For the best experience, open
https://m.punjabitribuneonline.com
on your mobile browser.
Advertisement

ਏ.ਆਈ. ਦੇ ਯੁੱਗ ’ਚ ਜਿਊਣ ਦੀ ਕਲਾ

07:33 AM Oct 16, 2024 IST
ਏ ਆਈ  ਦੇ ਯੁੱਗ ’ਚ ਜਿਊਣ ਦੀ ਕਲਾ
Advertisement

ਇੰਜ. ਈਸ਼ਰ ਸਿੰਘ
ਹਰ ਯੁੱਗ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਪ੍ਰਭਾਵ ਸਰਵ-ਵਿਆਪੀ ਹੁੰਦੇ ਹਨ। ਇੱਕ ਸਫਲ ਅਤੇ ਪ੍ਰਸੰਨ-ਚਿੱਤ ਜੀਵਨ ਜਿਊਣ ਲਈ ਸਾਨੂੰ ਆਪਣੇ-ਆਪ ਨੂੰ ਇਨ੍ਹਾਂ ਪ੍ਰਭਾਵਾਂ ਅਨੁਸਾਰ ਬਦਲਦੇ ਰਹਿਣਾ ਪੈਂਦਾ ਹੈ। ਇਸ ਲਈ ਸਾਨੂੰ ਇਨ੍ਹਾਂ ਵਿਸ਼ੇਸ਼ਤਾਵਾਂ ਅਤੇ ਇਨ੍ਹਾਂ ਦੇ ਪ੍ਰਭਾਵਾਂ ਦਾ ਸਹੀ ਗਿਆਨ ਹਾਸਿਲ ਕਰਨ ਅਤੇ ਨਾਲ ਹੀ ਇਨ੍ਹਾਂ ਅਨੁਸਾਰ ਬਦਲਦੇ ਰਹਿਣ ਦੀ ਸਿਆਣਪ ਅਤੇ ਕਲਾ ਸਿੱਖਣੀ ਜ਼ਰੂਰੀ ਹੈ।
ਪਹਿਲੀ ਗੱਲ ਕਿ ਗਿਆਨ ‘ਸਮੂਹਿਕ’ ਹੈ ਅਤੇ ਇਹ ਬਾਹਰੋਂ ਮਿਲਦਾ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਮੁੱਖ ਤੌਰ ’ਤੇ ਬਾਹਰਲੇ ਸਾਧਨਾਂ ਅਤੇ ਹੋਰਾਂ ਇਨਸਾਨਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਦੂਜੀ ਗੱਲ ਸਿਆਣਪ ਅਤੇ ਕਲਾ ਹੈ ਜੋ ਵਿਅਕਤੀਗਤ ਹੁਨਰ ਹੈ ਅਤੇ ਇਸ ਨੂੰ ਨਿੱਜੀ ਅਭਿਆਸ ਰਾਹੀਂ ਸਿੱਖਣਾ ਪੈਂਦਾ ਹੈ। ਇਹ ਮੁੱਖ ਤੌਰ ’ਤੇ ਅੰਦਰੂਨੀ ਵਿਸ਼ਾ ਹੈ ਭਾਵੇਂ ਕਿ ਇਸ ਨੂੰ ਗ੍ਰਹਿਣ ਕਰਨ ਲਈ ਵੀ ਬਾਹਰੀ ਅਗਵਾਈ ਅਤੇ ਮਦਦ ਦੀ ਲੋੜ ਪੈਂਦੀ ਹੈ। ਕੋਈ ਵੀ ਇਨਸਾਨ ਬੁੱਧੀ ਅਤੇ ਸਾਧਨਾਂ ਪੱਖੋਂ ਇੰਨਾ ਸਮਰੱਥ ਨਹੀਂ ਹੋ ਸਕਦਾ ਕਿ ਉਹ ਇਨ੍ਹਾਂ ਦੋਹਾਂ ਨੂੰ ਖ਼ੁਦ ਹੀ ਸਮਝ ਸਕੇ, ਇਸ ਲਈ ਉਸ ਨੂੰ ‘ਸਮੂਹਿਕ’ ਬੁੱਧੀ ਅਤੇ ‘ਸਮੂਹਿਕ’ ਸਾਧਨਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਖ਼ੁਸ਼ਕਿਸਮਤੀ ਨਾਲ ਅੱਜ ਦੇ ਯੁੱਗ ’ਚ ਇਹ ਦੋਵੇਂ ਭਰਪੂਰ ਮਾਤਰਾ ’ਚ ਹਾਸਿਲ ਹਨ ਜੋ ਇਸ ਯੁੱਗ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਇਸ ਭਰਮਾਰ ’ਚੋਂ ਸਹੀ ਨੂੰ ਫੜਨਾ ਅਤੇ ਗ਼ਲਤ ਨੂੰ ਛੱਡਣਾ ਸਿਆਣਪ ਹੈ ਤੇ ਕਲਾ ਦਾ ਹਿੱਸਾ ਹੈ। ਚੰਗੇ ਪ੍ਰਭਾਵਾਂ ਨੂੰ ਕਬੂਲਣ ਅਤੇ ਮੰਦਿਆਂ ਤੋਂ ਬਚਣ ਦੀ ਸਿਆਣਪ ਗ੍ਰਹਿਣ ਕਰਨ ਅਤੇ ਕਲਾ ਸਿੱਖਣ ਦੀ ਲੋੜ ਪ੍ਰਤੀ ਜਾਗਰੂਕਤਾ ਹੀ ਇਸ ਲੇਖ ਦਾ ਉਦੇਸ਼ ਹੈ।
