For the best experience, open
https://m.punjabitribuneonline.com
on your mobile browser.
Advertisement

ਭੂਤ-ਪ੍ਰੇਤ ਕੌਣ...?

08:42 AM Jul 11, 2024 IST
ਭੂਤ ਪ੍ਰੇਤ ਕੌਣ
Advertisement

ਲਾਭ ਸਿੰਘ ਸ਼ੇਰਗਿੱਲ

Advertisement

ਜਿਉਂ ਹੀ ਹਾੜ੍ਹ ਮਹੀਨਾ ਚੜ੍ਹਿਆ, ਲੂ ਦਾ ਕਹਿਰ ਵਰ੍ਹਨਾ ਸ਼ੁਰੂ ਹੋ ਗਿਆ। ਤਪਦੀ ਭੱਠੀ ਵਰਗੀ ਗਰਮ ਹਵਾ ਪਿੰਡੇ ਨੂੰ ਸਾੜ ਰਹੀ ਸੀ। ਖੇਤਾਂ ਵਿੱਚ ਕੰਮ ਕਰਦੇ ਕਿਰਤੀਆਂ ਦੇ ਮੁੜ੍ਹਕੇ ਭਿੱਜੇ ਪਿੰਡਿਆਂ ਨੂੰ ਛੂੰਹਦੀ ਇਹ ਲੂ ਗਰਮ ਹੁੰਦਿਆਂ ਵੀ ਜਿਵੇਂ ਉਨ੍ਹਾਂ ਨੂੰ ਠੰਢਕ ਦੇਣਾ ਚਾਹੁੰਦੀ ਹੋਵੇ। ਬਿਨਾਂ ਕੰਮ ਤੋਂ ਇਸ ਮਹੀਨੇ ਕੋਈ ਬਾਹਰ ਧੁੱਪੇ ਨਹੀਂ ਨਿਕਲਦਾ ਸੀ।
ਮੈਂ ਆਪਣੇ ਸਾਈਕਲ ’ਤੇ ਸ਼ਹਿਰੋਂ ਸੌਦਾ-ਪੱਤਾ ਲੈ ਕੇ ਪਰਤ ਰਿਹਾ ਸੀ। ਸਿਖਰ ਦੁਪਹਿਰ ਦਾ ਸਮਾਂ ਸੀ। ਮੈਂ ਮੁੱਖ ਸੜਕ ਤੋਂ ਸਾਡੇ ਪਿੰਡ ਵਾਲੀ ਸੜਕ ਵੱਲ ਆਪਣਾ ਸਾਈਕਲ ਮੋੜਿਆ। ਤਪਦੇ ਪਿੰਡੇ ਨੂੰ ਕੁਝ ਆਰਾਮ ਦੇਣ ਲਈ ਸੜਕ ਦੇ ਨੇੜੇ ਬੋਹੜ ਦੀ ਛਾਵੇਂ ਰੁਕ ਗਿਆ। ਇਸ ਦੀ ਸੰਘਣੀ ਛਾਂ ਨੇ ਮੇਰੇ ਤਨ-ਮਨ ਨੂੰ ਕੁਝ ਸ਼ਾਂਤ ਕੀਤਾ। ਬੋਹੜ ਦੇ ਇਸ ਰੁੱਖ ਦੇ ਥੱਲੇ ਇੱਕ ਪਾਸੇ ਨਲ਼ਕਾ ਹੁਣ ਬਿਨਾਂ ਡੰਡੀ ਤੋਂ ਸੀ, ਸ਼ਾਇਦ ਕੋਈ ਡੰਡੀ ਲਾਹ ਕੇ ਲੈ ਗਿਆ ਹੋਵੇਗਾ। ਨਲਕਾ ਉਂਜ ਹੀ ਖੜ੍ਹਾ ਸੀ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਥੱਲੇ ਚਲਾ ਗਿਆ। ਹੁਣ ਇਹ ਬਹੁਤ ਸਾਲਾਂ ਤੋਂ ਬਿਨਾਂ ਪਾਣੀ ਤੋਂ ਇਸੇ ਤਰ੍ਹਾਂ ਖੜ੍ਹਾ ਸੀ ਜਿਵੇਂ ਆਉਣ ਜਾਣ ਵਾਲਿਆਂ ਨੂੰ ਆਪਣੀ ਵਿਥਿਆ ਸੁਣਾਉਣੀ ਚਾਹੁੰਦਾ ਹੋਵੇ ਕਿ ਇੱਕ ਸਮਾਂ ਸੀ ਜਦੋਂ ਤੁਸੀਂ ਇਸ ਰੁੱਖ ਦੀ ਛਾਵੇਂ ਰੁਕਦੇ ਅਤੇ ਮੇਰੇ ਜ਼ਰੀਏ ਖਿੱਚਿਆ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਹੁੰਦੇ ਸੀ।
ਸਾਈਕਲ ਦੇ ਹੈਂਡਲ ਨਾਲ ਟੰਗੇ ਝੋਲ਼ੇ ਵਿੱਚੋਂ ਮੈਂ ਪਲਾਸਟਿਕ ਵਾਲੀ ਪਾਣੀ ਦੀ ਬੋਤਲ ਕੱਢੀ। ਇਸ ਵਿੱਚ ਅੱਧਾ ਕੁ ਗਲਾਸ ਪਾਣੀ ਦਾ ਸੀ। ਬੋਤਲ ਦਾ ਢੱਕਣ ਖੋਲ੍ਹ ਕੇ ਦੋ ਘੁੱਟਾਂ ਪਾਣੀ ਦੀਆਂ ਭਰੀਆਂ। ਪਾਣੀ ਲੂ ਨਾਲ ਗਰਮ ਹੋ ਗਿਆ ਸੀ। ਪਿਆਸ ਤਾਂ ਨਹੀਂ ਬੁਝੀ, ਮੂੰਹ ਗਿੱਲਾ ਜ਼ਰੂਰ ਹੋ ਗਿਆ।
ਮੈਂ ਕੁਝ ਚਿਰ ਆਰਾਮ ਕਰਨ ਲਈ ਬੋਹੜ ਦੇ ਮੋਟੇ ਤਣੇ ਨਾਲ ਪਿੱਠ ਲਾ ਕੇ ਅੱਧ-ਲੇਟਵਾਂ ਜਿਹਾ ਹੋ ਕੇ ਲੇਟ ਗਿਆ। ਮੈਂ ਸੋਚ ਰਿਹਾ ਸੀ ਕਿ ਜੇ ਇਹ ਰੁੱਖ ਨਾ ਹੁੰਦੇ ਤਾਂ ਮਨੁੱਖ ਦੇ ਤਪਦੇ ਸਰੀਰਾਂ ਨੂੰ ਠੰਢਕ ਕੌਣ ਪਹੁੰਚਾਉਂਦਾ। ਇਹ ਸੋਚਦੇ-ਸੋਚਦੇ ਕੁਝ ਸਕਿੰਟਾਂ ਲਈ ਮੇਰੀ ਅੱਖ ਲੱਗ ਗਈ।
“ਆਰਾਮ ਆ ਰਿਹੈ ਨਾ...?’’ ਇੱਕ ਆਵਾਜ਼ ਆਈ।
“ਕਿਉਂ ਆਰਾਮ ਆ ਰਿਹੈ ਨਾ...?’’ ਦੁਬਾਰਾ ਫਿਰ ਆਵਾਜ਼ ਆਈ।
ਮੈਂ ਤ੍ਰਭਕ ਕੇ ਉੱਠਿਆ ਤੇ ਆਲੇ-ਦੁਆਲੇ ਦੇਖਿਆ, ਕੋਈ ਨਹੀਂ ਸੀ। ਵਹਿਮ ਕਰਦਿਆਂ ਸੋਚਿਆ, ਸਿਖਰ ਦੁਪਹਿਰ ਦਾ ਸਮਾਂ ਹੈ ਇਸ ਬੋਹੜ ’ਤੇ ਜ਼ਰੂਰ ਕੋਈ ਭੂਤ-ਪ੍ਰੇਤ ਰਹਿੰਦਾ ਹੋਵੇਗਾ, ਉਸ ਦੀ ਆਵਾਜ਼ ਹੋਵੇਗੀ। ਮੈਂ ਡਰ ਗਿਆ।
“ਡਰ ਨਾ ਕੋਈ ਭੂਤ-ਪ੍ਰੇਤ ਨ੍ਹੀਂ... ਨਾਲੇ ਥੋਡੇ ਤੋਂ ਵੱਡਾ ਭੂਤ-ਪ੍ਰੇਤ ਕੌਣ ਹੋ ਸਕਦੈ...?’’
