱਕ ਵੱਡਾ ਹਿੱਸਾ ਅੱਜ-ਕੱਲ੍ਹ ਸੁਖਬੀਰ ਸਿੰਘ ਬਾਦਲ ਤੋਂ ਬਾਗ਼ੀ ਹੋ ਗਿਆ ਹੈ ਜਿਸ ਕਰਕੇ ਜ਼ਿਮਨੀ ਚੋਣਾਂ ਦੌਰਾਨ ਮੁੜ ਜਲੰਧਰ ਵਰਗੀ ਸਥਿਤੀ ਪੈਦਾ ਹੋਣ ਦਾ ਡਰ ਬਣਿਆ ਹੋਇਆ ਹੈ।
ਦੂਜੇ ਪਾਸੇ ਇਨ੍ਹਾਂ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਅੰਦਰ ਖਾਤੇ ਤਿਆਰੀ ਵਿੱਢ ਦਿੱਤੀ ਹੋਈ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਲੁਧਿਆਣਾ ਤੋਂ ਐਮ.ਪੀ ਬਣ ਗਏ ਹਨ, ਪਰ ਉਹ ਆਪਣਾ ਗਿੱਦੜਬਾਹਾ ਤੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਲੜਾਕੇ ਆਪਣਾ ਦਾਅਵਾ ਕਾਇਮ ਰੱਖਣ ਦੇ ਰੌਂਅ ਵਿੱਚ ਹਨ। ਇਸੇ ਤਰ੍ਹਾਂ ਗੁਰਮੀਤ ਸਿੰਘ ਮੀਤ ਹੇਅਰ ਵੀ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਿਸੇ ਪਰਿਵਾਰਕ ਮੈਂਬਰ ਨੂੰ ਚੋਣ ਲੜਾਕੇ ਸਰਦਾਰੀ ਕਾਇਮ ਕਰਨ ਦੀ ਇੱਛਾ ਰੱਖਦੇ ਵਿਖਾਈ ਦਿੰਦੇ ਹਨ। ਅਕਾਲੀ ਧਿਰਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀਆਂ ਗਿੱਦੜਬਾਹਾ ਅਤੇ ਬਰਨਾਲਾ ਤੋਂ ਚੋਣ ਲੜਨ ਦੇ ਕੀਤੇ ਸ਼ੋਸਲ ਮੀਡੀਆ ਰਾਹੀਂ ਦਾਅਵੇ ਤੋਂ ਵੀ ਘਬਰਾਹਟ ਹੋਣ ਲੱਗੀ ਹੈ।

Advertisement

Advertisement
Author Image

joginder kumar

View all posts

Advertisement
Advertisement
×