ਪਹਿਲਾਂ ਆਪਣੇ ਯੁੱਗ ਦੀ ਮੁੱਖ ਵਿਸ਼ੇਸ਼ਤਾ ਤਕਨਾਲੋਜੀ ਅਤੇ ਇਸ ਦੀ ਉਪ-ਬ੍ਰਾਂਚ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ/ਮਸਨੂਈ ਬੁੱਧੀ) ’ਤੇ ਵਿਚਾਰ ਕਰਦੇ ਹਾਂ ਕਿਉਂਕਿ ਅੱਜਕੱਲ੍ਹ ਇਨ੍ਹਾਂ ਦੀ ਹੀ ਚੜ੍ਹਤ ਹੈ। ਇਹ ਵਿਸ਼ਾ ਸੰਸਾਰ ਦੇ ਮੁੱਖ ਚਰਚਿਤ ਵਿਸ਼ਿਆਂ ’ਚੋਂ ਇੱਕ ਹੈ, ਹਾਲਾਂਕਿ ਇਹ ਕੰਪਿਊਟਰ ਸਾਇੰਸ ਦੀ ਸਿਰਫ਼ ਇੱਕ ਉਪ-ਬ੍ਰਾਂਚ ਹੈ ਜੋ ਅੱਗੇ ਸਾਇੰਸ ਅਤੇ ਤਕਨਾਲੋਜੀ ਦੀ ਇੱਕ ਬ੍ਰਾਂਚ ਹੈ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਉਪ-ਬ੍ਰਾਂਚ ਹੋਣ ਦੇ ਬਾਵਜੂਦ ਅੱਜ ਇਹ ਕੰਪਿਊਟਰ ਸਾਇੰਸ ਦਾ ਮੋਹਰੀ ਅੰਗ ਬਣ ਗਈ ਹੈ ਅਤੇ ਕੰਪਿਊਟਰ ਸਾਇੰਸ ਸਾਡੀ ਤਕਨਾਲੋਜੀ ਦੀ ਮੋਹਰੀ ਬਣ ਗਈ ਹੈ। ਤਕਨਾਲੋਜੀ ਅੱਗੇ ਸਾਡੇ ਜੀਵਨ ਦੇ ਸਾਰੇ ਖੇਤਰਾਂ, ਭਾਵ ਰਾਜਨੀਤਕ, ਪ੍ਰਬੰਧਕੀ, ਆਰਥਿਕ, ਸਮਾਜਿਕ, ਧਾਰਮਿਕ ਅਤੇ ਕੋਮਲ ਕਲਾਵਾਂ ’ਤੇ ਕਾਬਜ਼ ਹੋ ਗਈ ਹੈ। ਇੱਥੋਂ ਤੱਕ ਕਿ ਸਾਡੇ ਵਿਅਕਤੀਗਤ ਅਤੇ ਪਰਿਵਾਰਕ ਜੀਵਨ ਵਿੱਚ ਵੀ ਇਸ ਦਾ ਪ੍ਰਭਾਵ ਬਹੁਤ ਵਧ ਰਿਹਾ ਹੈ। ਸਰਲ ਸ਼ਬਦਾਂ ’ਚ ਏ.ਆਈ. ਦਾ ਮੁੱਖ ਕੰਮ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਣਾਉਣਾ ਹੈ ਜਿਹੜੀਆਂ ਇਨਸਾਨਾਂ ਵਰਗੀ ਬੁੱਧੀ ਰੱਖਦੀਆਂ ਹੋਣ। ਉਨ੍ਹਾਂ ਵਾਂਗ ਸੋਚਣ, ਸਮਝਣ, ਪ੍ਰਤੀਕਿਰਿਆ ਕਰਨ ਅਤੇ ਕੰਮ ਕਰਨ ਦੇ ਸਮਰੱਥ ਹੋਣ। ਬਿਜਲੀ ਦੀ ਤਰ੍ਹਾਂ ਇਹ ਵੀ ਇੱਕ ‘ਆਲ ਪਰਪਜ਼’ ਤਕਨਾਲੋਜੀ ਹੈ। ਸੰਸਾਰ ਦੇ ਹਰ ਖੇਤਰ ’ਚ ਇਸ ਦੀ ਲੋੜ ਹੈ ਅਤੇ ਬਿਜਲੀ ਵਾਂਗ ਹੀ ਇਹ ਮਨੁੱਖੀ ਜੀਵਨ ’ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ। ਇਹ ਬਦਲਾਅ ਸਾਰਥਿਕ ਹਨ ਜਾਂ ਨਕਾਰਾਤਮਕ, ਇਹ ਇਸ ਦੇ ਹੱਥ ’ਚ ਨਹੀਂ ਅਤੇ ਇਸ (ਏ.ਆਈ.) ਦੇ ਬੇਕਾਬੂ ਹੋਣ ਦੇ ਖ਼ਦਸ਼ਿਆਂ ਬਾਰੇ ਮਾਹਿਰ ਵੀ ਸਹਿਮਤ ਹਨ। ਇਸ ਦਾ ਹੋਰ ਮਾਰੂ ਹਥਿਆਰਾਂ ਵਾਂਗ ਸਮਾਜ-ਵਿਰੋਧੀ ਅਨਸਰਾਂ ਦੇ ਹੱਥੇ ਚੜ੍ਹਨਾ ਇੱਕ ਹੋਰ ਵੱਡਾ ਡਰ ਹੈ। ਇਨ੍ਹਾਂ ਸਭ ਤੋਂ ਬਚਾਓ ਮਨੁੱਖੀ ਸਿਆਣਪ ’ਤੇ ਨਿਰਭਰ ਕਰਦਾ ਹੈ, ਜਿਸ ਦਾ ਘਾਟ ਹਰ ਯੁੱਗ ’ਚ ਰੜਕਦੀ ਰਹੀ ਹੈ।

Advertisement


ਤਕਨਾਲੋਜੀ ਦੇ ਹਾਮੀ ਇਹ ਦਾਅਵੇ ਕਰਦੇ ਹਨ ਕਿ ਇਹ ਅਤੇ ਮੁੱਖ ਤੌਰ ’ਤੇ ਏ.ਆਈ. ਸਾਡੀਆਂ ਮੁੱਖ ਸਮੱਸਿਆਵਾਂ ਦਾ ਸਮਾਧਾਨ ਕਰ ਸਕਦੀ ਹੈ, ਪਰ ਸੰਸਾਰ ਦਾ ਇਤਿਹਾਸ ਅਤੇ ਇਸ ਦੇ ਅਜੋਕੇ ਹਾਲਾਤ ਇਸ ਵਿਚਾਰਧਾਰਾ ਨੂੰ ਨਕਾਰਦੇ ਹਨ। ਹੁਣ ਤੱਕ ਬਣਾਈਆਂ ਸਾਡੀਆਂ ਸਭ ਤਕਨਾਲੋਜੀਆਂ ਅਤੇ ਇਕੱਤਰ ਕੀਤੀਆਂ ਸ਼ਕਤੀਆਂ ਦੇ ਬਾਵਜੂਦ ਸਾਨੂੰ ਮਨੁੱਖੀ ਹੋਂਦ ਨੂੰ ਬਚਾਉਣ ਦੀ ਚਿੰਤਾ ਲੱਗੀ ਹੋਈ ਹੈ। ਇਸ ਕਰ ਕੇ ਅੱਜ ਤਕਨਾਲੋਜੀ ਅਤੇ ਖ਼ਾਸ ਕਰ ਕੇ ਇਸ ਦੀ ਨਵੀਂ ਬ੍ਰਾਂਚ ਏ.