ਮੇਰੇ ਡਰਦੇ ਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਿਆ। ਮੈਂ ਸਾਈਕਲ ਚੁੱਕ ਕੇ ਭੱਜਣ ਦੀ ਸੋਚੀ। ਫਿਰ ਆਵਾਜ਼ ਆਈ, ‘‘ਰੁਕ ਜਾ ਡਰ ਨਾ, ਮੈਂ ਅੱਜ ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ।’’
“ਪਰ ਕੌਣ ਐਂ ਤੂੰ?” ਮੈਂ ਕੰਬਦੀ ਆਵਾਜ਼ ’ਚ ਪੁੱਛਿਆ।
“ਮੈਂ ਉਹ, ਜਿਸ ਥੱਲੇ ਤੂੰ ਆਰਾਮ ਕਰ ਰਿਹੈਂ,” ਆਵਾਜ਼ ਵਿੱਚ ਨਰਮੀ ਅਤੇ ਅਪਣੱਤ ਲੱਗੀ।
ਮੈਂ ਇਕਦਮ ਸੋਚਿਆ ਕਿ ਸਿਆਣਿਆਂ ਦੇ ਦੱਸਣ ਮੁਤਾਬਿਕ ਰੁੱਖ, ਪਸ਼ੂ-ਪੰਛੀ, ਜਾਨਵਰ ਆਦਿ ਤਾਂ ਸਤਿਯੁਗ ਵਿੱਚ ਬੋਲਿਆ ਕਰਦੇ ਸੀ ਪਰ ਹੁਣ ਤਾਂ ਕਲਯੁੱਗ ਚਲ ਰਿਹਾ ਹੈ।
ਮੈਂ ਕਿਹਾ, “ਕਿਹੜੀਆਂ ਗੱਲਾਂ ਕਰਨੀਆਂ ਨੇ?”
“ਜ਼ਰਾ ਤੂੰ ਮੇਰੇ ਸਾਹਮਣੇ ਹੋ ਕੇ ਖੜ੍ਹ ਫਿਰ ਦੱਸਦਾਂ।”
ਉਸ ਨੇ ਬੋਲਣਾ ਸ਼ੁਰੂ ਕੀਤਾ, “ਅਸੀਂ ਭਲਾ ਥੋਡਾ ਕੀ ਵਿਗਾੜਿਐ? ਤੁਸੀਂ ਸਾਨੂੰ ਖ਼ਤਮ ਕਰਨ ’ਤੇ ਤੁਲੇ ਹੋਏ ਓ। ਹਾਂ ਇੱਕ ਗੱਲ ਕਹਿਨਾ, ਸਾਨੂੰ ਖ਼ਤਮ ਕਰਕੇ ਨਸਲ ਥੋਡੀ ਵੀ ਛੇਤੀ ਹੀ ਖ਼ਤਮ ਹੋ ਜਾਊਗੀ। ਆਹ ਨਾਲ ਸਾਹਮਣੇ ਵੱਡੀ ਸੜਕ ਜਿਸ ਨੂੰ ਤੁਸੀਂ ਹਾਈਵੇਅ ਕਹਿੰਦੇ ਓ, ਇੱਥੇ ਮੇਰਾ ਪਿਉ ਸੀ ਜਿਸ ਨੂੰ ਸੜਕ ਚੌੜੀ ਕਰਨ ਦੇ ਨਾਂ ’ਤੇ ਜੜ੍ਹੋਂ ਵੱਢ ਦਿੱਤਾ।” ਉਸ ਦੀ ਆਵਾਜ਼ ਵਿੱਚ ਕਰੁਣਾ ਤੇ ਰੋਸ ਸੀ। ਮੈਨੂੰ ਯਾਦ ਸੀ ਕਿ ਇਸ ਸੜਕ ਕਿਨਾਰੇ ਇੱਕ ਵਿਸ਼ਾਲ ਬੋਹੜ ਸੀ ਜੋ ਸੜਕ ਦੇ ਨਿਰਮਾਣ ਸਮੇਂ ਵੱਢ ਦਿੱਤਾ ਗਿਆ ਸੀ।
“ਉਹ ਸੜਕ ਦੇ ਵਿਚਾਲੇ ਆਉਂਦਾ ਹੋਵੇਗਾ ਤਾਂ ਵੱਢ ਦਿੱਤਾ,” ਮੈਂ ਕਿਹਾ।
