For the best experience, open
https://m.punjabitribuneonline.com
on your mobile browser.
Advertisement

ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ਲੋਕ ਅਰਪਣ

10:09 PM Jun 23, 2023 IST
ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ਲੋਕ ਅਰਪਣ
Advertisement

ਹਰਦਮ ਮਾਨ

Advertisement

ਸਰੀ: ਉੱਘੇ ਪੰਜਾਬੀ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਪੁਸਤਕ ‘ਵਿਚਿ ਬਾਣੀ ਅੰਮ੍ਰਿਤੁ ਸਾਰੇ’ ਲੋਕ ਅਰਪਣ ਕਰਨ ਲਈ ਖਾਲਸਾ ਲਾਇਬ੍ਰੇਰੀ, ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਦੇ ਸੰਚਾਲਕ ਡਾ. ਰਮਿੰਦਰ ਕੰਗ ਨੇ ਸਭ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਪੁਸਤਕ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀਆਂ ਪਹਿਲੀਆਂ ਕਿਰਤਾਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਕਵਿਤਾਵਾਂ, ਧਾਰਮਿਕ ਕਵਿਤਾਵਾਂ, ਗੀਤ, ਵਾਰਾਂ, ਧਾਰਮਿਕ ਤੇ ਇਤਿਹਾਸਕ ਲੇਖ ਅਤੇ ਗੁਰਬਾਣੀ ਦੇ ਟੀਕਿਆਂ ਦੇ ਰੂਪ ਵਿੱਚ 34 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।

Advertisement

ਪੁਸਤਕ ਬਾਰੇ ਬੋਲਦਿਆਂ ਹਰਸ਼ਰਨ ਕੌਰ ਨੇ ਕਿਹਾ ਕਿ ਇਸ ਵੱਡ-ਆਕਾਰੀ ਪੁਸਤਕ ਵਿੱਚ ਗਿਆਨੀ ਜੀ ਨੇ ਗੁਰਬਾਣੀ ਦੀ ਵਿਆਖਿਆ ਕਾਵਿ ਰੂਪ ਵਿੱਚ ਕੀਤੀ ਹੈ ਅਤੇ ਉਨ੍ਹਾਂ ਦੀ ਕਾਵਿ ਕਲਾ ਵਿੱਚ ਮੁਹਾਰਤ ਦੀ ਇਹ ਇੱਕ ਉੱਤਮ ਰਚਨਾ ਹੈ। ਮਨਜੀਤ ਕੌਰ ਕੰਗ ਨੇ ਕਿਹਾ ਕਿ ਗੁਰਬਾਣੀ ਦੀ ਵਿਆਖਿਆ ਕਾਵਿ ਰੂਪ ਵਿੱਚ ਬਹੁਤ ਸਰਲ ਸ਼ਬਦਾਂ ਵਿੱਚ ਕਰਕੇ ਗਿਆਨੀ ਜੀ ਨੇ ਪੰਜਾਬੀ ਪਾਠਕਾਂ ਲਈ ਅਨਮੋਲ ਤੋਹਫ਼ਾ ਦਿੱਤਾ ਹੈ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ ਜੀਵਨਸ਼ੈਲੀ ਗੁਰਬਾਣੀ ‘ਤੇ ਆਧਾਰਿਤ ਹੈ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਬਾਣੀ ਅਨੁਸਾਰ ਉਸਾਰਿਆ ਹੈ। ਪਿੰਗਲ ਅਰੂਜ਼ ਦੇ ਉਹ ਮਾਹਰ ਹਨ ਅਤੇ ਉਨ੍ਹਾਂ ਦੀ ਇਹ ਪੁਸਤਕ ਪੰਜਾਬੀ ਸਾਹਿਤ ਜਗਤ ਲਈ ਵੱਡਮੁੱਲੀ ਦੇਣ ਹੈ। ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਚਮਕੌਰ ਸਿੰਘ ਸੇਖੋਂ, ਅਮਰੀਕ ਪਲਾਹੀ ਅਤੇ ਸਤੀਸ਼ ਗੁਲਾਟੀ ਨੇ ਇਸ ਪੁਸਤਕ ਲਈ ਗਿਆਨੀ ਕੇਵਲ ਸਿੰਘ ਨਿਰਦੋਸ਼ ਨੂੰ ਮੁਬਾਰਕਬਾਦ ਦਿੱਤੀ। ਮੀਨੂੰ ਬਾਵਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਿਆਨੀ ਕੇਵਲ ਸਿੰਘ ਨਿਰਦੋਸ਼ ਦਾ ਗੀਤ ਪੇਸ਼ ਕੀਤਾ।

ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਇਸ ਸੰਗ੍ਰਹਿ ਬਾਰੇ ਦੱਸਦਿਆਂ ਕਿਹਾ ਕਿ ਲਖਜੀਤ ਸਿੰਘ ਸਾਰੰਗ ਦੇ ਵਿਸ਼ੇਸ਼ ਸੁਝਾਅ ਅਤੇ ਸਹਿਯੋਗ ਸਦਕਾ ਇਹ ਪੁਸਤਕ ਪਾਠਕਾਂ ਤੀਕ ਪਹੁੰਚੀ ਹੈ। ਉਨ੍ਹਾਂ ਗੁਰਬਾਣੀ ਬਾਰੇ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਦੇ ਅੱਖਰ ਅਰਥ ਕਦੇ ਨਹੀਂ ਕੀਤੇ ਜਾ ਸਕਦੇ, ਭਾਵ-ਅਰਥ ਕੀਤੇ ਜਾ ਸਕਦੇ ਹਨ। ਕਵਿਤਾ ਦੀ ਵਿਆਖਿਆ ਕਰਨ ਨਾਲ ਕਵਿਤਾ ਕਵਿਤਾ ਨਹੀਂ ਰਹਿੰਦੀ। ਉਨ੍ਹਾਂ ਇਸ ਪੁਸਤਕ ਰਾਹੀਂ ਸੁਖਮਨੀ ਸਾਹਿਬ, ਭੱਟਾਂ ਦੇ ਸਵੱਈਏ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਭਾਵ-ਅਰਥਾਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪਾਠਕ ਇਸ ਯਤਨ ਨੂੰ ਭਰਪੂਰ ਹੁੰਗਾਰਾ ਦੇਣਗੇ।

ਇਸ ਸਮਾਗਮ ਵਿੱਚ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ, ਡਾ. ਸੁਖਵਿੰਦਰ ਵਿਰਕ, ਐਡਵੋਕੇਟ ਅਮਨਦੀਪ ਚੀਮਾ, ਨਵਦੀਪ ਗਿੱਲ, ਬਿੱਲਾ ਤੱਖੜ ਅਤੇ ਇੰਦਰਜੀਤ ਰੋਡੇ ਸ਼ਾਮਲ ਸਨ। ਅੰਤ ਵਿੱਚ ਸਮਾਗਮ ਦੇ ਪ੍ਰਬੰਧਕ ਲਖਜੀਤ ਸਿੰਘ ਸਾਰੰਗ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਸੰਪਰਕ: +1 604 308 6663

ਇੱਕ ਰੋਜ਼ਾ ਪੁਸਤਕ ਮੇਲਾ

ਟ੍ਰਿਬਿਊਨ ਨਿਊਜ਼ ਸਰਵਿਸ

ਕੈਲਗਰੀ: ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਕੈਲਗਰੀ ਵੱਲੋਂ ਇੱਕ ਰੋਜ਼ਾ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਗਰੀਨ ਪਲਾਜ਼ਾ (ਡਾ. ਭੁੱਲਰ) ਵਿਖੇ ਇਹ ਪੁਸਤਕ ਮੇਲਾ 11 ਜੂਨ ਨੂੰ ਲਗਾਇਆ ਜਾ ਰਿਹਾ ਹੈ ਜੋ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ। ਪੁਸਤਕ ਮੇਲੇ ਦਾ ਉਦਘਾਟਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਲੇਖਕ, ਕਲਾਕਾਰ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਕਰਨਗੇ।

Advertisement
Advertisement