ਆਈ., ਯੂ.ਐੱਨ.ਓ. ਸਣੇ ਸਾਰੇ ਦੇਸ਼ਾਂ ਲਈ ਸਿਰਦਰਦੀ ਬਣ ਗਈ ਹੈ। ਹਾਲਾਂਕਿ ਇਹ ਸਾਡੀ ਬਹੁ-ਪੱਖੀ ਤਰੱਕੀ ਅਤੇ ਅਥਾਹ ਖੁਸ਼ਹਾਲੀ ਦਾ ਵੱਡਾ ਆਧਾਰ ਰਹੀ ਹੈ ਅਤੇ ਅੱਜ ਵੀ ਇਸ ਨੂੰ ਲਗਾਤਾਰ ਕਾਇਮ ਰੱਖ ਰਹੀ ਹੈ। ਇਹ ਸਿਰਦਰਦੀ ਇਸ ਕਰ ਕੇ ਨਹੀਂ ਬਣੀ ਕਿ ਇਸ ਦਾ ਕੋਈ ਲਾਭ ਨਹੀਂ ਰਿਹਾ। ਬਲਕਿ ਇਸ ਕਰ ਕੇ ਬਣੀ ਹੈ ਕਿ ਹੁਣ ਇਹ ਸੰਸਾਰ ਦੇ ਸ਼ਾਤਿਰ ਧੜਿਆਂ ਵੱਲੋਂ ਬਾਕੀ ਇਨਸਾਨਾਂ ਦੇ ਸਰੀਰਾਂ ਅਤੇ ਮਨਾਂ ’ਤੇ ਕਬਜ਼ਾ ਕਰਨ ਦਾ ਮਾਧਿਅਮ ਬਣ ਚੁੱਕੀ ਹੈ। ਅੱਜ ਸੰਸਾਰ ਦੇ ਸਭ ਤੋਂ ਅਮੀਰ ਦਸ ਖਰਬਪਤੀਆਂ ’ਚੋਂ ਸੱਤ ਤਕਨਾਲੋਜੀ ਨਾਲ ਜੁੜੇ ਹੋਏ ਹਨ ਅਤੇ ਅਮਰੀਕਾ ਦੀ ਰਾਜਧਾਨੀ ’ਚ ਇਨ੍ਹਾਂ ਦੀ ਲੌਬੀ ਦੂਜੇ ਨੰਬਰ ਦੀ ਸਭ ਤੋਂ ਤਾਕਤਵਰ ਲੌਬੀ ਹੈ।
ਇਸ ਦਾ ਅਰਥ ਇਹ ਨਹੀਂ ਕਿ ਇਹ ਕਿਸੇ ਹੋਰ ਖੇਤਰ ਨਾਲੋਂ ਵੱਧ ਉਪਜ ਕਰ ਰਹੀ ਹੈ ਜਾਂ ਇਸ ਵੱਲੋਂ ਬਣਾਈਆਂ ਵਸਤਾਂ ਹੋਰਾਂ ਦੀਆਂ ਵਸਤੂਆਂ ਤੋਂ ਵੱਧ ਲਾਭਦਾਇਕ ਹਨ। ਇਸ ਦੇ ਉਲਟ ਇਹ ਆਪਣੇ ਲਾਭ-ਹਿੱਤ, ਬੇਲੋੜੀਆਂ ਅਤੇ ‘ਲਗਜ਼ਰੀ’ ਵਸਤੂਆਂ ਨਾਲ ਮਾਰਕੀਟਾਂ ਨੂੰ ਭਰ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਅਤੇ ਜ਼ਰੂਰਤ ਵਾਲੀਆਂ ਵਸਤੂਆਂ ਨੂੰ ਬਣਾਉਣ ’ਚ ਲਾਗਤ ਦਾ ਬਹੁਤਾ ਫ਼ਰਕ ਨਹੀਂ ਹੁੰਦਾ। ਨਾ ਹੀ ਇਸ ਦੇ ਇਜ਼ਾਰੇਦਾਰਾਂ ਨੂੰ ਕੋਈ ਵਸਤੂ ਬਣਾਉਣ ਲਈ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਹੈ। ਕਿੰਨੀ ਅਜੀਬ ਗੱਲ ਹੈ ਕਿ ਭਾਰਤ ’ਚ ਭਾਵੇਂ ਅਜੇ ਨਹੀਂ, ਪਰ ਵਿਕਸਿਤ ਦੇਸ਼ਾਂ ’ਚ ਸਰਕਾਰ ਕਿਸਾਨਾਂ ਨੂੰ ਦੱਸਦੀ ਹੈ ਕਿ ਉਹ ਆਪਣੇ ਖੇਤਾਂ ’ਚ ਕੀ ਬੀਜਣ। ਜੇ ਉਹ ਸਰਕਾਰੀ ਹੁਕਮ ਨਾ ਮੰਨਣ ਤਾਂ ਸਰਕਾਰ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਨਹੀਂ ਕਰਦੀ। ਇਸ ਲਈ ਕਿਸਾਨਾਂ ਨੂੰ ਹਰ ਸਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਦਲਵੀਂਆਂ ਫ਼ਸਲਾਂ ਬੀਜਣੀਆਂ ਪੈਂਦੀਆਂ ਹਨ, ਪਰ ਤਕਨਾਲੋਜੀ ਖ਼ਾਸ ਕਰ ਕੇ ਏ.ਆਈ. ਦੇ ਇਜ਼ਾਰੇਦਾਰ ਟੌਹਰ ਨਾਲ ਐਲਾਨ ਕਰ ਦਿੰਦੇ ਹਨ ਕਿ ਆਉਣ ਵਾਲੀ ਫਲਾਣੀ ਤਰੀਕ ਨੂੰ ਅਸੀਂ ਇਹ ਨਵੀਂ ਕਾਢ ਮਾਰਕੀਟ ’ਚ ਲਿਆ ਰਹੇ ਹਾਂ। ਉਲਟਾ ਸਰਕਾਰਾਂ ਨੂੰ ਭੱਜ-ਨੱਠ ਲੱਗ ਜਾਂਦੀ ਹੈ ਕਿ ਅਸੀਂ ਕੀ ਕਰੀਏ?
ਇਹ ਸੱਚਾਈ ਯੂ.ਐੱਨ.ਓ. ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਦੇ ਇਸ ਤਾਜ਼ਾ ਬਿਆਨ (19 ਸਤੰਬਰ, 2024 ਦੇ) ਤੋਂ ਪ੍ਰਤੱਖ ਹੈ, “ਇਹ ਗੱਲ ਪਹਿਲਾਂ ਹੀ ਸਪੱਸ਼ਟ ਹੋ ਚੁੱਕੀ ਹੈ ਕਿ ਏ.ਆਈ. ਨਾਲ ਮਨੁੱਖੀ ਅਧਿਕਾਰਾਂ ਸਣੇ ਹੋਰ ਖੇਤਰਾਂ ਲਈ ਕਈ ਪ੍ਰਕਾਰ ਦੇ ਫੌਰੀ ਅਤੇ ਦੂਰ-ਰਸ ਬੁਰੇ ਅਸਰ ਜੁੜੇ ਹੋਏ ਹਨ। ਇਸ ਸਬੰਧ ’ਚ ਗੰਭੀਰ ਚਿੰਤਾਵਾਂ ਇਹ ਹਨ ਕਿ ਇਸ ਦੀ ਸ਼ਕਤੀ ਸਿਮਟ ਕੇ ਕੁਝ ਦੇਸ਼ਾਂ ਅਤੇ ਕੰਪਨੀਆਂ ਦੇ ਹੱਥਾਂ ’ਚ ਇਕੱਠੀ ਹੋ ਗਈ ਹੈ।”
ਏ.ਆਈ. ਨਾਲ ਜੁੜੇ ਖ਼ਤਰਿਆਂ ਬਾਰੇ ਇਹ ਉਨ੍ਹਾਂ ਦਾ ਕੋਈ ਪਹਿਲਾ ਬਿਆਨ ਨਹੀਂ। ਪਹਿਲਾਂ ਵੀ ਕਈ ਵਾਰ ਇਸ ਤੋਂ ਵੀ ਸਖ਼ਤ ਬਿਆਨ ਦੇ-ਦੇ ਕੇ ਉਹ ਸੰਸਾਰ ਨੂੰ ਇਸ ਵਿਸ਼ੇ ’ਤੇ ਖ਼ਬਰਦਾਰ ਕਰਦੇ ਰਹੇ ਹਨ। ਕਈ ਵਾਰ ਤਾਂ ਉਨ੍ਹਾਂ ਦੇ ਬਿਆਨਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਬਹੁਤ ਮਜਬੂਰ ਅਤੇ ਦੁਖੀ ਹੋ ਕੇ ਬੋਲ ਰਹੇ ਹਨ। ਆਪਾਂ ਜਾਣਦੇ ਹਾਂ ਉਨ੍ਹਾਂ ਲਈ ਸਮੁੱਚੇ ਸੰਸਾਰ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਹਨ। ਜਿਵੇਂ ਕਿ ਚੱਲ ਰਹੇ ਯੁੱਧ, ਵਾਤਾਵਰਨ ਪਰਿਵਰਤਨ, ਮਾਰੂ ਹਥਿਆਰਾਂ ਦੀ ਦੌੜ, ਸ਼ਰਣਾਰਥੀਆਂ ਦੇ ਦੁੱਖ, ਅਤਿਵਾਦ, ਨਾ-ਬਰਾਬਰੀ, ਭੁੱਖਮਰੀ ਅਤੇ ਕੁਦਰਤੀ ਆਫਤਾਂ ਆਦਿ। ਏ.ਆਈ. ਬਾਰੇ ਉਨ੍ਹਾਂ ਦੀ ਦਰਦ-ਮਈ ਬਿਆਨਬਾਜ਼ੀ ਇਹ ਸਾਬਤ ਕਰਦੀ ਹੈ ਕਿ ਇਹ ਸਮੱਸਿਆ ਵੀ ਹੋਰ ਵੱਡੀਆਂ ਸਮੱਸਿਆਵਾਂ ਜਿੰਨੀ ਹੀ ਗੰਭੀਰ ਬਣ ਚੁੱਕੀ ਹੈ। ਹੋਰ ਸਮੱਸਿਆਵਾਂ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਹਨ, ਜਦ ਕਿ ਏ.ਆਈ. ਦੀ ਸਮੱਸਿਆ ਨਵੀਂ ਅਤੇ ਬਹੁਤ ਤੇਜ਼ੀ ਨਾਲ ਉੱਭਰ ਰਹੀ ਹੈ।
ਸਕੱਤਰ ਜਨਰਲ ਦੇ ਉਪਰੋਕਤ ਬਿਆਨ ਦਾ ਕਾਰਨ ਸਿਰਫ਼ ਡੇਢ ਕੁ ਸਾਲ ਪਹਿਲਾਂ (ਮਾਰਚ, 2023) ਨਿਕਲੀ ਏ.