“ਠੀਕ ਐ ਪਰ ਮੇਰੇ ਪਿਉ ਦੀ ਕੁਰਬਾਨੀ ਲੈ ਕੇ ਕਿਸੇ ਨੇ ਹੋਰ ਰੁੱਖ ਲਗਾਉਣ ਬਾਰੇ ਸੋਚਿਐ ਕਦੇ? ਜ਼ਿਆਦਾ ਫ਼ਸਲਾਂ ਲੈਣ ਲਈ ਸਾਡੇ ਸੀਨਿਆਂ ’ਤੇ ਆਰੇ ਚਲਾ ਕੇ ਸਾਨੂੰ ਕਤਲ ਕਰ ਦਿੰਦੇ ਓ,” ਬੋਹੜ ਨੇ ਰੋਸ ਨਾਲ ਆਖਿਆ।
ਮੇਰੀ ਨਜ਼ਰ ਸਾਹਮਣੇ ਖੁੱਲ੍ਹੇ ਖੇਤਾਂ ’ਤੇ ਪਈ। ਚਾਰੇ ਪਾਸੇ ਪੱਧਰੀ ਫ਼ਸਲ ਹੀ ਨਜ਼ਰ ਆ ਰਹੀ ਸੀ। ਰੁੱਖ ਤਾਂ ਕੋਈ ਟਾਵਾਂ-ਟਾਵਾਂ ਹੀ ਦਿਸ ਰਿਹਾ ਸੀ।
‘‘ਕਿਉਂ ਦਿਸਦੀ ਐ ਨਾ ਸਚਾਈ ਸਾਹਮਣੇ... ਦੇਖ ਅਸੀਂ ਥੋਡੇ ਹਿਤੈਸ਼ੀ ਆਂ। ਜਨਮ ਤੋਂ ਲੈ ਕੇ ਮਰਨ ਤੱਕ ਕੀਤੀਆਂ ਜਾਂਦੀਆਂ ਰਸਮਾਂ ਸਾਡੇ ਤੋਂ ਬਿਨਾਂ ਪੂਰੀਆਂ ਨਹੀਂ ਹੁੰਦੀਆਂ। ਕਿਉਂ ਮਨ ’ਚ ਕਾਹਲ਼ੀ ਪੈ ਰਹੀ ਐ ਨਾ? ਜਦੋਂ ਸਚਾਈ ਨਾਲ ਸਾਹਮਣਾ ਹੁੰਦੈ ਤਾਂ ਖਲਬਲੀ ਮੱਚਦੀ ਹੀ ਐ।”
ਮੈਂ ਉਸ ਦੀਆਂ ਗੱਲਾਂ ਸੁਣ ਕੇ ਨਿਰਉੱਤਰ ਹੋ ਗਿਆ ਕਿਉਂਕਿ ਅਸੀਂ ਵਿਕਾਸ ਦੇ ਨਾਂ ’ਤੇ ਕੁਦਰਤ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ ਜਿਸ ਦਾ ਹਰਜਾਨਾ ਅਸੀਂ ਨਾਮੁਰਾਦ ਬਿਮਾਰੀਆਂ ਦੇ ਰੂਪ ਵਿੱਚ ਭਰ ਰਹੇ ਹਾਂ।
ਮੈਂ ਡਰਦੇ-ਡਰਦੇ ਨੇ ਕਿਹਾ, “ਹਾਂ ਇਹ ਸਭ ਸੱਚ ਹੈ।”
“ਜੇ ਸੱਚ ਹੈ ਤਾਂ ਫਿਰ ਕਿਉਂ ਆਪਣੀਆਂ ਜੜ੍ਹਾਂ ’ਤੇ ਕੁਹਾੜੇ ਮਾਰਦੇ ਓ? ਥੋੜ੍ਹੀ ਅਕਲ ਕਰੋ। ਸਾਡੇ ਤੋਂ ਬਿਨਾਂ ਸ਼ੁੱਧ ਹਵਾ ਕਿੱਥੋਂ ਲਓਗੇ? ਜੇ ਸਾਡੀ ਹੋਂਦ ਐ ਤਾਂ ਹੀ ਥੋਨੂੰ ਸਾਹ ਲੈਣ ਲਈ ਆਕਸੀਜਨ ਮਿਲਦੀ ਐ, ਨਹੀਂ ਤਾਂ ਪਲ਼-ਭਰ ਵਿੱਚ ਦਮ ਘੁੱਟ ਕੇ ਗੱਡੀ ਚੜ੍ਹਜੋਂਗੇ।” ਉਸ ਨੇ ਸਚਾਈ ਬਿਆਨ ਕੀਤੀ।
ਸੱਚੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਮੈਂ ਆਪਣਾ ਸਾਈਕਲ ਚੁੱਕਿਆ, ਝੋਲੇ ਵਿੱਚ ਖ਼ਾਲੀ ਬੋਤਲ ਪਾਈ ਤੇ ਚੱਲਣ ਲੱਗਿਆ।