ਆਈ. ਦੀ ਇੱਕ ਉੱਪ-ਕਾਢ (ਚੈਟ-ਜੀਪੀਟੀ) ਹੈ, ਜਿਸ ਨੇ ਸੰਸਾਰ ’ਚ ਤਰਥੱਲੀ ਮਚਾ ਦਿੱਤੀ ਸੀ ਅਤੇ ਇਸ ਦੇ ਹਾਮੀਆਂ ਨੂੰ ਵੀ ਚਿੰਤਾ ’ਚ ਪਾ ਦਿੱਤਾ ਸੀ। ਇਲੌਨ ਮਸਕ ਸਣੇ ਸੰਸਾਰ ਭਰ ਦੇ ਵੀਹ ਹਜ਼ਾਰ ਤੋਂ ਵੱਧ ਮਾਹਿਰਾਂ, ਸਾਇੰਸਦਾਨਾਂ ਅਤੇ ਫ਼ਿਲਾਸਫ਼ਰਾਂ ਨੇ ਇੱਕ ਖੁੱਲ੍ਹਾ ਪੱਤਰ ਲਿਖ ਕੇ ਇਸ ਤਰ੍ਹਾਂ ਦੀਆਂ ਕਾਢਾਂ ’ਤੇ ਕੁਝ ਸਮੇਂ ਲਈ ਰੋਕ ਲਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਾਢਾਂ ਨੂੰ ਕਾਬੂ ਤੋਂ ਬਾਹਰ ਹੋ ਰਹੀ ਤਕਨਾਲੋਜੀ ਦਾ ਪ੍ਰਤੀਕ ਗਰਦਾਨਿਆ ਸੀ। ਯੂ.ਐੱਨ. ਓ. ਸਣੇ ਸੰਸਾਰ ਦੇ ਸਾਰੇ ਦੇਸ਼ਾਂ ਨੇ ਇਸ ਦੇ ਸੰਭਾਵੀ ਖ਼ਤਰਿਆਂ ਬਾਰੇ ਫੌਰੀ ਤੌਰ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰੇ ਕੀਤੇ ਸਨ ਅਤੇ ਸਕੱਤਰ ਜਨਰਲ ਨੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੀ ਰਿਪੋਰਟ ਹਾਲ ਹੀ ਵਿੱਚ (19 ਸਤੰਬਰ, 2024 ਨੂੰ) ਆਈ ਹੈ। ਇਸ ਦਾ ਸਿਰਲੇਖ “ਮਨੁੱਖਤਾ ਦੀ ਭਲਾਈ ਲਈ ਏ.ਆਈ. ’ਤੇ ਨਿਯੰਤਰਣ-ਪ੍ਰਬੰਧ” (ਗਵਰਨਿੰਗ ਏ.ਆਈ. ਫਾਰ ਹਿਉਮੈਨਿਟੀ) ਹੈ। ਇਸ ਦਾ ਉਦੇਸ਼ ਹੈ ਕਿ ਏ. ਆਈ. ਦਾ ਵਿਕਾਸ ਅਤੇ ਇਸ ਦੀ ਵਰਤੋਂ ਇਸ ਢੰਗ ਨਾਲ ਕੀਤੀ ਜਾ ਸਕੇ ਕਿ ਇਸ ਦਾ ਲਾਭ ਸਾਰੀ ਮਨੁੱਖਤਾ ਨੂੰ ਹੋਵੇ ਅਤੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਸਰਬ-ਸੰਮਤੀ ਨਾਲ ਅਤੇ ਪ੍ਰਭਾਵਕਾਰੀ ਢੰਗ ਨਾਨ ਨਿਯੰਤਰਤ ਕੀਤਾ ਜਾ ਸਕੇ।
ਇਸ ਰਿਪੋਰਟ ਦਾ ਮੁੱਖ ਥੀਮ ਵੀ ਉਪਰੋਕਤ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ ਕਿ “ਭਾਵੇਂ ਅਸੀਂ ਭਵਿੱਖ ’ਚ ਏ.ਆਈ. ਅਤੇ ਇਸ ਦੀ ਭੂਮਿਕਾ ਪ੍ਰਤੀ ਆਸਵੰਦ ਹਾਂ, ਪਰ ਇਹ ਆਸ ਇਸ ਦੇ ਖ਼ਤਰਿਆਂ, ਮੌਜੂਦਾ ਢਾਂਚਿਆਂ ਦੀਆਂ ਕਮੀਆਂ ਅਤੇ ਸਾਡੀਆਂ ਤਰਜੀਹਾਂ ਉੱਪਰ ਨਿਰਭਰ ਕਰਦੀ ਹੈ। ਅਸੀਂ ਭਵਿੱਖ ’ਚ ਇਸ ਦੀ ਅਹਿਮ ਭੂਮਿਕਾ ਤੋਂ ਮੁਨਕਰ ਨਹੀਂ, ਪਰ ਸਾਡਾ ਉਦੇਸ਼ ਇਹ ਹੈ ਕਿ ਇਸ ਦੇ ਲਾਭ ਸਮੁੱਚੀ ਮਨੁੱਖਤਾ ਤੱਕ ਪਹੁੰਚਣ ਅਤੇ ਅੱਜ ਦੇ ਲਾਭਾਂ ਦਾ ਆਉਣ ਵਾਲੀਆਂ ਪੀੜ੍ਹੀਆਂ ’ਤੇ ਕੋਈ ਮਾੜਾ ਅਸਰ ਨਾ ਪਵੇ, ਜਿਵੇਂ ਕਿ ਬਦਕਿਸਮਤੀ ਨਾਲ ਵਾਤਾਵਰਨ-ਪਰਿਵਰਤਨ ਨਾਲ ਪੈਣ ਦਾ ਖ਼ਦਸ਼ਾ ਹੈ।’’
ਇਸ ਦੇ ਹਮਾਇਤੀ ਇਸ ਨੂੰ ਹੋਰ ਸਭ ਖੇਤਰਾਂ ਦੀ ਤਰੱਕੀ ਦਾ ਮੁੱਖ ਜ਼ਰੀਆ ਮੰਨਦੇ ਹਨ ਅਤੇ ਮੁੱਖ ਸਮੱਸਿਆਵਾਂ ਦਾ ਹੱਲ ਕਰਨ ਦਾ ਮਾਧਿਅਮ ਦੱਸਦੇ ਹਨ। ਜਿਵੇਂ ਕਿ ਵਿਦਿਅਕ ਖੇਤਰ, ਖੇਤੀਬਾੜੀ, ਸਿਹਤ ਸੇਵਾਵਾਂ, ਆਰਥਿਕ, ਵਾਤਾਵਰਨ ਪਰਿਵਰਤਨ, ਆਵਾਜਾਈ, ਸਾਇੰਸ ਦੀਆਂ ਖੋਜਾਂ, ਆਰਥਿਕ, ਜਨਰਲ ਸਰਵਿਸਿਜ਼ ਅਤੇ ਸੁਰੱਖਿਆ ਆਦਿ ਦਾ। ਇੱਥੋਂ ਤੱਕ ਦਾਅਵਾ ਕਰਦੇ ਹਨ ਕਿ ਇਹ ਸੰਸਾਰ ਦੀ ਲਗਭਗ ਹਰ ਸਮੱਸਿਆ ਦਾ ਹੱਲ ਕਰ ਸਕੇਗੀ। ਏ.ਆਈ. ਪ੍ਰਤੀ ਯਥਾਰਥੀ ਪਹੁੰਚ ਅਪਣਾਉਣ ਵਾਲਿਆਂ ਨੂੰ, ਗੈਰ-ਵਿਗਿਆਨਕ, ‘ਡੂਮਸੇਅਰਜ’ ਅਤੇ ਨਿਰਾਸ਼ਾਵਾਦੀ ਹੋਣ ਦਾ ਫਤਵਾ ਦਿੰਦੇ ਹਨ। ਇਹ ਦਲੀਲਾਂ ਵੀ ਦਿੰਦੇ ਹਨ ਕਿ ਇਸ ਤਰ੍ਹਾਂ ਦੀ ਆਲੋਚਨਾ ਅਤੇ ਵਿਰੋਧਤਾ ਆਮ ਗੱਲ ਹੈ ਕਿਉਂਕਿ ਹਰ ਨਵੀਂ ਤਕਨਾਲੋਜੀ ਦੀ ਵਿਰੋਧਤਾ ਹੁੰਦੀ ਆਈ ਹੈ। ਇਹ ਦਲੀਲ ਦੇਣ ਵੇਲੇ ਉਹ ਇਹ ਗੱਲ ਲੁਕੋ ਕੇ ਰੱਖਦੇ ਹਨ ਕਿ ਹਰ ਸਮੇਂ ਦੀ ਤਕਨਾਲੋਜੀ ਦਾ ਬੇਥਾਹ ਨਾਜਾਇਜ਼ ਲਾਭ ਇਜ਼ਰੇਦਾਰਾਂ ਨੂੰ ਹੀ ਹੋਇਆ ਹੈ ਅਤੇ ਜਨ-ਸਾਧਾਰਨ ਤੱਕ ਇਸ ਦਾ ਲਾਭ ਉਸ ਵਕਤ ਹੀ ਪਹੁੰਚਿਆ ਹੈ ਜਦ ਇਸ ਦੀ ਵਿਰੋਧਤਾ ਅਤੇ ਭਰਪੂਰ ਆਲੋਚਨਾ ਹੋਈ।
ਸੰਸਾਰ ਦੀ ਚੋਟੀ ਦੀ ਯੂਨੀਵਰਸਿਟੀ ਐੱਮ.ਆਈ.ਟੀ. ਦੇ ਦੋ ਪ੍ਰੋਫੈਸਰਾਂ ਵੱਲੋਂ ‘ਪਾਵਰ ਐਂਡ ਪ੍ਰੋਗਰੈੱਸ’ (2023) ਨਾਂ ਦੀ ਪ੍ਰਸਿੱਧ ਕਿਤਾਬ ਲਿਖੀ ਗਈ ਹੈ। ਇਸ ਦਾ ਥੀਮ ‘ਤਕਨਾਲੋਜੀ ਅਤੇ ਸਰਵ-ਸਾਂਝੀ ਖ਼ੁਸ਼ਹਾਲੀ ਲਈ ਸਾਡਾ ਇੱਕ ਹਜ਼ਾਰ ਸਾਲ ਦਾ ਸੰਘਰਸ਼’ ਹੈ। ਉਨ੍ਹਾਂ ਨੇ ਤੱਤ ਕੱਢਿਆ ਹੈ ਕਿ ਸਾਇੰਸ ਅਤੇ ਤਕਨਾਲੋਜੀ ਦੀ ਹਰ ਮੁੱਖ ਕਾਢ ਨੇ ਸਮਾਜ ’ਚ ਨਾ-ਬਰਾਬਰੀ ਨੂੰ ਵਧਾਇਆ ਹੈ...। ਇਨ੍ਹਾਂ ਦੇ ਲਾਭਾਂ ਦੀ ਜਨ-ਸਾਧਾਰਨ ਤੱਕ ਰਸਾਈ ਇਨ੍ਹਾਂ ਦੇ ਕਾਢੂਆਂ ਅਤੇ ਖੋਜੀਆਂ ਦੀ ਬਜਾਇ ਸਮਾਜ-ਸੁਧਾਰਕਾਂ, ਫਿਲਾਸਫਰਾਂ, ਲੇਖਕਾਂ ਅਤੇ ਸੁਹਿਰਦ ਰਾਜਨੀਤੀਵਾਨਾਂ ਨੇ ਕਰਵਾਈ ਹੈ ਜਾਂ ਫਿਰ ਕਾਮਿਆਂ ਦੀਆਂ ਯੂਨੀਅਨਾਂ ਨੇ ਖ਼ੁਦ ਸੰਘਰਸ਼ ਕਰ ਕੇ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਅੱਜ ਲਗਭਗ ਖ਼ਤਮ ਹੀ ਕਰ ਦਿੱਤਾ ਗਿਆ ਹੈ।