‘‘ਜਾਂਦਾ-ਜਾਂਦਾ ਇੱਕ ਗੱਲ ਹੋਰ ਸੁਣ ਜਾ। ਪਹਿਲਾਂ ਥੋਡੇ ਬਜ਼ੁਰਗ ਆਪਣੀ ਔਲਾਦ ਵਾਂਗ ਸਾਡਾ ਖ਼ਿਆਲ ਰੱਖਦੇ ਸਨ। ਉਹ ਸਿਆਣੇ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਾਡੀ ਹੋਂਦ ਦੇ ਨਾਲ ਹੀ ਉਨ੍ਹਾਂ ਦੀ ਹੋਂਦ ਕਾਇਮ ਹੈ।’’
ਕੁਝ ਕੁ ਕਦਮਾਂ ਦੇ ਫ਼ਰਕ ਨਾਲ ਇੱਕ ਕੱਲਮਕੱਲੀ ਖੜ੍ਹੀ ਡੇਕ (ਧਰੇਕ)ਦੀਆਂ ਟਾਹਣੀਆਂ ਹਿੱਲੀਆਂ ਜਿਵੇਂ ਉਸ ਨੇ ਇਸ ਗੱਲ ਦੀ ਹਾਮੀ ਭਰੀ ਹੋਵੇ। ਇੱਕ ਹਵਾ ਦੇ ਬੁੱਲ੍ਹੇ ਨਾਲ ਬੋਹੜ ਦੇ ਚੌੜੇ ਪੱਤੇ ਵੀ ਹਿੱਲੇ, ਜਿਵੇਂ ਉਸ ਦੇ ਹਾਅ ਦੇ ਨਾਅਰੇ ਲਈ ਧੰਨਵਾਦ ਕਰਦੇ ਹੋਣ ਤੇ ਫਿਰ ਅੱਗੇ ਉਸ ਨੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ, ‘‘ਉਹ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ’ਤੇ ਜਿੱਥੇ ਆਉਂਦੇ ਜਾਂਦੇ ਰਾਹੀ ਪਲ ਭਰ ਲਈ ਰੁਕਦੇ ਹੋਣ, ਬਰਸਾਤਾਂ ਦੇ ਮੌਸਮ ਵਿੱਚ ਛਾਂਦਾਰ ਰੁੱਖ ਲਾਉਂਦੇ ਸਨ। ਉਹ ਤੁਹਾਡੇ ਵਰਗੇ ਆਧੁਨਿਕ ਕਹਾਉਣ ਵਾਲਿਆਂ ਤੋਂ ਕਈ ਗੁਣਾ ਸਿਆਣੇ ਤੇ ਸਮਝਦਾਰ ਸਨ ਕਿ ਇਹ ਅਸੀਂ ਹੀ ਹਾਂ ਜੋ ਵਾਤਾਵਰਨ ਨੂੰ ਸ਼ੁੱਧ ਕਰਕੇ ਥੋਡੇ ਜੀਵਨ ਦਾ ਆਧਾਰ ਬਣਦੇ ਹਾਂ।’’
ਕੁਝ ਚਿਰ ਲਈ ਆਵਾਜ਼ ਬੰਦ ਹੋ ਗਈ ਜਿਵੇਂ ਗੱਚ ਭਰ ਗਿਆ ਹੋਵੇ। ਉੱਪਰ ਬੈਠੇ ਪੰਛੀ ਆਪਣੇ ਆਲ੍ਹਣਿਆਂ ’ਚੋਂ ਬਾਹਰ ਨਿਕਲ ਕੇ ਆਪਣੀ ਬੋਲੀ ’ਚ ਚੀਕਦੇ ਹੋਏ ਜਿਵੇਂ ਉਸ ਨੂੰ ਦਿਲਾਸਾ ਦਿੰਦੇ ਪ੍ਰਤੀਤ ਹੋਏ।
ਬੋਹੜ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਤੇ ਸਾਰੀ ਬਨਸਪਤੀ ਦਾ ਦਰਦ ਬਿਆਨ ਕਰਦਿਆਂ ਕਿਹਾ, ‘‘ਜੇ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਸ ਉਜਾੜੀ ਜਾ ਰਹੀ ਹਰਿਆਵਲ ਨੂੰ ਬਚਾਉਣ ਲਈ ਅੱਗੇ ਆਉ। ਮੇਰਾ ਇਹ ਸੁਨੇਹਾ ਘਰ-ਘਰ ਪਹੁੰਚਾ ਦੇਈਂ। ਸ਼ਾਇਦ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੋ।” ਇੰਨਾ ਕਹਿ ਕੇ ਬੋਹੜ ਚੁੱਪ ਹੋ ਗਿਆ। ਉਸ ਨੇ ਆਪਣੇ ਦਿਲ ਦਾ ਕੁਝ ਗੁਬਾਰ ਕੱਢ ਲਿਆ, ਪਰ ਅਜੇ ਹੋਰ ਵੀ ਉਸ ਅੰਦਰ ਪਤਾ ਨਹੀਂ ਕਿੰਨਾ ਦਰਦ ਲੁਕਿਆ ਪਿਆ ਸੀ।
ਮੈਂ ਗੁੰਮ-ਸੁੰਮ ਕੁਝ ਚਿਰ ਉੱਥੇ ਇਸ ਦਰਵੇਸ਼ ਤੇ ਬੇਵੱਸ ਬੋਹੜ ਵੱਲ ਦੇਖਦਾ ਰਿਹਾ। ਫਿਰ ਸਾਈਕਲ ਚੁੱਕਿਆ ਤੇ ਪਿੰਡ ਵੱਲ ਚੱਲ ਪਿਆ।
ਰਾਤ ਨੂੰ ਮੰਜੇ ’ਤੇ ਪਿਆਂ ਥੋੜ੍ਹਾ ਚਿਰ ਹੀ ਅੱਖ ਲੱਗੀ। ਬਾਕੀ ਸਾਰੀ ਰਾਤ ਪਾਸੇ ਮਾਰਦਿਆਂ ਹੀ ਲੰਘ ਗਈ। ਸਵੇਰੇ ਰੋਜ਼ ਦੀ ਤਰ੍ਹਾਂ ਆਪਣਾ ਸਾਈਕਲ ਚੁੱਕਿਆ ਤੇ ਸ਼ਹਿਰ ਵੱਲ ਚੱਲ ਪਿਆ।
“ਔਹ ਜੋ ਆ ਰਿਹੈ ਮੈਨੂੰ ਲੱਗਦੈ ਕੱਲ੍ਹ ਆਲ਼ਾ ਬੰਦਾ ਈ ਐ,” ਬੋਹੜ ਨੇ ਆਪਣੇ ਆਪ ਨੂੰ ਕਿਹਾ।
ਹੌਲ਼ੀ-ਹੌਲ਼ੀ ਸਾਈਕਲ ਨੇੜੇ ਆ ਰਿਹਾ ਸੀ ਪਰ ਜਿਉਂ ਹੀ ਉਸ ਦੇ ਨੇੜੇ ਆਇਆ ਤਾਂ ਇਹ ਤੇਜ਼ ਹੋ ਗਿਆ। ਮੈਂ ਬੋਹੜ ਨਾਲ ਨਜ਼ਰਾਂ ਮਿਲਾਏ ਬਿਨਾਂ ਹੀ ਨੀਵੀਂ ਪਾ ਕੇ ਫਟਾਫਟ ਲੰਘ ਗਿਆ।
“ਸਾਰੇ ਲੋਕ ਇੱਕੋ ਜਿਹੇ ਹੁੰਦੇ ਨੇ। ਇਹ ਵੀ ਉਨ੍ਹਾਂ ਵਿੱਚੋਂ ਈ ਐ। ਮੈਂ ਵੀ ਕਿਸ ਕੋਲ਼ ਆਪਣਾ ਦੁਖੜਾ ਰੋਇਆ ਜਿਸ ਦੀ ਅੱਜ ਮੇਰੇ ਨਾਲ ਨਜ਼ਰ ਮਿਲਾਉਣ ਦੀ ਹਿੰਮਤ ਵੀ ਨਾ ਹੋਈ,” ਬੋਹੜ ਇਸ ਗੱਲ ’ਤੇ ਬਹੁਤ ਮਾਯੂਸ ਹੋਇਆ।
ਸ਼ਾਮ ਨੂੰ ਦਿਹਾੜੀ ਲਾ ਕੇ ਮੈਂ ਵਾਪਸ ਮੁੜਿਆ ਆ ਰਿਹਾ ਸੀ। ਆਉਂਦਿਆਂ ਹੀ ਮੈਂ ਬੋਹੜ ਦੇ ਨੇੜੇ ਆ ਕੇ ਹੌਲੀ ਹੋ ਗਿਆ ਅਤੇ ਆਪਣੇ ਸਾਈਕਲ ’ਤੇ ਬੂਟੇ ਲੱਦੇ ਹੋਏ ਸਨ। ਮੈਂ ਅੱਜ ਆਪਣੀ ਸਾਰੀ ਦਿਹਾੜੀ ਦੇ ਬੂਟੇ ਖਰੀਦ ਲਿਆਇਆ ਸੀ। ਹੁਣ ਮੇਰੀਆਂ ਨਜ਼ਰਾਂ ਝੁਕੀਆਂ ਨਹੀਂ ਸਗੋਂ ਉਨ੍ਹਾਂ ਵਿੱਚ ਖ਼ੁਸ਼ੀ ਝਲਕ ਰਹੀ ਸੀ।