ਅੱਜ ਦੀ ਤ੍ਰਾਸਦੀ ਵੀ ਇਹ ਹੈ ਕਿ ਇਸ ਖੇਤਰ ’ਤੇ ਕਾਬਜ਼ ਇਜ਼ਾਰੇਦਾਰਾਂ ਨੇ ਸਾਨੂੰ ਐਸੇ ਭੁਲੇਖਿਆਂ ’ਚ ਪਾ ਰੱਖਿਆ ਹੈ ਜਿਨ੍ਹਾਂ ਓਹਲੇ ਉਹ ਬੇਲੋੜੀਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣੀਆਂ ਕਾਢਾਂ ਕੱਢ ਰਹੇ ਹਨ। ਨਾਲ ਹੀ ਧਰਤੀ ਦੇ ਵਡਮੁੱਲੇ ਕੁਦਰਤੀ ਸਾਧਨਾਂ ਨੂੰ ਵੀ ਬਰਬਾਦ ਕਰ ਰਹੇ ਹਨ। ਇਸ ਨੇ ਹੋਰ ਹਰ ਖੇਤਰ ਜਿਵੇਂ ਕਿ ਖੇਤੀਬਾੜੀ, ਬਿਜਲੀ, ਉਦਯੋਗ, ਨਿਰਮਾਣ ਆਦਿ ਦੀਆਂ ਖੋਜਾਂ ਅਤੇ ਕਾਢਾਂ ’ਚ ਖੜੋਤ ਪੈਦਾ ਕਰ ਦਿੱਤੀ ਹੈ। ਨਾ-ਬਰਾਬਰੀ ਅਤੇ ਸਮਾਜਿਕ ਬੇਚੈਨੀ ਵਧਾਉਣ ਦੇ ਨਾਲ-ਨਾਲ ਮਨੁੱਖ ਨੂੰ ਅਸਲੀਅਤ ਤੋਂ ਬਹੁਤ ਦੂਰ ਕਰ ਦਿੱਤਾ ਹੈ।
ਅੱਜ ਤਕਨਾਲੋਜੀਆਂ ਦਾ ਹਾਲ ਵੀ ਧਰਮਾਂ ਵਰਗਾ ਹੋ ਗਿਆ ਹੈ ਅਤੇ ਇਨ੍ਹਾਂ ਦੋਹਾਂ ਨੂੰ ਲੋਟੂ ਟੋਲਿਆਂ ਨੇ ਅਗਵਾ ਕਰ ਲਿਆ ਹੈ। ਕੋਈ ਵੀ ਸਿਆਣਾ ਬੰਦਾ ਨਾਂ ਧਰਮ ਦੀ ਨਿਖੇਧੀ ਕਰਦਾ ਹੈ ਅਤੇ ਨਾ ਹੀ ਸਾਇੰਸ ਅਤੇ ਤਕਨਾਲੋਜੀ ਦੀ। ਉਹ ਨਿਖੇਧੀ ਕਰਦਾ ਹੈ ਇਨ੍ਹਾਂ ’ਤੇ ਕਾਬਜ਼ ਹੋਏ ਅਖੌਤੀ ਧਾਰਮਿਕ ਆਗੂਆਂ ਦੀ ਅਤੇ ਇਜ਼ਾਰੇਦਾਰਾਂ ਦੀ। ਜਦ ਕੋਈ ਉਨ੍ਹਾਂ ਦੀ ਵਿਰੋਧਤਾ ਕਰਦਾ ਹੈ ਤਾਂ ਅਖੌਤੀ ਧਾਰਮਿਕ ਆਗੂ ਉਸ ਨੂੰ ਧਰਮ ਜਾਂ ਕਿਸੇ ਸਤਿਕਾਰਤ ਮਹਾਪੁਰਖ ਦਾ ਵਿਰੋਧੀ ਗਰਦਾਨ ਦਿੰਦੇ ਹਨ ਅਤੇ ਸੱਚ ਬੋਲਣ ਵਾਲੇ ਦਾ ਜਿਊਣਾ ਔਖਾ ਕਰ ਦਿੰਦੇ ਹਨ। ਇਸ ਤਰ੍ਹਾਂ ਦਾ ਹੀ ਵਰਤਾਰਾ ਅੱਜ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ’ਚ ਵਰਤ ਰਿਹਾ ਹੈ। ਸਾਡੇ ਲਈ ਜ਼ਰੂਰੀ ਹੈ ਕਿ ਜਿਵੇਂ ਸਾਨੂੰ ਕਿਸੇ ਧਰਮ ’ਤੇ ਅੰਧ-ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਉਸੇ ਤਰ੍ਹਾਂ ਅੱਜ ਦੀ ਤਕਨਾਲੋਜੀ ’ਤੇ ਵੀ ਨਹੀਂ ਕਰਨਾ ਚਾਹੀਦਾ। ਇਸ ਸਮੱਸਿਆ ਬਾਰੇ ਸੰਖੇਪ ਵਿਚਾਰ ਕਰ ਕੇ ਅਸੀਂ ਆਪਣੇ ਯੁੱਗ ਦੀ ਮੁੱਖ ਵਿਸ਼ੇਸ਼ਤਾ ਦੇ ਸਾਡੇ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਜਾਣ ਸਕਦੇ ਹਾਂ। ਭਾਵੇਂ ਕਿ ਇਸ ਨਾਲ ਅਸੀਂ ਇਨ੍ਹਾਂ ਦਾ ਹੱਲ ਨਹੀਂ ਲੱਭ ਸਕਦੇ, ਪਰ ਇਸ ਬਾਰੇ ਜਾਗਰੂਕ ਹੋ ਕੇ ਅਸੀਂ ਉਨ੍ਹਾਂ ਸੁਹਿਰਦ ਸੁਧਾਰਕਾਂ, ਵਿਸਲ-ਬਲੋਅਰਾਂ ਅਤੇ ਰਾਜਨੀਤੀਵਾਨਾਂ ਦੇ ਹੱਥ ਮਜ਼ਬੂਤ ਕਰ ਸਕਦੇ ਹਾਂ ਜੋ ਇਨ੍ਹਾਂ ਇਜ਼ਾਰੇਦਾਰਾਂ ਨਾਲ ਆਢਾ ਲਾ ਰਹੇ ਹਨ।
ਇਸ ਗਿਆਨ ਦਾ ਵਿਹਾਰਕ ਲਾਭ ਇਹ ਹੈ ਕਿ ਅਸੀਂ ਵਿਅਕਤੀਗਤ ਅਤੇ ਪਰਿਵਾਰਕ ਤੌਰ ’ਤੇ ਸੁਚੇਤ ਹੋ ਜਾਂਦੇ ਹਾਂ ਅਤੇ ਇਨ੍ਹਾਂ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਉਪਰਾਲੇ ਕਰਦੇ ਹਾਂ। ਜਿਵੇਂ ਪਹਿਲਾਂ ਵਿਚਾਰਿਆ ਹੈ ਕਿ ਇਸ ਦੇ ਚੰਗੇ ਪ੍ਰਭਾਵਾਂ ਨੂੰ ਕਬੂਲਣਾ ਅਤੇ ਮੰਦਿਆਂ ਤੋਂ ਬਚਣਾ ਸਿਆਣਪ ਹੈ, ਕਲਾ ਹੈ/ ਹੁਨਰ ਹੈ। ਇਹ ਵਿਅਕਤੀਗਤ ਫਰਜ਼ ਹੈ ਅਤੇ ਸੁਚੇਤ ਕੋਸ਼ਿਸ਼ਾਂ ਨਾਲ ਪੂਰਾ ਹੋਣਾ ਹੈ। ਇਹ ਹਰ ਇੱਕ ਨੂੰ ਆਪਣੇ ਨਿੱਜੀ ਅਭਿਆਸ ਰਾਹੀਂ ਸਿੱਖਣੀਆਂ ਪੈਂਦੀਆਂ ਹਨ, ਨਿੱਜੀ ਤੌਰ ’ਤੇ ਗ੍ਰਹਿਣ ਕਰਨੀਆਂ ਪੈਂਦੀ ਹਨ। ਇਹ ਨਾ ਕਿਸੇ ਹੋਰ ਤੋਂ ਲਈਆਂ ਜਾਂ ਖ਼ਰੀਦੀਆਂ ਜਾ ਸਕਦੀਆਂ ਅਤੇ ਨਾ ਹੀ ਇਨ੍ਹਾਂ ਦੀ ਆਊਟ-ਸੋਰਸਿੰਗ ਹੋ ਸਕਦੀ ਹੈ। ਇਸੇ ਤਰ੍ਹਾਂ ਕੋਈ ਬਾਹਰਲੀ ਤਕਨਾਲੋਜੀ ਵੀ ਸਾਡੀ ਮਦਦਗਾਰ ਨਹੀਂ ਹੋ ਸਕਦੀ। ਪੜ੍ਹਨਾ, ਸੁਣਨਾ ਆਦਿ ਇਸ ਤਰ੍ਹਾਂ ਦੀ ਸਿਆਣਪ ਗ੍ਰਹਿਣ ਕਰਨ ਜਾਂ ਕਲਾ ’ਚ ਨਿਪੁੰਨ ਹੋਣ ਲਈ ਮਦਦਗਾਰ ਅਤੇ ਜ਼ਰੂਰੀ ਤਾਂ ਹਨ, ਪਰ ਇਨ੍ਹਾਂ ਨਾਲ ਸਰਦਾ ਨਹੀਂ। ਸਾਈਕਲ ਚਲਾਉਣਾ, ਤੁਰਨਾ, ਸਰੀਰਕ ਕਸਰਤ ਅਤੇ ਦੁਨਿਆਵੀ ਵਿੱਦਿਆ ਇਸ ਦੀਆਂ ਸਰਲ ਉਦਾਹਰਨਾਂ ਹਨ। ਆਪਾ-ਸੁਧਾਰ, ਆਤਮ-ਵਿਕਾਸ, ਆਪਾ-ਪਛਾਣ ਅਤੇ ਸਹੀ ਪਰਮਾਰਥ ਦੀ ਕਮਾਈ ਵੱਡੀਆਂ ਹਨ। ਇਹ ਵਿਅਕਤੀਗਤ ਜਾਂ ਖ਼ੁਦੀ ਦਾ ਖੇਤਰ ਹੈ ਅਤੇ ਬਹੁਤ ਵਿਸ਼ਾਲ ਹੈ। ਸੰਸਾਰ ਦੇ ਮੋਢੀ ਮਹਾਪੁਰਖਾਂ ਦੀਆਂ ਸਮੁੱਚੀਆਂ ਸਿਆਣਪਾਂ ਹੀ ਇਨ੍ਹਾਂ ਦਾ ਇੱਕ ਸਰੋਤ ਹੈ। ਇਸ ਲਈ ਮਿਹਨਤ ਕਰ ਕੇ ਇਹ ਕਰਨਾ ਜ਼ਰੂਰੀ ਹੈ ਤਾਂ ਕਿ ਅਸੀਂ ਅੱਜ ਦੀ ਬੇ-ਲਗਾਮ ਤਕਨਾਲੋਜੀ ਦੇ ਭਰਮਾਊ, ਉਕਸਾਊ, ਭੜਕਾਊ ਅਤੇ ਭਟਕਾਊ ਮਕੜ-ਜਾਲਾਂ ਤੋਂ ਬਚ ਸਕੀਏ।
ਸੰਪਰਕ: 647 640 2014

Advertisement

Advertisement
Author Image

Advertisement