ਬੋਹੜ ਵੀ ਦੇਖ ਕੇ ਇੱਕ ਵਾਰ ਹੈਰਾਨ ਹੋਇਆ ਅਤੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਕਿਧਰੋਂ ਹਵਾ ਦਾ ਬੁੱਲ੍ਹਾ ਆਇਆ ਬੋਹੜ ਦੇ ਪੱਤੇ ਝੂੰਮਣ ਲੱਗੇ ਜਿਵੇਂ ਹੱਥ ਹਿਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਣ।
ਸੰਪਰਕ: 86995-35708
* * *

Advertisement

ਮਾਂ ਦਾ ਰੁੱਸਣਾ

ਡਾ. ਲਤਾ ਅਗਰਵਾਲ ‘ਤੁਲਜਾ’

ਦਿੱਲੀ ਸਟੇਸ਼ਨ ’ਤੇ ਰੇਲਗੱਡੀ ਸੀਟੀ ਮਾਰ ਚੁੱਕੀ ਸੀ ਤੇ ਚੱਲਣ ਨੂੰ ਲਗਭਗ ਤਿਆਰ ਸੀ। ਇਸੇ ਸਮੇਂ ਕਰੀਬ ਕਰੀਬ ਹਫ਼ਦਿਆਂ ਇੱਕ ਜੋੜਾ ਡੱਬੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਿਆ। ਨਾਲ ਦੋ ਛੋਟੀਆਂ ਬੱਚੀਆਂ ਵੀ ਸਨ। ਬੱਚੀਆਂ ਨੂੰ ਲਗਭਗ ਧੱਕਦਿਆਂ ਅੰਦਰ ਕੀਤਾ, ਜਿਵੇਂ ਕੋਈ ਸਾਮਾਨ ਸੁੱਟਿਆ ਹੋਵੇ। ਫਿਰ ਸਾਮਾਨ ਸਮੇਤ ਖ਼ੁਦ ਦਾਖ਼ਲ ਹੋ ਗਏ। ਉਨ੍ਹਾਂ ਨੂੰ ਵੇਖ ਕੇ ਲੱਗਦਾ ਸੀ ਕਿ ਦੌੜ ਕੇ ਮੁਸ਼ਕਿਲ ਨਾਲ ਟਰੇਨ ਫੜੀ ਹੈ। ਬੱਚੀਆਂ ਬਹੁਤ ਡਰੀਆਂ ਹੋਈਆਂ ਸਨ। ਟਰੇਨ ਮਿਲ ਜਾਣ ’ਤੇ ਪਤੀ-ਪਤਨੀ ਨੇ ਸੁਖ ਦਾ ਸਾਹ ਲਿਆ ਹੀ ਸੀ ਕਿ ਇੱਕ ਬੱਚੀ ਸਹਿਮ ਕੇ ਬੋਲੀ, ‘‘ਮੰਮੀ, ਭੁੱਖ ਲੱਗੀ ਹੈ!’’
‘‘ਕਮਬਖ਼ਤੋ, ਕੁਝ ਚਿਰ ਤਾਂ ਚੈਨ ਲੈ ਲੈਣ ਦਿਓ! ਸਾਨੂੰ ਖਾ ਕੇ ਹੀ ਮੰਨੋਗੀਆਂ!’’ ਮਾਂ ਦੇ ਇਸ ਵਾਕ ਨਾਲ ਡੱਬੇ ਦੇ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਗਿਆ। ਮਾਂ ਨੇ ਬੈਗ ’ਚੋਂ ਬਿਸਕੁਟ ਦਾ ਇੱਕ ਪੈਕਟ ਕੱਢ ਕੇ ਗੁੱਸੇ ਨਾਲ ਬੱਚੀਆਂ ਅੱਗੇ ਸੁੱਟਿਆ, ‘‘ਲਓ, ਡੱਫ ਲਓ!’’
ਪਤੀ ਸੀਟ ਦੇ ਹੇਠਾਂ ਸਾਮਾਨ ਟਿਕਾ ਰਿਹਾ ਸੀ। ਸੀਟ ’ਤੇ ਬੈਠੀ ਇੱਕ ਬਜ਼ੁਰਗ ਔਰਤ ਨੇ ਪੁੱਛਿਆ, ‘‘ਕਿੱਥੋਂ ਆ ਰਹੀ ਏਂ ਧੀਏ! ਲੱਗਦੈ ਟ੍ਰੇਨ ਫੜਨ ਵਿੱਚ ਬੜੀ ਮੁਸ਼ਕਿਲ ਆਈ ਹੈ।’’
‘‘ਕੀ ਦੱਸਾਂ ਅੰਮਾ! ਕਿਸਮਤ ਹੀ ਖਰਾਬ ਹੈ। ਮਾਤਾ ਦੇ ਦਰਸ਼ਨ ਕਰਨ ਗਏ ਸਾਂ, ਪਰ ਮੌਸਮ ਅਜਿਹਾ ਵਿਗੜਿਆ ਕਿ ਉਪਰਲਾ ਰਸਤਾ ਹੀ ਬੰਦ ਹੋ ਗਿਆ, ਬਿਨਾਂ ਦਰਸ਼ਨ ਤੋਂ ਹੀ ਪਰਤਣਾ ਪਿਆ।’’
‘‘ਦੋ ਬੇਟੀਆਂ ਨੇ ਤੇਰੀਆਂ?’’
‘‘ਹਾਂ। ਇਸੇ ਲਈ ਤਾਂ ਮਾਤਾ ਜੀ ਦੇ ਸੁੱਖ ਸੁੱਖਣ ਗਏ ਸਾਂ ਕਿ ਇਸ ਵਾਰ ਤਾਂ ਸੁਣ...। ਪਰ ਲੱਗਦਾ ਹੈ, ਮਾਂ ਵੀ ਰੁੱਸੀ ਹੋਈ ਹੈ ਸਾਡੇ ਨਾਲ...।’’ ਉਹ ਆਪਣੀ ਗੱਲ ਪੂਰੀ ਕਰਦੀ ਕਿ ਛੋਟੀ ਬੇਟੀ ਬੋਲ ਪਈ, ‘‘ਮੰਮੀ, ਸੂ ਸੂ ਆਈ।’’
ਚਟਾਕ! ਇੱਕ ਜ਼ੋਰ ਦਾ ਥੱਪੜ ਬੱਚੀ ਦੀ ਗੱਲ ’ਤੇ ਵੱਜਿਆ। ‘‘ਜਾਨ ਲੈ ਕੇ ਛੱਡੇਂਗੀ ਕਲ਼ਮੂੰਹੀਂ?’’ ਥੱਪੜ ਜ਼ੋਰ ਦਾ ਸੀ, ਡੱਬੇ ਦਾ ਫਰਸ਼ ਗਿੱਲਾ ਹੋ ਗਿਆ ਸੀ ਅਤੇ ਬੱਚੀ ਖ਼ੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ। ਡੱਬੇ ਵਿੱਚ ਬੈਠੇ ਯਾਤਰੀਆਂ ਦੇ ਚਿਹਰੇ ’ਤੇ ਅਰਥਮਈ ਮੁਸਕਰਾਹਟ ਅਤੇ ਅੱਖਾਂ ਤੋਂ ਭਾਵ ਸਪਸ਼ਟ ਬਿਆਨ ਹੋ ਰਹੇ ਸਨ।
ਰੋਜ਼ ਇੰਨੀਆਂ ਗਾਲ੍ਹਾਂ ਖਾਣ ਪਿੱਛੋਂ ਭਲਾ ਮਾਂ ਰੁੱਸੇਗੀ ਨਹੀਂ ਤਾਂ ਕੀ ਆਸ਼ੀਰਵਾਦ ਦੇਵੇਗੀ!
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Advertisement
Author Image

joginder kumar

View all posts

Advertisement